ਕੈਨੇਡਾ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਲੜਾਈ ਝਗੜਿਆਂ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 20 ਸਾਲਾ ਰਣਕੀਰਤ ਵੱਲੋਂ ਸਾਥੀਆਂ ਨਾਲ ਮਿਲ ਕੇ ਰੀਅਲ ਅਸਟੇਟ ਏਜੰਟ ’ਤੇ ਕੀਤਾ ਗਿਆ ਹਮਲਾ ਹੋਵੇ ਜਾਂ ਆਏ ਦਿਨ ਪਲਾਜ਼ਿਆਂ ਵਿੱਚ ਹੁੰਦੀਆਂ ਲੜਾਈਆਂ ਕਾਰਨ ਕੈਨੇਡਾ ਵਿੱਚ ‘ਅੰਤਰਰਾਸ਼ਟਰੀ ਵਿਦਿਆਰਥੀਆਂ’ ਪ੍ਰਤੀ ਨਫ਼ਰਤ ਦਿਨ ਬ ਦਿਨ ਗਹਿਰੀ ਹੁੰਦੀ ਜਾ ਰਹੀ ਹੈ।
ਗੱਲ ਇੱਥੋਂ ਤਕ ਵੱਧ ਚੁੱਕੀ ਹੈ ਕਿ ਸੋਸ਼ਲ ਮੀਡੀਆਂ ’ਤੇ ਪੈਂਦੀਆਂ ਫਟਕਾਰਾਂ ਤੋਂ ਲੈ ਕੇ ਸਥਾਨਕ ਵਿਧਾਇਕਾਂ ਵੱਲੋਂ ਦਿੱਤੀਆਂ ਚਿਤਾਵਨੀਆਂ ਅਤੇ ਪੁਲੀਸ ਦੀ ਤੇਜ਼ ਨਿਗਰਾਨੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰਖੀਆਂ ਵਿੱਚ ਲਿਆ ਖੜ੍ਹਾ ਕੀਤਾ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੋ ਇੱਥੇ ਰਹਿ ਕੇ ਇਨ੍ਹਾਂ ਵਿਦਿਆਰਥੀਆਂ ਨਾਲ ਵਿਚਰ ਕੇ ਮਨ ਵਿੱਚ ਆਉਂਦਾ ਹੈ, ਉਸਨੂੰ ਅਣਗੌਲਿਆਂ ਕਰਨਾ ਮੁਮਕਿਨ ਨਹੀਂ ਲੱਗ ਰਿਹਾ। ਅੱਲੜ੍ਹ ਉਮਰ ਵਿੱਚ ਵਿਦੇਸ਼ੀ ਧਰਤੀ ਅਤੇ ਮਾਪਿਆਂ ਜਾਂ ਵੱਡਿਆਂ ਦੀ ਨਿਗਰਾਨੀ ਤੋਂ ਬਿਨਾਂ ਵਿਦਿਆਰਥੀ ਬਿਨਾਂ ਡੋਰ ਦੇ ਉਸ ਪਤੰਗ ਵਰਗਾ ਜਾਪਦਾ ਹੈ, ਜੋ ਸਿਰਫ਼ ਹਵਾ ਦੇ ਰੁਖ਼ ਦੇ ਹਿਸਾਬ ਨਾਲ ਉੱਡਦਾ ਹੈ। ਵਿਦਿਆਰਥੀਆਂ ਨੂੰ ਸੇਧ ਅਤੇ ਸੰਗਤ ਚੰਗੀ ਮਿਲੇ ਤਾਂ ਇਸੇ ਧਰਤੀ ’ਤੇ ਉਹ ਕਈ ਨਾਮਣੇ ਖੱਟ ਜਾਂਦੇ ਹਨ ਤੇ ਕੁਰਾਹੇ ਪੈਣ ’ਤੇ ਹਰ ਗ਼ਲਤ ਖ਼ਬਰ ਲਈ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਜਾਂਦੇ ਹਨ।
ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਬਹੁਤ ਛੋਟੀ ਉਮਰੇ ਬੱਚਿਆਂ ਨੂੰ ‘ਆਤਮ ਨਿਰਭਰ’ ਬਣਾਉਣ ਦੀ ਕਾਹਲ ਦੇ ਰਾਹ ਤੁਰ ਪਏ ਹਾਂ।
ਕਾਲਜ ਦੀ ਚੋਣ ਤੋਂ ਲੈ ਕੇ ਸ਼ਿਫਟਾਂ ਅਤੇ ਕਿਰਾਏ ਕੱਢਣ ਦੇ ਫੈ਼ਸਲੇ ਲੈਣ ਤੋਂ ਬਾਅਦ ਨੌਜਵਾਨ ਸ਼ਾਇਦ ਇਸੇ ਜੱਦੋ ਜਹਿਦ ਦੇ ਚੱਕਰ ਨੂੰ ਜ਼ਿੰਦਗੀ ਮੰਨ ਬੈਠਦੇ ਹਨ। ਇੱਕ ਹਫ਼ਤੇ ਵਿੱਚ ਕੁਝ ਮਿੰਟਾਂ ਦੀ ਘਰਦਿਆਂ ਨਾਲ ਗੱਲਬਾਤ ਵੀ ਉਨ੍ਹਾਂ ਨੂੰ ਸੇਧ ਨਹੀਂ ਦਿੰਦੀ ਅਤੇ ਵਿਦੇਸ਼ਾਂ ’ਚ ਮਿਲਦੀ ਖੁੱਲ੍ਹ ਉਨ੍ਹਾਂ ਨੂੰ ਝੂਠੀ ਅਤੇ ਫੋਕੀ ਟੌਹਰ ਦੀ ਦੁਨੀਆਂ ਵਿੱਚ ਉੱਡਣ ਲਗਾ ਦਿੰਦੀ ਹੈ। ਜਦੋਂ ਤਕ ‘ਕੀ ਖੱਟਿਆ, ਕੀ ਪਾਇਆ’ ਦੀ ਸਮਝ ਆਉਂਦੀ ਹੈ, ਉਦੋਂ ਤਕ ਹੱਥ ਮਲਣ ਤੋਂ ਇਲਾਵਾ ਕੁਝ ਨਹੀਂ ਬਚਦਾ।
ਅਜਿਹਾ ਨਹੀਂ ਕਿ ਸਾਰੇ ਵਿਦਿਆਰਥੀ ਕੁਰਾਹੇ ਪੈਂਦੇ ਹਨ। 90 ਫ਼ੀਸਦੀ ਵਿਦਿਆਰਥੀਆਂ ਨੇ ਕੈਨੈਡਾ ਦੇ ਜ਼ਿਆਦਾਤਰ ਕਾਰੋਬਾਰਾਂ ਵਿੱਚ ਮਿਹਨਤ ਵਾਲੇ ਕੰਮਾਂ ਨੂੰ ਖੱਬੇ ਹੱਥ ਦੀ ਖੇਡ ਬਣਾ ਕੇ ਵੀ ਰੱਖਿਆ ਹੋਇਆ ਹੈ। ਇਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਦੀ ਖੁਸ਼ਬੋ ਦੇ ਕੈਨੇਡਾ ਦੀ ਆਬੋ ਹਵਾ ਵਿੱਚ ਮਿਲੇ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਦਿਸ਼ਾਹੀਣਤਾ ਬਹੁਤੇ ਨੌਜਵਾਨਾਂ ਨੂੰ ਇਹ ਸੋਚਣ ਤੋਂ ਅਸਮਰੱਥ ਕਰ ਦਿੰਦੀ ਹੈ ਕਿ ਸਹੀ ਅਤੇ ਗ਼ਲਤ ਵਿੱਚ ਅੰਤਰ ਕੀ ਹੈ? ਅਜਿਹੇ ਵਿੱਚ ਦੋਸ਼ ਅਤੇ ਸ਼ਿਕਵਿਆਂ ਦਾ ਦੌਰ ਰੁੱਖਾਪਣ ਅਤੇ ਬਗ਼ਾਵਤੀ ਸੁਰਾਂ ਪੈਦਾ ਕਰਨ ਦਾ ਕੰਮ ਕਰਦਾ ਹੈ ਨਾ ਕਿ ਸਿੱਧੇ ਰਾਹੇ ਪਾਉਣ ਦਾ।
ਜੇਕਰ ਪਿਛਲੀਆਂ ਕੁਝ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ 18 ਤੋਂ 24 ਸਾਲ ਤਕ ਦੇ ਨੌਜਵਾਨ ਜੋ ਜ਼ਿਆਦਾਤਰ 12ਵੀਂ ਜਮਾਤ ਤੋਂ ਬਾਅਦ ਉਚੇਰੀ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਜਾਂ ਹੋਰਨਾਂ ਮੁਲਕਾਂ ਵਿੱਚ ਆਉਂਦੇ ਹਨ, ਦੀ ਸਭ ਤੋਂ ਵੱਡੀ ਸਮੱਸਿਆ ਦੂਰਅੰਦੇਸ਼ੀ ਦੀ ਘਾਟ ਹੈ। ਸਾਡੇ ਵਿਦਿਆਰਥੀ ਚਾਅ ਨਾਲ ਪੰਜਾਬ ਜਾਂ ਭਾਰਤ ਤੋਂ ਪੜ੍ਹਨ ਲਈ ਇਸ ਹਿਸਾਬ ਨਾਲ ਭੇਜੇ ਜਾਂਦੇ ਹਨ, ਜੋ ਕੁਝ ਹੱਦ ਤਕ ਪੜ੍ਹਾਈ ਕਮ ਏ.ਟੀ.ਐੱਮ ਮਸ਼ੀਨ ਦੀ ਤਰ੍ਹਾਂ ਵਰਤੋਂ ਵਿੱਚ ਆਉਂਦੇ ਹਨ। ਗੱਲ ਚਾਹੇ ਕੌੜੀ ਹੋਵੇ, ਪਰ ਸੱਚਾਈ ਇਹ ਹੈ ਕਿ ਮਾਪਿਆਂ ਨੂੰ ਪਿੱਛੇ ਪੈਸੇ ਭੇਜਣ ਦੀ ਆਸ ਜ਼ਰੂਰ ਰਹਿੰਦੀ ਹੈ। ਇਸਦਾ ਮੁੱਖ ਕਾਰਨ ਹੈ ਕਰਜ਼ਾ ਚੁੱਕ ਕੇ ਵਧੀਆ ਭਵਿੱਖ ਦੀ ਆਸ ਲੈ ਕੇ ਬੱਚੇ ਨੂੰ ਅੱਖਾਂ ਤੋਂ ਦੂਰ ਕਰਨਾ।
ਇੱਥੇ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਜਾਂ ਅਮਰੀਕਾ ਵਿੱਚ ਪੈਰ ਧਰਦੇ ਹੀ ਵਿਦਿਆਰਥੀ ਡਾਲਰਾਂ ਦੇ ਰੁੱਖ ਛਾਂਗਣ ਦੇ ਕਾਬਲ ਨਹੀਂ ਹੋ ਜਾਂਦਾ। ਰੁੱਖ ਵੱਢਣ ਲਈ ਕੁਹਾੜੀ ਦਾ ਤਿੱਖਾ ਹੋਣਾ ਜ਼ਰੂਰੀ ਹੈ ਅਤੇ ਸ਼ਾਇਦ ਅਸੀਂ ਉਸਦੇ ਤਿੱਖਾ ਹੋਣ ਤੋਂ ਪਹਿਲਾਂ ਹੀ ਰੁੱਖ ਛਾਂਗਣ ਦੀ ਕਾਹਲ ਵਿੱਚ ਕੁਹਾੜੀ ਦਾ ਮੁਹਾਂਦਰਾ ਹੀ ਬਦਲਣ ਦੀ ਗ਼ਲਤੀ ਕਰ ਬੈਠਦੇ ਹਾਂ।
ਅਸੀਂ ਸ਼ਾਇਦ ਵਿਦਿਆਰਥੀਆਂ ਨੂੰ ਇੰਨਾ ਮੌਕਾ ਹੀ ਨਹੀਂ ਦਿੰਦੇ ਕਿ ਉਹ ਬੈਠ ਕੇ ਵਿਚਾਰ ਕਰਨ ਕਿ ਅੱਜ ਤੋਂ 10 ਸਾਲ ਬਾਅਦ ਉਹ ਆਪਣੇ ਆਪ ਨੂੰ ਕਿੱਥੇ ਦੇਖਦੇ ਹਨ।
ਇਸ ਸਭ ਤੋਂ ਬਾਅਦ ਜੇਕਰ ਅਸੀਂ ਇਸ ਮੁਸੀਬਤ ਦਾ ਹਲ ਲੱਭਣ ਦਾ ਯਤਨ ਕਰੀਏ ਤਾਂ ਮੇਰਾ ਨਿੱਜੀ ਵਿਚਾਰ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਮੁਲਕਾਂ ਵਿੱਚ ਕਮਿਊਨਿਟੀ ਸੈਂਟਰਾਂ ਅਤੇ ਫੋਰਮਾਂ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਸਲ ਮਕਸਦ ਤੋਂ ਸਮੇਂ ਸਮੇਂ ’ਤੇ ਜਾਣੂ ਕਰਾਉਂਦੇ ਰਹਿਣਾ ਚਾਹੀਦਾ ਹੈ। ਇਮੀਗ੍ਰੇਸ਼ਨ, ਵਰਕ ਪਰਮਿਟ ਅਤੇ ਪੀ.ਆਰ. ਜਿਹੇ ਮਸਲਿਆਂ ਤੋਂ ਇਲਾਵਾ ਇੱਥੇ ਵਧੀਆ ਜ਼ਿੰਦਗੀ ਜਿਊਣ ਲਈ ਕਿਸ ਕੋਰਸ, ਕਿਸ ਹੁਨਰ ਦੀ ਜ਼ਿਆਦਾ ਲੋੜ ਹੈ ਅਤੇ ਉਸਨੂੰ ਕਿਫਾਇਤੀ ਢੰਗ ਨਾਲ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ, ਵਰਗੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।
ਮਿੱਟੀ ਤੋਂ ਦੂਰ ਰਹਿ ਕੇ ਟੁੱਟ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਪਿਛੋਕੜ, ਇੱਥੇ ਆਉਣ ਦੀ ਵਜ੍ਹਾ ਅਤੇ ਬਿਹਤਰ ਜੀਵਨ ਲਈ ਮੌਕੇ ਤਲਾਸ਼ਣ ਤੋਂ ਇਲਾਵਾ ਹੱਲਾਸ਼ੇਰੀ ਅਤੇ ਝਿੜਕਾਂ ਦੋਵੇਂ ਬਰਾਬਰ ਹਿੱਸਿਆਂ ਵਿੱਚ ਮਿਲਦੀਆਂ ਰਹਿਣੀਆਂ ਜ਼ਰੂਰੀ ਹਨ।
ਵਿਦਿਆਰਥੀਆਂ ਨੂੰ ਇੱਕ ਚਿਤਾਵਨੀ ਦਿੱਤੀ ਜਾਣੀ ਜ਼ਿਆਦਾ ਬਿਹਤਰ ਹੋਵੇਗੀ ਜਿਸ ਨਾਲ ਉਹ ਗ਼ਲਤ ਰਾਹੇ ਪੈਣ ਦੇ ਜੋਖ਼ਿਮ ਅਤੇ ਨੁਕਸਾਨ ਤੋਂ ਵਾਕਫ਼ ਹੋ ਸਕਣ। ਅੱਗੇ ਫੈ਼ਸਲਾ ਖ਼ੁਦ ਵਿਦਿਆਰਥੀਆਂ ਦੇ ਹੱਥ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਕਿਸ ਢੰਗ ਨਾਲ ਜਿਊਣੀ ਹੈ, ਪਰ ਉਨ੍ਹਾਂ ਨੂੰ ਸੇਧ ਦੇਣੀ ਸਮੇਂ ਦੀ ਮੰਗ ਹੈ ਅਤੇ ਇਸ ਮਿਲੀ ਸਲਾਹ ਅਤੇ ਸੇਧ ਨੂੰ ਪੱਲੇ ਬੰਨ੍ਹ ਕੇ ਤੁਰਨਾ ਵਿਦਿਆਰਥੀਆਂ ਦਾ ਫਰਜ਼ ਹੈ।
ਆਪਣੇ ਐਸ਼ੋ-ਆਰਾਮ ਜਾਂ ਮੌਜਾਂ ਵਿੱਚ ਮਸਰੂਫ਼ ਹੋ ਕੇ ਪਿੱਛੇ ਬੈਠੇ ਮਾਪਿਆਂ ਲਈ ਬੇਧਿਆਨੇ ਜਾਂ ਬੇਪਰਵਾਹ ਹੋ ਜਾਣਾ ਵੀ ਸਰਾਸਰ ਗ਼ਲਤ ਹੈ। ਉਨ੍ਹਾਂ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਅਤੇ ਝੱਲੇ ਸੰਤਾਪਾਂ ਦਾ ਅਸਲ ਮੁੱਲ ਅਸੀਂ ਬਿਹਤਰ ਮੁਕਾਮ ’ਤੇ ਪਹੁੰਚ ਕੇ ਹੀ ਮੋੜ ਸਕਦੇ ਹਾਂ ਤਾਂ ਜੋ ਉਹ ਵੀ ਛਾਤੀ ਚੌੜੀ ਕਰਕੇ ਸਾਡੇ ’ਤੇ ਮਾਣ ਕਰ ਸਕਣ ਤੇ ਆਪਣਾ ਬੁਢਾਪਾ ਇੱਜ਼ਤ ਨਾਲ ਗੁਜ਼ਾਰ ਸਕਣ।
ਪਾੜਿ੍ਹਆਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਕੋਈ ਵੀ ਉਨ੍ਹਾਂ ਨੂੰ ਇੱਕ ਜਾਂ ਦੋ ਵਾਰ ਤਾਂ ਸਲਾਹ ਦੇ ਸਕਦਾ ਹੈ, ਪਰ ਅੱਗੇ ਆਪਣੇ ਕੀਤੇ ਫੈ਼ਸਲਿਆਂ ਦੇ ਨਤੀਜਿਆਂ ਦਾ ਭੁਗਤਾਨ ਉਨ੍ਹਾਂ ਨੂੰ ਖ਼ੁਦ ਹੀ ਕਰਨਾ ਹੋਵੇਗਾ ਕਿਉਂਕਿ ਇਹ ਬਿਨਾਂ ਸਿਫਾਰਸ਼ਾਂ ਅਤੇ ਦਾਬੇ ਤੋਂ ਚੱਲਣ ਵਾਲਾ ਨਿਰਪੱਖ ਦੇਸ਼ ਹੈ ਜੋ ਕਿਸੇ ਲਈ ਜੇਕਰ ਸਵਰਗ ਹੈ ਤਾਂ ਕਿਸੇ ਲਈ ਨਰਕ ਸਾਬਤ ਹੋ ਸਕਦਾ ਹੈ, ਪਰ ਬੇਇਨਸਾਫ ਕਦੇ ਵੀ ਨਹੀਂ।

LEAVE A REPLY

Please enter your comment!
Please enter your name here