ਡਾ. ਬਲਵਿੰਦਰ ਸਿੰਘ ਲੱਖੇਵਾਲੀ


ਮਨੁੱਖ
ਦੀ ਅੰਬ ਨਾਲ ਸਾਂਝ ਸਦੀਆਂ ਪੁਰਾਣੀ ਹੈ। ਅੰਬ ਦੇ ਪੱਤੇ, ਬੂਰ, ਫਲ਼ ਯਾਨੀ ਪੂਰੇ ਦਾ ਪੂਰਾ ਰੁੱਖ ਸਾਡੀ ਜ਼ਿੰਦਗੀ ਵਿੱਚ ਅਲੱਗ-ਅਲੱਗ ਪੱਖਾਂ ਤੋਂ ਆਪਣੀ ਹਾਜ਼ਰੀ ਲਵਾਉਂਦਾ ਹੈ। ਅੰਬ ਦਾ ਜ਼ਿਕਰ ਸਾਡੇ ਵੇਦਾਂ-ਗ੍ਰੰਥਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਅੰਬ ਦੀ ਹੋਂਦ ਭਾਰਤ ਵਿੱਚ ਕੋਈ ਦੋ-ਚਾਰ ਸੌ ਸਾਲ ਪੁਰਾਣੀ ਨਹੀਂ, ਬਲਕਿ ਇਹ ਤਕਰੀਬਨ ਚਾਰ ਹਜ਼ਾਰ ਸਾਲਾਂ ਤੋਂ ਉੱਗ ਰਿਹਾ ਹੈ। ਰਮਾਇਣ, ਮਹਾਂਭਾਰਤ, ਕਾਲੀਦਾਸ ਦੀਆਂ ਰਚਨਾਵਾਂ, ਗੌਤਮ ਬੁੱਧ ਨਾਲ ਸਬੰਧ ਕਥਾਵਾਂ ਆਦਿ ਸਭ ਅੰਬ ਦੀਆਂ ਵਿਸ਼ੇਸ਼ਤਾਵਾਂ ਤੇ ਮਨੁੱਖੀ ਸਬੰਧ ਨੂੰ ਸਾਡੇ ਸਨਮੁਖ ਪੇਸ਼ ਕਰਦੇ ਹਨ। ਅੰਬ ਨੂੰ ਜੀਵਾਂ ਦੇ ਦੇਵਤਾ ਪ੍ਰਜਾਪਤੀ ਦਾ ਘੋਸ਼ਣਾ-ਪੱਤਰ ਸਮਝਿਆ ਜਾਂਦਾ ਹੈ ਅਤੇ ਇਸ ਦੇ ਪੱਤਰ ਖ਼ਾਸ ਸਮੇਂ ਜਾਂ ਮੌਕੇ ’ਤੇ ਘਰਾਂ ਦੇ ਦਰਵਾਜ਼ਿਆਂ ’ਤੇ ਟੰਗੇ ਜਾਂਦੇ ਹਨ। ਇਸ ਤੋਂ ਇਲਾਵਾ ਮਾਘ ਦੇ ਮਹੀਨੇ ਦੇ ਦੂਜੇ ਦਿਨ ਅੰਬ ਦਾ ਬੂਰ ਚੰਨ ਨੂੰ ਅਰਪਣ ਕੀਤਾ ਜਾਂਦਾ ਹੈ।
ਅੰਬ ਨੂੰ ਸਾਡਾ ਰਾਸ਼ਟਰੀ ਫ਼ਲ ਹੋਣ ਦਾ ਮਾਣ ਮਿਲਿਆ ਹੋਇਆ ਹੈ, ਪ੍ਰੰਤੂ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ 14ਵੀਂ ਸਦੀ ਵਿੱਚ ਅਮੀਰ ਖੁਸਰੋ ਨੇ ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਆਖਿਆ ਸੀ। ਸਿੱਖ ਧਰਮ ਵਿੱਚ ਅੰਬ ਦਾ ਸਬੰਧ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਜੀ ਨਾਲ ਜੁੜਦਾ ਹੈ ਅਤੇ 1559 ਵਿੱਚ ਗੁਰੂ ਸਾਹਿਬ ਮੁਹਾਲੀ ਵਿਖੇ ਆਏ ਸਨ, ਜਿੱਥੇ ਗੁਰਦੁਆਰਾ ਅੰਬ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਬ ਦਾ ਜ਼ਿਕਰ ਵੇਖਣ ਨੂੰ ਮਿਲਦਾ ਹੈ:
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ।।
ਦਰਅਸਲ, ਕੋਇਲ ਅਤੇ ਅੰਬ ਦੇ ਬੂਟੇ ਦਾ ਬਹੁਤ ਗਹਿਰਾ ਸਬੰਧ ਹੈ। ਜਦੋਂ ਵੀ ਕਿਧਰੇ ਕੋਇਲ ਕੂਕਣ ਦੀ ਗੱਲ ਕੰਨੀਂ ਪੈਂਦੀ ਹੈ ਤਾਂ ਮਨੋ-ਮਨ ਇੱਕ ਅਜਬ ਜਿਹਾ ਮਾਹੌਲ ਦਿਲੋ-ਦਿਮਾਗ਼ ਵਿੱਚ ਘੁੰਮਣ ਲੱਗ ਜਾਂਦਾ ਹੈ। ਅੰਬੀਆਂ ਨੂੰ ਬੂਰ ਦਾ ਪੈਣਾ, ਕੋਇਲ ਦਾ ਕੂਕਣਾ, ਅੰਬ ਦੇ ਰੁੱਖਾਂ ਦੀ ਠੰਢੜੀ ਛਾਂ, ਕਿਸੇ ਮੁਟਿਆਰ ਦਾ ਪ੍ਰਦੇਸੀ ਹੋਏ ਢੋਲ ਨੂੰ ਉਡੀਕਣਾ, ਸਾਨੂੰ ਸੋਚਾਂ-ਸੋਚਾਂ ਵਿੱਚ ਕਿਤੇ ਦੂਰ ਲੈ ਜਾਂਦਾ ਹੈ।
ਅੰਬੀ ਦਾ ਬੂਟਾ ਹਰਿਆ ਵੇ ਢੋਲਿਆ,
ਸਾਡੇ ਤਾਂ ਵਿਹੜੇ ਕਾਂ ਵੀ ਨਾ ਬੋਲਿਆ।
ਆਜਾ ਕਿਤੋਂ ਵਾਅ ਬਣ ਕੇ…
bb copyਜੇਕਰ ਗੱਲ ਰਾਜਿਆਂ-ਮਹਾਰਾਜਿਆਂ ਦੀ ਕਰੀਏ ਤਾਂ ਉਨ੍ਹਾਂ ਦਾ ਪਿਆਰ ਵੀ ਅੰਬ ਪ੍ਰਤੀ ਕਿਸੇ ਪਾਸਿਓਂ ਘੱਟ ਨਹੀਂ ਸੀ। ਮੁਗ਼ਲ ਬਾਦਸ਼ਾਹ ਖ਼ਾਸ ਤੌਰ ’ਤੇ ਅੰਬਾਂ ਦੇ ਸ਼ੌਕੀਨ ਸਨ। ਅਕਬਰ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅੰਬਾਂ ਦੇ ਰੁੱਖ ਲਵਾਏ। ਦਰਬੰਗਾ ਸ਼ਹਿਰ ਜੋ ਬਿਹਾਰ ਵਿੱਚ ਪੈਂਦਾ ਹੈ, ਉਸ ਸਥਾਨ ’ਤੇ ਮੁਗ਼ਲ ਬਾਦਸ਼ਾਹ ਅਕਬਰ ਨੇ ਤਕਰੀਬਨ ਸੌ ਬਿੱਘਿਆਂ ਵਿੱਚ ਅੰਬਾਂ ਦਾ ਬਾਗ਼ ਲਵਾਇਆ ਸੀ ਜਿੱਥੇ ਰੁੱਖਾਂ ਦੀ ਗਿਣਤੀ ਲੱਖ ਹੋਣ ਸਦਕਾ ਉਸ ਨੂੰ ਲਾਖਾ ਜਾਂ ਲੱਖੀ ਬਾਗ਼ ਦਾ ਨਾਂ ਦਿੱਤਾ ਗਿਆ ਜੋ ਅੱਜ ਵੀ ਕਾਫ਼ੀ ਮਸ਼ਹੂਰ ਹੈ। ਸਾਡੇ ਗੁਆਂਢੀ ਸੂਬੇ ਦੇ ਜ਼ਿਲ੍ਹੇ ਅੰਬਾਲਾ ਦਾ ਨਾਂ ਵੀ ਅੰਬ ਤੋਂ ਪਿਆ, ਕਹਿਣ ਤੋਂ ਭਾਵ ਅੰਬ ਵਾਲਾ। ਇਸ ਪਿੱਛੇ ਕਾਰਨ ਇਹੀ ਹੈ ਕਿ ਅੰਬਾਲੇ ਜ਼ਿਲ੍ਹੇ ਵਿੱਚ ਅੰਬ ਬਹੁਤ ਜ਼ਿਆਦਾ ਪੈਦਾ ਹੁੰਦਾ ਸੀ। ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਅੰਬ ਦਾ ਬਹੁਤ ਵੱਡਾ ਦਰੱਖਤ ਹੈ ਜੋ ਆਪਣੇ ਆਕਾਰ ਸਦਕਾ ਭਾਰਤ ਅਤੇ ਬਾਹਰ ਵੀ ਪ੍ਰਸਿੱਧ ਹੈ। ਪੰਜਾਬ ਵਿੱਚ ਦੁਆਬੇ ਨੂੰ ਅੰਬਾਂ ਦਾ ਦੇਸ਼ ਕਿਹਾ ਜਾਂਦਾ ਹੈ। ‘ਅੰਬੀਆਂ ਨੂੰ ਤਰਸੇਗੀਂ ਛੱਡ ਕੇ ਦੇਸ਼ ਦੁਆਬਾ’ ਲੋਕ ਬੋਲੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਕੰਮ-ਕਾਰ ਦੀ ਚਿੰਤਾ ਵਿੱਚ ਫਸੇ ਸੱਜਣਾਂ ਨੂੰ ਸਲਾਹ ਦਿੰਦੇ ਸਨ ਕਿ ‘ਜਾਓ ਹੁਸ਼ਿਆਰਪੁਰ ਦੇ ਬਾਗ਼ਾਂ ’ਚ ਪੰਦਰਾਂ ਦਿਨ ਅੰਬ ਚੂਸੋ ਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ-ਲਿਖੇ ਹੋ।’ ਡਾ. ਰੰਧਾਵਾ ਨੇ ਆਪਣੇ ਸਮੇਂ ’ਚ ਅੰਬ ਵਿਰਾਸਤ ਨੂੰ ਬਚਾਉਣ ਲਈ ਦਸੂਹਾ ਨੇੜੇ ਪਿੰਡ ਗੰਗੀਆਂ ਵਿਖੇ ‘ਅੰਬ ਖੋਜ ਕੇਂਦਰ’ ਸਥਾਪਿਤ ਕਰਵਾਇਆ ਸੀ। ਪੰਜਾਬ ਦੇ ਖ਼ਾਸ ਕਰ ਦੁਆਬੇ ਇਲਾਕੇ ਵਿੱਚ ਅੰਬਾਂ ਦੇ ਕਈ ਬਾਗ਼ ਅੱਜ ਵੀ ਬਹੁਤ ਮਸ਼ਹੂਰ ਹਨ। ਭੂੰਗਾ ਵਿਖੇ ‘ਕਾਲਾ ਬਾਗ਼’, ਗੜ੍ਹਦੀਵਾਲ ਕੋਲ ਪਿੰਡ ਡੱਫਰ ਵਿਖੇ ‘ਮਹੰਤਾਂ ਦਾ ਬਾਗ਼’, ‘ਚੌਧਰੀਆਂ ਦਾ ਬਾਗ਼’ ਨੇੜੇ ਭੀਖੋਵਾਲ ਆਦਿ ਕਈ ਬਾਗ਼ ਹਨ। ਹਰਿਆਣਾ ਨੇੜੇ ਪਿੰਡ ਬੱਸੀ ਉਮਰ ਖ਼ਾਨ ਵਿਖੇ ਕਈ ਦਹਾਕੇ ਪੁਰਾਣਾ ‘ਇਨਾਮੀ ਬਾਗ਼’ ਕਾਫ਼ੀ ਜ਼ਿਆਦਾ ਮਸ਼ਹੂਰ ਹੈ। ਅੰਬਾਂ ਦੀਆਂ ਦੇਸੀ ਕਿਸਮਾਂ ਦਿਨ-ਬ-ਦਿਨ ਘਟਦੀਆਂ ਤੇ ਲੋਪ ਹੁੰਦੀਆਂ ਜਾ ਰਹੀਆਂ ਹਨ। ਅੰਬਾਂ ਦਾ ਦੇਸ਼ ਦੁਆਬਾ ਖ਼ੁਦ ਹੁਣ ਅੰਬਾਂ ਦੇ ਰੁੱਖਾਂ ਦੀ ਗਿਣਤੀ ਪੱਖੋਂ ਹੌਲਾ ਹੁੰਦਾ ਜਾ ਰਿਹਾ ਹੈ। ਅੰਬ ਦਾ ਮੂਲ ਸਥਾਨ ਭਾਰਤ ਜਾਂ ਦੱਖਣੀ ਏਸ਼ਿਆਈ ਇਲਾਕਾ ਮੰਨਿਆ ਜਾਂਦਾ ਹੈ। ਜੰਗਲੀ ਰੂਪ ਵਿੱਚ ਵਧੇ-ਫੁੱਲੇ ਰੁੱਖ ਦੀ ਉਮਰ ਤਿੰਨ-ਚਾਰ ਸੌ ਸਾਲ ਤਕ ਵੀ ਹੋ ਸਕਦੀ ਹੈ। ਕਿਸਮ ਅਨੁਸਾਰ ਛੋਟੇ ਤੋਂ ਦਰਮਿਆਨੇ ਅਤੇ ਦਰਮਿਆਨੇ ਤੋਂ ਵੱਡੇ  ਆਕਾਰ ਦਾ ਇਹ ਰੁੱਖ ਸਦਾ ਬਹਾਰੀ ਹੈ। ਇਸ ਦੇ ਪੱਤੇ ਲੰਬੂਤਰੇ ਜਿਹੇ ਹੁੰਦੇ ਹਨ ਅਤੇ ਬਹੁਤ  ਜ਼ਿਆਦਾ ਤੇ ਸੰਘਣੀਆਂ ਟਾਹਣੀਆਂ ਹੋਣ ਕਰਕੇ ਸੰਘਣਾ ਛਤਰ ਬਣਾ ਲੈਂਦਾ ਹੈ। ਇਸੇ ਕਰਕੇ ਲੋਕ ਗੀਤਾਂ ’ਚ ਅੰਬ ਦੀ ਸੰਘਣੀ ਛਾਂ ਦਾ ਜ਼ਿਕਰ ਵੀ ਵੇਖਣ ਨੂੰ ਮਿਲਦਾ ਹੈ:
ਅੰਬਾਂ ਤੇ ਤੂਤਾਂ ਦੀ ਠੰਢੀ ਛਾਂ
ਕੋਈ ਪ੍ਰਦੇਸੀ ਜੋਗੀ ਆ ਲੱਥਾ
ਚੱਲ ਨੀ ਚੱਲ ਭਾਬੋ ਬਾਗ਼
ਬਾਗ਼ ਦੇ ਪੱਜ ਜੋਗੀ ਵੇਖੀਏ
ਇਲਾਕਿਆਂ ਤੇ ਵਾਤਾਵਰਨ ਅਨੁਸਾਰ ਤਕਰੀਬਨ ਫਰਵਰੀ-ਮਾਰਚ ਮਹੀਨੇ ਦੌਰਾਨ ਅੰਬਾਂ ਦੇ ਬੂਟਿਆਂ ਨੂੰ ਬੂਰ ਪੈ  ਜਾਂਦਾ ਹੈ। ਫੁੱਲਾਂ ਜਾਂ ਬੂਰ ਵਿੱਚੋਂ ਆਉਂਦੀ ਮਿੱਠੀ-ਮਿੱਠੀ ਸੁਗੰਧੀ ਮਾਹੌਲ ਨੂੰ ਹੋਰ ਖ਼ੁਸ਼ਨੁਮਾ ਬਣਾਉਂਦੀ ਹੈ। ਸਮਾਂ ਪਾ ਕੇ ਇਹੀ ਬੂਰ ਅੱਤ ਗਰਮੀ ਦੇ ਦਿਨੀਂ ਫ਼ਲਾਂ ਵਿੱਚ ਤਬਦੀਲ ਹੋ ਜਾਂਦਾ ਹੈ।
ਜੇਠ-ਹਾੜ੍ਹ ਵਿੱਚ ਅੰਬ ਬਥੇਰੇ ਸੌਣ ਜਾਮਣੂੰ ਪੀਲਾਂ,
ਰਾਂਝਿਆਂ ਆ ਜਾ ਵੇ, ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ।
ਸਾਡੇ ਦੇਸ਼ ਵਿੱਚ ਅੰਬਾਂ ਦੀਆਂ ਅਨੇਕਾਂ ਕਿਸਮਾਂ ਪ੍ਰਸਿੱਧ ਅਤੇ ਵੇਖਣ ਨੂੰ ਮਿਲਦੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਇਕੱਲੇ ਭਾਰਤ ਵਿੱਚ 500 ਤੋਂ 1000 ਕਿਸਮਾਂ ਦੇ ਅੰਬ ਪਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ 150 ਕਿਸਮਾਂ ਤਾਂ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਪਾਈਆਂ ਜਾਂਦੀਆਂ ਹਨ। ਅੰਬ ਦਾ ਵਾਧਾ ਮੁੱਖ ਰੂਪ ਵਿੱਚ ਪਿਓਂਦ ਰਾਹੀਂ ਕੀਤਾ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅੰਬਾਂ ਦੀਆਂ ਕਾਫ਼ੀ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਅੰਬ ਦੇ ਪੌਦੇ ਲਾਉਣ ਲਈ ਢੁਕਵਾਂ ਸਮਾਂ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਮਹੀਨਿਆਂ ਦੌਰਾਨ ਹੁੰਦਾ ਹੈ।
ਅੰਬ ਤੋਂ ਅਨੇਕਾਂ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਅਚਾਰ, ਮੁਰੱਬਾ, ਜੂਸ, ਸਕੁਐਸ਼, ਜੈਮ, ਜੈਲੀ, ਚਟਣੀ, ਅੰਬ-ਪਾਪੜ, ਅਮਚੂਰ ਆਦਿ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਅੰਬ ਦੇ ਆਚਾਰ ਦਾ ਤਾਂ ਹਰ ਘਰ ਸ਼ੌਕੀਨ ਹੈ। ਪੰਜਾਬ ਵਿੱਚ ਕੋਈ ਵਿਰਲਾ ਹੀ ਘਰ ਹੋਵੇਗਾ ਜੋ ਅੰਬ ਦਾ ਅਚਾਰ ਨਹੀਂ ਰੱਖਦਾ ਹੋਏਗਾ। ਕਈ ਲੋਕ ਗ਼ਰੀਬੀ ਸਦਕਾ ਅਤੇ ਕਈ ਸ਼ੌਕ ਵਜੋਂ ਇਕੱਲੇ ਅੰਬ ਦੀ ਫਾੜੀ ਨਾਲ ਰੋਟੀ ਖਾਣਾ ਵੀ ਪਸੰਦ ਕਰਦੇ ਹਨ।
ਮੱਕੀ ਦੀ ਰੋਟੀ ਉੱਤੇ ਅੰਬ ਦੀਆਂ ਫਾੜੀਆਂ,
ਸਹੁਰੇ ਕਾਹਨੂੰ ਜਾਣਾ, ਜਿਹਨੇਂ ਪੇਕੀਂ ਲਾਈਆਂ ਯਾਰੀਆਂ।
ਅੰਬ ਨਾਲ ਸਬੰਧਤ ਵੱਖ-ਵੱਖ ਚੀਜ਼ਾਂ ਤੋਂ ਸਾਨੂੰ ਸਵਾਦ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ, ਇਸ ਦੇ ਨਾਲ-ਨਾਲ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਸਰੀਰ ਲਈ ਲੋੜੀਂਦੇ ਤੱਤ ਮਿਲਦੇ ਹਨ ਜੋ ਸਾਡੀ ਸਿਹਤ ਨੂੰ ਨਰੋਆ ਰੱਖਣ ਵਿੱਚ ਸਹਾਈ ਹੁੰਦੇ ਹਨ। ਮਸਾਲੇ ਲਾ ਕੇ ਪਕਾਏ ਹੋਏ ਅੰਬਾਂ ਨਾਲੋਂ ਕੁਦਰਤੀ ਰੂਪ ਵਿੱਚ ਪੱਕੇ ਅੰਬ ਕਿਤੇ ਜ਼ਿਆਦਾ ਗੁਣਕਾਰੀ ਤੇ ਲਾਭਕਾਰੀ ਹੁੰਦੇ ਹਨ। ਅੰਬ ਦੇ ਬੀਜ ਵੀ ਖਾਣਯੋਗ ਹੁੰਦੇ ਹਨ ਅਤੇ ਪੱਤਿਆਂ ਨੂੰ ਚਾਰੇ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੇ ਪੱਤਿਆਂ ਨੂੰ ਅਨੇਕਾਂ ਧਾਰਮਿਕ ਰੀਤੀ-ਰਿਵਾਜਾਂ ਵਿੱਚ ਵਰਤਿਆ ਜਾਂਦਾ ਹੈ। ਅੰਬ ਦੇ ਬੀਜ, ਪੱਤੇ, ਗੂੰਦ ਅਤੇ ਰੇਸ਼ੇ ਆਦਿ ਤੋਂ ਅਨੇਕਾਂ ਬਿਮਾਰੀਆਂ ਲਈ ਨੁਸਖੇ ਤਿਆਰ ਕੀਤੇ ਜਾਂਦੇ ਹਨ।
ਕੁੱਲ ਮਿਲਾ ਕੇ ਅੰਬ ਸਾਡੀ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਸਾਨੂੰ ਅੰਬਾਂ ਦੀਆਂ ਦੇਸੀ ਕਿਸਮਾਂ ਦੀ ਸਾਂਭ-ਸੰਭਾਲ ਲਈ ਹਰ ਯਤਨ ਕਰਨੇ ਚਾਹੀਦੇ ਹਨ। ਤਰੱਕੀ ਖਾਤਰ ਕੰਕਰੀਟ ਦੀਆਂ ਇਮਾਰਤਾਂ ਖੜ੍ਹੀਆਂ ਕਰਨ ਲਈ ਪੁਰਾਣੇ ਰੁੱਖਾਂ ਦੀ ਬਲੀ ਦੇਣ ਤੋਂ ਕੰਨੀ ਕਤਰਾਉਣਾ ਚਾਹੀਦਾ ਹੈ। ਅੰਬੀ ਦੇ ਬੂਟੇ ਨਾਲ ਸਬੰਧਿਤ ਮਾਹੌਲ ਨੂੰ ਪ੍ਰੋ. ਮੋਹਨ ਦੀ ਕਵਿਤਾ ‘ਅੰਬੀ ਦੇ ਬੂਟੇ ਥੱਲੇ’ ਦਾ ਕੋਈ ਜਵਾਬ ਨਹੀਂ। ਚੰਦ ਸ਼ਬਦ ਹੀ ਤੁਹਾਨੂੰ ਵੱਖਰੀ ਦੁਨੀਆਂ ’ਚ ਲਿਜਾਣ ਦੀ ਸ਼ਕਤੀ ਰੱਖਦੇ ਹਨ:
10404cd _dr_ balwinder singh lakhewaliਇੱਕ ਬੂਟਾ ਅੰਬੀ ਦਾ,
ਘਰ ਸਾਡੇ ਲੱਗਾ ਨੀ।
ਜਿਸ ਥੱਲੇ ਬਹਿਣਾ ਨੀ,
ਸੁਰਗਾਂ ਵਿੱਚ ਰਹਿਣਾ ਨੀ,
ਕੀ ਉਸ ਦਾ ਕਹਿਣਾ ਨੀ,
ਵੇਹੜੇ ਦਾ ਗਹਿਣਾ ਨੀ,
ਪਰ ਮਾਹੀ ਬਾਝੋਂ ਨੀ,
ਇਹ ਮੈਨੂੰ ਵੱਢਦਾ ਏ,
ਤੇ ਖੱਟਾ ਲੱਗਦਾ ਏ।
ਸੰਪਰਕ: 98142-39041

LEAVE A REPLY

Please enter your comment!
Please enter your name here