ਪਿਛਲੇ ਕਈਆਂ ਦਿਨਾਂ ਦੀ ਗੱਲ ਹੈ ਡਿਊਟੀ ਦੇ ਕੰਮ ਲਈ ਮੈਨੂੰ ਜਲੰਧਰ ਜਾਣਾ ਪਿਆ ਕੰਮ ਜਰੂਰੀ ਸੀ ਤੇ ਸਮਾ ਵੀ ਥੋੜ੍ਹਾ ਸੀ, ਮੈਂ ਆਪਣੀ ਕਾਰ ਵਿੱਚ ਹੀ ਚਲਾ ਗਿਆ, ਕੁਝ ਘੰਟੇ ਮਗਰੋਂ ਪਹੁੰਚ ਕੰਮ ਖਤਮ ਕੀਤਾ ‘ ਤੇ ਕਾਰ ਵਾਪਸੀ ਵੱੱਲ ਨੂੰ ਮੋੜੀ ਰਾਹ ‘ ਚ ਚਾਹ ਦੀ ਦੁਕਾਨ ਉੱਤੇ ਨਜ਼ਰ ਪਈ ਮੈਂ ਰੁੱਕ ਗਿਆ ਪੀਣ ਲਈ ! ਚਾਹ ਵਾਲਾ , ਚਾਹ ਦੇ ਚਲਾ ਗਿਆ ਹਜੇ ਦੋ ਘੁੱਟ ਵੀ ਨਹੀ ਸਨ ਪੀਤੇ ਅਚਾਨਕ ਮੈਨੂੰ ਇਕ ਚੇਹਰਾ ਯਾਦ ਆਇਆ ਮੇਰੇ ਬਚਪਨ ਦੇ ਦੋਸਤ ਸੁਖਚੈਨ ਸਿੰਘ ਦਾ ! ਉਸ ਦਾ ਬਹੁਤ ਪੁਰਾਣੀ ਹਵੇਲੀ ਵਰਗਾ ਵੱਡਾ ਘਰ ਜਿਥੇ ਅਸੀ ਬਹੁਤ ਖੇਡਾਂ ਖੇਡੀਆਂ । ਉਸ ਘਰ ਵਿੱਚ ਮੈਨੂੰ ਬਹੁਤ ਪਿਆਰ ਮਿਲਿਆ ਹਮੇਸ਼ਾ । ਸੁਖਚੈਨ ਦੇ ਮੰਮੀ ਜੀ ਨਹੀ ਸਨ , ਪਿਤਾ ਜੀ ਨੇ ਦੂਸਰਾ ਵਿਆਹ ਨਹੀ ਸੀ ਕਰਾਇਆ ਕਿਉਂਕਿ ਤਿੰਨ ਭੈਣਾਂ ਵੀ ਸਨ ਤੇ ਇਕ ਸੁਖਚੈਨ , ਯਾਦ ਐਸੀ ਆਈ ਚਾਹ ਵੀ ਪੂਰੀ ਨਹੀ ਪੀ ਸਕਿਆ ਬੱਸ ਦਿਲ ਕਹੇ ਹੁਣੇ ਹੀ ਉੱਡ ਕੇ ਪਹੁੰਚ ਜਾਵਾਂ । ਚਾਹ ਵਾਲੇ ਨੂੰ ਪੈਸੇ ਦਿੱਤੇ ਤੇ ਤੁਰ ਪਿਆ ਅਗਲੀ ਮੰਜ਼ਿਲ ਵੱਲ ਨੂੰ , ਮੈਨੂੰ ਉਹ ਗਲੀਆਂ ਯਾਦ ਸਨ ! ਬੱਸ ਇਕ ਦੋ ਥਾਵਾਂ ਤੇ ਰੁੱਕ ਕੇ ਪੁੱਛਣਾ ਜਰੂਰ ਪਿਆ ਕਿਉਂਕਿ ਬਹੁਤ ਕੁਝ ਬਦਲ ਗਿਆ ਸੀ ਆਖਿਰ ਮੈਂ ਪਹੁੰਚ ਗਿਆ, ਗੇਟ ਅੱਗੇ ਸਰਦਾਰ ਬਲਵਿੰਦਰ ਸਿੰਘ ਚੀਮਾ ਜੀ ਦੇ ਨਾਮ ਦੀ ਤਖ਼ਤੀ ਲੱਗੀ ਵੇਖ ਖੁਸ਼ੀ ਹੋਈ ਇਹ ਸਨ ਸੁਖਚੈਨ ਦੇ ਪਿਤਾ ਜੀ , ਮੈਨੂੰ ਖੁਸ਼ੀ ਹੋ ਰਹੀ ਸੀ ਬਈ ਮੈਂ ਸੁਖਚੈਨ ਨੂੰ ਮਿਲਣ ਉਸ ਦੇ ਘਰ ਆ ਵੀ ਚੁੱਕਾ ਹਾਂ, ਕਿਉਂਕਿ ਸਾਡਾ ਰਾਬਤਾ ਟੁੱਟੇ ਨੂੰ ਬਹੁਤ ਸਾਲ ਹੋ ਚੁੱਕੇ ਸਨ । ਜਦੋਂ ਦੀਆਂ ਚਿੱਠੀਆਂ ਬੰਦ ਹੋਈਆਂ ਜਾ ਕਹਿ ਸਕਦੇ ਹਾਂ ਮੋਬਾਇਲ ਆਏ ਨੇ ਅਸੀ ਪੂਰੀ ਤਰ੍ਹਾਂ ਨਾਲ ਵਿੱਛੜ ਚੁੱਕੇ ਸਾਂ, ਅੱਜ ਮੇਲ ਹੋਣ ਜਾ ਰਿਹਾ ਸੀ ਮੈਂ ਬਹੁਤ ਖੁਸ਼ੀ ਨਾਲ ਗੇਟ ਦੀ ਬੈੱਲ ਵਜਾਈ ਦੋ ਕੁ ਵਾਰ, ਐਨੇ ਨੂੰ ਅੰਦਰ ਤੋਂ ਇਕ ਔਰਤ ਨੇ ਦਰਵਾਜ਼ਾ ਖੋਲਿਆ ਜਿਸ ਤੌਂ ਮੈਂ ਪੂਰੀ ਤਰ੍ਹਾਂ ਅਣਜਾਣ ਸਾਂ । ਹਾਂਜੀ ਦੱਸੋ ? ਦੀ ਆਵਾਜ਼ ਸੁੁਣ ਮੈਂ ਕਾਹਲੀ ਜਿਹੀ ਨਾਲ ਕਿਹਾ ਸੁਖਚੈਨ ਵੀਰ ਦਾ ਘਰ ਇਹੋ ਹੈ ਜੀ ? ਇਹੋ ਹੈ । ਸੁਣਦੇ ਹੀ ਸਾਹ ਜਿਹਾ ਆਇਆ । ਅਗਲਾ ਸਵਾਲ ਮੇਰੇ ਲਈ ਤੁਸੀ ਕੌਣ ? ਇਹ ਸਵਾਲ ਮੇਰੇ ਲਈ ਜਰੂਰੀ ਵੀ ਸਨ ਉਹਨਾਂ ਵੱਲੋਂ ਕਰਨੇ ਕਿਉਂਕਿ ਮੈਂ ਉਹਨਾਂ ਲਈ ਅਣਜਾਣ ਸੀ। ਭੈਣਾਂ ਵਿੱਚੋ ਉਹ ਨਹੀ ਸੀ , ਕਿਉਂਕਿ ਉਹਨਾਂ ਦੀ ਸ਼ਕਲ ਕੁਝ ਹੱਦ ਤੱਕ ਮੈਨੂੰ ਯਾਦ ਸੀ , ਮੈਂ ਹਿੰਮਤ ਜਿਹੀ ਕਰ ਦੱਸਿਆ ਮੈਂ ਸੁਖਚੈਨ ਦਾ ਦੋਸਤ ਰਵਿੰਦਰ ਫਤਿਹਗੜ੍ਹ ਸਾਹਿਬ ਤੋਂ । ਅਗਲੇ ਹੀ ਪਲ ਉਹਨਾਂ ਸਤਿ ਸ਼੍ਰੀ ਅਕਾਲ ਬੁਲਾ ਅੰਦਰ ਆਉਣ ਨੂੰ ਕਿਹਾ ਮੈਨੂੰ ਤਸੱਲੀ ਹੋਈ , ਜੋ ਵੀ ਨੇ ਇਹ, ਪਰ ਮੇਰਾ ਜਿ਼ਕਰ ਜਰੂਰ ਸੁਣਿਆ ਹੋਵੇਗਾ ਇਹਨਾ ਨੇ ਸੁਖਚੈਨ ਦੇ ਮੂੰਹੋਂ ਤਾਹੀਓਂ ਅੰਦਰ ਆਉਣ ਨੂੰ ਕਿਹਾ । ਕੁਰਸੀ ਤੇ ਬੈਠ ਤਾਂ ਗਿਆ ਪਰ ਮੇਰੇ ਦਿਮਾਗ਼ ਵਿੱਚ ਸਵਾਲ ਬਹੁਤ ਪੈਦਾ ਹੋ ਰਹੇ ਸਨ ਪਹਿਲਾ ਵੀ ਇਹ ਕੌਣ ਹੈ ? ਐਨੀ ਦੇਰ ਨੂੰ ਇੱਕ ਦੱਸ ਕੁ ਸਾਲ ਦਾ ਲੜਕਾ ਮੰਮੀ ਮੰਮੀ ਕਰਦਾ ਅੰਦਰ ਨੂੰ ਆਉਂਦਾ ਤੇ ਪਿੱਛੇ ਪਿੱਛੇ ਨੰਨ੍ਹੀ ਜਿਹੀ ਪਰੀ ਮੈਂ ਸਮਝ ਗਿਆ ਵੀ ਇਹ ਸੁਖਚੈਨ ਦੇ ਬੱਚੇ ਨੇ ਅਤੇ ਇਹ ਸੁਖਚੈਨ ਦੇ ਘਰਵਾਲ਼ੀ, ਉਸਦੀ ਬਹੁਤ ਖੁਸ਼ੀ ਹੋਈ ਮੈਨੂੰ । ਅਗਲਾ ਹੀ ਪਲ ਉਦਾਸੀ ਦਾ ਸੀ ਮੇਰੇ ਲਈ ਜਦੋਂ ਸਾਹਮਣੇ ਲੱਗੀ ਤਸਵੀਰ ਤੇ ਮੇਰੀ ਨਜ਼ਰ ਪਈ ਜਿਸ ਤੇ ਇੱਕ ਫਿੱਕਾ ਜਿਹਾ ਹੋ ਚੁੱਕਾ ਹਾਰ ਲਟਕ ਰਿਹਾ ਸੀ ਇੱਕ ਸੂਲ ਜਿਹੀ ਲੱਗੀ ਦਿਲ ਵਿੱਚ ਕਿਉਂਕਿ ਇਹ ਤਸਵੀਰ ਸੁਖਚੈਨ ਦੇ ਪਿਤਾ ਦੀ ਸੀ,ਪਾਣੀ ਦਾ ਗਿਲਾਸ ਦੇ ਕੇ ਸ਼ਾਇਦ ਉਹ ਚਾਹ ਬਣਾਉਣ ਲਈ ਚਲੇ ਗਈ ਸੀ ਪਰ ਮੈਂ ਦੁਖੀ ਹੋ ਚੁੱਕਾ ਸੀ , ਬੱਚੇ ਚੋਰੀ- ਚੋਰੀ ਮੈਨੂੰ ਵੇਖ ਰਹੇ ਸੀ ਅੰਦਰੋਂ ਬਹੁਤ ਤਾਂ ਨਹੀ ਇਕ ਦੋ ਔਰਤਾਂ ਦੀ ਆਵਾਜ਼ ਆ ਰਹੀ ਸੀ, ਮੈਂ ਬੱਚਿਆਂ ਨੂੰ ਕੋਲ ਬੁਲਾ ਪੁੱਛਿਆ ਪੁੱਤਰ ਜੀ ਤੁਹਾਡੇ ਨਾਮ ਦੱਸੋ ਅਰਮਾਨ ਸਿੰਘ ਚੀਮਾ ਅੰਕਲ ਜੀ, ਬੇਟੀ ਤੁਹਾਡਾ ? ਕਮਲਜੀਤ ਕੌਰ ਚੀਮਾ ਜੀ, ਬਹੁਤ ਪਿਆਰੇ ਬੱਚੇ ਹੋ, ਅੱਛਾ ਤੁਹਾਡੇ ਪਾਪਾ ਜੀ ਕਿਥੇ ਨੇ ਬੱਚਿਆਂ ਦੇ ਚੇਹਰੇ ਅਜੀਬ ਜਿਹੇ ਹੋ ਗਏ ਮੈਂ ਫੇਰ ਤੋਂ ਪੁੱਛਿਆ ਤੇ ਨਾਲ ਹੀ ਪੁੱਛਿਆ ਭੂਆ ਜੀ ਤੁਹਾਡੇ ਅੰਦਰ ਆਏ ਹੋਏ ਨੇ, ਦੋਵੇਂ ਬੱਚੇ ਇਕੋ ਆਵਾਜ਼ ਚ ਬੋਲੇ ਨਹੀ ਨਹੀ, ਇਹ ਤਾਂ ਮਾਸੀ ਜੀ ਨੇ ਤੇ ਨਾਨੀ ਜੀ ਨੇ , ਭੂਆ ਓਨੀਂ ਤਾਂ ਕਦੇ ਨਹੀ ਆਉਂਦੀਆਂ । ਇਹ ਮੇਰੇ ਲਈ ਇਕ ਝਟਕੇ ਤੋਂ ਘੱਟ ਨਹੀ ਸੀ ਏਨੀ ਦੇਰ ਨੂੰ ਸੁਖਚੈਨ ਦੀ ਘਰਵਾਲ਼ੀ ਨੇ ਕੰਮ ਵਾਲੀ ਦੇ ਹੱਥ ਬਿਸਕੁਟ , ਚਾਹ ਭੇਜ ਦਿੱਤੀ ਮਗਰ ਹੀ ਆਪ ਆ ਗਈ ਲਵੋ ਵੀਰ ਜੀ ਤੁਸੀ ਤੇ ਪਾਣੀ ਵੀ ਨਹੀ ਪੀਤਾ , ਮੈਂ ਉਸ ਦੀ ਗੱਲ ਨੂੰ ਨਾ ਸੁਣਦੇ ਹੋਏ ਕਿਹਾ ਸੁਖਚੈਨ ਦੇ ਪਿਤਾ ਜੀ ਕਦੋਂ . . . . ਜਵਾਬ ਮਿਲਿਆ ਬਿਮਾਰ ਸਨ ਥੋੜ੍ਹੇ ਜਿਹੇ ਇਲਾਜ ਕਰਾਇਆ ਬਹੁਤ , ਪਰ ਬਚਾ ਨਹੀ ਸਕੇ । ਮੇਰਾ ਅਗਲਾ ਸਵਾਲ ਸੁਖਚੈਨ ਵੀਰ ਕਿੱਥੇ ? ਕੀ ਦੱਸਾਂ ਵੀਰ ਜੀ ! ਪਾਪਾ ਜੀ ਦੀ ਮੌਤ ਤੌਂ ਬਾਅਦ ਤਾਂ ਪਾਗਲ ਜਿਹੇ ਹੋ ਗਏ ਨੇ , ਮੇਰੇ ਹੱਥੋਂ ਪਾਣੀ ਦਾ ਗਿਲਾਸ ਗਿਰ ਚਲਾ ਜੋ ਮੈਂ ਸੰਭਾਲ ਲਿਆ ‘ ਤੇ ਪੁੱਛਿਆ ਹੁਣ ਕਿਥੇ ਆ ? ਕਹਿੰਦੇ ਖੇਤ ਤੋਂ ਘਰ , ਘਰ ਤੋਂ ਖੇਤ ਕਈ- ਕਈ ਚੱਕਰ ਲਾਉਂਦੇ ਨੇ। ਸਾਰੀ ਸਾਰੀ ਰਾਤ ਨਹੀ ਸੌਂਦੇ। ਮੈਂ ਕਾਹਲੀ ਨਾਲ ਉਠਿਆ ਬੱਚਿਆਂ ਨੂੰ ਪਿਆਰ ਕੀਤਾ ਤੇ ਬਾਹਰ ਵੱਲ ਨੂੰ ਨਿਕਲ ਗਿਆ ਮੈਨੂੰ ਜਿਵੇਂ ਖੂਹ ਚੋ ਆਵਾਜ਼ ਆ ਰਹੀ ਸੀ ਵੀਰ ਜੀ ਚਾਹ ਤਾਂ ਪੀ ਲਵੋ ਤੁਸੀ ਦੂਰੋਂ ਆਏ ਹੋ ਪਰ ਮੇਰੇ ਦਿਲ ਦੀ ਪੀੜ ਮੈਂ ਹੀ ਜਾਣਦਾ ਸੀ ਜਲਦੀ ਜਲਦੀ ਕਾਰ ਵਿੱਚ ਬੈਠ ਮੈਂ ਪੁੱਛ ਪਛਾ ਖੇਤਾਂ ਚ ਪਹੁੰਚ ਗਿਆ। ਸਾਹਮਣੇ ਇਕ ਮੰਜ਼ੇ ਤੇ ਕਿਸੇ ਹਾਰੇ ਜਿਹੇ ਬੰਦੇ ਨੂੰ ਬੈਠਾ ਵੇਖਿਆ ਖੁੱਲ੍ਹੇ ਵਾਲ , ਮੈਲੇ ਜਿਹੇ ਕਪੜੇ , ਸਿਰ ਦਾ ਪਰਨਾ ਹੇਠਾਂ ਗਿਰਿਆ ਪਿਆ ਹਜੇ ਮੈਂ ਉਸ ਤੌਂ ਸੁਖਚੈਨ ਵਾਰੇ ਕੁਝ ਪੁੱਛਦਾ ਉਸ ਮੇਰੇ ਵੱਲ ਵੇਖਿਆ ਤੇ ਬੋਲਿਆ ਆ ਗਿਆ ਰਵਿੰਦਰ ਬਾਈ ? ਆ ਬੈਠ ਜਾ, ਮੈਨੂੰ ਲੱਗਾ ਮੈਨੂੰ ਚੀਰ ਦਿੱਤਾ ਕਿਸੇ ਨੇ। ਇਹ ਹਾਲ ਉਸ ਇਨਸਾਨ ਦਾ ਜਿਸਦੇ ਹਾਸੇ ਮੈਂ ਮਹਿਸੂਸ ਕਰਦਾ ਮਿਲਣ ਦੀ ਆਸ ਚ ਆਇਆ ਸੀ ਕੀ ਕੀ ਸੋਚ ਰਿਹਾ ਸੀ ਭੱਜ ਕੇ ਮਿਲਾਂਗੇ ਪਰ ਉਸ ਤਾਂ ਹੱਥ ਵੀ ਨਾ ਮਿਲਾਇਆ। ਅਸੀ ਦੋਵੇਂ ਚੁੱਪ ਸਾ ਪੰਦਰਾਂ ਮਿੰਟਾਂ ਦੀ ਚੁੱਪ ਮਗਰੋਂ ਉਹ ਬੋਲਿਆ ਵੀਰ ਰਵਿੰਦਰ ! ਮੈਂ ਉਸ ਵੱਲ ਮੂੰਹ ਕਰਕੇ ਕਿਹਾ ਹਾਂਜੀ ਵੀਰ ? ਉਸ ਕਿਹਾ ਯਾਰ ਰਾਤ ਨੂੰ ਦਰਦ ਬਹੁਤ ਹੁੰਦਾ, ਮੈਂ ਕਿਹਾ ਕਿੱਥੇ ਪਰ ਉਸਨੇ ਮੇਰੀ ਗੱਲ ਨਹੀ ਸੁਣੀ ਆਪਣੀ ਜਾਰੀ ਰੱਖੀ ਮੈਂ ਵੀ ਚੁੱਪ ਹੋ ਸੁਣਨਾ ਹੀ ਠੀਕ ਸਮਝਿਆ । ਦਰਦ ਬਹੁਤ ਤੇਜ਼ ਹੋ ਜਾਂਦਾ ਤਾਂ ਹਾਏ ਮਾਂ ਕਹਿ ਹੋ ਜਾਂਦਾ ਤੇ ਅਗਲੇ ਹੀ ਪਲ ਕੰਨਾਂ ਚ ਆਵਾਜ਼ ਆਉਂਦੀ ਏ ਇਹਦੀ ਮਾਂ ਮਰੀ ਨੂੰ ਪੱਚੀ ਸਾਲ ਹੋ ਗਏ ਇਸਨੂੰ ਹੁਣ ਵੀ ਨਹੀ ਭੁੱਲਦੀ । ਪਤਾ ਰਵਿੰਦਰ ਜਦੋਂ ਮੈਨੂੰ ਨੀਂਦ ਨਹੀ ਆਉਂਦੀ ਮੈਂ ਉਠ ਕੁਰਸੀ ਤੇ ਬੈਠ ਜਾਂਦਾ ਹਾਂ ਮੇਰੇ ਕੰਨਾਂ ਚ ਫੇਰ ਆਵਾਜ਼ ਆਉਂਦੀ ਏ ਤੇਰਾ ਮਰ ਗਿਆ ਕੋਈ ! ਸੋਗ ਪਾਇਆ ਘਰ ਵਿੱਚ ? ਮੇਰਾ ਕੌਣ ਏ ਰਵਿੰਦਰ ! ਇਥੇ ਮੈਨੂੰ ਮੇਰਾ ਪਿਉ ਨਜ਼ਰ ਆਉਂਦਾ ਇਥੇ ਆ ਜਾਂਦਾ ਹਾਂ ਰਾਤ ਨੂੰ ਮਾਂ ਕੋਲ. . .। ਮੈਂ ਬਹੁਤ ਰੋਇਆ ਪਰ ਉਹ ਫੇਰ ਚੁੱਪ ਕਰ ਗਿਆ । ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਬੋਲਿਆ, ਮੈਂ ਥੱਕੇ ਜਿਹੇ ਕਦਮਾਂ ਨਾਲ ਉੱਠ ਉਸਨੂੰ ਅਲਵਿਦਾ ਕਿਹਾ ਉਹ ਨਾ ਬੋਲਿਆ ਹੋਰ ਹਿੰਮਤ ਨਹੀ ਸੀ । ਮੈਂ ਕਾਰ ਵਿੱਚ ਬੈਠ ਵਾਪਿਸ ਆ ਗਿਆ ਪਰ ਧਿਆਨ ਉਥੇ ਹੀ ਐ ਕੀ ਉਹ ਸੱਚ ਵਿੱਚ ਪਾਗਲ ਹੈ ? ਕੀ ਉਹ ਸੱਚ ਵਿੱਚ ਪਾਗਲ ਹੈ? ?

LEAVE A REPLY

Please enter your comment!
Please enter your name here