ਧਰਤੀ ਦੀ ਗੋਦ ਨੂੰ ਹਰੀ-ਭਰੀ ਤੇ ਸੁਹਜਮਈ ਬਣਾਈ ਰੱਖਣ ਅਤੇ ਜੀਵਨ ਚੱਕਰ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਕਈ ਪ੍ਰਕਾਰ ਦੀ ਬਨਸਪਤੀ ਤੇ ਅਨੇਕਾਂ ਕਿਸਮਾਂ ਦੇ ਰੁੱਖਾਂ ਦੇ ਰੂਪ ਵਿੱਚ ਸਾਨੂੰ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਜਿੱਥੇ ਇਹ ਤੋਹਫ਼ਾ ਮੁੱਢ ਕਦੀਮ ਤੋਂ ਹੀ ਮਨੁੱਖ ਸਮੇਤ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਓਟ ਆਸਰਾ ਬਣਦਾ ਆ ਰਿਹਾ ਹੈ, ਉੱਥੇ ਕੁਦਰਤ ਕਾਰਬਨ ਡਾਇਆਕਸਾਈਡ ਨੂੰ ਆਪਣੇ ਵਿੱਚ ਜਜ਼ਬ ਕਰਦਿਆਂ ਆਕਸੀਜਨ ਵਿੱਚ ਬਦਲ ਕੇ ਸਾਥੋਂ ਬਗੈਰ ਕੁਝ ਮੰਗਿਆਂ ਸਾਨੂੰ ਮੁਫ਼ਤ ਵਿੱਚ ਹੀ ਸਾਫ਼ ਸੁਥਰੇ ਸਾਹ ਬਖ਼ਸ਼ ਰਹੀ ਹੈ, ਜਿਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਅਸੰਭਵ ਹੈ। ਪਰ ਅੱਜ ਅਸੀਂ ਦਰੱਖਤਾਂ ਨੂੰ ਖ਼ਤਮ ਕਰਨ ਲਈ ਪੂਰਾ ਟਿੱਲ ਲਾ ਰਹੇ ਹਾਂ, ਜੋ ਮਨੁੱਖਤਾ ਦੀ ਹੋਂਦ ਲਈ ਖ਼ਤਰਨਾਕ ਰੁਝਾਨ ਹੈ।
ਰੁੱਖਾਂ ਦੀਆਂ ਕਈ ਨਸਲਾਂ ਜਿਵੇਂ ਪਿੱਪਲ, ਬੋਹੜ, ਟਾਹਲੀ, ਕਿੱਕਰ, ਫਲਾਹ,ਪੀਲੂ, ਗੋਰਖ, ਇਮਲੀ ਤੇ ਜੰਡ-ਕਰੀਰ ਆਦਿ ਤਾਂ ਲਗਪਗ ਲੁਪਤ ਹੀ ਹੋ ਚੁੱਕੇ ਹਨ।ਇਸ ਬਿਰਤੀ ਨਾਲ ਸਾਡੀ ਆਪਣੀ ਹੋਂਦ ਵੀ ਖ਼ਤਰੇ ਵਿੱਚ ਪੈਂਦੀ ਜਾ ਰਹੀ ਹੈ। ਜੇਕਰ ਅਸੀਂ ਆਪਣੇ ਵਤੀਰੇ ਵਿੱਚ ਤਬਦੀਲੀ ਨਾ ਲਿਆਂਦੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਵੀ ਚੁੱਕਣੇ ਪੈਣ। ਲੱਕੜ ਤੋਂ ਬਗੈਰ ਸਾਡਾ ਉੱਕਾ ਹੀ ਗੁਜ਼ਾਰਾ ਨਹੀਂ। ਇਸ ਲਈ ਜੇ ਲੱਕੜ ਦੀ ਪ੍ਰਾਪਤੀ ਲਈ ਰੁੱਖ ਵੱਢਣੇ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਥਾਂ ਨਵੇਂ ਰੁੱਖ ਲਾਉਣੇ ਉਸ ਤੋਂ ਵੀ ਵਧੇਰੇ ਜ਼ਰੂਰੀ ਹਨ।
ਸਾਨੂੰ ਸਭ ਨੂੰ ਆਪਣੇ ਘਰਾਂ, ਆਲੇ ਦੁਆਲੇ ਤੇ ਖਾਲੀ ਰਸਤਿਆਂ ਦੇ ਕਿਨਾਰਿਆਂ ’ਤੇ ਨਿੰਮ ਵਰਗੇ ਨਿਆਮਤ ਭਰੇ ਰੁੱਖਾਂ ਦੇ ਪੌਦੇ ਲਾ ਕੇ ਇਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਵੈਸੇ ਵੀ ਵੰਨ-ਸੁਵੰਨੇ ਖਾਧ ਪਦਾਰਥਾਂ ਦੇ ਲੰਗਰ ਲਾਉਣੇ ਸਾਡੀ ਆਸਥਾ ਦਾ ਇੱਕ ਵੱਡਾ ਹਿੱਸਾ ਬਣ ਚੁੱਕੇ ਹਨ। ਜੋ ਸਿਰਫ਼ ਰਸਮੀ ‘ਪੁੰਨ/ਸੇਵਾ’ ਹੀ ਹੈ, ਪਰ ‘ਬੂਟਾ ਪ੍ਰਸ਼ਾਦ’ ਵਰਤਾ ਕੇ ‘ਸਵੱਸਥ ਸੁਆਸਾਂ ਦਾ ਲੰਗਰ’ ਲਾਉਣਾ ਇੱਕ ਉਤਮ ਸੇਵਾ ਹੈ। ਸੋ ਆਓ! ਇਸ ਉਤਮ ਸੇਵਾ ਨਾਲ ਵੀ ਜੁੜੀਏ। ਵਰਖਾ ਰੁੱਤ ਦਾ ਆਗਾਜ਼ ਹੋ ਚੁੱਕਾ ਹੈ। ਜੰਗਲਾਤ ਵਿਭਾਗ ਤੇ ਹੋਰ ਨਰਸਰੀਆਂ ਵੱਖ-ਵੱਖ ਬੂਟਿਆਂ ਦੀ ਪਨੀਰੀ ਤਿਆਰ ਕਰਕੇ ਸਾਡਾ ਇੰਤਜ਼ਾਰ ਕਰ ਰਹੀਆਂ ਹਨ। ਬਹੁਤ ਸਾਰੀਆਂ ਧਾਰਮਿਕ/ ਸਮਾਜ ਸੇਵੀ ਸੰਸਥਾਵਾਂ ਭੇਟਾ ਰਹਿਤ ‘ਬੂਟਾ ਪ੍ਰਸ਼ਾਦ’ ਵੰਡ ਵੀ ਰਹੀਆਂ ਹਨ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਸਰਕਾਰ ਨੇ ਮੋਬਾਈਲ ਐਪ ‘ਆਈ-ਹਰਿਆਵਲ’ ਰਾਹੀਂ ਪ੍ਰਤੀ ਵਿਅਕਤੀ 25 ਬੂਟੇ ਮੁਫ਼ਤ ਦੇਣ ਦੀ ਵਿਵਸਥਾ ਕੀਤੀ ਹੋਈ ਹੈ। ਇਸ ਲਈ ਥਾਂ ਥਾਂ ‘ਸਵੱਸਥ ਸੁਆਸਾਂ ਦੇ ਲੰਗਰ’ ਚਾਲੂ ਹੋ ਜਾਣੇ ਚਾਹੀਦੇ ਹਨ। ਬੂਟੇ ਲਾਉਣ ਤੇ ਸੰਭਾਲਣ ਦੀ ਇਸ ਉੱਤਮ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਲਈਏ। ਖ਼ੁਸ਼ੀ ਜਾਂ ਹੋਰ ਮੌਕਿਆਂ ’ਤੇ ‘ਰੁੱਖ ਦੇ ਅਨੇਕਾਂ ਸੁੱਖ’ ਨੂੰ ਯਾਦ ਰੱਖ ਕੇ ‘ਬੂਟਾ ਪ੍ਰਸ਼ਾਦ’ ਗੋਲਕ ਵਿੱਚ ਇਨ੍ਹਾਂ ਦਰਵੇਸ਼ਾਂ ਲਈ ਥੋੜ੍ਹਾ ਬਹੁਤ ਫੰਡ ਜਟਾਉਣ ਦੀ ਲੋੜ ਵੀ ਪੈ ਜਾਏ ਤਾਂ ਵੀ ਇਹ ਸੌਦਾ ਉੱਕਾ ਹੀ ਮਹਿੰਗਾ ਨਹੀਂ ਸਗੋਂ ਇਸ ਸੌਦੇ ਦੇ ਹਰ ਪਾਸਿਓਂ ਫਾਇਦੇ ਹੀ ਫਾਇਦੇ ਹਨ।

LEAVE A REPLY

Please enter your comment!
Please enter your name here