ਕੁਲਵਿੰਦਰ ਚਾਨੀ

ਬਸਤੀਵਾਦੀ ਕਾਲ ਤਕ ਭਾਰਤੀ ਲੋਕਾਂ ਦੇ ਮੰਨੋਰੰਜਨ ਦਾ ਸਾਧਨ ਮੰਦਿਰਾਂ ਵਿੱਚ ਹੁੰਦੇ ਨ੍ਰਿਤ, ਗੀਤਾਂ ਤੋਂ ਇਲਾਵਾ ਰਮਾਇਣ, ਮਹਾਂਭਾਰਤ, ਪਰੰਪਰਿਕ ਲੋਕ-ਨਾਟਕ ਅਤੇ ਹਰੀ ਕਥਾਵਾਂ ਆਦਿ ਪ੍ਰਮੁੱਖ ਸਾਧਨ ਸਨ। ਅੰਗਰੇਜ਼ੀ ਕਾਲ ਵਿੱਚ ਭਾਰਤ ਦੀ ਰਾਜਧਾਨੀ ਕਲਕੱਤਾ ਵਿੱਚ 1954 ਵਿੱਚ ਪਹਿਲੀ ਵਾਰ ਇੱਕ ਅੰਗਰੇਜ਼ੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਿਸ ਤੋਂ ਪ੍ਰਭਾਵਿਤ ਹੋ ਕੇ ਨਵ ਸਿੱਖਿਅਕ ਭਾਰਤੀ ਨੌਜਵਾਨਾਂ ਨੇ ਆਪਣਾ ਰੰਗਮੰਚ ਬਣਾਉਣ ਦਾ ਫ਼ੈਸਲਾ ਕੀਤਾ। ਇੱਕ ਨਾਟਕ ਕੰਪਨੀ ਖੋਲ੍ਹ ਕੇ ਪਾਰਸੀਆਂ ਨੇ ਇਸ ਕੰਮ ਵਿੱਚ ਪਹਿਲ ਕੀਤੀ ਅਤੇ ਹੌਲੀ-ਹੌਲੀ ਇਹ ਮੰਨੋਰੰਜਨ ਦਾ ਲੋਕਪ੍ਰਿਆ ਸਾਧਨ ਬਣ ਗਈ।
ਪਾਰਸੀ ਥਿਏਟਰ ਦਾ ਇਹ ਨਾਂ ਇਸ ਕਰਕੇ ਪਿਆ ਕਿਉਂਕਿ ਇਸ ਨਾਲ ਪਾਰਸੀ ਵਪਾਰੀ ਜੁੜੇ ਹੋਏ ਸਨ। ਉਹ ਇਸ ਉੱਪਰ ਪੈਸਾ ਖ਼ਰਚ ਕਰਦੇ ਸਨ। ਪਾਰਸੀ ਰੰਗਮੰਚ ਬ੍ਰਿਟੇਨ ਥਿਏਟਰ ਦੇ ਮਾਡਲ ਉੱਤੇ ਆਧਾਰਿਤ ਸੀ ਅਤੇ ਪੇਸ਼ਕਾਰੀ ਸਟੇਜ ਤੋਂ ਸਟੇਜ ਦੇ ਪਿੱਛੇ ਤਕ ਕੰਮ ਆਉਣ ਵਾਲੀ ਸਾਰੀ ਜਟਿਲ ਮਸ਼ੀਨਰੀ ਬ੍ਰਿਟੇਨ ਤੋਂ ਹੀ ਮੰਗਵਾਈ ਗਈ ਸੀ। ਪਾਰਸੀ ਥਿਏਟਰ ਨੇ ਆਪਣੀ ਕਥਾ ਕਹਿਣ ਲਈ ਪ੍ਰੰਪਰਾਗਤ ਗੀਤ, ਨ੍ਰਿਤ, ਇਤਿਹਾਸ-ਮਿਥਿਹਾਸ ਦੇ ਕੁਝ ਤੱਤ ਆਦਿ ਸਭ ਕੁਝ ਆਪਣੀ ਸ਼ੈਲੀ ਵਿੱਚ ਸ਼ਾਮਲ ਕਰ ਲਿਆ ਅਤੇ ਇਸ ਤਰ੍ਹਾਂ ਪਾਰਸੀ ਥਿਏਟਰ ਨੇ ਲੋਕ ਰੰਗਮੰਚ ਦਾ ਰੂਪ ਲੈ ਲਿਆ।
ਇਸ ਲੋਕ ਰੰਗਮੰਚ ਦੀਆਂ ਸਾਰੀਆਂ ਪੇਸ਼ਕਾਰੀਆਂ ਪੌਰਾਣਿਕ ਹੁੰਦੀਆਂ ਸਨ ਅਤੇ ਇਸ ਵਿੱਚ ਪ੍ਰੰਪਰਾਗਤ ਗੀਤਾਂ ਅਤੇ ਪ੍ਰਚੱਲਿਤ ਪ੍ਰਭਾਵੀ ਉਕਤੀਆਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਸੀ। ਭੁਲੇਖੇ ਤਹਿਤ ਇੱਕ ਵਿਅਕਤੀ ਨੂੰ ਦੂਜਾ ਵਿਅਕਤੀ ਮੰਨਣਾ, ਘਟਨਾਵਾਂ ਵਿੱਚ ਸੰਯੋਗ ਦੀ ਭੂਮਿਕਾ, ਜੋਸ਼ੀਲੇ ਭਾਸ਼ਣ, ਨਾਟਕੀ ਵਾਰਤਾਲਾਪ ਅਤੇ ਅੰਤ ਵਿੱਚ ਨਾਇਕ ਦੀ ਖਲਨਾਇਕ ਉੱਤੇ ਜਿੱਤ ਵਿਖਾਈ ਜਾਂਦੀ ਸੀ। ਇਸ ਵਿੱਚ ਗੀਤ-ਸੰਗੀਤ ਨਾਲ ਦ੍ਰਿਸ਼ ਨੂੰ ਹੋਰ ਰੁਮਾਂਚਕ ਬਣਾਇਆ ਜਾਂਦਾ ਸੀ।
ਆਧੁਨਿਕ ਰੰਗਮੰਚ ਅਤੇ ਫ਼ਿਲਮਾਂ ਤੋਂ ਪਹਿਲਾਂ ਮੰਨੋਰੰਜਨ ਦੇ ਕਲਾ ਮਾਧਿਅਮਾਂ ਵਿੱਚ ਆਲ੍ਹਾ ਕਵਾਲੀ ਆਦਿ ਪ੍ਰਮੱਖ ਸਨ, ਪ੍ਰੰਤੂ ਪਾਰਸੀ ਰੰਗਮੰਚ ਦੀ ਆਮਦ ਨਾਲ ਲੋਕਾਂ ਨੇ ਗੀਤਾਂ ਦੇ ਜ਼ਰੀਏ ਬਹੁਤ ਸਾਰੀਆਂ ਗੱਲਾਂ ਕਹਿਣ ਦੀ ਪਰੰਪਰਾ ਤੋਰੀ।
1954 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ ਦੇਸ਼ ਦੇ ਹਰ ਕੋਨੇ ਤੋਂ ਲੋਕ ਨਾਟਕ ਵੇਖਣ ਆਉਣ ਲੱਗੇ। ਪਾਰਸੀ ਥਿਏਟਰ ਵਿੱਚ ‘ਮੈਲੋਡਰਾਮਾ’ ਪ੍ਰਮੁੱਖ ਸੀ ਅਤੇ ਸੰਵਾਦ ਦੀ ਅਦਾਇਗੀ ਬੜੇ ਨਾਟਕੀ ਤਰੀਕੇ ਨਾਲ ਹੁੰਦੀ ਸੀ। ਪਾਰਸੀ ਥਿਏਟਰ ਦੀਆਂ ਆਪਣੀਆਂ ਹੀ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿੱਚੋਂ ਪਹਿਲੀ ਹੈ ਪਰਦਿਆਂ ਦਾ ਉਪਯੋਗ। ਵੱਖ-ਵੱਖ ਦ੍ਰਿਸ਼ਾਂ ਨੂੰ ਉਭਾਰਨ ਲਈ ਪਰਦਿਆਂ ਦਾ ਉਪਯੋਗ ਕੀਤਾ ਜਾਂਦਾ ਸੀ ਜਿਸ ਕਰਕੇ ਇਸ ਰੰਗਮੰਚ ਦਾ ਸਟੇਜ-ਸੱਜਾ ਕਠਿਨ ਹੁੰਦਾ ਸੀ। ਫ਼ਿਲਮਾਂ ਵਿੱਚ ਵਿਭਿੰਨ ਲੋਕੇਸ਼ਨਾਂ ਦਾ ਵਿਖਾਉਣਾ ਪਾਰਸੀ ਥਿਏਟਰ ਦੀ ਇਸ ਵਿਸ਼ੇਸ਼ਤਾ ਦਾ ਹੀ ਪ੍ਰਭਾਵ ਹੈ। ਨ੍ਰਿਤ ਅਤੇ ਗਾਇਨ ਦੀ ਮੌਜੂਦਗੀ ਪਾਰਸੀ ਰੰਗਮੰਚ ਨੂੰ ਪੱਛਮੀ ਥਿਏਟਰ ਨਾਲੋਂ ਵੱਖ ਕਰਦੀ ਹੈ। ਨਾਇਕ ਅਤੇ ਨਾਇਕਾ ਦੇ ਕੱਪੜਿਆਂ ਦੇ ਰੰਗਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇੱਕ ਹੋਰ ਬਹੁਤ ਹੀ ਅਹਿਮ ਅੰਗ ਹੈ ਗੀਤ। ਗੀਤ ਦਾ ਸਹਾਰਾ ਲੈ ਕੇ ਅਦਾਕਾਰ ਆਪਣੀਆਂ ਭਾਵਨਾਵਾਂ ਨੂੰ ਗੂੜ੍ਹੇ ਰੂਪ ਵਿੱਚ ਪੇਸ਼ ਕਰਦਾ ਹੈ।
80 ਸਾਲਾਂ ਤਕ ਪਾਰਸੀ ਥਿਏਟਰ ਅਤੇ ਉਸਦੇ ਕਈ ਰੂਪਾਂ ਨੇ ਮਨੋਰੰਜਨ ਦੇ ਖੇਤਰ ਵਿੱਚ ਆਪਣਾ ਸਿੱਕਾ ਜਮਾ ਕੇ ਰੱਖਿਆ। ਫ਼ਿਲਮਾਂ ਦੇ ਆਗਮਨ ਮਗਰੋਂ ਪਾਰਸੀ ਰੰਗਮੰਚ ਨੇ ਆਪਣੀ ਸਾਰੀ ਪਰੰਪਰਾ ਫ਼ਿਲਮਾਂ ਨੂੰ ਸੌਂਪ ਦਿੱਤੀ। ਅਨੇਕਾਂ ਪੇਸ਼ੇਵਰ ਨਾਇਕ, ਨਾਇਕਾਵਾਂ, ਨਿਰਦੇਸ਼ਕ, ਗੀਤਕਾਰ, ਸਹਾਇਕ ਕਲਾਕਾਰ ਤੇ ਸੰਗੀਤਕਾਰ ਸਿਨਮਾ ਦੇ ਖੇਤਰ ਵਿੱਚ ਆ ਗਏ ਜਿਨ੍ਹਾਂ ਵਿੱਚੋਂ ਪ੍ਰਿਥਵੀ ਰਾਜ ਕਪੂਰ ਅਤੇ ਸੋਹਰਾਬ ਮੋਦੀ ਵਰਗੇ ਨਾਮ ਜ਼ਿਕਰਯੋਗ ਹਨ।

ਸੰਪਰਕ : 97807-08788

LEAVE A REPLY

Please enter your comment!
Please enter your name here