ਪੋਰਟਲੈਂਡ, 6 ਜੂਨ (ਰਾਜ ਗੋਗਨਾ)—ਬੀਤੇ ਦਿਨ ਔਰੀਗਨ ਸੂਬੇ ਦੇ ਸ਼ਹਿਰ ਪੋਰਟਲੈਂਡ ਵਿਖੇਂ ਗ਼ਦਰ ਮੈਮੋਰੀਅਲ ਫਾਊਂਡੇਸ਼ਨ, ਸਿੱਖ ਸੇਵਾ ਫਾਊਂਡੇਸ਼ਨ ਅਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਔਰੀਗਨ ਚੈਪਟਰ) ਵੱਲੋਂ ਸਾਂਝੇ ਤੌਰ ‘ਤੇ ਅਮਰੀਕਾ ਵਿਚ ਸਿੱਖਾਂ ਦੇ 100 ਸਾਲਾਂ ਇਤਿਹਾਸ, ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ‘ਚ ਅਤੇ ਅਮਰੀਕਾ ਵਿਚ ਸਿੱਖਾਂ ਦੇ ਯੋਗਦਾਨ ਸਬੰਧੀ ਉੱਘੇ ਸਿੱਖ ਆਗੂ ਬਹਾਦੁਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੁਲਾਰਿਆਂ ਨੇ ਅਮਰੀਕਾ ਵਿਚ ਸਿੱਖਾਂ ਦੇ 100 ਸਾਲਾ ਇਤਿਹਾਸ ‘ਤੇ ਰੌਸ਼ਨੀ ਪਾਈ। ਇਸ ਤੋਂ ਇਲਾਵਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਨੂੰ ਵੀ ਆਪਣੀ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਸ. ਬਹਾਦੁਰ ਸਿੰਘ ਨੇ ਅਮਰੀਕਾ ਦੇ ਵਿਕਾਸ ਵਿਚ ਸਿੱਖ ਕੌਮ ਵੱਲੋਂ ਪਾਏ ਜਾ ਰਹੇ ਯੋਗਦਾਨ ਸਬੰਧੀ ਵੀ ਚਾਨਣਾ ਪਾਇਆ।
ਸਮਾਗਮ ਵਿਚ ਇਕੱਤਰ ਹੋਏ ਲੋਕਾਂ ਵਿਚ ਹੋਰਨਾਂ ਤੋਂ ਇਲਾਵਾ ਓਰੇਗਨ ਦੀ ਅਟਾਰਨੀ ਜਨਰਲ Ellen Rosenblum, ਗ਼ਦਰ ਮੈਮੋਰੀਅਲ ਫਾਊਂਡੇਸ਼ਨ, ਸਿੱਖ ਸੇਵਾ ਫਾਊਂਡੇਸ਼ਨ ਦੇ ਆਗੂ ਅਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਓਰੇਗਨ ਸਟੇਟ) ਦੇ ਚੇਅਰਮੈਨ ਸ. ਬਹਾਦੁਰ ਸਿੰਘ, ਅਮਰੀਕਾ ਆਰਮੀ ਵਿਚ ਦਸਤਾਰ ਦੀ ਲੜਾਈ ਲੜਨ ਵਾਲੇ ਆਰਮੀ ਅਫ਼ਸਰ ਤੇ ਡਾਕਟਰ ਸ: ਕਮਲਜੀਤ ਸਿੰਘ ਕਲਸੀ, ਮਿਲਟਰੀ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ, ਇਤਿਹਾਸਕਾਰ ਜੋਹਾਨਾ ਆਰਗਨ, ਲਾਸ ਏਂਜਲਸ ਤੋਂ ਫ਼ਿਲਮ ਪ੍ਰੋਡਿਊਸਰ ਵਿੱਕੀ ਸਿੰਘ, ਫ਼ਿਲਮ ਪ੍ਰੋਡਿਊਸਰ ਦਿਲਬਾਗ ਸਿੰਘ, ਸੁਖਪਾਲ ਸਿੰਘ ਧੰਨੋਆ ਡੀ.ਸੀ., ਸੰਤ ਹਨੂਮਾਨ ਸਿੰਘ ਖ਼ਾਲਸਾ, ਪਵਲੀਕ ਸਿੰਘ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਸਿੱਖ ਹਸਤੀਆਂ ਤੇ ਸਿੱਖ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਅਮਰੀਕਾ ਦੇ ਵਿਕਾਸ ਵਿਚ ਸਿੱਖ ਕੌਮ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਸਬੰਧ ਵਿਚ ਸ: ਵਿੱਕੀ ਸਿੰਘ ਵੱਲੋਂ ਤਿਆਰ 3 ਡਾਕੂਮੈਂਟਰੀ ਫ਼ਿਲਮਾਂ ਵੀ ਦਿਖਾਈਆਂ ਗਈਆਂ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮੂਹ ਆਗੂਆਂ ਤੇ ਸਿੱਖ ਸੰਗਤਾਂ ਦਾ ਸ. ਬਹਾਦੁਰ ਸਿੰਘ ਨੇ ਦਿਲ ਦੀਆਂ ਡੂੰਘਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕੀਤਾ।
ਇਸ ਉਪਰੰਤ ਸ਼ਾਮ ਨੂੰ ਪੋਰਟਲੈਂਡ ਵਿਚ ਉਕਤ ਜਥੇਬੰਦੀਆਂ ਤੇ ਆਗੂ ਸਟਾਰ ਲਾਈਟ ਪਰੇਡ ਵਿਚ ਸਿੱਖ ਧਰਮ ਦਾ ਫਲੋਟ ਲੈ ਕੇ ਸ਼ਾਮਲ ਹੋਏ ਤੇ ਇਸ ਫਲੋਟ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਇਹ ਪ੍ਰੇਡ ਪਿਛਲੇ 18 ਸਾਲਾਂ ਤੋਂ ਵੱਖ-ਵੱਖ ਧਰਮਾਂ ਤੇ ਕੰਪਨੀਆਂ ਦੀ ਸ਼ਮੂਲੀਅਤ ਨਾਲ ਕੱਢੀ ਜਾਂਦੀ ਹੈ। ਜਿਸ ਵਿਚ ਸਿੱਖ ਵੀ ਪਿਛਲੇ ਕਈ ਸਾਲਾਂ ਤੋਂ ਸ਼ਮੂਲੀਅਤ ਕਰਦੇ ਆ ਰਹੇ ਹਨ। ਸਿੱਖ ਧਰਮ ਦਾ ਇਹ ਫਲੋਟ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਫਲੋਟ ਦੇ ਨਾਲ ਸਿੱਖ ਨੌਜਵਾਨਾਂ ਦੀ ਇਕ ਟੀਮ ਸਿੱਖ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਕਰ ਰਹੀ ਸੀ, ਜੋ ਇਸ ਗੱਲ ਦਾ ਸੂਚਕ ਸੀ ਕਿ ਸਿੱਖ ਆਪਣੇ ਨਾਲ-ਨਾਲ ਮਨੁੱਖਤਾ ਦੀ ਹਿਫ਼ਾਜ਼ਤ ਵੀ ਕਰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਕੱਢੀ ਜਾਂਦੀ ਇਸ ਪਰੇਡ ਵਿਚ 100 ਤੋਂ ਵੱਧ ਕੰਪਨੀਆਂ ਅਤੇ ਧਰਮਾਂ ਦੇ ਫਲੋਟ ਸ਼ਾਮਿਲ ਹੁੰਦੇ ਹਨ।
6 ਮੀਲ ਲੰਮੇ ਸਫ਼ਰ ਵਾਲੀ ਇਸ ਪਰੇਡ ਨੂੰ ਸੜਕਾਂ ‘ਤੇ ਖੜ੍ਹ ਕੇ ਹੀ 6 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਅਤੇ ਵੱਖ-ਵੱਖ ਧਰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪਰੇਡ ਨੂੰ ਦੇਖ ਰਹੇ ਅਮਰੀਕਨ ਮੂਲ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਸਿੱਖ ਕੌਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਤੋਂ ਸਿੱਖਾਂ ਨੇ ਇਸ ਪ੍ਰੇਡ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਹੈ ਤਾਂ ਉਨ੍ਹਾਂ (ਅਮਰੀਕਨਾਂ) ਵਿਚ ਸਿੱਖਾਂ ਬਾਰੇ ਜਾਨਣ ਦੀ ਰੁਚੀ ਵਧੀ ਹੈ ਤੇ ਹੁਣ ਉਹ ਸਿੱਖਾਂ ਬਾਰੇ ਕਾਫ਼ੀ ਕੁੱਝ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੇਡ ਤੋਂ ਉਨ੍ਹਾਂ ਨੂੰ ਬਹੁਤ-ਕੁੱਝ ਸਿੱਖਣ ਨੂੰ ਮਿਲਿਆ ਹੈ। ਇਸ ਤਰ੍ਹਾਂ ਵੱਖ-ਵੱਖ ਕਿੱਤਾ ਵਰਗ ਨਾਲ ਸਬੰਧਤ ਸਿੱਖਾਂ ਦੀ ਪਛਾਣ ਕਰਵਾਉਣ ਦੀ ਇਕ ਵਧੀਆ ਕੋਸ਼ਿਸ਼ ਕੀਤੀ ਗਈ। ਇਸ ਪਰੇਡ ਨੂੰ ਹਰ ਵਾਰ ਵੱਡੇ ਟੀ.ਵੀ ਚੈਨਲਾਂ ‘ਤੇ ਦਿਖਾਇਆ ਜਾਂਦਾ ਹੈ, ਜਿਸ ਨੂੰ ਲੱਖਾਂ ਲੋਕ ਦੇਖਦੇ ਹਨ। ਸ. ਬਹਾਦੁਰ ਸਿੰਘ ਨੇ ਕਿਹਾ ਕਿ ਅਜਿਹੀਆਂ ਪਰੇਡਾਂ ਅਮਰੀਕਾ ਵਿਚ ਵੱਖ-ਵੱਖ ਥਾਵਾਂ ‘ਤੇ ਹੁੰਦੀਆਂ ਹਨ। ਇਸ ਲਈ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਨ੍ਹਾਂ ਨੂੰ ਆਪਣੇ ਧਰਮ ਨਾਲ ਸਬੰਧਤ ਫਲੋਟ ਲੈ ਕੇ ਇਨ੍ਹਾਂ ਪਰੇਡਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਅਮਰੀਕਨ ਭਾਈਚਾਰੇ ਵਿਚ ਸਿੱਖ ਧਰਮ ਤੇ ਸਿੱਖਾਂ ਦੀ ਪਛਾਣ ਸਬੰਧੀ ਸਹੀ ਜਾਣਕਾਰੀ ਪਹੁੰਚ ਸਕੇ।

LEAVE A REPLY

Please enter your comment!
Please enter your name here