ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ

ਉਪਰੋਕਤ ਸਤਰਾਂ ਨੂੰ ਮਾਣਯੋਗ ਸੁਰਜੀਤ ਪਾਤਰ ਜੀ ਹੋਰਾਂ ਨੇ ਜਦੋਂ ਸਿਰਜਿਆ ਹੋਵੇਗਾ ਤਦ ਪੰਜਾਬ ਦੇ ਹਾਲਾਤ ਕੀ ਸਨ ਤੇ ਅੱਜ ਜਿਸ ਮੋੜ ਤੇ ਆਪਣਾ ਇਹ ਪੰਜਾਬ ਆਣ ਖੜੵਾ ਹੈ, ਅੱਜ ਮੁੜ ਫਿਰ ਉਹੀ ਸਤਰਾਂ ਚੇਤੇ ਆ ਗਈਆਂ। ਸ਼ਾਇਦ ਉਦੋਂ ਦੀ ਲੱਗੀ ਨਜ਼ਰ ਅੱਜ ਹੋਰ ਪਕੇਰੀ ਹੋ ਗਈ ਹੈ ਇਸਤੋਂ ਕੌੜੀਆਂ ਮਿਰਚਾਂ ਵਾਰਨ ਵਾਲਿਆਂ ਨੇ ਹੀ ਅੱਜ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਹੋਰ ਜ਼ਹਿਰੀਲਾ ਕਰ ਦਿੱਤਾ ਹੈ।

“ਕਾਲਾ ਧੰਦਾ ਕਰਨ ਵਾਲੇ ਵੀ , ਉਹ ਹਾਕਮ ਹੀ ਤਾਂ ਨਿੱਕਲੇ !
ਬਦਨਾਮੀਂ ਦੇ ਡਰੋਂ ਕਾਰੋਬਾਰ, ਹੁਣ ਚਿੱਟੇ ‘ਚ ਬਦਲ ਲਿਆ !! 

ਜੇਕਰ ਵੇਖਿਆ ਜਾਵੇ ਲੋਕ ਪਹਿਲਾਂ ਨਾਲੋਂ ਕੁਝ ਜਾਗਰੁਕ ਹੋਏ ਹਨ ਉਨੵਾਂ ਨੇ ਸਮੇਂ ਦੀ ਨਬਜ਼ ਨੂੰ ਪਕੜ, ਭਾਂਪ ਲਿਐ ਕਿ ਕਾਲੇ ਕਾਰਨਾਮੇ ਵਾਲੇ ਵੀ ਉਹੀ ਸਨ ਤੇ ਆਹ ਚਿੱਟੇ ਵਾਲੇ ਵੀ।
ਪੰਜਾਂ-ਆਬਾਂ ਵਾਲੇ ਏਸ ਪੰਜਾਬ ਵਿੱਚ ਵਗੇ ਛੇਵੇਂ ਦਰਿਆ ਨੇ ਪੰਜਾਬ ਦਾ ਪੈਸਾ, ਜਵਾਨੀ ਤੇ ਕਿਰਸਾਨੀ ਨੂੰ ਜੋ ਖੌਰਾ ਲਗਾਇਐ ਉਸਨੂੰ ਕਦੀਂ ਵੀ ਪੂਰਨ ਨਹੀਂ ਕੀਤਾ ਜਾ ਸਕਦਾ। ਵਿਲਕਦੀਆਂ ਮਾਵਾਂ ਦੇ ਜ਼ਿਗਰ ਦੇ ਟੁੱਕੜੇ ਉਨੵਾਂ ਦੀਆਂ ਅੱਖਾਂ ਦੇ ਸਾਮਣੵੇ ਹੀ ਢਹਿ-ਢੇਰੀ ਹੋ ਰਹੇ ਹਨ ਸੁਹਾਗਣਾਂ ਦੇ ਸੁਹਾਗ, ਭੈਣਾਂ ਦੇ ਵੀਰ ਤੇ ਨਿੱਕੜੇ ਬਾਲਾਂ ਦੇ ਬਾਪ ਕੋਈ ਏਸ ਚੰਦਰੀ ਅਲਾਮਤ ਤੋਂ ਬਚ ਨਹੀਂ ਸਕਿਆ।

“ਸਿਰ ਦੇ ਸਾਂਈ ਪੀ ਘਰ ਡੋਬਤਾ, ਮੈਂਡੀ ਕੱਖਾਂ ‘ਚ ਰੁਲੀ ਜਵਾਨੀ!
ਤੈਂ ਪੁੱਤਾ ਮੈਂਡਾ ਬੁਢੇਪਾ ਰੋਲਤਾ ਕਰ ਅੱਖਾਂ ਸਾਂਹਵੇ ਖਤਮ ਕਹਾਣੀ!!

ਦੋਸਤੋ ਆਪਣੇ ਹੱਸਦੇ-ਵੱਸਦੇ , ਲੁੱਡੀਆਂ ਪਾਉਦੇਂ ਤੇ ਕਦੇ ਪੰਜ ਆਬਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਮੇਰੇ ਓਸ ਖੁਸ਼ਹਾਲ਼ ਪੰਜਾਬ ਜੋ ਕਦੀ ਆਪਣੀ ਆਣ ਤੇ ਸ਼ਾਨ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਕਰਦਾ ਸੀ ਤੇ ਅੱਜ ਓਸ ਪੰਜਾਬ ਦੀ ਉਹ ਅਸਲ ਤਸਵੀਰ ਕੀ ਰਹਿ ਗਈ ਹੈ? ਉਹ ਅੱਜ ਤੁਹਾਡੇ ਸਭਨਾਂ ਦੇ ਸਨਮੁੱਖ ਹੈ। ਪੁਰਾਤਨ ਪੰਜਾਬ ਤੇ ਅਜੌਕੇ ਪੰਜਾਬ ਜਿਸ ਦੀ ਤੁਲਨਾ ਦਾ ਭੋਰਾ -ਭੋਰਾ ਬਿਆਨ ਮੈਂ ਆਪ ਅੱਗੇ ਕਰਾਂ ਤਾਂ ਬਹੁਤ ਪਰਤਾਂ ਖੁਲਣਗੀਆਂ ਤੇ ਅਨੇਕਾਂ ਹੀ ਸਫ਼ੇ ਭਰੇ ਜਾਣਗੇ। ਪਰ ਫਿਰ ਵੀ ਏਨਾਂ ਹਲਾਤਾਂ ਦੀ ਤਸਵੀਰ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਵਰਗ ਦੇ ਲੋਕਾਂ ਦੇ ਮਨੵਾਂ ਵਿੱਚ ਵੀ ਉੱਕਰ ਚੁੱਕੀ ਹੈ। ਜੋ ਅੱਜ ਪੰਜਾਬ ਦੇ ਜੋ ਹਾਲਾਤ ਨੇ ਇਸਤੋਂ ਸਭ ਭਲੀ ਭਾਂਤ ਵਾਕਿਫ਼ ਨੇ!
ਜ਼ਿਹਨ ਦੇ ਵਿੱਚ ਅਕਸਰ ਹੀ ਹਰ ਰੋਜ਼ ਏਸ ਤਰਾਂ ਦੇ ਵਿਚਾਰ ਉਤਪੰਨ ਹੁੰਦੇ ਰਹਿੰਦੇ ਨੇ ਕਿ ਏਸ ਸਭ ਵਿੱਚ ਕਿਸਦਾ ਕਸੂਰ ਹੈ…? ਬੇਸ਼ੱਕ ਅੱਜ ਜੇਕਰ ਆਪਾਂ ਆਪਣੇ ਆਲੇ ਦੁਆਲੇ ਝਾਤ ਮਾਰੀਏ ਤਾਂ ਪਹਿਲਾਂ ਨਾਲੋਂ ਲੋਕ ਜਿਆਦਾ ਪੜੇ ਲਿਖੇ ਹਨ ਭਾਵ ਸਿੱਖਿਆ ਦਾ ਮਿਆਰ ਤੇ ਪਸਾਰ ਵਧਿਆ ਹੈ । ਇਸਦੇ ਨਾਲ਼ ਹੀ ਹਰੀ ਕਾ੍ਤੀ ਦੇ ਆਉਣ ਕਾਰਨ ਕਈ ਕੰਮ ਸੁਖਾਲੇ ਵੀ ਹੋਏ ਨੇ…ਕਿਤੇ ਬਾਹਰ ਆਉਣ ਜਾਣ ਲਈ ਸਾਧਨਾਂ ਵਿੱਚ ਸਾਧਨਾਂ ਦਾ ਕਿੰਨਾਂ ਪ੍ਸਾਰ ਹੋਇਆ ਹੈ…..ਸਾਇੰਸ ਦੀਆਂ ਕਿੰਨੀਆਂ ਖੋਜਾਂ ਦੇ ਨਾਲ ਜੀਵਨ ਸੁਖਾਲਾ ਹੋਇਆ ਜਿਸ ਵਿੱਚ ਰੇਡੀਓ,  ਟੀ.ਵੀ, ਮੋਬਾਇਲ, ਸ਼ੋਸ਼ਲ ਮੀਡੀਆ, ਇੰਟਰਨੈੱਟ, ਵਗੈਰਾ ਵਗੈਰਾ….
ਐਪਰ … ? ਫੇਰ ਉਹੀ ਸਵਾਲ……ਕਿ ਏਨੀਆਂ ਤਰੱਕੀਆਂ ਦੇ ਬਾਵਜੂਦ ਜੇਕਰ ਓਸ ਪੰਜਾਬ ਦੇ ਨਾਲੋਂ ਅੱਜ ਝਾਤ ਮਾਰੀਏ ਤਾਂ ਫਿਰ ਉਨਾਂ ਕੀਤੀਆਂ ਗਈਆਂ ਤਰੱਕੀਆਂ ਦਾ ਕੀ ਫਾਇਦਾ ਹੋਇਆ…?
ਬਹੁਤ ਦੁਖੀ ਮਨ ਦੇ ਨਾਲ ਕਹਿਣਾ ਪੈ ਰਿਹਾ ਕਿ :-

* ਓਹ ਪੰਜ ਦਰਿਆ….ਅੱਜ ਨਸ਼ਿਆਂ ‘ਚ ਤਬਦੀਲ ਹੋ ਗਏ
ਨੇ ..!

* ਉਸ ਹਰੀ ਕਾ੍ਂਤੀ ਦੇ ਆਉਣ ਦੇ ਬਾਵਜੂਦ ਅੱਜ ਦੀ ਕਿਰਸਾਨੀ
ਕਿਸ ਕੰਡੇ ਆਣ ਖੜੀ ਹੈ…?

* ਮਲਟੀਮੀਡੀਆ, ਸ਼ੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਮੱਕੜ-
ਜ਼ਾਲ ਵਿੱਚ ਉਲਝਕੇ ਅੱਜ ਦਾ ਨੌਜਵਾਨ ਵਰਗ ਕਿੱਧਰ ਨੂੰ ਜਾ
ਰਿਹਾ ਹੈ…?

* ਵਿਅਕਤੀ ਦਾ ਸਰਵ-ਪੱਖੀ ਵਿਕਾਸ ਕਰਨ ਵਾਲੀਆਂ ਕਿਤਾਬਾਂ ਨੂੰ ਮੋਬਾਇਲ ਨੇ ਨਿਗਲ ਲਿਆ ਹੈ…ਇਸੇ ਕਾਰਨ ਬਹੁਤੇ ਪਿੰਡਾਂ ਸ਼ਹਿਰਾਂ ਦੀਆਂ  ਲਾਇਬਰੇਰੀਆਂ ਦੀ ਹਾਲਤ ਅਤਿ ਨਾਜੁਕ ਬਣੀ ਹੋਈ ਹੈ ਅੱਜ 90% ਨੋਜਵਾਨਾਂ ਦੇ ਹੱਥ ਸਸਤੀ ਕਿਤਾਬ ਦੀ ਬਜਾਏ ਮਹਿੰਗਾ ਮੋਬਾਇਲ ਹੀ ਨਜ਼ਰ ਆਵੇਗਾ … !

* ਸਿਆਸਤ ਅਤੇ ਧਰਮ ਦੀ ਆਪੋ-ਧਾਪੀ ਅਤੇ ਆਪਸੀ ਖਿੱਚੋਤਾਣ ਨੇ ਵੀ ਕਿਤੇ ਨਾ ਕਿਤੇ ਏਸ ਸਥਿਤੀ ਨੂੰ ਪ੍ਭਾਵਿਤ ਕੀਤਾ ਹੈ.. ਇਸ ਨਾਲ ਵੀ ਸਥਿਰ ਹੋਣ ਦੀ ਜਗੵਾ ਸਥਿਤੀ ਵੱਡੇ ਪੱਧਰ ਤੇ ਡਾਵਾਂਡੋਲ ਹੀ ਹੋਈ ਹੈ।

ਦੋਸਤੋ ਏਸ ਤੋਂ  ਬਿਨਾ ਕਾਰਨ  ਹੋਰ ਵੀ ਬਹੁਤ ਜਿਆਦਾ ਨੇ ਜਿੰਨੵਾਂ ਨੂੰ ਕਿਸੇ ਹੱਦ ਤੀਕ ਸੁਲਝਾਇਆ ਜਾਂ ਦਰੁੱਸਤ ਕੀਤਾ ਜਾ ਸਕਦੈ ਐਪਰ ਰਾਜਨੀਤੀ ਅਤੇ ਧਰਮ ਆਦਿ ਤੇ ਕਿਸੇ ਲਾਲਚ ਤੋਂ ਉਪਰ ਉੱਠ ਕੇ ਜੇਕਰ ਖੁੱਲੵ ਕੇ ਸਾਰਥਿਕ ਚਰਚਾ ਕੀਤੀ ਜਾਵੇ ਤੇ ਓਸ ਸਾਰਥਿਕ ਚਰਚਾ ਤੇ ਪੂਰਨ ਰੂਪ ਵਿੱਚ ਅਮਲ ਹੋਵੇ ਤਾਂ ਜਾ ਕੇ ਕੋਈ ਗੱਲ ਬਨਣੀਂ ਹੈ, ਤਾਂ ਜੋ ਸਾਡੇ ਗੁਰੂਆਂ ਪੀਰ-ਪੈਗੰਬਰਾਂ ਵਲੋਂ ਵਸਾਈ ਹੋਈ ਤੇ ਉਨਾਂ ਦਾ ਮਾਣ ਬਣੀ ਏਸ ਧਰਤ ਪੰਜਾਬ ਨੂੰ ਉਹੀ ਪਹਿਲਾਂ ਵਾਲਾ ਰੁਤਬਾ, ਮਾਣ ਤੇ ਸਤਿਕਾਰ ਬਹਾਲ ਕੀਤਾ ਸਕੇ। ਆਪਣੇ ਓਸ ਹੱਸਦੇ ਵੱਸਦੇ ਸੋਹਣੇ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ….ਏਸ ਲਈ ਆਪਾਂ ਸਭਨਾਂ ਨੂੰ ਹੀ ਰਲ ਕੇ ਕੋਈ ਨਾ ਕੋਈ ਸਾਰਥਿਕ ਹੱਲ ਲੱਭਣਾ ਪਵੇਗਾ।
ਆਪ ਸਭ ਦੋਸਤ ਹੀ ਬਹੁਤ ਜ਼ਹੀਨ ਤੇ ਬੁੱਧੀਜੀਵੀ ਹੋ, ਆਉ ਦੋਸਤੋ ਦਿਲਾਂ ਦੀ ਆਪਸੀ ਸਾਂਝ ਨੂੰ ਵਧਾ ਕੇ ਬਗੈਰ ਕਿਸੇ ਵੈਰ ਵਿਰੋਧ , ਪਿਆਰ ਅੋਰ ਖਲੂਸ ਦੇ ਨਾਲ ਆਪਣੇ ਅੰਦਰ ਝਾਤ ਮਾਰੀਏ, ਸਮਾਂ ਕੱਢ ਕੇ ਆਪਣੇ ਬਹੁਮੁੱਲੇ ਸਾਰਥਿਕ ਵਿਚਾਰਾਂ ਦਾ ਅਦਾਨ-ਪ੍ਦਾਨ ਕਰੀਏ ਤਾਂ ਜੋ ਕੋਈ ਅਜਿਹਾ ਰਾਹ ਲੱਭੀਏ ਜਿਸ ਨਾਲ ਆਪਣੇ ਪੰਜਾਬ ਦੀ ਬਦ ਤੋਂ ਬਦਤਰ ਬਣੀ ਅਜੋਕੀ ਤਸਵੀਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਮੈਨੂੰ ਆਸ ਹੀ ਨਹੀਂ ਪੂਰਨ ਭਰੋਸਾ ਵੀ ਹੈ ਕਿ ਆਪ ਸਭ ਦੋਸਤਾਂ ਦੇ ਸਾਰਥਿਕ ਵਿਚਾਰ ਏਸ ਮਸਲੇ ਦੇ ਹੱਲ ਲਈ ਸੇਧਮਈ ਤੇ ਸਹਾਈ ਹੋਣਗੇ।

” ਦੁਆ ਕਰੋ ਕਿ ਏਸ ਨਵੇਂ ਵਰੵੇ ਵਿੱਚ ਸੁੱਖ ਹੋਵੇ!
ਫੁੱਲਾਂ ਤੋਂ ਵੀ ਸੋਹਣਾ,ਪੰਜਾਬ ਮੇਰੇ ਦਾ ਮੁੱਖ ਹੋਵੇ

ਆਮੀਨ…!”

LEAVE A REPLY

Please enter your comment!
Please enter your name here