ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਅਤੇ ਭਾਜਪਾ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਵਲੌਂ ਲਗਾਤਾਰ ਦਾਅਵਾ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਨ੍ਹਾਂ ਦੇ ਰਾਜਨੀਤਕ ਪਧੱਰ ’ਤੇ ਕੀਤੇ ਜਾ ਰਹੇ ਜਤਨਾਂ ਦੇ ਫਲਸਰੂਪ ਦੇਸ਼ ਦੇ ਵੱਖ-ਵੱਖ ਰਾਜਾਂ ਵਲੋਂ ਸਿੱਖਾਂ ਦੇ ਵਿਆਹ-ਸ਼ਾਦੀ ਦੀ ਰਜਿਸਟਰੇਸ਼ਨ ਨਾਲ ਸੰਬੰਧਤ, ਅਨੰਦ ਮੈਰਿਜ ਐਕਟ ਨੂੰ ਮਾਨਤਾ ਦਿੱਤੀ ਜਾਣ ਲਗ ਪਈ ਹੈ। ਜਿਸਦੇ ਚਲਦਿਆਂ ਹੁਣ ਉਨ੍ਹਾਂ ਰਾਜਾਂ ਵਿੱਚ ਵਸ ਰਹੇ ਸਿੱਖਾਂ ਦੇ ਸ਼ਾਦੀਆਂ-ਵਿਆਹਾਂ ਅਨੰਦ ਮੈਰਿਜ ਐਕਟ ਤਹਿਤ ਰਜਿਸਟਰ ਹੋ ਸਕਿਆ ਕਰਨਗੇ।ਉਨ੍ਹਾਂ ਦੇ ਇਸ ਦਾਅਵੇ ਦਾ ਸੁਆਗਤ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਨੇ ਕਿਹਾ ਕਿ ਜੇ ਸ. ਸਿਰਸਾ ਵਲੋਂ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਵਿੱਚਮ ਕੋਈ ਦਮ ਹੈ ਤਾਂ ਉਹ ਪ੍ਰਸ਼ੰਸਾਯੋਗ ਹੈ, ਪ੍ਰੰਤੂ ਇਸ ਸੰਬੰਧ ਵਿੱਚ ਕਿਸੇ ਵੀ ਰਾਜ ਦੀ ਸਰਕਾਰ ਵਲੋਂ ਅਜੇ ਤਕ ਕੋਈ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਜਾਣਾ, ਕੁਝ ਸ਼ੰਕਾਵਾਂ ਜ਼ਰੂਰ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮੰਨ ਵੀ ਲਿਆ ਜਾਏ ਕਿ ਸੰਬੰਧਤ ਰਾਜਾਂ ਨੇ ਅਨੰਦ ਮੈਰਿਜ ਐਕਟ ਨੂੰ ਮਾਨਤਾ ਦੇ ਹੀ ਦਿੱਤੀ ਹੈ, ਤਾਂ ਵੀ ਇਹ ਸਵਾਲ ਆਪਣੀ ਜਗ੍ਹਾ ਕਾਇਮ ਹੈ ਕਿ ਜਦੋਂ ਤਕ ਸੰਵਿਧਾਨ ਦੀ ਧਾਰਾ-੨੫ ਅਧੀਨ ਸਿੱਖ ਧਰਮ ਨੂੰ ਹਿੰਦੁ ਧਰਮ ਦਾ ਇੱਕ ਅੰਗ ਮੰਨਿਆ ਜਾਂਦਾ ਰਹੇਗਾ, ਤਦ ਤਕ ਕਿਸੇ ਵੀ ਰਾਜ ਵਿੱਚ ਅਨੰਦ ਮੈਰਿਜ ਐਕਟ ਦਾ ਲਾਗੂ ਹੋ ਜਾਣਾ ਕੋਈ ਮਤਲਬ ਨਹੀਂ ਰਖਦਾ। ਇਸਦੇ ਨਾਲ ਹੀ ਸ. ਗੁਰਲਾਡ ਸਿੰਘ ਨੇ ਕਿਹਾ ਕਿ ਸ. ਸਿਰਸਾ ਵਲੋਂ ਜਿਨ੍ਹਾਂ ਰਾਜਾਂ ਵਿੱਚ ਅਨੰਦ ਮੈਰਿਜ ਐਕਟ ਦੇ ਲਾਗੂ ਹੋ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਇਤਨੇ ਛੋਟੇ ਰਾਜ ਹਨ, ਕਿ ਉਨ੍ਹਾਂ ਵਿੱਚ ਸਿੱਖਾਂ ਦੀ ਅਬਾਦੀ ਉਂਗਲੀਆਂ ਪੁਰ ਗਿਣੀ ਜਾ ਸਕਦੀ ਹੈ, ਇਸ ਸਥਿਤੀ ਵਿੱਚ ਸਮੂਹਕ ਰੂਪ ਵਿੱਚ ਸਿੱਖਾਂ ਨੂੰ ਕੋਈ ਖਾਸ ਲਾਭ ਹੋ ਪਾਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦੀ ਮਾਨਤਾ ਹੈ ਕਿ ਇਸ ਐਕਟ ਦੇ ਲਾਗੂ ਹੋਣ ਦਾ ਲਾਭ ਸਿੱਖਾਂ ਨੂੰ ਤਾਂ ਹੀ ਮਿਲ ਪਾਣਾ ਸੰਭਵ ਹੋ ਸਕੇਗਾ, ਜਦੋਂ ਸੰਵਿਧਾਨ ਦੀ ਧਾਰਾ-੨੫ ਵਿੱਚ ਸੋਧ ਕਰ, ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਮਾਨਤਾ ਦੇ ਦਿੱਤੀ ਜਾਇਗੀ। ਸ. ਗੁਰਲਾਡ ਸਿੰਘ ਅਨੁਸਾਰ ਸ. ਸਿਰਸਾ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰਾਜਸੀ ਪਾਰਟੀਆਂ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਕਿ ਕੇਂਦ੍ਰੀ ਸੱਤਾ ਵਿੱਚ ਹਿਸੇਦਾਰ ਹੈ, ਦੇ ਆਗੂਆਂ ਪੁਰ ਦਬਾਉ ਬਨਾਣ ਕਿ ਉਹ ਸੰਵਿਧਾਨ ਦੀ ਧਾਰਾ-੨੫ ਵਿੱਚ ਸੋਧ ਕਰਵਾ, ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਮਾਨਤਾ ਦਿੱਤੇ ਜਾਣ ਦੇ ਸੰਬੰਧ ਵਿੱਚ ਸਾਰਥਕ ਕਦਮ ਉਠਾਣ।
ਤਕਨੀਕੀ ਸਿਖਿਆ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿੱਚ ਮਖਣਸ਼ਾਹ ਲੁਭਾਣਾ ਅਤੇ ਲਖੀਸ਼ਾਹ ਵਣਜਾਰਾ ਦੀ ਯਾਦ ਵਿੱਚ ਅਯੋਜਤ ਕੀਤੇ ਗਏ ‘ਗੁਰੂ ਲਾਧੋ ਰੇ’ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਭਾਈ ਲੱਖੀਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਤ ਕਿੱਤਾ-ਮੁਖੀ ਕੋਰਸ ਸ਼ੁਰੂ ਕਰਨ ਜਾ ਰਹੀ ਹੈ, ਤਾਂ ਜੋ ਸਿੱਖ ਨੌਜਵਾਨ ਕਿੱਤਾ-ਮੁਖੀ ਸਿਖਿਆ ਪ੍ਰਾਪਤ ਕਰ ਨੌਕਰੀਆਂ ਹਾਸਲ ਕਰਨ ਜਾਂ ਆਪਣਾ ਕੋਈ ਨਿਜੀ ਘ੍ਰੇਲੂ ਰੋਜ਼ਗਾਰ ਕਾਇਮ ਕਰਨ ਦੇ ਯੋਗ ਹੋ ਸਕਣ। ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੇ ਗਏ ਇਸ ਐਲਾਨ ਦਾ ਸਵਾਗਤ ਕਰਦਿਆਂ, ਕੁਝ ਸਿੱਖ ਚਿੰਤਕਾਂ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਨਾਲ ਸਿੱਖ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜæਗਾਰੀ ਦੀ ਸਮੱਸਿਆ ਨੂੰ ਠਲ੍ਹ ਪਾਣ ਵਿੱਚ ਮਦਦ ਮਿਲੇਗੀ, ਕਿਉਂਕਿ ਇਸ ਸਿੱਖਿਆ ਦੀ ਪ੍ਰਾਪਤੀ ਨਾਲ, ਜਿਥੇ ਉਹ ਤਕਨੀਕੀ ਖੇਤ੍ਰ ਵਿੱਚ ਸਹਿਜੇ ਹੀ ਨੌਕਰੀਆਂ ਹਾਸਲ ਕਰ ਸਕਣਗੇ, ਉਥੇ ਹੀ ਉਹ ਥੋੜੀ ਜਿਹੀ ਪੂੰਜੀ ਨਾਲ ਆਪਣੇ ਘਰੇਲੂ ਉਦਯੋਗ ਸਥਾਪਤ ਕਰਨ ਦੇ ਸਮਰਥ ਵੀ ਹੋ ਸਕਣਗੇ। ਇਸਦੇ ਨਾਲ ਹੀ ਇਨ੍ਹਾਂ ਚਿੰਤਕਾਂ ਦੀ ਇਹ ਵੀ ਮਾਨਤਾ ਹੈ ਕਿ ਜੇ ਅਜਿਹੇ ਕੋਰਸ, ਨਵੰਬਰ-੮੪ ਦੇ ਸਿੱਖ ਕਤਲੇਆਮ ਦੇ ਬਾਅਦ ਪੀੜਤ ਪਰਿਵਾਰਾਂ ਲਈ ਸ਼ੁਰੂ ਕਰ ਦਿੱਤੇ ਗਏ ਹੁੰਦੇ, ਤਾਂ ਅੱਜ ਇਹ ਪੀੜਤ ਪਰਿਵਾਰ ਮਦਦ ਲਈ ਦਿੱਲੀ ਗੁਰਦੁਆਰਾ ਕਮੇਟੀ ਜਿਹੀਆਂ ਸੰਸਥਾਵਾਂ ਦੇ ਮੁਥਾਜ ਹੋਣ ਦੀ ਬਜਾਏ, ਆਪ ਹੀ ਆਤਮ ਨਿਰਭਰ ਹੋ ਸਨਮਾਨਤ ਜੀਵਨ ਜੀਣ ਦੀ ਸਮਰਥਾ ਪ੍ਰਾਪਤ ਕਰਨ ਵਿੱਚ ਸਫਲ ਹੋ ਗਏ ਹੁੰਦੇ।
ਤਖਤ ਪਟਨਾ ਸਾਹਿਬ : ਬੀਤੇ ਵਰ੍ਹੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ਵਾਂ ਪ੍ਰਕਾਸ਼ ਪੁਰਬ, ਜਿਸ ਉਤਸਾਹ, ਜੋਸ਼ ਅਤੇ ਸ਼ਰਧਾ ਨਾਲ ਮੰਨਾਇਆ ਗਿਆ, ਉਹ ਆਪਣੀ ਇੱਕ ਪ੍ਰਭਾਵਸ਼ਾਲੀ ਅਤੇ ਅਨੂਠੀ ਛਾਪ ਛੱਡਣ ਵਿੱਚ ਸਫਲ ਰਿਹਾ ਸੀ। ਉਸੇ ਪ੍ਰਾਪਤੀ ਤੋਂ ਉਤਸਾਹਿਤ ਹੋ, ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਵਰ੍ਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੧ਵੇਂ ਪ੍ਰਕਾਸ਼ ਪੁਰਬ ਦੇ ਨਾਲ ਹੀ ੩੫੦ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਤ ਸਾਲ ਭਰ ਚਲਣ ਵਾਲੇ ਅਰੰਭ ਕੀਤੀ ਗਈ ਹੋਈ ਸਮਾਗਮਾਂ ਦੀ ਲੜੀ ਦੀ ਸਮਾਪਤੀ ਦਾ ਸਮਾਗਮ ਵੀ ਅਯੋਜਤ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਦਸਿਆ ਗਿਆ ਹੈ ਕਿ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੀ ਉਸੇ ਉਤਸਾਹ, ਜੋਸ਼ ਅਤੇ ਸ਼ਰਧਾ ਨਾਲ ਮਨਾਣਾ ਚਾਹੁੰਦੀ ਹੈ। ਇਸਦੇ ਲਈ ਉਸਨੇ ਬਿਹਾਰ ਸਰਕਾਰ ਅਤੇ ਹੋਰ ਸਾਰੀਆਂ ਸਿੱਖ ਜੱਥੇਬੰਦੀਆਂ ਅਤੇ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦਾ ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਜਾਣਾ, ਉਨ੍ਹਾਂ ਨੂੰ ਇੱਕ ਅਜਿਹਾ ਮੌਕਾ ਪ੍ਰਦਾਨ ਕਰ ਗਿਆ ਹੈ, ਜਿਸਦਾ ਲਾਭ ਉਠਾ ਉਹ ਰਾਜਸੀ ਸੋਚ ਤੇ ਵਿਚਾਰਧਾਰਾ ਤੋਂ ਮੁਕਤ ਆਪਣੀ ਨਿਰਪੱਖ ਛਬੀ ਦੀ ਛਾਪ ਛੱਡਣ ਵਿੱਚ ਸਫਲ ਹੋ ਸਕਦੇ ਹਨ। ਇਸਦੇ ਲਈ ਜ਼ਰੂਰੀ ਹੈ ਕਿ ਉਹ ਨਿਜੀ ਰਾਜਸੀ ਸੋਚ ਤੇ ਵਫਾਦਾਰੀ ਦੇ ਅਧਾਰ ’ਤੇ ਦੋਸ਼-ਪ੍ਰਤੀ ਦੋਸ਼ ਦੀ ਭਾਵਨਾ ਤੋਂ ਨਿਰਲੇਪ ਹੋ, ਨਿਮਰਤਾ ਨਾਲ ਸਾਰੀਆਂ ਸਿੱਖ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਨਿਜੀ ਸੰਪਰਕ ਕਾਇਮ ਕਰਨ। ਇਸ ਸਮੇਂ ਦੇ ਦੌਰਾਨ ਨਾ ਤਾਂ ਉਹ ਕੋਈ ਅਜਿਹੀ ਗਲ ਨਾ ਕਰਨ, ਜਿਸ ਨਾਲ ਉਨ੍ਹਾਂ ਦੇ ਕਿਸੀ ਪਾਰਟੀ ਵਿਸ਼ੇਸ਼ ਪ੍ਰਤੀ ਝੁਕਾਅ ਜਾਂ ਵਿਰੋਧੀ ਹੋਣ ਦਾ ਸੰਕੇਤ ਜਾ ਸਕੇ। ਜੇ ਉਹ ਅਜਿਹਾ ਪ੍ਰਭਾਵ ਸਥਾਪਤ ਕਰਨ ਵਿੱਚ ਸਫਲ ਹੋ ਸਕਣ ਤਾਂ, ਧਾਰਮਕ ਖੇਤ੍ਰ ਵਿੱਚ ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਉਨ੍ਹਾਂ ਦਾ ਕਾਰਜਕਾਲ, ਤਖਤ ਪਟਨਾ ਸਾਹਿਬ ਅਤੇ ਉਸਦੀ ਪ੍ਰਬੰਧਕ ਕਮੇਟੀ ਦੇ ਨਾਲ ਹੀ ਉਨ੍ਹਾਂ ਦਾ ਨਿਜੀ ਕਦ ਵੀ ਵੱਧ ਜਾਇਗਾ।
ਧਾਰਮਕ ਸੰਸਥਾਵਾਂ ਦੀ ਸਰਵੁੱਚਤਾ ਪੁਰ ਸੁਆਲੀਆ ਨਿਸ਼ਾਨ : ਬੀਤੇ ਕੁਝ ਵਰਿ੍ਹਆਂ ਤੋਂ ਸਿੱਖਾਂ ਦੀਆਂ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਲਗਾਤਾਰ ਵਿਵਾਦਾਂ ਦੇ ਘੇਰੇ ਵਿੱਚ ਆ ਰਹੀਆਂ ਹਨ। ਜੋ ਉਨ੍ਹਾਂ ਦੀ ਸਰਵੁੱਚਤਾ ਪੁਰ ਪ੍ਰਸ਼ੰਨ-ਚਿੰਨ੍ਹ ਲਾਏ ਜਾਣ ਦਾ ਕਾਰਣ ਬਣ ਰਹੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਸਤਰ੍ਹਾਂ ਨਿਜੀ ਰਾਜਨੈਤਿਕ ਸਵਾਰਥ ਅਧੀਨ ਸਿੱਖਾਂ ਤੇ ਸਿੱਖੀ ਨਾਲੋਂ ਨਿਖੇੜ, ਨਿਜੀ ਹਿਤਾਂ ਨਾਲ ਸਬੰਧਤ ਕਰ ਦਿੱਤਾ ਗਿਆ ਹੈ, ਉਸਦੇ ਨਾਲ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਚਲੀ ਜਾ ਰਹੀ ਹੈ ਕਿ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦੇ ਦਾਅਵੇਦਾਰ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ?
ਇਉਂ ਜਾਪਣ ਲਗਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਹੁਣ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਵੀ ਕਿਤੇ ਵੱਧ ਆਚਰਣਹੀਨ ਜਾਪਦੇ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗ੍ਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਦੇ ਵਿਰੁਧ ਉਠ ਖੜੇ ਹੋਏ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਵੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਨਵੇਂ ਮਹੰਤਾਂ ਨੂੰ ਨਾ ਤਾਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਦਲਣ ਅਤੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਡਰ-ਭਉ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗਲ ਦੀ ਚਿੰਤਾ ਹੈ ਕਿ ਕੋਈ ਉਨ੍ਹਾਂ ਵਿਰੁਧ ਡੱਟ, ਖੜਾ ਹੋ ਸਕਦਾ ਹੈ।
…ਅਤੇ ਅੰਤ ਵਿੱਚ : ਜੇਕਰ ਅੱਜ ਦੇ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਜਿਵੇਂ ਇਤਿਹਾਸ ਮੁੜ ਆਪਣੇ-ਆਪਨੂੰ ਦੁਹਰਾ ਰਿਹਾ ਹੈ ਅਤੇ ਇਤਿਹਾਸ ਦੇ ਇਸ ਦੁਹਰਾਉ ਨੂੰ ਵੇਖਦਿਆਂ ਹੋਇਆਂ ਕੀ ਇਹ ਨਹੀਂ ਜਾਪਦਾ ਕਿ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਲਹਿਰ ਇਕ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਲੋੜ ਬਣ ਗਈ ਹੋਈ ਹੈ।੦੦੦
ੰੋਬਲਿੲ : +੧ (੪੩੭) ੯੮੩-੧੯੭੫ 

 

NO COMMENTS

LEAVE A REPLY