ਅਕਲੋਂ ਅੰਨ੍ਹੇ ਮੂਰਖ ਬੰਦੇ,

ਨੇਰੇ ਵਿੱਚ ਤੀਰ ਚਲਾਉਂਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਜਿਥੇ ਅਕਲ ਕਿਨਾਰਾ ਕਰ ਜਾਵੇ,

ਵਿੱਚ ਅੰਧ ਵਿਸ਼ਵਾਸਾਂ ਸੜ ਜਾਵੇ।

ਜਿਹਦੇ ਅੰਦਰ ਪੀੜ ਕੋਈ ਜਾਗੇ ਨਾਂ,

ਜਮੀਰ ਜਿੰਨਾ ਦੀ ਮਰ ਜਾਵੇ।

ਉਹ ਤੁਰਦੇ ਫਿਰਦੇ ਮੁਰਦੇ ਨੇ,

ਐਵੇਂ ਇਨਸਾਨ ਕਹਾਉਂਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਏਥੇ ਲੱਖ ਕਰੋੜਾਂ ਭੀੜ ਜੁੜੀ,

ਪੱਥਰਾਂ ਚੋਂ ਰੱਬ ਭਾਲਣ ਲਈ।

ਜਿਹੜਾ ਸੱਚ ਉਜਾਗਰ ਕਰ ਦੇਵੇ,

ਉਹਨੂੰ ਦੁਨੀਆਂ ਫਿਰਦੀ ਜਾਲਣ ਲਈ।

ਨਿੱਤ ਜਿਹਰ ਉਗਲਦੇ ਨਫਰਤ ਦੀ,

ਇਹ ਸਾਕਤ ਸਮਝ ਨਾਂ ਪਾਉਂਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਪੱਥਰਾਂ ਨੂੰ ਪੂਜਣ ਵਾਲੇ ਲੋਕੀ,

ਆਪ ਵੀ ਪੱਥਰ ਹੋ ਗਏ ਨੇ।

ਇਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ,

ਮੰਨਣ ਦੇ ਆਦੀ ਹੋ ਗਏ ਨੇ।

ਚਾਹੁੰਦੇ ਨਿਕਲਣਾ ਨਈਂ ਹਨੇਰੇ ਚੋਂ,

ਖੁਦ ਜਿੰਦਗੀ ਨਰਕ ਬਣਾਉਂਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਏਥੇ ਜਾਤ ਹੰਕਾਰੀ ਲੋਕਾਂ ਨੇ,

ਰਹਿਬਰ ਵੀ ਸਾਰੇ ਵੰਡ ਲਏ ਨੇ।

ਇਨ੍ਹਾਂ ਲੋਕਾਂ ਰੱਬ ਦੇ ਨਾਂ ਉੱਤੇ,

ਮੈਦਾਨ ਬਣਾ ਲਏ ਜੰਗ ਦੇ ਨੇ।

ਸਭ ਨਰਕ ਸੁਰਗ ਦੀ ਦੌੜ ਅੰਦਰ,

ਐਵੇਂ ਅੱਡੀਆਂ ਪਏ ਘਸਾਉਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਹਰਦਾਸਪੁਰੀ ਤੂੰ ਸੁਣੀ ਨਈ,

ਲੱਖ ਮਾਰੀਆਂ ਗੁਰਾਂ ਅਵਾਜ਼ਾਂ ਨੇ,

ਬੜੇ ਢੋਲ ਢਮੱਕੇ ਵਜਦੇ ਨੇ,

ਐਵੇਂ ਖਾਲੀ ਸ਼ੋਰ ਸ਼ਰਾਬਾ ਏ।

ਆਪਣਾਂ ਲੰਗਰ ਆਪਣੇ ਭਾਂਡੇ,

ਫਿਰ ਆਪੇ ਹੀ ਵਰਤਾਉਦੇ ਨੇ।

ਜੀਂਦੇ ਦੀ ਕੋਈ ਮੰਨਦਾ ਨਈਂ,

ਤੁਰ ਗਿਆ ਤੇ ਦੀਪ ਜਗਾਉਦੇ ਨੇ।

ਅਕਲੋਂ ਅੰਨ੍ਹੇ ਮੂਰਖ ਬੰਦੇ,

ਨੇਰੇ ਵਿੱਚ ਤੀਰ ਚਲਾਉਂਦੇ ਨੇ।

 

LEAVE A REPLY

Please enter your comment!
Please enter your name here