ਕਾਲਜ਼ ਪੜ੍ਦਿਆਂ ਬੀ.ਏ ਭਾਗ ਪਹਿਲਾਂ ਦੀ ਸਟੂਡੈਂਟ ਨਵਜੋਤ  ਮੈਨੂੰ  ਚੰਗੀ ਚੰਗੀ  ਲੱਗਦੀ । ਉਸ ਨਾਲ ਮੇਲ ਮਿਲਾਪ ਵਧਾਉਣ ਲਈ ਮੈ ਮੌਕੇ ਦੀ ਤਲਾਸ਼ ਵਿੱਚ ਸਾਂ ।

“ ਯਾਰ ਤੂੰ ਤਜਰਬੇਕਾਰ  ਏਂ—-ਨਵਜੋਤ ਨਾਲ ਮੇਰਾ ਚੱਕਰ ਚਲਾਉਣ ਦੀ ਕੋਈ ਸਕੀਮ ਲੜਾ “ ਮੈ ਆਪਣੇ ਦਿਲ ਦੀ ਗੱਲ ਆਪਣੇ ਸਹਿਪਾਠੀ ਦੋਸਤ ਮਲਕੀਤ ਨਾਲ ਸਾਂਝੀ ਕੀਤੀ।

“ਸੁਨੀਲ ! ਤੂੰ ਭੁੱਲ ਕੇ ਵੀ ਉਸ ਵੱਲ ਅੱਖ ਭਰ ਕੇ ਨਾ ਵੇਖੀਂ – ਨਹੀਂ ਆਪਣੀ ਦੋਸਤੀ ਵਿਚ ਫਰਕ ਪੈ ਜਾਵੇਗਾ।” ਗੰਭੀਰ ਅਵਾਜ਼ ਵਿਚ ਬੋਲਦਿਆਂ ਉਸ ਮੈਨੂੰ ਤਾੜਣਾ ਕੀਤੀ।

“ ਕੀ ਗੱਲ! ਮੇਰੇ ਯਾਰ ਦਾ ਦਿਲ ਤਾਂ ਨਹੀਂ ਉਸ ਤੇ ਆ ਗਿਆ ।“ ਮੈਂ ਮਜ਼ਾਕੀਆ ਲਹਿਜੇ ਵਿਚ ਪੁੱਛਿਆ ।

“ਨਹੀਂ ਅਜਿਹੀ ਗੱਲ ਨਹੀਂ ਹੈ  — ਪਰ ਤੂੰ ਜਾਣਦਾ ਏਂ ਉਹ ਕੌਣ ਹੈ?”ਉਸ ਮੋੜਵਾਂ ਸੁਆਲ ਕੀਤਾ । ਫਿਰ ਆਪ ਹੀ ਕਿਸੇ ਗਹਿਰੇ ਭੇਦ ਦਾ ਖੁਲਾਸਾ ਕਰਨ ਦੇ ਅੰਦਾਜ਼ ਵਿਚ ਬੋਲਿਆ, “ਉਹ ਆਪਾਂ ਨੂੰ  ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦੇ ਰਹੇ ਮਾਸਟਰ ਧਰਮ ਪਾਲ ਦੀ ਬੇਟੀ ਹੈ।“

“ਫਿਰ ਕੀ ਹੋਇਆ – ਹੁਣ ਤਾਂ ਮਾਸਟਰ ਜੀ ਵੀ ਦੁਨੀਆਂ ਵਿਚ ਨਹੀਂ ਰਹੇ।“ ਮੈ ਹੱਸ ਪਿਆ ਸਾਂ

“ ਮਾਸਟਰ ਜੀ ਤਾਂ ਭਾਵੇਂ ਇਸ ਦੁਨੀਆਂ ਵਿਚ ਨਹੀਂ ਰਹੇ ਪਰ ਉਹਨਾਂ ਵੱਲੋਂ ਦਿੱਤਾ ਗਿਆਨ ਅਜੇ ਮੇਰੇ ਅੰਦਰ ਜਿਉਂਦਾ ਹੈ –—ਨਵਜੋਤ ਮੇਰੀਆਂ ਭੈਣਾ ਬਰੋਬਰ ਹੈ।“

ਮਲਕੀਤ ਦੀ ਅਵਾਜ਼ ਵਿਚ ਗੰਭੀਰਤਾ ਉਸੇ ਤਰਾਂ ਕਾਇਮ ਸੀ ।ਉਹ ਮੈਨੂੰ ਉੱਥੇ ਹੀ ਖਲੋਤਾ ਛੱਡ ਕੇ ਅੱਗੇ ਤੁਰ ਗਿਆ ਸੀ।

ਕੁਝ ਦੇਰ ਬਾਦ ਨਵਜੋਤ ਨਾਲ ਸਾਹਮਣਾ ਹੋਣ ਤੇ ਮੇਰੀਆ ਨਜ਼ਰਾਂ ਆਪਣੇ ਆਪ ਹੀ ਝੁਕ ਗੲਆ ਸਨ।

————————————–00000————————————

 

NO COMMENTS

LEAVE A REPLY