ਦਹਾਕਿਆਂ ਪੁਰਾਣੇ ਪਤ੍ਰਕਾਰ ਦਸਦੇ ਹਨ ਕਿ ਦੇਸ਼ ਦੀ ਅਰੰਭਕ ਪਤ੍ਰਕਾਰਿਤਾ ਪੁਰ ਲੋਕਾਂ ਦਾ ਅੰਧ-ਵਿਸ਼ਾਵਾਸ ਹੋਇਆ ਕਰਦਾ ਸੀ, ਉਹ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਲੈਂਦੇ ਸਨ ਕਿ ਜੋ ਕੁਝ ਪ੍ਰਿੰਟ ਮੀਡੀਆ ਵਿੱਚ ਛਪਦਾ ਅਤੇ ਇਲੈਕਟ੍ਰਾਨਿਕ ਮੀਡੀਆ ਪੁਰ ਪ੍ਰਸਾਰਤ ਹੁੰਦਾ ਹੈ, ਉਹ ਸਭ ਸੱਚ ਹੁੰਦਾ ਹੈ। ਇਸਦਾ ਕਾਰਣ ਇੱਕ ਸੀਨੀਅਰ ਪਤ੍ਰਕਾਰ ਨੇ ਨਿਜੀ ਗਲਬਾਤ ਵਿੱਚ ਦਸਿਆ ਕਿ ਜਦੋਂ ਉਨ੍ਹਾਂ ਨੇ ਚਾਰ-ਕੁ ਦਹਾਕੇ ਪਹਿਲਾਂ ਟੀਵੀ ਪਤ੍ਰਕਾਰਤਾ ਵਿੱਚ ਕਦਮ ਰਖਿਆ ਤਾਂ ਉਨ੍ਹਾਂ ਨੇ ਪਹਿਲਾਂ ਹੀ ਧਾਰ ਲਿਆ ਕਿ ਅਸੀਂ ਆਮ ਲੋਕਾਂ ਦਾ ਵਿਸ਼ਵਾਸ ਆਪਣੇ ਪ੍ਰਤੀ ਹੀ ਨਹੀਂ, ਸਗੋਂ ਆਪਣੇ ਕਿੱਤੇ, ਪਤ੍ਰਕਾਰਤਾ ਪ੍ਰਤੀ ਵੀ ਬਣਾਈ ਰਖਾਂਗੇ। ਇਸੇ ਧਾਰਣਾ ਦੇ ਅਧੀਨ ਹੀ ਅਸਾਂ ਫੈਸਲਾ ਲਿਆ ਕਿ ਬਿਨਾਂ ਕਿਸੇ ਸਬੂਤ ਦੇ ਨਾ ਤਾਂ ਕੁਝ ਲਿਖਣਾ ਹੈ, ਨਾ ਬੋਲਣਾ ਹੈ ਅਤੇ ਨਾ ਹੀ ਪ੍ਰਸਾਰਤ ਕਰਨਾ ਹੈ। ਜੇ ਕਿਸੇ ਵਲੋਂ ਆਪਣੇ ਨਿਜੀ ਤਥਾਂ ਦੇ ਅਧਾਰ ‘ਤੇ ਕੋਈ ਖਬਰ ਜਾਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸਦੇ ਸੰਬੰਧ ਵਿੱਚ ਆਪ ਜਾਂਚੇ-ਪਰਖੇ ਅਤੇ ਤਸਲੀ ਕੀਤੇ ਬਿਨਾਂ ਵਿਸ਼ਵਾਸ ਨਹੀਂ ਕਰਨਾ, ਜੇ ਕੋਈ ਕਿਸੇ ਦੇ ਵਿਰੁਧ ਤੱਥ ਜਾਂ ਬਿਆਨ ਦਿੰਦਾ ਹੈ ਤਾਂ ਉੁਨ੍ਹਾਂ ਤੱਥਾਂ ਪੁਰ ਦੂਜੇ ਪੱਖ ਦਾ ਜਵਾਬ ਵੀ ਜ਼ਰੂਰ ਲੈਣਾ ਅਤੇ ਇਸਦੇ ਨਾਲ ਹੀ ਦੇਣਾ ਹੈ। ਇਤਨਾ ਹੀ ਨਹੀਂ ਇਹ ਫੈਸਲਾ ਵੀ ਕੀਤਾ ਗਿਆ ਕਿ ਸਾਰੀਆਂ ਰਾਜਸੀ ਪਾਰਟੀਆਂ ਨਾਲ ਇੱਕ-ਸਮਾਨ ਸੰਬੰਧ ਰਖਣੇ ਤੇ ਵਿਹਾਰ ਕਰਨਾ ਹੈ। ਇਸ ਗਲ ਦਾ ਪੂਰਾ ਖਿਆਲ ਰਖਣਾ ਹੈ ਕਿ ਕੋਈ ਨੇਤਾ ਜਾਂ ਪਾਰਟੀ ਆਪਣੇ ਹਿਤਾਂ ਦੇ ਹੱਕ ਵਿੱਚ ਅਤੇ ਦੂਜੇ ਦੇ ਵਿਰੁਧ ਉਨ੍ਹਾਂ ਨੂੰ ਇਸਤੇਮਾਲ ਨਾ ਕਰ ਸਕੇ।
ਉਹ ਦਸਦੇ ਹਨ ਕਿ ਅੱਜ ਦਾ ਮੀਡੀਆ, ਭਾਵੇਂ ਉਹ ਪ੍ਰਿੰਟ ਹੈ ਜਾਂ ਇਲੈਕਟ੍ਰਾਨਿਕ, ਆਪਣੀਆਂ ਜ਼ਿਮੇਂਦਾਰੀ ਨਿਭਾਉਣ ਪੱਖੋਂ ਭਟਕ ਕੇ ਕੁਰਾਹੇ ਪੈ ਗਿਆ ਹੈ। ਉਹ ਇਹ ਭੁਲ ਗਿਆ ਹੈ ਕਿ ਉਸਦੇ ਸਿਰ ਤੇ ਲੋਕਤੰਤਰ ਦਾ ਚੌਥਾ ਅਤੇ ਮਜ਼ਬੂਤ ਸਤੰਭ ਹੋਣ ਦੇ ਵਿਸ਼ਵਾਸ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਹੈ। ਉਹ ਕਹਿੰਦੇ ਹਨ ਕਿ ਇਉਂ ਜਾਪਦਾ ਹੈ ਕਿ ਜਿਵੇਂ ਅੱਜ ਦੇ ਕਈ ਪਤ੍ਰਕਾਰ, ਭਾਵੇਂ ਉਹ ਟੀਵੀ ਐਂਕਰ ਹਨ ਜਾਂ ਸੰਵਾਦਦਾਤਾ (ਰਿਪੋਰਟਰ), ਪਤ੍ਰਕਾਰਤਾ ਦੀਆਂ ਸਾਰੀਆਂ ਮਾਨਤਾਵਾਂ ਨੂੰ ਭੁਲ ਤੇ ਉਸਦੀਆਂ ਸੀਮਾਵਾਂ ਉਲੰਗ, ਇੱਕ ਵਿਸ਼ੇਸ਼ ਰਾਜਸੀ ਪਾਰਟੀ ਦੇ ਜਨ ਸੰਪਰਕ ਅਧਿਕਾਰੀ ਬਣ ਗਏ ਹਨ। ਉਹ ਉਸ ਪਾਰਟੀ ਵਲੋਂ ਦਿੱਤੇ ਗਏ ਤੱਥਾਂ ਦੀ ਨਾ ਤਾਂ ਜਾਂਚ-ਪੜਤਾਲ ਕਰਦੇ ਹਨ ਤੇ ਨਾ ਹੀ ਉਨ੍ਹਾਂ ਦੀ ਸਚਾਈ ਤਲਾਸ਼ਣ ਲਈ, ਕੋਈ ਸੁਆਲ ਹੀ ਕਰਦੇ ਹਨ। ਉਸੇ ਪਾਰਟੀ ਵਲੋਂ ਦੂਜੀ ਪਾਰਟੀ ਪੁਰ ਲਾਏ ਗਏ ਦੋਸ਼ਾਂ ਦੀ ਵੀ ਬਿਨਾਂ ਪੁਣ-ਛਾਣ ਕੀਤੇ ਜਾਂ ਉਸਦੇ ਸੰਬੰਧ ਵਿੱਚ ਬਿਨਾ ਦੂਜੇ ਦਾ ਪੱਖ ਜਾਣੇ, ਅਗੇ ਵਧਾ ਦਿੰਦੇ ਹਨ। ਉਨ੍ਹਾਂ ਅਨੁਸਾਰ ਅੱਜ ਦੇ ਮੀਡੀਆ ਦੀਆਂ ਨਜ਼ਰਾਂ ਵਿੱਚ ਤਾਂ ਜੋ ਲੋਕੀ ਉਸਨੂੰ ਦਾਣਾ ਪਾਣ ਵਾਲੀ ਪਾਰਟੀ ਨਾਲ ਖੜੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ਦੇਸ਼ਧ੍ਰੋਹੀ। ਉਹ ਆਖਦੇ ਹਨ ਕਿ ਇਹੀ ਕਾਰਣ ਹੈ ਕਿ ਅੱਜ ਲੋਕੀ ਖੁਲ੍ਹੇ ਆਮ ਮੀਡੀਆ ਅਤੇ ਪਤ੍ਰਕਾਰਾਂ ਦੀ ਤੁਲਨਾ ਵੇਸ਼ਿਆਵਾਂ ਦੇ ਨਾਲ ਕਰਨ ਲਗੇ ਹਨ।
ਝੂਠ-ਸੱਚ ਬਨਾਮ ‘ਫੇਕ ਨਿਊਜ਼’: ਮੰਨਿਆ ਜਾਂਦਾ ਹੈ ਕਿ ਅੱਜ ਦਾ ਮੀਡੀਆ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੋਇਆ ਹੈ। ਇਸ ਦੌਰ ਵਿੱਚ ਉਹ ਇੱਕ ਨਵੇਂ ਤਰੀਕੇ ਨਾਲ ਝੂਠ ਨੂੰ ਸੱਚ ਬਣਾ, ਪੇਸ਼ ਕਰਨ ਲਗਾ ਹੈ। ਇਸ ਝੂਠ ਨੂੰੰ ਅੱਜ ਦੀ ਭਾਸ਼ਾ ਵਿੱਚ ‘ਫੇਕ ਨਿਊਜ਼’ ਕਿਹਾ ਜਾਂਦਾ ਹੈ। ਮਤਲਬ ਇਹ ਕਿ ਖਬਰ ਹੁੰਦੀ ਤਾਂ ‘ਫੇਕ’ ਅਰਥਾਤ ਅਧਾਰ-ਹੀਨ ਹੈ, ਪਰ ਮੀਡੀਆ ਉਸਨੂੰ ਲੋਕਾਂ ਸਾਹਮਣੇ ਇਸਤਰ੍ਹਾਂ ਪਰੋਸਦਾ ਹੈ, ਕਿ ਲੋਕੀ ਉਸਦੇ ਸੱਚਿਆਂ ਹੋਣ ਦਾ ਵਿਸ਼ਵਾਸ ਕਰ ਲੈਂਦੇ ਹਨ। ਇਸ ਸੰਬੰਧ ਵਿੱਚ ਮਨੋਵਿਗਿਆਨਕ ਵੀ ਵੰਡੇ ਹੋਏ ਹਨ। ਇੱਕ ਵਰਗ ਦੇ ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਜੋ ਖਬਰਾਂ ਸਾਡੀ ਪਹਿਲਾਂ ਤੋਂ ਹੀ ਬਣੀ ਹੋਈ ਸੋਚ ਨਾਲ ਮੇਲ ਖਾਂਦੀਆਂ ਹਨ ਜਾਂ ਉਸ ਸੋਚ ਨੂੰ ਪਕਿਆਂ ਕਰਦੀਆਂ ਹਨ, ਉਨ੍ਹਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ। ਜਦਕਿ ਦੂਜੇ ਵਰਗ ਦੇ ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਅਸੀਂ ਝੂਠੀਆਂ ਖਬਰਾਂ ਪੁਰ ਇਸ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ, ਕਿਉਂਕਿ ਅਸੀਂ ਤੱਥਾਂ ਦੀ ਜਾਂਚ-ਪੜਤਾਲ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਜਾਂ ਉਨ੍ਹਾਂ ਦੇ ਸੰਬੰਧ ਵਿੱਚ ਆਪਣੀ ਅਕਲ ਦੀ ਵਰਤੋਂ ਕਰਨ ਦੇ ਮੁੱਦੇ ‘ਤੇ ਆਲਸ ਕਰ ਜਾਂਦੇ ਹਾਂ। ਕੁਝ ਮਨੋਵਿਗਿਆਕਾਂ ਦੀ ਮਾਨਤਾ ਹੈ ਕਿ ‘ਫੇਕ ਨਿਊਜ਼’ ਵੱਖ-ਵੱਖ ਢੰਗ ਨਾਲ ਆਪਣੀ ਭੂਮਿਕਾ ਨਿਭਾਉਂਦੀ ਹੈ। ਇਹੀ ਕਾਰਣ ਹੈ ਕਿ ‘ਫੇਕ ਨਿਊਜ਼’ ਦਾ ਸਭ ਤੋਂ ਵੱਧ ਸ਼ਿਕਾਰ ਉਹੀ ਲੋਕੀ ਹੁੰਦੇ ਹਨ, ਜੋ ਕਿਸੇ ਵਿਚਾਰ ਵਿਸ਼ੇਸ਼ ਦੇ ਕਟੜ ਸਮਰਥਕ ਹੁੰਦੇ ਹਨ। ਉਹੀ ਲੋਕੀ ਅਜਿਹੀਆਂ ਖਬਰਾਂ ਦੇ ਪ੍ਰਚਾਰਕ ਤੇ ਪ੍ਰਸਾਰਕ ਵੀ ਬਣਦੇ ਹਨ। ਇਸਦੇ ਨਾਲ ਹੀ ਕਈ ਸਮਾਜ ਸ਼ਾਸਤ੍ਰੀ ਇਹ ਦਾਅਵਾ ਵੀ ਕਰਦੇ ਹਨ ਕਿ ‘ਫੇਕ ਨਿਊਜ਼’ ਕੋਈ ਨਵੀਂ ਗਲ ਨਹੀਂ, ਇਹ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਦਾ ਹੀ ਸਾਡੇ ਨਾਲ ਚਲਦੀ ਆ ਰਹੀ ਹੈ। ਜਿਸਨੂੰ ਕਿਸੇ ਸਮੇਂ ‘ਅਫਵਾਹ’ ਕਿਹਾ ਜਾਂਦਾ ਸੀ, ਉਹ ਵੀ ‘ਫੇਕ ਨਿਊਜ਼’ ਦਾ ਹੀ ਇੱਕ ਰੂਪ ਹੁੰਦਾ ਸੀ।
ਏਕਤਾ-ਅਖੰਡਤਾ ਦੇ ਪੈਰੋਕਾਰ: ਬੀਤੇ ਦਿਨੀਂ ਪੁਲਵਾਮਾ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫਲੇ ਪੁਰ ਅੱਤਵਾਦੀ ਆਤਮ-ਘਾਤੀ ਹਮਲਾ ਹੋਇਆ, ਜਿਸ ਵਿੱਚ ੪੦ ਤੋਂ ਵੱਧ ਜਵਾਨ ਮਾਰੇ ਗਏ। ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਇਸਦਾ ਕਾਰਣ ਇਹ ਸੀ ਕਿ ਇਹ ਜਵਾਨ ਕਿਸੇ ਨਿਜੀ ਸਵਾਰਥ ਲਈ ਉਥੇ ਤੈਨਾਤ ਨਹੀਂ ਸਨ, ਸਗੋਂ ਇਨ੍ਹਾਂ ਪੁਰ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਸੀ। ਇਸ ਕਰਕੇ ਇਨ੍ਹਾਂ ਦੀ ਸ਼ਹਾਦਤ ਪੁਰ ਸਾਰੇ ਦੇਸ਼ ਦਾ ਹਲੂਣਿਆ ਜਾਣਾ ਕੁਦਰਤੀ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਸੀ। ਜਿਸ ਕਾਰਣ ਦੇਸ਼ ਵਿੱਚ ਅੱਤਵਾਦੀਆਂ ਦੇ ਵਿਰੁਧ ਗੁੱਸਾ ਪੈਦਾ ਹੋਣਾ ਕੋਈ ਅਨੋਖੀ ਜਾਂ ਵਿਰਵੀ ਗਲ ਨਹੀਂ ਸੀ। ਪ੍ਰੰਤੂ ਦੁਖ ਦੀ ਗਲ ਇਹ ਹੋਈ ਕਿ ਇਸ ਘਟਨਾ ਦੇ ਫਲਸਰੂਪ ਕੁਝ ਲੋਕਾਂ ਦੀ ‘ਦੇਸ਼ ਭਗਤੀ’ ਕੁਝ ਵਧੇਰੇ ਹੀ ਉਭਰ ਕੇ ਸਾਹਮਣੇ ਆਉਣ ਲਗ ਪਈ। ਉਨ੍ਹਾਂ ਵਲੋਂ ਪਾਕਿਸਤਾਨ ਸਮਰਥਕ (ਸਪਾਂਸਰਡ) ਅੱਤਵਾਦੀਆਂ ਵਲੋਂ ਭਰਪਾਏ ਇਸ ਕਹਿਰ ਵਿਰੁਧ ਸਮੁਚੇ ਰੂਪ ਵਿੱਚ ਕਸ਼ਮੀਰੀਆਂ ਨੂੰ ਦੋਸ਼ੀ ਗਰਦਾਨ, ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰ ਕਰ ਪੇਟ ਪਾਲ ਰਹੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਆਪਣੀ ‘ਅਨ੍ਹੀਂ ਦੇਸ਼ ਭਗਤੀ’ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਗਿਆ, ਇਸਦਾ ਨਤੀਜਾ ਇਹ ਹੋਇਆ ਕਿ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੇ ਕਸ਼ਮੀਰ ਵਲ ਪਲਾਇਨ ਕਰ ਜਾਣ ਵਿੱਚ ਹੀ ਆਪਣੇ ਜਾਨ-ਮਾਲ ਦੀ ਸੁਰਖਿਆ ਮੰਨ ਕਸ਼ਮੀਰ ਵੱਲ ਪਲਾਇਨ ਕਰਨਾ ਸੁਰੂ ਕਰ ਦਿੱਤਾ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਰਾਜਸੀ ਹਲਕਿਆਂ ਵਲੋਂ ਇਨ੍ਹਾਂ ਘਟਾਨਾਵਾਂ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਜਾਣ ਲਗਾ ਕਿ ਅੰਨ੍ਹੀ ਦੇਸ਼ ਭਗਤੀ ਦੇ ਜੋਸ਼ ਵਿੱਚ ਆ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਨਾਲ ਇੱਕ ਤਾਂ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰਿਆਂ ਕੀਤਾ ਜਾਣ ਲਗਾ ਹੈ ਅਤੇ ਦੂਜੇ ਪਾਸੇ ਕਸ਼ਮੀਰ ਵਿੱਚ ਵੱਖਵਾਦ ਨੂੰ ਹਵਾ ਦੇਣ ਵਾਲੇ ਦੇਸ਼-ਦੁਸਮਣਾ ਨੂੰ ਤਾਕਤ ਦੇਣ ਵਿੱਚ ਸਕਾਰਥੀ ਭੂਮਿਕਾ ਨਿਭਾਈ ਜਾਣ ਲਗ ਪਈ ਹੈ। ਇਨ੍ਹਾਂ ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਧਰੇ ਅਪ੍ਰਤੱਖ ਰੂਪ ਵਿੱਚ ਉਹੀ ਕੁਝ ਤਾਂ ਨਹੀਂ ਕਰ ਰਹੇ, ਜੋ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਚਾਹੁੰਦੇ ਹਨ।

LEAVE A REPLY

Please enter your comment!
Please enter your name here