ਨਿਊਯਾਰਕ, 9 ਅਗਸਤ (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ 71 ਸਾਲਾ ਸਿੱਖ ਬਜ਼ੁਰਗ ‘ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ‘ਚ ਕੈਲੀਫੋਰਨੀਆ ਦੇ ਪੁਲਸ ਮੁਖੀ ਦੇ ਪੁੱਤਰ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਅਤੇ ਮਾੜੇ ਵਤੀਰੇ ਦਾ ਦੋਸ਼ ਲਾਇਆ ਗਿਆ ਹੈ। ਦੋਹਾਂ ਨੌਜਵਾਨਾਂ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਸ ‘ਤੇ ਥੁੱਕਿਆ ਸੀ। ਕੈਲੀਫੋਰਨੀਆ ਦੇ ਸ਼ਹਿਰ ਮੈਨਟਿਕਾ ‘ਚ ਸੜਕ ਕਿਨਾਰੇ ਸਾਹਿਬ ਸਿੰਘ ਨੱਟ ਨਾਂ ਦੇ ਬਜ਼ੁਰਗ ‘ਤੇ ਹਮਲਾ ਕੀਤਾ ਸੀ। ਪੁਲਸ ਨੇ 18 ਸਾਲਾ ਟਾਇਰੋਨ ਕੀਥ ਮੈਕਐਲਿਸਟਰ ਅਤੇ 16 ਸਾਲਾ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਟਾਇਰੋਨ ਕੀਥ ਮੈਕਐਲਿਸਟਰ ਯੂਨੀਅਨ ਸਿਟੀ ਪੁਲਸ ਮੁਖੀ ਡੈਰਿਲ ਐਲਿਸਟਰ ਦਾ ਪੁੱਤਰ ਹੈ।

ਮੈਨਟਿਕਾ ਪੁਲਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਰੇ ਸੁਰਾਗ ਮਿਲੇ ਹਨ, ਜਿਸ ਨਾਲ ਸ਼ੱਕੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਸੂਚਨਾ ਦੇ ਕੇ ਇਸ ਮਾਮਲੇ ਵਿਚ ਮਦਦ ਕੀਤੀ, ਜਿਸ ਤੋਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਵਿਚ ਮਦਦ ਮਿਲੀ।
ਓਧਰ ਟਾਇਰੋਨ ਕੀਥ ਮੈਕਐਲਿਸਟਰ ਦੇ ਪਿਤਾ ਨੇ ਯੂਨੀਅਨ ਸਿਟੀ ਪੁਲਸ ਵਿਭਾਗ ਦੇ ਫੇਸਬੁੱਕ ਪੇਜ ‘ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਸ ਭਿਆਨਕ ਅਪਰਾਧ ਦੇ ਸ਼ੱਕੀਆਂ ਵਿਚ ਇਕ ਉਨ੍ਹਾਂ ਦਾ ਪੁੱਤਰ ਹੈ। ਇਹ ਪਤਾ ਲੱਗਣ ‘ਤੇ ਉਸ ਨੇ ਅਜਿਹਾ ਕੰਮ ਕੀਤਾ ਹੈ, ਇਹ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਕਈ ਮਹੀਨਿਆਂ ਤੋਂ ਪਰਿਵਾਰ ਅਤੇ ਘਰ ਤੋਂ ਵੱਖ ਰਹਿੰਦਾ ਹੈ।

ਇਹ ਹੈ ਪੂਰਾ ਮਾਮਲਾ—
ਕੈਲੀਫੋਰਨੀਆ ਦੇ ਮੈਨਟਿਕਾ ਵਿਚ 6 ਅਗਸਤ ਨੂੰ ਤੜਕੇ ਇਕ ਸੜਕ ਕਿਨਾਰੇ ਸਾਹਿਬ ਸਿੰਘ ਨੱਟ ਸੈਰ ਕਰ ਰਹੇ ਸਨ। ਉਸ ਦੌਰਾਨ ਦੋ ਵਿਅਕਤੀ ਉਲਟ ਦਿਸ਼ਾ ਤੋਂ ਉਨ੍ਹਾਂ ਵੱਲ ਆਏ। ਸਿੰਘ ਉਨ੍ਹਾਂ ਨੂੰ ਦੇਖ ਕੇ ਰੁਕ ਗਏ ਅਤੇ ਉਹ ਦੋਵੇਂ ਉਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਅੱਗੇ ਚੱਲੇ ਗਏ। ਉਹ ਉਨ੍ਹਾਂ ਦਾ ਪਿੱਛਾ ਕਰਦੇ ਰਹੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ। ਕੁਝ ਦੇਰ ਬਾਅਦ ਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੌਜਵਾਨ ਨੇ ਅਚਾਨਕ ਉਨ੍ਹਾਂ ਦੇ ਢਿੱਡ ‘ਚ ਲੱਤ ਮਾਰੀ ਅਤੇ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੀ ਦਸਤਾਰ ਖੁੱਲ੍ਹ ਗਈ। ਉਨ੍ਹਾਂ ਨੇ ਖੜ੍ਹਾ ਹੋਣ ਅਤੇ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਫਿਰ ਤੋਂ ਢਿੱਡ ‘ਚ ਲੱਤ ਮਾਰੀ। ਸਿੰਘ ਸੜਕ ‘ਤੇ ਡਿੱਕ ਪਏ ਅਤੇ ਨੌਜਵਾਨ ਫਿਰ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ‘ਤੇ ਥੁੱਕਿਆ। ਜਿਸ ਮਗਰੋਂ ਦੋਵੇਂ ਨੌਜਵਾਨ ਉਨ੍ਹਾਂ ਨੂੰ ਸੜਕ ‘ਤੇ ਛੱਡ ਕੇ ਚੱਲੇ ਗਏ। ਇਹ ਸਾਰੀ ਘਟਨਾ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਇਸ ਘਟਨਾ ਤੋਂ ਪਹਿਲਾਂ 31 ਜੁਲਾਈ ਨੂੰ 50 ਸਾਲਾ ਸਿੱਖ ਸੁਰਜੀਤ ਸਿੰਘ ਮੱਲ੍ਹੀ ‘ਤੇ ਵੀ ਹਮਲਾ ਕੀਤਾ ਗਿਆ ਸੀ।

LEAVE A REPLY

Please enter your comment!
Please enter your name here