• ਬਾਬਾ ਨਾਨਕ ਜੀ ਦੇ ਨਾਂ ਨਾਲ ਜੋੜ ਦਿਤੇ ਗਏ ‘ਸਿੱਖ ਫਿਰਕੇ’ ਦੇ ਖੜੇ ਪਾਣੀਆਂ ਵਿਚ ਇਕ ਵਾਰ ਫਿਰ ਕੁੱਝ ਹਲਚਲ ਸ਼ੁਰੂ ਹੋਈ ਹੈ। ਤਾਜ਼ਾ ਖਲਬਲ਼ੀ ਦਾ ਵਕਤੀ ਕਾਰਨ ਹੈਰਾਨੀਜਨਕ ਅਪਵਾਦ ਵਾਂਗ, ਸੰਪਰਦਾਈ ਪਿਛੋਕੜ ਦੇ ਬਾਵਜੂਦ, ਪੁਨਰਜਾਗਰਨ ਦੀ ਲਹਿਰ ਦਾ ਦ੍ਰਿੜਤਾ ਅਤੇ ਦਲੇਰੀ ਨਾਲ ਹਮਸਫਰ ਬਣੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲੇ ਹਨ। ਜਦੋਂ ਤੋਂ ਰਣਜੀਤ ਸਿੰਘ ਜੀ ਨੇ ਸੰਪਰਦਾਈ ਚਕਰਵਿਉਹ ਨੂੰ ਤੋੜ ਕੇ ਸੱਚ ਦੇ ਰਾਹ ਵੱਲ ਮੋੜਾ ਪਾਇਆ ਹੈ, ਉਸ ਸਮੇਂ ਤੋਂ ਹੀ ਸਿੱਖ ਕੌਮ ਦੀ ਮੁੱਖ ਧਾਰਾ ਤੇ ਕਾਬਜ਼ ਲੋਕਾਂ ਦੀ ਅੱਖੀਂ ਇਹ ਰੜਕਨ ਲੱਗ ਪਏ ਸਨ। ਇਨ੍ਹਾਂ ਦੇ ਕਾਫਲੇ ਤੇ ਸੰਪਰਦਾਈਂ ਧਿਰਾਂ ਵਲੋਂ ਕੀਤਾ ਜਾਣਲੇਵਾ ਹਮਲਾ ਅਤੇ ਪਿੱਛਲੇ ਸਮੇਂ ਵਿਚ ਇਨ੍ਹਾਂ ਦੇ ਪਟਿਆਲੇ ਵਿਚਲੇ ਪ੍ਰਚਾਰ ਕੇਂਦਰ ਦਾ ਘਿਰਾਉ ਆਦਿ ਇਸ ਦੀਆਂ ਮਿਸਾਲਾਂ ਹਨ। ਜਦੋਂ ਇਨ੍ਹਾਂ ਦੇ ਪ੍ਰਚਾਰ ਵਿਚਲੀਆਂ ਕੁਝ ਤਲਖ ਸੱਚਾਈਆਂ ਨੂੰ ਆਧਾਰ ਬਣਾ ਕੇ ਸੰਪਰਦਾਈ ਧਿਰਾਂ ਵਲੋਂ ਸ਼ਿਕਾਇਤਾਂ ਦੀ ਹਾਲ-ਦੁਹਾਈ ਕੁੱਝ ਸਮਾਂ ਪਹਿਲਾਂ ਪਾਈ ਗਈ ਸੀ ਤਾਂ ਵੀ ਤੱਤ ਗੁਰਮਤਿ ਪਰਿਵਾਰ ਨੇ ਆਪਣੀ ਜਿੰਮੇਵਾਰੀ ਸਮਝਦਿਆਂ ‘ਅਕਾਲ ਤਖਤੀ ਪੁਜਾਰੀ ਵਿਵਸਥਾ’ ਦਾ ਵਿਸ਼ਲੇਸ਼ਨ ਕਰਦਾ ਲੇਖ ‘ਪੁਜਾਰੀ ਕੁਹਾੜੇ ਨੂੰ ਇਕ ਵਾਰ ਫੇਰ ਲਗਣ ਲਗੀ ਧਾਰ : ਭਾਈ ਰਣਜੀਤ ਸਿੰਘ ਢੱਢਰੀਆਂ ਨੂੰ ਪੁਜਾਰੀ ਤਖਤ ਤੇ ਬੁਲਾਉਣ ਦੀਆਂ ਤਿਆਰੀਆਂ’ ਲਿਖਿਆ ਸੀ [
  ਤਾਜ਼ਾ ਘਟਨਾਕ੍ਰਮ ਅਨੁਸਾਰ ਭਾਈ ਰਣਜੀਤ ਸਿੰਘ ਦੇ ਅੰਮ੍ਰਿਤਸਰ ਵਿਖੇ ਹੋਣ ਵਾਲੇ ਇਕ ਦੀਵਾਨ ਨੂੰ ਲੈ ਕੇ ਸੰਪਰਦਾਈ ਹੁੜਦੰਗੀਆਂ ਨੇ ਖੁਨ-ਖਰਾਬੇ ਦੀਆਂ ਧਮਕੀਆਂ ਦਿਤੀਆਂ ਅਤੇ ਪੁਜਾਰੀ ਤਖਤ ਤੇ ਸ਼ਿਕਾਇਤਾਂ ਵੀ ਕੀਤੀਆਂ। ਉਸ ਉਪਰੰਤ ਪੁਜਾਰੀਆਂ ਨੇ ਭਾਈ ਰਣਜੀਤ ਸਿੰਘ ਨੂੰ ਆਪਣੇ ਪਿੱਛਲੇ ਸਮਾਗਮਾਂ ਦੀਆਂ ਸੀਡੀਆਂ ਆਪਣੀ ਕਚਿਹਰੀ ਵਿਚ ਪੜਚੋਲ ਲਈ ਪੇਸ਼ ਕਰਨ ਦਾ ਆਦੇਸ਼ ਦਿਤਾ। ਹੁਣ ਤੱਕ ਭਾਈ ਰਣਜੀਤ ਸਿੰਘ ਨੇ ਦੂਰ-ਅੰਦੇਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਆਪਣੇ ਅੰਮ੍ਰਿਤਸਰ ਵਿਚਲੇ ਦੀਵਾਨ ਰੱਦ ਕਰਨ ਦਾ ਸੁਚੱਜਾ ਫੈਸਲਾ ਲਿਆ, ਉਥੇ ਨਾਲ ਹੀ ਪੁਜਾਰੀਆਂ ਦੇ ਇਸ ਆਦੇਸ਼ ਨੂੰ ਜਨਤਕ ਤੌਰ ਤੇ ਨਕਾਰਦੇ ਹੋਏ ਦਲੇਰੀ ਅਤੇ ਦ੍ਰਿੜਤਾ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੇ ਇਸ ਠੋਸ ਕਦਮ ਨੇ, ਆਪਣੀਆਂ ਆਪ-ਹੁੱਦਰੀਆਂ ਕਾਰਨ, ਪਹਿਲਾਂ ਹੀ ਕਮਜ਼ੋਰ ਹੁੰਦੀ ਜਾ ਰਹੀ ਇਸ ਪੁਜਾਰੀ ਵਿਵਸਥਾ ਤੇ ਇਕ ਹੋਰ ਤਕੜਾ ਮਾਰੂ ਵਾਰ ਕੀਤਾ ਹੈ। ਨਿਕਟ ਭਵਿੱਖ ਵਿਚ ਇਸ ‘ਪੁਜਾਰੀ ਪੰਚਾਇਤ’ ਨੇ ਆਪਣਾ ਆਖਰੀ ਹਥਿਆਰ ਵੀ ਭਾਈ ਜੀ ਖਿਲਾਫ ਵਰਤ ਹੀ ਲੈਣਾ ਹੈ, ਉਨ੍ਹਾਂ ਨੂੰ ਆਪਣੀ ਕਚਿਹਰੀ ਵਿਚ ਪੇਸ਼ ਹੋਣ ਦਾ ਫੁਰਮਾਨ ਜ਼ਾਰੀ ਕਰ ਕੇ।
  ਉਸ ਵਕਤ ਰਣਜੀਤ ਸਿੰਘ ਜੀ ਦਾ ਲਿਆ ਜਾਣ ਵਾਲਾ ਸਟੈਂਡ, ਪੁਜਾਰੀ ਵਿਵਸਥਾ ਵਿਰੁਧ ਪਿੱਛਲੇ ਸਮੇਂ ਤੋਂ ਚੱਲ ਰਹੇ ਇਸ ਪੁਨਰਜਾਗਰਨ ਲਹਿਰ ਦੇ ਸੰਘਰਸ਼ ਦਾ ਭਵਿੱਖ ਤੈਅ ਕਰੇਗਾ। ਸਾਨੂੰ ਪੂਰੀ ਉਮੀਦ ਹੈ ਕਿ ਉਹ ਉਸ ਵੇਲੇ ਵੀ ਦ੍ਰਿੜ ਅਤੇ ਦਲੇਰਾਣਾ ਸਟੈਂਡ ਹੀ ਲੈਣਗੇ, ਅਤੇ ਸਟੇਜਾਂ ਦੇ ਮੋਹ ਦੇ ਚਕਰਵਿਉਹ ਵਿਚ ਸਰਬਜੀਤ ਸਿੰਘ ਧੂੰਦਾ ਵਾਂਗ ਨਹੀਂ ਫਸ ਜਾਣਗੇ। ਦੂਜੀ ਤਰਫ ਆਪਣੀ ਇਸ ਅਕਾਲ ਤਖਤੀ ਪੁਜਾਰੀ ਵਿਵਸਥਾ ਬਾਰੇ ਆਪਣੀ ਸੋਚ ਨੂੰ ਪੂਰੀ ਤਰਾਂ ਸਪਸ਼ਟ ਕਰਨਗੇ। ਕਿਉਂਕਿ ਉਨ੍ਹਾਂ ਦਾ ਤਾਜ਼ਾ ਆਇਆ ਬਿਆਨ ਕੁੱਝ ਇਸ ਤਰਾਂ ਦਾ ਹੈ, “ਮੈਂ ਅਕਾਲ ਤਖਤ ਨੂੰ ਤਾਂ ਮੰਨਦਾ ਹਾਂ, ਪਰ ਉਥੇ ਕਾਬਜ਼ ਕੁਰਾਹੇ ਪਏ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦਾ”। ਜੇ ਇਥੇ ਉਹ ਇਹ ਸਪਸ਼ਟ ਕਰ ਦਿੰਦੇ ਕਿ ਉਹ ਕਿਸ ‘ਅਕਾਲ ਤਖਤ’ ਨੂੰ ਮੰਨਦੇ ਹਨ ਤਾਂ ਹੋਰ ਵੀ ਵਧੀਆ ਹੋਣਾ ਸੀ। ਉਨ੍ਹਾਂ ਦੇ ਇਸ ਬਿਆਨ ਨਾਲ ਇਹ ਸਮਝਣ ਵਿਚ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਉਹ ਕੌਮ ਵਿਚ ਪਹਿਲਾਂ ਤੋਂ ਅਕਾਲ ਤਖਤ ਦੇ ਨਾਂ ਤੇ ਚਲ ਰਹੀ ‘ਪੰਜ ਜਥੇਦਾਰੀ’ ਕਚਿਹਰੀ ਵਿਵਸਥਾ ਨੂੰ ਤਾਂ ਮੰਨਦੇ ਹਨ ਪਰ ਮੌਜੂਦਾ ‘ਜਥੇਦਾਰਾਂ’ ਦੇ ਗਲਤ ਵਿਵਹਾਰੀ ਹੋਣ ਕਾਰਨ ਇਨ੍ਹਾਂ ਨੂੰ ਮਾਨਤਾ ਨਹੀਂ ਦੇਂਦੇ। ਜੇ ਸਾਡਾ ਇਹ ਅੰਦੇਸ਼ਾ ਸਹੀ ਹੈ ਤਾਂ ਭਾਈ ਜੀ ਦੀ ਇਹ ਸੋਚ ਪੂਰੀ ਤਰਾਂ ਸਿਧਾਂਤਕ ਅਤੇ ਸਹੀ ਨਹੀਂ ਮੰਨੀ ਜਾ ਸਕਦੀ। ਕਿਉਂਕਿ ‘ਅਕਾਲ ਤਖਤ’ ਦੇ ਨਾਂ ਉਤੇ ਸ਼ੁਰੂ ਕੀਤੀ ਗਈ ਇਹ ‘ਪੰਜ ਪੁਜਾਰੀ ਕਚਿਹਰੀ ਵਿਵਸਥਾ’ ਭਾਂਵੇ ਕਿਤਨੀ ਵੀ ਪੁਰਾਤਨ ਕਿਉਂ ਨਾ ਹੋਵੇ?, ਇਹ ਗੁਰਮਤਿ ਦੇ ਮੂਲ ਸਿਧਾਂਤਾਂ ਦੇ ਵਿਪਰੀਤ ਹੈ। ਇਸ ਨੂੰ ਪੂਰੀ ਤਰਾਂ ਰੱਦ ਕੀਤੇ ਬਿਨਾ ‘ਪੁਨਰਜਾਗਰਨ’ ਦੇ ਮਾਰਗ ਦੇ ਅਸਲ ਪਾਂਧੀ ਨਹੀਂ ਬਣਿਆ ਜਾ ਸਕਦਾ, ਪ੍ਰਚਾਰਕ ਤਾਂ ਪਾਂਧੀ ਤੋਂ ਵੱਡੀ ਜਿੰੰਮੇਵਾਰੀ ਹੈ। ਐਸਾ ਸਟੈਂਡ ਬਹੁਤ ਹੀ ਹਾਸੋਹੀਣਾ ਹੋ ਜਾਂਦਾ ਹੈ ਕਿ “ਮੈਂ ਇਸ ਫਿਰਕੇ ਦੀ ਚਲੀ ਆ ਰਹੀ ਸੁਪਰੀਮ ਕੋਰਟ ਦੀ ਵਿਵਸਥਾ ਨੂੰ ਤਾਂ ਮੰਨਦਾ ਹਾਂ, ਪਰ ਮੌਜ਼ੂਦਾ ਨਿਯੁਕਤ ਜੱਜਾਂ ਨੂੰ ਮਾਨਤਾ ਨਹੀਂ ਦਿੰਦਾ”।
  ਅਕਾਲ ਤਖਤੀ ਪੁਜਾਰੀ ਵਿਵਸਥਾ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਦਾ ਇਕ ਹੋਰ ਅੰਸ਼ ਡਾ. ਹਰਜਿੰਦਰ ਸਿੰਘ ਦਿਲਗੀਰ ਨਾਲ ਜੁੜਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਪੁਜਾਰੀਆਂ ਦੇ ਆਪਣੇ ਪ੍ਰਤੀ ਜ਼ਾਰੀ ਕੀਤੇ ਇਕ ਆਦੇਸ਼ ਨੂੰ ਅਦਾਲਤ ਵਿਚ ਚੁਣੌਤੀ ਦਿਤੀ ਹੈ। ਬਾਬਾ ਨਾਨਕ ਜੀ ਦੀ ਸੇਧ ਵਿਚ, ਫਿਰਕੇ ਦੀਆਂ ਵਲਗਣਾਂ ਤੋਂ ਬਾਹਰ ਹੋਣ ਕਰਕੇ, ਤੱਤ ਗੁਰਮਤਿ ਪਰਿਵਾਰ ਐਸੀ ਫਿਰਕੂ ਪੁਜਾਰੀ ਵਿਵਸਥਾਵਾਂ ਨਾਲ ਬੇਲੋੜਾ ਉਲਝ ਕੇ ਤਾਕਤ ਬਰਬਾਦ ਕਰਨ ਦੀ ਥਾਂ ਇਨ੍ਹਾਂ ਨੂੰ ਮੁੱਢੋਂ ਰੱਦ ਕਰਨ ਨੂੰ ਸਹੀ ਮੰਨਦਾ ਹੈ। ਪਰ ਫੇਰ ਵੀ ਦਿਲਗੀਰ ਜੀ ਦੇ ਇਸ ਮਜ਼ਬੂਤ ਅਤੇ ਦਲੇਰਾਣਾ ਸਟੈਂਡ ਦਾ ਸਮਰਥਨ ਕਰਦਾ ਹੈ ਜਿਸ ਕਾਰਨ ਆਮ ਲੋਕਾਂ ਦੀ ਮਾਨਸਿਕਤਾ ਵਿਚ ਇਨ੍ਹਾਂ ਪੁਜਾਰੀਆਂ ਪ੍ਰਤੀ ਬਣੀ ਅੰਨ੍ਹੀ ਸ਼ਰਧਾ ਨੂੰ ਝੰਝੋੜਿਆ ਜਾ ਸਕੇ। ਐਸਾ ਹੀ ਦਲੇਰਾਣਾ ਸਟੈਂਡ ਜੋਗਿੰਦਰ ਸਿੰਘ ਜੀ ਸਪੋਕਸਮੈਨ ਨੇ ਵੀ ਇਸ ਪੁਜਾਰੀ ਵਿਵਸਥਾ ਵਿਰੁਧ ਲਿਆ ਸੀ ਜਿਸ ਕਾਰਨ ਜਾਗਰੂਕਤਾ ਦਾ ਕੁੱਝ ਮਾਹੌਲ ਤਿਆਰ ਹੋ ਗਿਆ ਜਿਸ ਨਾਲ ਅੱਜ ਕਾਫੀ ਲੋਕ ਇਨ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਕੇ ਖੁੱਲ ਕੇ ਗੱਲ ਕਰਨ ਲੱਗ ਪਏ ਹਨ। ਅਗਰ ਐਸਾ ਹੀ ਸਟੈਂਡ ਪ੍ਰੋ. ਦਰਸ਼ਨ ਸਿੰਘ ਜੀ ਅਤੇ ਸਰਬਜੀਤ ਸਿੰਘ ਜੀ ਧੂੰਦਾ ਵੀ ਲੈ ਲੈਂਦੇ ਤਾਂ ਅੱਜ ਲਹਿਰ ਹੋਰ ਪ੍ਰਚੰਡ ਹੋਣਾ ਸੀ। ਰਣਜੀਤ ਸਿੰਘ ਜੀ ਕੌਲ ਹੀ ਸ਼ਾਇਦ ਇਸ ਪੁਜਾਰੀ ਵਿਵਸਥਾ ਦੇ ਤਾਬੂਤ ਵਿਚ ਆਖਿਰੀ ਕਿੱਲ੍ਹ ਠੋਕਣ ਦਾ ਮੌਕਾ ਜਲਦ ਆਵੇਗਾ। ਇਹ ਵੀ ਹੋ ਸਕਦਾ ਹੈ ਕਿ ਸਮੇਂ ਦੀ ਨਜ਼ਾਕਤ ਪਛਾਣਿਦਿਆਂ ਪੁਜਾਰੀ ਆਪ ਹੀ ਕੁੱਝ ਸਮਾਂ ਚੁੱਪ ਧਾਰ ਲੈਣ, ਉਨ੍ਹਾਂ ਦਾ ਕਿਹੜਾ ਕੋਈ ਦੀਨ-ਇਮਾਨ ਹੈ। ਤੱਤ ਗੁਰਮਤਿ ਪਰਿਵਾਰ ਨੇ ਤਾਂ 2008 ਵਿਚ ਆਪਣੀ ਕਾਇਮੀ ਦੇ ਸਮੇਂ ਹੀ ਇਸ ‘ਅਕਾਲ ਤਖਤੀਂ ਪੁਜਾਰੀ ਵਿਵਸਥਾ’ ਦਾ ਜੂਲਾ ਪਰ੍ਹਾਂ ਵਗਾਹ ਮਾਰਨ ਦਾ ਐਲਾਣ ਕਰ ਦਿਤਾ ਸੀ। 2015 ਵਿਚ ਗੁਰਮਤਿ ਇਨਕਲਾਬ ਪੁਰਬ ਮੌਕੇ ਐਲਾਣੀਆਂ ਤੌਰ ਤੇ ਕਿਸੇ ਵੀ ਫਿਰਕੂ ਘੇਰੇ ਤੋਂ ਆਜ਼ਾਦ ਹੋਣ ਦਾ ਪ੍ਰਣ ਕਰ ਕੇ, ਬਾਬਾ ਨਾਨਕ ਜੀ ਦੇ ਸਮਝਾਏ ‘ਅਸਲ ਧਰਮ’ (ਜਿਸ ਨੂੰ ਸਿੱਖ ਕੌਮ/ਫਿਰਕੇ ਦੇ ਧੁੰਧਲਕੇ ਹੇਠ ਲੁਕਾ ਦਿਤਾ ਗਿਆ ਹੈ) ਵੱਲ ਵਾਪਸੀ ਦੇ ਸਫਰ ਤੇ ਹੋਰ ਮਜ਼ਬੂਤੀ ਨਾਲ ਤੁਰਨ ਦਾ ਇਰਾਦਾ ਪ੍ਰਕਟ ਕਰ ਦਿਤਾ।
  ਜਾਗਰੂਕ ਤਬਕੇ ਵਿਚ ਏਕਤਾਂ ਦੀਆਂ ਫੇਰ ਉਠਦੀਆਂ ਕੂਕਾਂ
  ਸਿੱਖ ਫਿਰਕੇ ਦੇ ਜਾਗਰੂਕ ਕਹਾਉਂਦੇ ਤਬਕੇ ਵਿਚ ਐਸਾ ਕੋਈ ਵੀ ਨਵਾਂ ਵਿਵਾਦ ਸਾਹਮਣੇ ਆਉਣ ਤੇ ‘ਏਕਤਾ’ ਦਾ ਰਾਗ ਅਲਾਪਿਆ ਜਾਣ ਲਗ ਪੈਂਦਾ ਹੈ। ਪਹਿਲਾਂ ਵੀ ਅਨੇਕਾਂ ਵਾਰ ਐਸਾ ਹੋਇਆ ਹੈ। ਰਣਜੀਤ ਸਿੰਘ ਨਾਲ ਜੁੜੇ ਤਾਜ਼ਾ ਮਸਲੇ ਦੇ ਉਠਣ ਤੋਂ ਬਾਅਦ ਵੀ ਇਹ ‘ਏਕਤਾ ਰਾਗ’ ਦੁਬਾਰਾ ਸੁਨਣ ਨੂੰ ਮਿਲ ਰਿਹਾ ਹੈ। ਕਾਫੀ ਸਮਾਂ ਪਹਿਲਾਂ ਸਾਨੂੰ ਵੀ ਇਹ ਅਲਾਪ ਚੰਗਾ ਲਗਦਾ ਸੀ ਪਰ ਪਿਛਲੇ 5-7 ਸਾਲਾਂ ਵਿਚ ਜਾਗਰੂਕ ਕਹਾਊਂਦੇ ਤਬਕੇ ਦੇ ਅਮਲੀ ਵਿਵਹਾਰ ਨੂੰ ਪੜਚੋਲਣ ਉਪਰੰਤ ਹੁਣ ਸ਼ੌਰ ਪ੍ਰਦੂਸ਼ਨ ਹੀ ਲਗਦਾ ਹੈ। ਬਾਬਾ ਨਾਨਕ ਦੇ ਗੁਰਮਤਿ ਇਨਕਲਾਬ ਦੇ ਸਫਰ ਨੂੰ ਗੰਭੀਰਤਾ ਨਾਲ ਵਿਸ਼ਲੇਸ਼ਨ ਕਰਨ ਉਪਰੰਤ ਤਾਂ ਇਹ ਪੱਖ ਹੋਰ ਵੀ ਸਪਸ਼ਟ ਹੋ ਜਾਂਦਾ ਹੈ। ਬਾਬਾ ਨਾਨਕ ਜੀ ਨੇ ਸਿਧਾਂਤ ਨੂੰ ਵੱਧ ਤਰਜੀਹ ਦਿੱਤੀ, ਮਿਲਗੋਭੀ ਵਿਚਾਰਧਾਰਕ ਏਕਤਾ ਨੂੰ ਨਹੀਂ। ਬਾਬਾ ਨਾਨਕ ਜੀ ਦੀ ਸੇਧ ਵਿਚ ‘ਗੁਰਮਤਿ ਇਨਕਲਾਬ’ ਵੱਲ ਵਾਪਸੀ ਦੇ ਸਫਰ ਤੇ ਇਕੱਲਾ ਤੁਰਨਾ ਤਾਂ ਸਹੀ ਜਾਪਦਾ ਹੈ, ਪਰ ਦੁਬਿਧਾਮਈ ਅਤੇ ਆਪਾ-ਵਿਰੋਧੀ ਪਹੁੰਚ ਵਾਲੀ ਏਕਤਾ ਨਾਲ ਤਿਆਰ ਹੋਏ ‘ਧੜੇ’ ਦਾ ਹਿੱਸਾ ਬਣ ਕੇ ਨਹੀਂ। ਸਾਡੀ ਇਸ ਸਪਸ਼ਟਗੋਈ ਦਾ ਇਹ ਮਤਲਬ ਨਹੀਂ ਕਿ ਅਸੀਂ ਏਕਤਾ ਦੇ ਵਿਰੋਧੀ ਹਾਂ। ਸਾਰੀ ਮਨੁੱਖਤਾ ਇਕੋ ਰੱਬ ਦੀ ਸਾਂਝੀ ਸੰਤਾਨ ਦੇ ਮੂਲ ਸਿਧਾਂਤ ਦੇ ਪੈਰੋਕਾਰ ਹੋਣ ਵਾਲੇ ਲੋਕ ‘ਏਕਤਾ’ ਦੇ ਵਿਰੋਧੀ ਹੋਣ, ਇਹ ਸੋਚ ਬਿਲਕੁਲ ਸਹੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਤਾਂ ਹਿੰਦੂ, ਸਿੱਖ, ਮੁਸਲਿਮ, ਈਸਾਈ, ਜੈਨੀ, ਬੋਧੀ ਆਦਿ ਫਿਰਕੂ ਵਲਗਣਾਂ ਤੋਂ ਉਤਾਂਹ ਉੱਠ ਕੇ ਸਾਰੀ ਮਨੁੱਖਤਾ ਦੀ ਉਸ ਵਿਲੱਖਣ ‘ਧਰਮੀ ਏਕਤਾ’ ਦੇ ਮਿਸ਼ਨ ਦਾ ਸੁਪਨਾ ਲੈਣ ਦੀ ਸੋਚ ਰੱਖਦਾ ਹੈ, ਜਿਸ ਦਾ ਮੁੱਢ ਬਾਬਾ ਨਾਨਕ ਜੀ ਨੇ ਗੁਰਮਤਿ ਇਨਕਲਾਬ ਦੇ ਰੂਪ ਵਿਚ ਸ਼ੁਰੂ ਕੀਤਾ ਸੀ ਜੋ ਸਾਜ਼ਿਸ਼ਾਂ ਅਤੇ ਅਣਗਹਿਲੀਆਂ ਦਾ ਸ਼ਿਕਾਰ ਹੋ ਕੇ ਇਕ ਸੌੜੇ ਪੁਜਾਰੀ ਫਿਰਕੇ ਦਾ ਰੂਪ ਧਾਰਨ ਕਰ ਗਿਆ ਅਤੇ ਪਹਿਲਾਂ ਤੋਂ ਪ੍ਰਚਲਤਿ ਫਿਰਕਿਆਂ ਦੀ ‘ਚੂਹਾ-ਦੌੜ’ ਦਾ ਹਮਸਫਰ ਬਣ ਗਿਆ। ਇਤਨੇ ਸੂਖਮ ਪੱਧਰ ਤੇ ‘ਅਸਲ ਧਰਮ’ ਦਾ ਸਿਧਾਂਤਕ ਵਿਸ਼ਲੇਸ਼ਨ ਕਰਨ ਅਤੇ ਐਲਾਣੀਆ ਤੌਰ ਤੇ ਫਿਰਕੂ ਵਲਗਣ ਤੋਂ ਆਜ਼ਾਦ ਹੋਣ ਦੀ ਸੋਚ ਦੇ ਹਾਮੀ ਸਿੱਖ ਕੌਮ ਵਿਚ ਤਾਂ ਕੋਈ ਨਾਂ-ਮਾਤਰ ਹੀ ਹਨ, ਪੂਰੇ ਵਿਸ਼ਵ ਵਿਚ ਵੀ ਸ਼ਾਇਦ ਗਿਣਤੀ ਦੇ ਹੀ ਹੋਣਗੇ। ਪਰ ਬਾਬਾ ਨਾਨਕ ਦੇ ਸਰਬਪੱਖੀ ਮਾਨਵੀ ਇਨਕਲਾਬ ਦੇ ਪੱਕੇ ਪਾਂਧੀ ਬਨਣ ਲਈ ਉਸ ਸੂਖਮ ਸਿਧਾਂਤਕ ਪਕੜ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡੀਆਂ ਮਾਨਤਾਵਾਂ ਤੇ ਹੁੰਦੇ ਕਿੰਤੂ ਸਾਨੂੰ ਕਿਸੇ ਨਾ ਕਿਸੇ ਪੱਧਰ ਤੇ ਵਿਚਲਿਤ ਕਰਕੇ ‘ਪੁਜਾਰੀ ਮਾਨਸਿਕਤਾ’ ਦੇ ਹਾਣ ਦਾ ਬਣਾ ਦੇਂਦੇ ਹਨ।
  ਗੱਲ ਕਿਸੇ ਹੋਰ ਪਾਸੇ ਤੁਰ ਪਈ। ਵਾਪਿਸ ਪਰਤਦੇ ਹਾਂ ਮੌਜੂਦਾ ‘ਏਕਤਾ ਅਲਾਪ’ ਵੱਲ। ਕਿਸੇ ਵੀ ਏਕਤਾ ਦੀ ਗੱਲ ਤੋਂ ਪਹਿਲਾਂ ਇਹ ਤੈਅ ਹੋਣਾ ਜ਼ਰੂਰੀ ਹੈ ਕਿ ਏਕਤਾ ਕਰਨੀ ਕਿਸ ਮਿਸ਼ਨ ਲਈ ਹੈ? ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਦੇ ਕਿਸੇ ਵੀ ਧੜੇ ਦਾ ਮਿਸ਼ਨ ਹਾਲੀਂ ਤੱਕ ਵੀ ਪੂਰੀ ਤਰਾਂ ਸਪਸ਼ਟ ਨਹੀਂ ਹੈ। ਕਿਸੇ ਦੀ ਸੂਈ ਸਿੱਖ ਰਹਿਤ ਮਰਿਯਾਦਾ ਤੇ ਅੜੀ ਹੋਈ ਹੈ, ਕਿਸੇ ਦੀ ਅਖੌਤੀ ਦਸਮ ਗ੍ਰੰਥ ਦੀ ਮਾਨਤਾ ਰੱਦ ਕਰਵਾਉਣ ਤੱਕ, ਕਿਸੇ ਦੀ ਜਥੇਦਾਰਾਂ ਨੂੰ ਨੰਗਾ ਕਰਨ ਤੇ, ਕਿਸੀ ਦੀ ਨਾਨਕਸ਼ਾਹੀ ਕੈਲੰਡਰ ਆਦਿ ਆਦਿ। ਕੋਈ ਸਪਸ਼ਟ ਜਾਂ ਪੂਰੀ ਤਰਾਂ ਸਿਧਾਂਤਕ ਮਿਸ਼ਨ ਹੀ ਕਿਸੇ ਨੇ ਵੀ ਅਜੀਂ ਤੱਕ ਸਾਹਮਣੇ ਨਹੀਂ ਰਖਿਆ, ਬਾਕੀ ਰੂਪ-ਰੇਖਾ ਤਾਂ ਬਹੁਤ ਦੂਰ ਦੀ ਗੱਲ ਹੈ। ਬਸ ਹਰ ਵਾਰ ‘ਏਕਤਾ ਹੋਣੀ ਚਾਹੀਦੀ ਹੈ’ ਦਾ ਸ਼ੋਰ-ਗੁੱਲ ਕਰ ਕੇ ਸਭ ਫੇਰ ਬਰਸਾਤੀ ਡੱਡੂਆਂ ਵਾਂਗ ਆਪਣੇ ਖੋਲਾਂ ਦੀ ਕੈਦ ਵਿਚ ਚਲੇ ਜਾਂਦੇ ਹਨ। ਤੱਤ ਗੁਰਮਤਿ ਪਰਿਵਾਰ ਨੇ ਪਹਿਲਾਂ ਵੀ ਘੱਟੋ-ਘੱਟ 2-3 ਵਾਰ ‘ਗੁਰਮਤਿ ਇਨਕਲਾਬ’ ਦੇ ਮੂਲ ਦੀ ਰੋਸ਼ਨੀ ਵਿਚ ‘ਸਿਧਾਂਤਕ ਏਕਤਾ’ ਦੀ ਲਿਖਤੀ ਰੂਪ-ਰੇਖਾ ਇਨ੍ਹਾਂ ਸਾਹਮਣੇ ਰੱਖੀ ਪਰ ਸਾਰੇ ਆਪਣੀ ਹਉਮੈ ਦੀ ਚਾਦਰ ਉਤਾਰ ਕੇ ਨਿਸ਼ਕਾਮਤਾ ਨਾਲ ਮਿਲ ਬੈਠਣ ਨੂੰ ਕਦੇ ਤਿਆਰ ਹੀ ਨਹੀਂ ਹੋਏ। ਉਸ ਤੋਂ ਬਾਅਦ ਦੇ ਸਮੇਂ ਵਿਚ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਵੇਖ ਕੇ ਸਾਨੂੰ ਜਾਪਿਆ ਕਿ ਚੰਗਾ ਹੀ ਹੋਇਆ ਕਿ ਇਨ੍ਹਾਂ ਵਿਚ ਏਕਤਾ ਨਹੀਂ ਹੋਈ, ਨਹੀਂ ਤਾਂ ਇਨ੍ਹਾਂ ਨੇ ‘ਗੁਰਮਤਿ ਇਨਕਲਾਬ’ ਦੇ ਸਫਰ ਵਿਚ ਖਿਲਾਰਾ ਪਾਉਣਾ ਸੀ, ਉਸ ਨਾਲ ਉਸ ‘ਪਵਿੱਤਰ ਮਿਸ਼ਨ’ ਦਾ ਜਲੂਸ ਹੀ ਨਿਕਲ ਜਾਣਾ ਸੀ। ਸਾਨੂੰ ਐਸੇ ਸਖਤ ਸ਼ਬਦ ਲਿਖਦੇ ਹੋਏ ਬੇਸ਼ਕ ਝਿਝਕ ਮਹਿਸੂਸ ਤਾਂ ਹੋਈ ਪਰ ਇਹ ਸਾਡੇ ਅੰਦਰ ਦਾ ਉਹ ਸੁਹਿਰਦ ਦਰਦ ਹੈ ਜੋ ਸਾਨੂੰ, ਮਾਨਵਤਾ ਨੂੰ ‘ਗੁਰਮਤਿ ਇਨਕਲਾਬ’ ਦੀ ਸਮਝ ਤੋਂ ਹੋਰ ਵੱਧ ਸਮੇਂ ਤੱਕ ਦੂਰ ਰੱਖਣ ਦੀਆਂ ਸਾਡੀਆਂ ਕਮਜ਼ੋਰੀਆਂ ਦੇ ਅਹਿਸਾਸ ਵਿਚੋਂ ਉਪਜਿਆ ਹੈ। ਸਾਨੂੰ ਬਿਲਕੁਲ ਜਿੰਮੇਦਾਰੀ ਨਾਲ ਇਹ ਕਹਿਣ ਵਿਚ ਕੋਈ ਝਿਝਕ ਜਾਂ ਸੰਕੋਚ ਨਹੀਂ ਕਿ ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਵਿਚਲੇ ਮੌਜੂਦਾ ਆਗੂਆਂ ਵਿਚੋਂ ਕੋਈ ਵੀ ਐਸਾ ਨਹੀਂ ਜਿਸ ਦੀ ਪਕੜ, ਸਮਝ ਜਾਂ ਵਿਵਹਾਰ ਉਸ ਪੱਧਰ ਦਾ ਹੋਵੇ ਜੋ ਮੂਲ ਗੁਰਮਤਿ ਇਨਕਲਾਬ ਵੱਲ ਵਾਪਸੀ ਦੇ ਸਫਰ ਦਾ ‘ਆਗੂ’ ਬਨਣ ਦੀ ਯੋਗਤਾ ਰੱਖਦਾ ਹੋਵੇ। ਬਹੁਤਿਆਂ ਵਿਚ ਤਾਂ ਇਮਾਨਦਾਰੀ ਅਤੇ ਹਉਮੈ ਤੋਂ ਦੂਰ ਰਹਿਣ ਦੇ ਮੂਲ ਗੁਣ ਹੀ ਨਹੀਂ ਹਨ। ਭਾਈ ਰਣਜੀਤ ਸਿੰਘ ਜੀ ਦੇ ਟੋਲੇ ਵਿਚ ਅਸੀਂ ਨਜ਼ਦੀਕੀ ਤੌਰ ਤੇ ਨਹੀਂ ਵਿਚਰੇ ਪਰ ਉਨ੍ਹਾਂ ਦੇ ਜਨਤਕ ਤੌਰ ਤੇ ਸਾਹਮਣੇ ਆ ਰਹੇ ਹੁਣ ਤੱਕ ਦੇ ਪ੍ਰਚਾਰ ਅਤੇ ਵਿਵਹਾਰ ਤੋਂ ਨਿਰਾਸ਼ ਨਾ ਵੀ ਹੋਈਏ, ਤਾਂ ਵੀ ਉਨ੍ਹਾਂ ਦੇ ਇਸ ਸੂਖਮ ਪਕੜ ਵਾਲੀ ਲਹਿਰ ਦੇ ਸੁਯੋਗ ਆਗੂ ਬਨ ਸਕਣ ਦੀ ਆਸ ਰੱਖਣੀ ਵੀ ਫਿਲਹਾਲ ਬਹੁਤ ਕਾਹਲੀ ਵਿਚ ਚੁਕਿਆ ਹੋਵੇਗਾ। ਮਜ਼ਬੂਤ ਆਗੂ ਵਿਚਲੇ ਦੋ ਮੂਲ ਗੁਣਾਂ (ਇਮਾਨਦਾਰੀ ਹੋਣ ਅਤੇ ਹਉਮੈ ਤੋਂ ਰਹਿਤ ਹੋਣ) ਪੱਖੋਂ ਜੇ ਉਹ ਠੀਕ ਵੀ ਹੋਣ ਤਾਂ ਉਸ ਤੋਂ ਬਾਅਦ ਸਿਧਾਂਤ ਦੀ ਸੂਖਮ ਹੱਦ ਤੱਕ ਸਮਝ ਅਤੇ ਉਸ ਪ੍ਰਤੀ ਸਪਸ਼ਟ ਸਟੈਂਡ ਲੈਣ ਦੀ ਪਹੁੰਚ ਪ੍ਰਤੀ ਉਨ੍ਹਾਂ ਦਾ ਬਹੁਤਾ ਪੱਖ ਅਜੀਂ ਸਾਹਮਣੇ ਨਹੀਂ ਆਇਆ। ਪ੍ਰਚਲਿਤ ‘ਨਿਤਨੇਮ ਅਤੇ ਅੰਮ੍ਰਿਤ ਸੰਚਾਰ ਸੰਬੰਧਿਤ ਦਸਮ ਗ੍ਰੰਥੀ ਰਚਨਾਵਾਂ’ ਬਾਰੇ ਪ੍ਰੋ. ਦਰਸ਼ਨ ਸਿੰਘ ਜੀ ਦੇ ਲਏ ਕੁਝ ਸਹੀ ਸਟੈਂਡ ਪ੍ਰਤੀ ਉਨ੍ਹਾਂ ਵਲੋਂ ਕੀਤੀ ਹਲਕੀ ਟਿੱਪਣੀ ਉਨ੍ਹਾਂ ਦੀ ਸਿਧਾਂਤਕ ਪਕੜ ਅਤੇ ਵਿਸ਼ਲੇਸ਼ਨ ਦੀ ਸਮਰੱਥਾ ਬਾਰੇ ਸ਼ੱਕ ਪੈਦਾ ਜ਼ਰੂਰ ਕਰਦੀ ਹੈ ਪਰ ਭਾਈ ਢੱਢਰੀਆਂ ਤੋਂ ਸੁਧਾਰ ਦੀ ਆਸ ਨਹੀਂ ਛੱਡੀ ਜਾ ਸਕਦੀ ਅਤੇ ਗਲਤੀਆਂ ਇੰਸਾਨ ਤੋਂ ਹੀ ਹੁੰਦੀਆਂ ਹਨ। ਜੇ ਅਸੀਂ ਸਮੇਂ ਨਾਲ ਗਲਤੀ ਸੁਧਾਰ ਲਈਏ ਤਾਂ ਇਹ ਚੰਗੇ ਸੰਕੇਤ ਮੰਨੇ ਜਾ ਸਕਦੇ ਹਨ।
  ਏਕਤਾ ਦੇ ਮੁੱਢਲੇ ਸੂਤਰ
  ਅਸੀਂ ਮਨੁੱਖ ਵਜੋਂ ਹਰ ਕਿਸੇ ਦਾ ਸਤਿਕਾਰ ਕਰਦੇ ਹਾਂ ਅਤੇ ਮਾਨਵਤਾ ਦੇ ਭਲੇ ਲਈ ਇਮਾਨਦਾਰੀ ਨਾਲ ਚੁੱਕੇ ਕਿਸੇ ਦੇ ਵੀ ਛੋਟੇ ਤੋਂ ਵੀ ਛੋਟੇ ਕਦਮ ਦਾ ਤਹਿ ਦਿਲੋਂ ਸਮਰਥਨ ਕਰਦੇ ਹਾਂ। ਇਸ ਲਈ ਜੋ ਜਿਸ ਵੀ ਪੱਧਰ ਤੇ, ਜਿਤਨਾ ਵੀ ਮਾਨਵਤਾ ਦੇ ਹਿਤਾਂ ਲਈ ਇਮਾਨਦਾਰੀ ਨਾਲ ਯਤਨ ਕਰ ਰਿਹਾ ਹੈ, ਉਹ ਮੁਬਾਰਕ ਹੈ। ਪਰ ਇਹ ਵਿਅਕਤੀਗਤ ਅਤੇ ਮਿਲਗੋਭੀ ਸੋਚ ਵਾਲੇ ਯਤਨ ਕੁੱਲ ਮਾਨਵਤਾ ਨੂੰ ਸਹੀ ਧਰਮ ਸਮਝਾਉਣ ਲਈ ਬਹੁਤ ਹੀ ਘੱਟ ਹਨ। ਇਸ ਲਈ ਵੱਡੇ ਅਤੇ ਸਾਂਝੇ ਯਤਨ ਜ਼ਰੂਰੀ ਹਨ। ਪਰ ਉਨ੍ਹਾਂ ਯਤਨਾਂ ਦਾ ਮੂਲ ਆਧਾਰ ਉਹ ‘ਅਸਲ ਗੁਰਮਤਿ ਇਨਕਲਾਬ’ ਹੀ ਬਣ ਸਕਦਾ ਹੈ, ਜਿਸਦਾ ਸੰਕਲਪ ਜ਼ਹਿਣ ਵਿਚ ਲੈ ਕੇ ਬਾਬਾ ਨਾਨਕ ਜੀ ਨੇ ਇਹ ਸਫਰ ਸ਼ੁਰੂ ਕੀਤਾ ਸੀ ਅਤੇ ਜਿਸ ਨੂੰ ਸਾਡੀਆਂ ਨਲਾਇਕੀਆਂ ਨੇ ਇਕ ਫਿਰਕੇ ਦੀ ਵਲਗੱਣ ਵਿਚ ਜਕੜ ਕੇ ਉਸ ਦਾ ਸਾਹ ਘੁੱਟ ਦਿਤਾ ਅਤੇ ਪਹਿਲਾਂ ਤੋਂ ਚਲ ਰਹੇ ਫਿਰਕੂ ਲਾਣਿਆਂ ਦਾ ਹੀ ਇਕ ਨਵਾਂ ਰੂਪ ਬਣਾ ਦਿਤਾ।
  ‘ਗੁਰਮਤਿ ਇਨਕਲਾਬ’ ਦੇ ਮਾਨਵੀ ਮਿਸ਼ਨ ਦਾ ਕਾਫਿਲਾ ਤਿਆਰ ਕਰਨ ਲਈ ਲੌੜੀਂਦੀ ਏਕਤਾ ਦੇ ਕੁਝ ਮੂਲ਼ ਸੂਤਰ ਹਨ
  1. ਇਮਾਨਦਾਰੀ
  2. ਹਉਮੈ ਦਾ ਤਿਆਗ
  3. ਸਿਧਾਂਤ ਦੀ ਸੂਖਮ ਪਕੜ
  4. ਮਜ਼ਬੂਤ ਸਟੈਂਡ ਲੈਣ ਦੀ ਦ੍ਰਿੜਤਾ
  5. ਪੁਜਾਰੀ ਮਾਨਸਿਕਤਾ ਤੋਂ ਪੂਰੀ ਤਰਾਂ ਆਜ਼ਾਦੀ
  6. ਸ਼ਖਸੀਅਤ ਪ੍ਰਸਤੀ ਦੀ ਥਾਂ ਸਿਧਾਂਤ ਪ੍ਰਸਤੀ ਨੂੰ ਸਹੀ ਮੰਨਣਾ
  7. ਸੁਯੋਗ ਆਗੂ ਦੀ ਅਗਵਾਈ
  8. ਸੁਚੱਜੀ ਰੂਪ-ਰੇਖਾ ਅਤੇ ਵਿਉਂਤ-ਬੰਦੀਆਮ ਲੋਕਾਈ ਵਿਚ ਪੂਰੀ ਤਰਾਂ ਇਮਾਨਦਾਰ ਅਤੇ ਹਉਮੈ ਰਹਿਤ ਚੰਦ ਸੱਜਣ ਬੇਸ਼ਕ ਹੋਣਗੇ ਪਰ ਆਗੂ/ਪ੍ਰਚਾਰਕ ਕੋਈ ਮੁਸ਼ਕਿਲ ਹੀ ਹੈ। ਪਿੱਛਲੇ ਚੰਦ ਕੁ ਮਹੀਨਿਆਂ ਵਿਚ ਪੰਥ ਦੇ ਕਹਾਉਂਦੇ ਜਾਗਰੂਕ ਤਬਕੇ ਨੇ ਆਪਣੇ ਆਪ ਨੂੰ ਦੋ ਮੁੱਖ ਧੜਿਆਂ ਵਿਚ ਅਣ-ਐਲਾਣਿਆ ਹੀ ਵੰਡ ਲਿਆ ਹੈ। ਇਕ ਧੜਾ ਜੋ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਨੂੰ ਹੀ ਇਕੋ ਇਕ ਆਸ ਮੰਨੀ ਬੈਠਾ ਹੈ ਅਤੇ ਇਸ ਦਾ ਇਕ ਬੁਲਾਰਾ ਟੀਮ ਰੇਡੀਉ ਵਿਰਸਾ ਹੈ। ਦੂਜੀ ਤਰਫ ਉਹ ਧੜਾ ਹੈ ਜੋ ਸਿਧਾਂਤ ਦੀ ਥਾਂ ਪ੍ਰੋ. ਦਰਸ਼ਨ ਸਿੰਘ ਜੀ, ਸਰਬਜੀਤ ਸਿੰਘ ਜੀ ਧੂੰਦਾ ਅਤੇ ਪੰਥਪ੍ਰੀਤ ਸਿੰਘ ਜੀ ਆਦਿ ਪ੍ਰਚਾਰਕਾਂ ਦੀ ਸ਼ਖਸੀਅਤ ਦੇ ਆਸ ਪਾਸ ਜੁੜਿਆ ਬੈਠਾ ਹੈ। ਇਹ ਦੂਜਾ ਧੜਾ ਕੁਝ ਸਮਾਂ ਪਹਿਲਾਂ ਤੱਕ ਆਪ ਹੀ ਕਈਂ ਵਿਰੋਧੀ ਗੁਟਾਂ ਵਿਚ ਵੰਡਿਆ ਹੋਇਆ ਸੀ ਪਰੰਤੁ ਕੁਝ ਟੀਮ ਰੇਡਿੳੇੁ ਵਿਰਸਾ ਵਿਵਾਦ ਨੇ ਇਨ੍ਹਾਂ ਨੂੰ ਮੌਕਾਪ੍ਰਸਤ ਪਹੁੰਚ ਹੇਠ ਇਕੱਠਾ ਕਰ ਕੇ ਧੜੇ ਦਾ ਰੂਪ ਦੇ ਦਿੱਤਾ। ਇਸ ਧੜੇ ਦਾ ਬੁਲਾਰਾ ‘ਰੇਡਿਉ ਸਿੰਘਨਾਦ’ (ਏਂਕਰ ਪ੍ਰਭਦੀਪ ਸਿੰਘ ਟਾਇਗਰ) ਅਤੇ ‘ਵੈਬਸਾਈਟ ਖਾਲਸਾ ਨਿਉਜ਼’(ਸੰਚਾਲਕ ਬਖਸ਼ੀਸ਼ ਸਿੰਘ ਜੀ) ਹੈ।
  ਇਸ ਧੜੇ ਨੇ ਪਿੱਛਲੇ 2 ਕੁ ਮਹੀਨੇ ਵਿਚ ‘ਰੇਡਿਉ ਵਿਰਸਾ ਵਿਵਾਦ’ ਦਾ ਬਹਾਨਾ ਬਣਾ ਕੇ ਜਿਸ ਘਟੀਆ ਅਤੇ ਨੀਵੇਂ ਪੱਧਰ ਤੇ ਜਾ ਕੇ ਟੀਮ ਰੇਡਿਉ ਵਿਰਸਾ ਅਤੇ ਰਣਜੀਤ ਸਿੰਘ ਦਾ ਵਿਰੋਧ ਕੀਤਾ ਹੈ, ਉਸ ਨੇ ਇਨ੍ਹਾਂ ਦੀ ਸਿਧਾਂਤਕ ਸਮਝ ਅਤੇ ਗੁਰਮਤਿ ਵਿਵਹਾਰ ਦਾ ਦੀਵਾਲੀਆਪਨ ਜਗ ਜ਼ਾਹਿਰ ਕਰ ਦਿਤਾ ਹੈ (ਤੱਤ ਗੁਰਮਤਿ ਪਰਿਵਾਰ ਤਾਂ ਇਨ੍ਹਾਂ ਦੇ ਇਸ ਪੱਧਰ ਤੋਂ ਬਹੁਤ ਪਹਿਲਾਂ ਹੀ ਜਾਣੂ ਸੀ)। ਪ੍ਰੋ. ਦਰਸ਼ਨ ਸਿੰਘ ਜੀ ਅਗਰ ਇਨ੍ਹਾਂ ਦੇ ਇਸੇ ਨੀਵੇਂ ਵਿਰੋਧ ਦਾ ਇਕ-ਅੱਧੀਂ ਵਾਰ ਸਪਸ਼ਟ ਖੰਡਨ ਵੀ ਕਰ ਦਿੰਦੇ ਤਾਂ ਘੱਟੋ-ਘੱਟ ਆਪਣੀ ਸਾਖ ਕੁਝ ਬਚਾ ਲੈਂਦੇ। ਪਰ ਚਾਪਲੂਸ ਕਿਸ ਨੂੰ ਚੰਗੇ ਨਹੀਂ ਲਗਦੇ? ਇਹ ਧੜਾ ਤਾਂ ਪ੍ਰੋ. ਜੀ ਨੂੰ ਵਿਵਹਾਰਿਕ ਤੌਰ ‘ਗੁਰੂ’ ਦਾ ਦਰਜ਼ਾ ਹੀ ਦੇਂਦਾ ਜਾਪਦਾ ਹੈ।
  ਬਾਕੀ ਇਸ ਧੜੇ ਵਿਚਲੇ ਬਾਕੀ ਦੋ ਹੋਰ ਮੁੱਖ ਪ੍ਰਚਾਰਕਾਂ ਸਰਬਜੀਤ ਸਿੰਘ ਧੂੰਦਾ ਅਤੇ ਪੰਥਪ੍ਰੀਤ ਸਿੰਘ ਦੀ ਗੁਰਮਤਿ ਸਮਝ ਤਾਂ ਬਹੁਤੀਂ ਚੰਗੀ ਨਹੀਂ, ਗੁਰਮਤਿ ਪ੍ਰਤੀ ਦ੍ਰਿੜਤਾ ਵੀ ਸ਼ੱਕੀ ਹੈ। ਇਹ ਤਾਂ ਮਿਸ਼ਨਰੀ ਕਾਲਜਾਂ ਵਾਂਗੂ ਹਾਲੀਂ ਤੱਕ ਦੋਗਲੀ ਸਿੱਖ ਰਹਿਤ ਮਰਿਯਾਦਾ ਦੀ ਘੁੰਮਣਘੇਰੀ ਵਿਚੋਂ ਹੀ ਬਾਹਰ ਨਿਕਲ ਨਹੀਂ ਪਾਏ। ਇਨ੍ਹਾਂ ਤੋਂ ‘ਗੁਰਮਤਿ ਇਨਕਲਾਬ’ ਦੇ ਆਗੂ ਬਣ ਸਕਣ ਦੇ ਯੋਗ ਹੋਣ ਦੀ ਆਸ ਕਰਨਾ ਮੂਰਖਤਾ ਤੋਂ ਵੱਧ ਕੁਝ ਨਹੀਂ। ਹਰ ਮੁੱਦੇ ਵਾਂਗੂ ਇਹ ਧੜਾ ਮਿਲਗੋਭਾ ਨਾਨਕਸ਼ਾਹੀ ਕੈਲੰਡਰ ਹੀ ਚੁੱਕੀ ਫਿਰਦਾ ਹੈ, ਜਿਸਦਾ ਸ਼ੁੱਧ ਰੂਪ ‘ਤੱਤ ਗੁਰਮਤਿ ਪਰਿਵਾਰ’ ਨੇ ਪ੍ਰਕਾਸ਼ਿਤ ਕੀਤਾ ਸੀ।
  ਹੁਣ ਵਿਸ਼ਲੇਸ਼ਨ ਕਰਦੇ ਹਾਂ ਦੂਜੇ ਧੜੇ ਦੀ ਵਿਵਹਾਰਿਕ ਕਾਰਗੁਜ਼ਾਰੀ ਦਾ। ਰਣਜੀਤ ਸਿੰਘ ਜੀ ਦੇ ਆਸ ਪਾਸ ਵਿਚਰਦੇ ਨਜ਼ਦੀਕੀ ਸੱਜਣਾਂ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਹਾਂ, ਉਨ੍ਹਾਂ ਵਲੋਂ ਹੁਣ ਤੱਕ ਜਨਤੱਕ ਤੌਰ ਤੇ ਕੀਤੇ ਪ੍ਰਚਾਰ ਦੇ ਆਧਾਰ ਤੇ ਕੁਝ ਨਿਰਪੱਖ ਵਿਸ਼ਲੇਸ਼ਨ ਉਪਰ ਅਸੀਂ ਕਰ ਦਿਤਾ ਹੈ। ਬੇਸ਼ਕ ਉਨ੍ਹਾਂ ਦੇ ਦੀਵਾਨਾਂ ਵਿਚ ਜੁੜਦੀ ਭੀੜ ਕੁਝ ਜਾਗਰੂਕ ਮੰਨੇ ਜਾਂਦੇ ਸੱਜਣਾਂ/ਧਿਰਾਂ ਦੇ ਪ੍ਰਭਾਵ ਪਾਉਂਦੀ ਹੈ ਅਤੇ ਉਹ ਹੱਦੋਂ ਵੱਧ ਆਸਵੰਦ ਹੋ ਜਾਂਦੇ ਹਨ। ਪਰ ਸਾਡੀ ਸਮਝ ਸਾਨੂੰ ਭੀੜ ਦੇ ਆਧਾਰ ਤੇ ਨਹੀਂ, ਗੁਰਮਤਿ ਸਮਝ ਅਤੇ ਉਸ ਅਨੁਸਾਰੀ ਵਿਵਹਾਰ ਦੇ ਆਧਾਰ ਤੇ ਵਿਸ਼ਸ਼ਲੇਣ ਕਰਨ ਲਈ ਪ੍ਰੇਰਦੀ ਹੈ। ਇਸ ਲਈ ਅਸੀਂ ਅੱਜ ਤੱਕ ਕਿਸੇ ਸ਼ਖਸੀਅਤ ਦੇ ਪ੍ਰਭਾਵ ਹੇਠ ਆ ਕੇ ਸਿਧਾਂਤ ਨੂੰ ਨਜ਼ਰ ਅੰਦਾਜ਼ ਨਾ ਕਰਨ ਦਾ ਯਤਨ ਹੀ ਕੀਤਾ ਹੈ। ਸ਼ਖਸੀਅਤ ਪ੍ਰਸਤੀ ਤੋਂ ਨਿਰਲੇਪਤਾ ਹੀ ਹੈ ਜੋ ਸਾਨੂੰ ਗਾਲ੍ਹਾਂ ਕੱਢਣ ਤੱਕ ਦੀ ਨੀਵ੍ਹੀਂ ਪੱਧਰ ਤੱਕ ਨਹੀਂ ਜਾਣ ਦੇਂਦੀ ਅਤੇ ਨਾ ਹੀ ਕਿਸੇ ਨਾਲ ਮਨ ਵਿਚ ਪੱਕੀ ਖਾਰ ਪਾਲ ਲੈਣ ਦੀ ਕਮਜ਼ੋਰੀ ਪੈਦਾ ਹੋਣ ਦਿੰਦੀ ਹੈ। ਇਥੋਂ ਤੱਕ ਕੀ ਅਸੀਂ ‘ਨਾਨਕ ਸਰੂਪਾਂ’ ਦੀ ਸ਼ਖਸੀਅਤਪ੍ਰਸਤੀ ਦੀ ਥਾਂ ਉਨ੍ਹਾਂ ਦੇ ਬਖਸ਼ੇ ‘ਸਿਧਾਂਤਪ੍ਰਸਤੀ’ ਨੂੰ ਹੀ ਤਰਜ਼ੀਹ ਦਿਤੀ ਹੈ। ਤਾਂ ਹੀ ਅਸੀਂ ਵੱਡੀ ਤੋਂ ਵੱਡੀ ਮਾਨਤਾ ਤੇ ਸਵਾਲ ਖੜ੍ਹਾ ਹੋਣ ਤੇ ਵੀ ਵਿਚਲਿਤ ਨਾ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਹਾਂ, ਬੇਸ਼ਕ ਸ਼ੁਰੂਆਤੀ ਦੌਰ ਵਿਚ ਅਸੀਂ ਸਪੋਕਸਮੈਨ ਅਖਬਾਰ (ਜੋਗਿੰਦਰ ਸਿੰਘ) ਵਲੋਂ ‘ਸ਼ਬਦ ਗੁਰੂ ਗੰ੍ਰਥ ਸਾਹਿਬ’ ਜੀ ਦੇ ਮੌਜੂਦਾ ਸਰੂਪ ਬਾਰੇ ਕੀਤੀਆਂ ਟਿੱਪਣੀਆਂ ਤੋਂ ਵਿਚਲਿਤ ਹੋ ਕੇ ਉਸ ਬਾਰੇ ਗਿਲੇ-ਸ਼ਿਕਵੇ ਦੇ ਰੂਪ ਵਿਚ ਇਕ-ਦੋ ਸਖਤ ਲੇਖ ਲਿਖੇ ਸਨ ਪਰ ਸਮੇਂ ਨਾਲ ਅਸੀਂ ਇਸ ਕਮਜ਼ੋਰੀ ਤੇ ਵੀ ਕਾਬੂ ਰੱਖਣ ਦਾ ਮਾਦਾ ਪੈਦਾ ਕਰ ਲਿਆ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਸਾਨੂੰ ਸਵਾਲਾਂ ਤੇ ਵਿਚਲਿਤ ਨਹੀਂ ਹੋਣਾ ਚਾਹੀਦਾ ਬਲਕਿ ਉਨ੍ਹਾਂ ਦੇ ਜਵਾਬ ਲਭਣ ਦਾ ਯਤਨ ਕਰਨਾ ਚਾਹੀਦਾ ਹੈ
  ਗੱਲ ਚਲ ਰਹੀ ਸੀ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਨਾਲ ਜੁੜੇ ਧੜੇ ਦੀ। ਇਸ ਧੜੇ ਦਾ ਇਕ ਬੁਲਾਰਾ ‘ਟੀਮ ਰੇਡਿਉ ਵਿਰਸਾ’ ਹੈ। ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਗੁਰਮਤਿ ਦੀ ਸਮਝ ਪੱਖੋਂ ਵੀਰ ਹਰਨੇਕ ਸਿੰਘ ਅਤੇ ਉਨ੍ਹਾਂ ਦੀ ਟੀਮ ਦੂਜੇ ਧੜੇ ਨਾਲੋਂ ਕਾਫੀ ਅੱਗੇ ਹੈ। ਪਰ ਹਾਲੀਂ ਵੀ ਕਾਫੀ ਨੁਕਤੇ ਸਮਝਣੇ ਉਨ੍ਹਾਂ ਲਈ ਬਾਕੀ ਹਨ। ਹੁਣ ਤੱਕ ਉਨ੍ਹਾਂ ਦੀ ਸਮਝ ਅਤੇ ਪ੍ਰਚਾਰ ਦਾ ਘੇਰਾ ‘ਸਿੱਖ ਫਿਰਕਾ/ਕੌਮ’ ਹੀ ਹੈ। ਰਹਿਤ ਮਰਿਯਾਦਾ/ਦਸਮ ਗ੍ਰੰਥ ਆਦਿ ਬਾਰੇ ਉਨ੍ਹਾਂ ਦਾ ਸਟੈਂਡ ਸਹੀ ਹੈ। ‘ਦੇਹ ਗੁਰੂ ਨਹੀਂ’ ਬਾਰੇ ਉਨ੍ਹਾਂ ਦੀ ਸਮਝ ਵੀ ਕਾਬਿਲੇ ਤਾਰੀਫ ਹੈ ਅਤੇ ਉਹ ਇਸ ਨੂੰ ਵਿਵਹਾਰ ਵਿਚ ਵੀ ਲਿਆਉਣ ਦੀ ਹਾਂ-ਪੱਖੀ ਕੋਸ਼ਿਸ਼ ਕਰ ਰਹੇ ਹਨ। ਨਾਨਕ ਸਰੂਪਾਂ ਵਲੋਂ ਲਏ ਕੁਝ ਫੈਸਲਿਆਂ ਦੇ ਆਸ ਮੁਤਾਬਿਕ ਨਤੀਜੇ ਨਾ ਨਿਕਲਣ ਸੰਬੰਧੀ ਵਿਚਾਰਾਂ ਬਾਰੇ ਉਨ੍ਹਾਂ ਨਾਲ ਜੁੜੇ ਵਿਵਾਦ ਵਿਚ ਲਗਭਗ ਸਾਰਾ ਫਿਰਕਾ ਹੀ ਉਨ੍ਹਾਂ ਦੇ ਖਿਲਾਫ ਹੋ ਗਿਆ ਪਰ ਅਸੀਂ ਉਨ੍ਹਾਂ ਦੇ ਵਿਸ਼ਲੇਸ਼ਨ ਨੂੰ ਪੂਰੀ ਤਰਾਂ ਗਲਤ ਨਹੀਂ ਮੰਨਦੇ। ਧਰਤੀ ਤੇ ਪੈਦਾ ਹੋਇਆ ਹਰ ਮਨੁੱਖ ਕੁੱਝ ‘ਕੁਦਰਤੀ ਹੱਦਾਂ’ ਦੇ ਅਧੀਨ ਹੁੰਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਨ੍ਹਾਂ ਸਾਰੀਆਂ ਹੱਦਾਂ/ਨਿਯਮਾਂ ਤੋਂ ਬਾਹਰ ਮੰਨ ਲੈਣਾ ‘ਪੁਜਾਰੀ ਸੋਚ’ ਹੈ, ਗੁਰਮਤਿ ਨਹੀਂ। ‘ਗੁਰਮਤਿ ਇਨਕਲਾਬ’ ਕਿਸੇ ਫਿਰਕੇ/ਕੌਮ ਦੀ ਸਥਾਪਤੀ ਨੂੰ ਸਹੀ ਨਹੀਂ ਮੰਨਦਾ, ਇਹ ਮੂਲ ਨੁਕਤਾ ਵੀ ਉਹ ਜਲਦੀ ਸਮਝ ਜਾਣਗੇ, ਸਾਨੂੰ ਪੂਰੀ ਆਸ ਹੈ, ਕਿਉਂਕਿ ਉਨ੍ਹਾਂ ਵਿਚ ਹਰ ਸਵਾਲ ਨੂੰ ਵਿਚਾਰਨ ਦਾ ਮਾਦਾ ਹੈ।
  ਟੀਮ ਰੇਡਿਉ ਵਿਰਸਾ ਦੇ ਸੁਭਾਅ ਵਿਚਲੀਆਂ ਕੁਝ ਕਮਜ਼ੋਰੀਆਂ ਦਾ ਵਿਸ਼ਲੇਸ਼ਨ ਅਸੀਂ ਆਪਣੇ ਪਿੱਛਲੇ ਲੇਖ ਵਿਚ ਵੀ ਕੀਤਾ ਸੀ। ਪਰ ਮਨੁੱਖੀ ਸੁਭਾਅ ਵਿਚਲੀ ਹਉਮੈਂ ਨੇ, ਉਨ੍ਹਾਂ ਨੂੰ ਇਨ੍ਹਾਂ ਕਮਜ਼ੋਰੀਆਂ ਨੂੰ ਹਲਕੇ ਅੰਦਾਜ਼ ਵਿਚ ਅਣਗੌਲਿਆਂ ਕਰਕੇ, ਉਲਟਾ ਸਾਡੇ ਤੇ ਹੀ ਦੂਜੀ ਧਿਰ ਨੂੰ ਖੁਸ਼ ਕਰਨ ਦਾ ਇਲਜ਼ਾਮ ਲਾ ਦਿਤਾ। ਸਾਡੀ ਕਲਮ ਤੋਂ ਜਾਣੂ ਲੋਕ ਚੰਗੀ ਤਰਾਂ ਜਾਣਦੇ ਹਾਂ ਕਿ ਅਸੀਂ ਕਦੀਂ ਵੀ ਕੋਈ ਲਿਖਤ ਕਿਸੇ ਨੂੰ ਖੁਸ਼ ਕਰਨ ਜਾਂ ਨਰਾਜ਼ ਕਰਨ ਲਈ ਨਹੀਂ ਲਿਖਦੇ। ਹਰ ਮੁੱਦੇ ਤੇ ਬੇਬਾਕੀ ਅਤੇ ਸਪਸ਼ਟਤਾ ਨਾਲ, ਬਿਨਾਂ ਕਿਸੀ ਲੱਗ-ਲਪੇਟ ਦੇ (ਪਰ ਤਹਿਜ਼ੀਬ ਦੇ ਘੇਰੇ ਵਿਚ ਰਹਿੰਦੇ ਹੋਏ) ਤੱਤ ਗੁਰਮਤਿ ਪਰਿਵਾਰ ਆਪਣੇ ਵਿਚਾਰ ਰੱਖਣ ਦਾ ਯਤਨ ਕਰਦਾ ਹੈ। ਜੋ ਗੱਲ ਸਾਡੀ ਪਕੜ ਵਿਚ ਆ ਗਈ, ਅਸੀਂ ਜਲਦ ਹੀ ਉਸਨੂੰ ਵਿਵਹਾਰ ਵਿਚ ਲਾਗੂ ਵੀ ਕਰਨ ਦਾ ਯਤਨ ਕਰਦੇ ਹਾਂ ਅਤੇ ਸੰਗਤ ਹਾਲੀਂ ਤਿਆਰ ਨਹੀਂ ਆਦਿ ਬਹਾਨਿਆਂ ਦੇ ਸਹਾਰੇ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਟਾਲਦੇ ਨਹੀਂ ਰਹਿੰਦੇ।
  ਅਸੀਂ ਟੀਮ ਵਿਰਸਾ ਨੂੰ ਬੇਨਤੀ ਕੀਤੀ ਸੀ ਕਿ ਜੇ ਉਹ ਆਪਣੀ ਬੋਲ-ਬਾਣੀ ਅਤੇ ਕਿਸੇ ਧਿਰ ਦੇ ਵਿਰੋਧ ਨੂੰ ਹੀ ‘ਇਕ ਨੁਕਾਤੀ’ ਮਿਸ਼ਨ ਬਣਾਉਣ ਦੀ ਕਮਜ਼ੋਰੀ ਤੇ ਕਾਬੂ ਪਾ ਲੈਣ ਤਾਂ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਦੀ ਟੀਮ ਵਿਚ ਕੰਮ ਕਰਨ ਦੀ ਬਹੁਤ ਊਰਜਾ ਹੈ। ਪਰ ਲਗਭਗ ਪਿੱਛਲੇ ਇਕ ਮਹੀਨੇ ਦੇ ਕੀਤੇ ਪ੍ਰੋਗਰਾਮਾਂ ਨੇ ਸਪਸ਼ਟ ਕਰ ਦਿਤਾ ਹੈ ਇਹ ਕਮਜ਼ੋਰੀਆਂ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ ਅਤੇ ਇਸ ਬਾਰੇ ਉਹ ਕੋਈ ਸਲਾਹ ਨਹੀਂ ਸੁਨਣਾ ਚਾਹੁੰਦੇ। ਦੂਜੇ ਧੜੇ ਤੋਂ ਤਾਂ ਸਾਨੂੰ ਕੋਈ ਆਸ ਹੀ ਨਹੀਂ ਹੈ। ਟੀਮ ਰੇਡਿਉ ਵਿਰਸਾ ਦੀ ਇਸ ਸੋਚ ਕਿ ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ ਇਹ ਤਿੰਨ-ਚਾਰ ਪ੍ਰਚਾਰਕ ਹੀ ਹਨ ਤੇ ਇਸੇ ਉੱਤੇ ਸਾਰੀ ਊਰਜਾ ਬਰਬਾਦ ਕਰੀ ਜਾਣ ਦੀ ਪਹੁੰਚ ਤੇ ਅਫਸੋਸ ਹੀ ਕਰ ਸਕਦੇ ਹਾਂ। ਬੇਸ਼ਕ ਇਸ ਪਹੁੰਚ ਨਾਲ ਕਿਸੇ ਦੇ ਹਉਮੈ ਨੂੰ ਜ਼ਰੂਰ ਪੱਠੇ ਪੈ ਜਾਂਦੇ ਹਨ ਅਤੇ ਈਰਖਾ ਦੀ ਮਾਨਸਿਕ ਤ੍ਰਿਪਤੀ ਜ਼ਰੂਰ ਹੋ ਜਾਂਦੀ ਹੈ, ਪਰ ਮਿਸ਼ਨ ਪਿੱਛੇ ਰਹਿ ਜਾਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਪ੍ਰਚਾਰਕ ਦੀਆਂ ਕਮੀਆਂ ਦੀ ਪੜਚੋਲ/ਵਿਸ਼ਲੇਸ਼ਨ ਨਹੀਂ ਕਰਨਾ ਚਾਹੀਦਾ। ਉਸ ਲਈ ਤੁਸੀ ਹਫਤੇ ਵਿਚ ਕੋਈ ਇਕ ਦਾ ਰੇਗੁਲਰ ਪ੍ਰੋਗਰਾਮ ਰੱਖ ਲਵੋ। ਪਰ ਇਹ ਨਹੀਂ ਕਿ ਪੂਰਾ ਹਫਤਾ ਸਾਰੀ ਊਰਜਾ ਇਕ ਹੀ ਨੁਕਤੇ ਤੇ ਬਰਬਾਦ ਕਰੀ ਜਾਵੋ ਅਤੇ ਹਰ ਪ੍ਰੋਗਰਾਮ ਵਿਚ ਇਹੀ ਵਿਸ਼ਾ ਲੈ ਕੇ ਬੈਠ ਜਾਵੋ। ਸਾਨੂੰ ਪਤਾ ਹੈ ਇਸ ਟੀਮ ਨੇ ਸਵੈ-ਪੜਚੋਲ ਸ਼ਾਇਦ ਹੁਣ ਵੀ ਨਹੀਂ ਕਰਨੀ, ਪਰ ਜੇ ਮਨ ਹੈ ਤਾਂ ਇਕ ਵਾਰ ਨਿਰਪੱਖ ਹੋ ਕੇ ਸੋਚ ਕੇ ਵੇਖਣ ਅਤੇ ਇਹ ਵੀ ਪੜ੍ਹਚੋਲ ਲੈਣ ਕਿ ਉਨ੍ਹਾਂ ਦੇ ਇਸ ਸੁਧਾਰ ਕਰ ਲੈਣਾ ਨਾਲ, ਤੱਤ ਗੁਰਮਤਿ ਪਰਿਵਾਰ ਦਾ ਕੀ ਸਵਾਰਥ ਪੂਰਾ ਹੋਵੇਗਾ?
  ਬਾਕੀ ਰਹੀ ਗੱਲ ਇਸ ਟੀਮ ਦੀ ਭਾਈ ਰਣਜੀਤ ਸਿੰਘ ਜੀ ਦੇ ਸ਼ਖਸੀਅਤ ਪ੍ਰਤੀ ਲੋੜੋਂ ਵੱਧ ਝੂਕਾਅ ਦੀ ਤਾਂ ਇਹ ਇਕ ਹਾਂ-ਪੱਖੀਂ ਆਸ ਤਾਂ ਮੰਨੀ ਜਾ ਸਕਦੀ ਹੈ ਪਰ ਪੂਰੀ ਤਰਾਂ ਸਹੀ ਨਹੀਂ। ਇਨ੍ਹਾਂ ਨੇ ਕੁਝ ਸਾਲ ਪਹਿਲਾਂ ਧੂੰਦਾ ਜੀ ਦੀਸ਼ਖਸੀਅਤ ਨਾਲ ਜੁੜ ਕੇ ਉਨ੍ਹਾਂ ਨੂੰ ਪੁਜਾਰੀਆਂ ਸਾਹਮਣੇ ਗੋਡੇ ਟਿਕਾਉਣ ਵਾਲੇ ਕਾਲੇ-ਬਾਬ ਵਿਚ ਰੋਲ ਨਿਭਾਇਆ ਅਤੇ ਅਤੇ ਉਦੋਂ ਸਾਡੇ ਵਲੋਂ ਆਲੋਚਣਾ ਕਰਨ ਤੇ ਬੁਰਾ ਮਨਾਇਆ। ਪਰ ਅੱਜ ਸੱਚ ਇਨ੍ਹਾਂ ਦੇ ਸਾਹਮਣੇ ਹੀ ਹੈ। ਸਾਡਾ ਇਹ ਗਿਲਾ ਨਹੀਂ, ਕਿਉਂਕਿ ਅਸੀਂ ਗਿਲੇ/ਸ਼ਿਕਵਿਆਂ ਦੀ ਮਾਨਸਿਕਤਾ ਕਦੋਂ ਦੀ ਤਿਆਗ ਦਿਤੀ ਹੈ, ਬਲਕਿ ਇਹ ਸਿਰਫ ਇਕ ਹੋਕਾ ਹੈ ਕਿ ਅਸੀਂ ਫੇਰ ਉਸੇ ਬੇਲੋੜੀ ਸ਼ਖਸੀਅਤ ਪ੍ਰਸਤੀ ਦੇ ਰਾਹ ਪੈਣ ਤੋਂ ਬਚ ਸਕੀਏ।
  ਬੇਸ਼ਕ ਇਸ ਸਮੇਂ ਤੱਕ ਰਣਜੀਤ ਸਿੰਘ ਜੀ ਦਾ ਸਟੈਂਡ ਧੂੰਦਾ ਜੀ ਦੇ ਮੁਕਾਬਲੇ ਬਹੁਤ ਮਜ਼ਬੂਤ ਹੈ, ਪਰ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਦੇ ਕੁਝ ਸੂਖਮ ਨੁਕਤਿਆਂ ਦੀ ਸਮਝ ਅਤੇ ਉਸ ਪ੍ਰਤੀ ਦ੍ਰਿੜ ਸਟੈਂਡ ਲੈਣ ਬਾਰੇ ਹਾਲੀਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ। ਉਸ ਬਾਰੇ ਅਸੀਂ ਕਦੀਂ ਕਿਸੇ ਅਗਲੇ ਅੰਕ ਵਿਚ ਲਿਖਾਂਗੇ, ਨਹੀਂ ਤਾਂ ‘ਜਾਗਰੂਕ ਪੰਥ’ ਨੇ ਸਾਡੇ ਤੇ ਇਹ ਇਲਜ਼ਾਮ ਲਾ ਦੇਣਾ ਹੈ ਕਿ ਅਸੀਂ ਇਹ ਨੁਕਤੇ ਜਾਣਬੂਝ ਕੇ ਵਿਰੋਧੀਆਂ ਦੇ ਫਾਇਦੇ ਲਈ ਦੱਸ ਦਿਤੇ। ਹਾਂ, ਜੇ ਸਬੱਬ ਬਣਿਆ ਤਾਂ ਭਾਈ ਰਣਜੀਤ ਸਿੰਘ ਜੀ ਨਾਲ ਨਿੱਜੀ ਤੌਰ ਤੇ ਉਨ੍ਹਾਂ ਨੁਕਤਿਆਂ ਤੇ ਵਿਚਾਰ ਕਰ ਕੇ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਕੋਈ ਵਿਚਾਰ ਬਣਾਵਾਂਗੇ। ਜੇ ਭਾਈ ਰਣਜੀਤ ਸਿੰਘ ‘ਗੁਰਮਤਿ ਇਨਕਲਾਬ’ ਦੇ ਇਕ ਮਜ਼ਬੂਤ ਆਗੂ ਬਣ ਕੇ ਸਾਹਮਣੇ ਆਉਂਦੇ ਹਨ ਤਾਂ ਸਾਨੂੰ ਖੁਸ਼ੀ ਹੋਵੇਗੀ। ਸਾਡਾ ਕਿਸੇ ਨਾਲ ਵੀ ਕੋਈ ਨਿੱਜੀ ਵਿਰੋਧ ਨਹੀਂ। ਦੂਜੇ ਧੜੇ ਦੇ ਪ੍ਰਚਾਰਕਾਂ ਨੂੰ ਅਸੀਂ ਵੇਖ ਚੁੱਕੇ ਹਾਂ, ਉਨ੍ਹਾਂ ਤੋਂ ਕੋਈ ਆਸ ਨਹੀਂ। ਪਰ ਰਣਜੀਤ ਸਿੰਘ ਜੀ ਬਾਰੇ ਵੀ ਬੇਲੋੜੇ ਆਸਵੰਦ ਵੀ ਨਹੀਂ ਹਾਂ, ਹਾਂ ਕੁੱਝ ਵਿਚਾਰਧਾਰਕ ਸਿਧਾਂਤਕ ਮੁੱਦਿਆਂ ਦੇ ਉਨ੍ਹਾਂ ਦਾ ਸਟੈਂਡ ਇੰਤਜ਼ਾਰ ਜ਼ਰੂਰ ਕਰਨਾ ਚਾਹਾਵਾਂਗੇ।
  ਟੀਮ ਰੇਡਿਉ ਵਿਰਸਾ ਵਲੋਂ ਰਣਜੀਤ ਸਿੰਘ ਜੀ ਦ, ਪ੍ਰੋ. ਦਰਸ਼ਨ ਸਿੰਘ ਜੀ ਦੇ ਧੜੇ ਨਾਲ ਵਕਤੀ ਏਕਤਾ ਕਰ ਕੇ ਥਿੜਕ ਜਾਣ ਦੀ ਸੂਰਤ ਵਿਚ, ਨਿਰਾਸ਼ਤਾ ਵਿਚ ਆਪਣਾ ਰੇਡਿਉ ਬੰਦ ਕਰ ਦੇਣ ਦੇ ਐਲਾਣ ਨਾਲ ਅਸੀਂ ਸਹਿਮਤ ਨਹੀਂ। ਉਨ੍ਹਾਂ ਦੀ ਟੀਮ ਦੀ ਊਰਜਾ, ਪਕੜ ਅਤੇ ਸਾਧਨ ਮਨੁੱਖਤਾ ਲਈ ਲਾਹੇਵੰਦ ਹੈ। ਐਸੀ ਮਾਨਸਿਕਤਾ ਕਿਸੇ ਇਕ ਆਗੂ ਦੇ ਥਿੜਕ ਜਾਣ ਤੇ, ਨਿਰਾਸ਼ ਹੋ ਕੇ ਘਰ ਬਹਿ ਜਾਣ ਦੀ ਪੱਧਰ ਤੇ ਨਹੀਂ ਜਾਣੀ ਚਾਹੀਦੀ।
  ਜਾਗਰੂਕ ਕਹਾਉਂਦੇ ਪੰਥ ਦੀ ਮਾਨਸਿਕਤਾ ਅਤੇ ਵਿਵਹਾਰ ਦੇ ਨਿਰਪੱਖ ਵਿਸ਼ਲੇਸ਼ਨ ਉਪਰੰਤ ਇਹ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੈ ਕਿ ਐਸੀ ਵਕਤੀ ਅਤੇ ਮੌਕਾਪ੍ਰਸਤ ਏਕਤਾ (ਜੇ ਹੋ ਵੀ ਗਈ ਤਾਂ) ਲਾਹੇਵੰਦ ਨਹੀਂ ਹੋਵੇਗੀ ਜਦੋਂ ਤੱਕ ਅਸੀਂ ‘ਸੱਚੀ ਏਕਤਾ’ ਲਈ ਜ਼ਰੂਰੀ ਸੂਤਰਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਵਿਵਹਾਰ ਵਿਚ ਲਿਆਉਣ ਦੇ ਕਾਬਿਲ ਨਹੀਂ ਬਣਦੇ।
  ਨਿਸ਼ਕਾਮ ਨਿਮਰਤਾ ਸਾਹਿਤ
  ਤੱਤ ਗੁਰਮਤਿ ਪਰਿਵਾਰ
  21 ਨਵੰਬਰ 2017 ਈਸਵੀ

LEAVE A REPLY

Please enter your comment!
Please enter your name here