ਅਜੋਕੇ ਸਮੇਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਤਕਰੀਬਨ ਹਰ ਇੱਕ ਵਿਅਕਤੀ ਵਿੱਚ ਸਹਿਣਸ਼ੀਲਤਾ ਘਟ ਰਹੀ ਹੈ ਅਤੇ ਉਹ ਸਿਰਫ਼ ਪੈਸੇ ਮਗਰ ਹੀ ਦੌੜ ਰਿਹਾ ਹੈ, ਕੰਮ ਹੀ ਉਸ ਦੀ ਜ਼ਿੰਦਗੀ ਬਣ ਚੁੱਕਿਆ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਪੈਸੇ ਦੀ ਅਹਿਮੀਅਤ ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਉਹ ਪੈਸੇ ਲਈ ਆਪਣੇ ਰਿਸ਼ਤੇ ਤਕ ਕਤਲ ਕਰ ਰਿਹਾ ਹੈ। ਅੱਜਕੱਲ੍ਹ ਦਾ ਇਨਸਾਨ ਹਰ ਕਿਸੇ ਦੀ ਕਹੀ ਭਲੀ ਗੱਲ ਦਾ ਵੀ ਗ਼ਲਤ ਮਤਲਬ ਕੱਢ ਲੈਂਦਾ ਹੈ, ਚਾਹੇ ਉਹ ਗੱਲ ਉਸ ਦੇ ਆਪਣੇ ਹੀ ਜਿਵੇਂ ਮਾਂ-ਪਿਓ, ਭੈਣ-ਭਰਾ ਜਾਂ ਫਿਰ ਕਿਸੇ ਕਰੀਬੀ ਰਿਸ਼ਤੇਦਾਰ ਜਾਂ ਮਿੱਤਰ ਨੇ ਹੀ ਕਿਉਂ ਨਾ ਆਖੀ ਹੋਵੇ। ਅਜੋਕੇ ਸਮੇਂ ਵਿੱਚ ਸਹਿਣਸ਼ੀਲਤਾ ਦੀ ਬਹੁਤ ਘਾਟ ਹੋ ਰਹੀ ਹੈ। ਕੋਈ ਵਿਰਲਾ ਹੀ ਹੋਵੇਗਾ ਜੋ ਆਪਣੇ ਮਾਪਿਆਂ ਦੀ ਆਖੀ ਹੋਈ ਗੱਲ ਝੱਟ ਮੰਨ ਜਾਵੇ। ਇਸੇ ਕਰਕੇ ਹੀ ਹਰ ਰਿਸ਼ਤੇ ਵਿੱਚ ਕੁੜੱਤਣ ਆ ਰਹੀ ਹੈ। ਕਈ ਰਿਸ਼ਤੇ ਇੰਨੇ ਨਾਜ਼ੁਕ ਹੁੰਦੇ ਹਨ ਕਿ ਉਨ੍ਹਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।

ਇਸ ਪਿੱਛੇ ਮੁੱਖ ਕਾਰਨ ਹਨ: ਪੈਸੇ ਦੀ ਵਧ ਰਹੀ ਅਹਿਮੀਅਤ ਅਤੇ ਸੰਚਾਰ ਦੇ ਸਾਧਨਾਂ ਦੀ ਬੇਲੋੜੀ ਵਰਤੋਂ। ਅਜੋਕੇ ਸਮੇਂ ਵਿੱਚ ਪੈਸੇ ਦੀ ਅਹਿਮੀਅਤ ਇੰਨੀ ਵਧ ਰਹੀ ਹੈ ਕਿ ਲੋਕ ਪੈਸੇ, ਜ਼ਮੀਨ-ਜਾਇਦਾਦ ਅਤੇ ਹੋਰ ਸੰਪਤੀ ਦੀ ਪ੍ਰਾਪਤੀ ਲਈ ਆਪਣੇ ਨਜ਼ਦੀਕੀ ਰਿਸ਼ਤਿਆਂ ਦਾ ਕਤਲ ਤਕ ਕਰ ਦਿੰਦੇ ਹਨ, ਚਾਹੇ ਉਹ ਰਿਸ਼ਤਾ ਕਿੰਨਾ ਵੀ ਪਵਿੱਤਰ ਅਤੇ ਨਜ਼ਦੀਕੀ ਕਿਉਂ ਨਾ ਹੋਵੇ। ਦੂਜਾ ਵੱਡਾ ਕਾਰਨ ਹੈ: ਸੰਚਾਰ ਦੇ ਸਾਧਨਾਂ ਦੀ ਹੋ ਰਹੀ ਬੇਲੋੜੀ ਵਰਤੋਂ। ਅਸੀਂ ਦੇਖ ਹੀ ਰਹੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਲੋਕ ਆਪਣੇ ਰਿਸ਼ਤੇਦਾਰਾਂ ਦਾ ਹਾਲ ਜਾਣਨ ਲਈ ਉਨ੍ਹਾਂ ਨੂੰ ਚਿੱਠੀਆਂ ਲਿਖਦੇ ਸਨ ਜੋ ਕਿ ਕਈ ਕਈ ਦਿਨਾਂ ਵਿੱਚ ਪਹੁੰਚਦੀਆਂ ਸਨ। ਰਿਸ਼ਤੇਦਾਰ ਵੀ ਉਸ ਚਿੱਠੀ ਦਾ ਜਵਾਬ ਬਹੁਤ ਹੀ ਸੋਹਣੇ ਤਰੀਕੇ ਨਾਲ ਦਿੰਦੇ ਸਨ। ਇਨ੍ਹਾਂ ਚਿੱਠੀਆਂ ਨੂੰ ਪੜ੍ਹ ਕੇ ਰੂਹਾਂ ਖ਼ੁਸ਼ ਹੋ ਜਾਂਦੀਆਂ ਸਨ। ਪਰ ਅੱਜਕੱਲ੍ਹ ਮੋਬਾਈਲ ਆ ਚੁੱਕੇ ਹਨ ਅਤੇ ਇੰਟਰਨੈੱਟ ਦਾ ਜ਼ਮਾਨਾ ਹੈ ਜਿਸ ਸਦਕਾ ਇੱਕ ਦੂਜੇ ਦੀ ਸਾਰ ਲੈਣਾ ਬਹੁਤ ਹੀ ਆਸਾਨ ਹੋ ਗਿਆ ਹੈ, ਪਰ ਹੁਣ ਦੇ ਸਮੇਂ ਵਿੱਚ ਲੋਕ ਆਪਣੇ ਸਮੇਂ ਨੂੰ ਬਚਾ ਕੇ ਕੰਮ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਕਈ ਵਾਰ ਫ਼ੋਨ ’ਤੇ ਝੂਠ ਬੋਲ ਦਿੰਦੇ ਹਨ। ਇਸ ਕਾਰਨ ਲੋਕਾਂ ਵਿੱਚ ਆਪਸੀ ਪਿਆਰ ਘਟ ਗਿਆ ਹੈ। ਇਉਂ ਜਾਪਦਾ ਹੈ ਜਿਵੇਂ ਇੱਕ ਦੂਜੇ ਲਈ ਸਿਰਫ਼ ਦਿਖਾਵੇ ਦਾ ਪਿਆਰ ਹੀ ਰਹਿ ਗਿਆ ਹੋਵੇ।
ਹੁਣ ਸਾਨੂੰ ਰਿਸ਼ਤੇ ਸੰਭਾਲਣ ਦੀ ਜ਼ਰੂਰਤ ਹੈ। ਆਓ, ਰਲ-ਮਿਲ ਕੇ ਆਪਣੇ ਸਾਰੇ ਹੀ ਨਜ਼ਦੀਕੀ ਅਤੇ ਨਾਜ਼ੁਕ ਰਿਸ਼ਤਿਆਂ ਨੂੰ ਸੰਭਾਲੀਏ। ਸਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸਾਡੇ ਮਾਪੇ ਸਾਡੇ ਲਈ ਜੋ ਵੀ ਕਰਦੇ ਹਨ, ਉਹ ਸਾਡੀ ਭਲਾਈ ਲਈ ਹੀ ਕਰਦੇ ਹਨ। ਚਾਹੇ ਉਹ ਸਾਨੂੰ ਝਿੜਕਣ ਜਾਂ ਬੁਰਾ ਬੋਲਣ, ਪਰ ਇਸ ਦਾ ਕਾਰਨ ਮਾਪਿਆਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਫ਼ਿਕਰਮੰਦੀ ਹੁੰਦੀ ਹੈ। ਉਨ੍ਹਾਂ ਦੇ ਇਸ ਵਿਵਹਾਰ ਵਿੱਚ ਵੀ ਸਾਡੇ ਲਈ ਪਿਆਰ ਦੀ ਭਾਵਨਾ ਲੁਕੀ ਹੁੰਦੀ ਹੈ। ਆਪਣੇ ਵੱਡੇ ਭੈਣ-ਭਰਾ ਜਾਂ ਹੋਰ ਰਿਸ਼ਤੇਦਾਰਾਂ ਅਤੇ ਮਿੱਤਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣੇ ਤੋਂ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਆਪਣੇ ਆਸ-ਪਾਸ ਸਮਾਜ ਵਿੱਚ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰੀਏ ਤਾਂ ਇੱਕ ਦਿਨ ਸਾਡਾ ਉਸ ਨਾਲ ਵੀ ਇਨਸਾਨੀਅਤ ਦਾ ਰਿਸ਼ਤਾ ਜ਼ਰੂਰ ਬਣ ਜਾਂਦਾ ਹੈ। ਸਾਨੂੰ ਹਮੇਸ਼ਾਂ ਹੀ ਇਸ ਗੱਲ ਉੱਤੇ ਅਮਲ ਕਰਨਾ ਚਾਹੀਦਾ ਹੈ: ‘‘ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ।’’
ਸੰਪਰਕ: 97808-53658

LEAVE A REPLY

Please enter your comment!
Please enter your name here