ਡਾ. ਰਾਜਵੰਤ ਕੌਰ ਪੰਜਾਬੀ

 

 

ਹਿੰਦ-ਪਾਕਿ ਉਪਮਹਾਂਦੀਪ ਦੀ ਫ਼ਨਕਾਰਾ ਇਕਬਾਲ ਬਾਨੋ ਦੀ ਪੈਦਾਇਸ਼ ਕੌਮੀ ਬਟਵਾਰੇ ਤੋਂ ਪਹਿਲਾਂ 1935 ਵਿੱਚ ਦਿੱਲੀ ਵਿਖੇ ਹੋਈ ਤੇ ਉਸਦਾ ਬਚਪਨ ਰੋਹਤਕ ਵਿਖੇ ਗੁਜ਼ਰਿਆ। ਸੰਗੀਤ ਦੀ ਮੁੱਢਲੀ ਸਿੱਖਿਆ ਉਸ ਨੇ ਦਿੱਲੀ ਦੇ ਉਸਤਾਦ ਚਾਂਦ ਖਾਂ ਕੋਲੋਂ ਹਾਸਲ ਕੀਤੀ ਤੇ ਫਿਰ ਦਿੱਲੀ ਰੇਡੀਓ ਸਟੇਸ਼ਨ ਤੋਂ ਆਪਣੇ ਗਾਇਕੀ ਦੇ ਸਫ਼ਰ ਦਾ ਆਗਾਜ਼ ਕੀਤਾ। ਦੇਸ਼ ਵੰਡ ਸਮੇਂ ਉਸਨੂੰ ਪਰਿਵਾਰ ਨਾਲ ਪਾਕਿਸਤਾਨ ਜਾਣਾ ਪਿਆ। ਉੱਥੇ ਜਾ ਕੇ ਕਰੀਮ ਖਾਂ ਅਤੇ ਜ਼ਹੂਰ ਖਾਂ ਉਸਦੇ ਸੰਗੀਤਕ ਗੁਰੂ ਬਣੇ। ਲਫ਼ਜ਼ਾਂ ਦੀ ਗ਼ਲਤ ਅਦਾਇਗੀ ਵੇਲੇ ਉਹ ਉਸਤਾਦ ਤੋਂ ਕੁੱਟ ਵੀ ਖਾਂਦੀ ਰਹੀ। ਇਹੀ ਕਾਰਨ ਸੀ ਕਿ ਬਾਅਦ ਵਿੱਚ ਸਾਰੀ ਉਮਰ ਉਹ ਲਫ਼ਜ਼ਾਂ ਨੂੰ ਸਹੀ ਤਲੱਫੁਜ਼ ਨਾਲ ਅਦਾ ਕਰਦੀ ਰਹੀ। ਏਨਾ ਹੀ ਨਹੀਂ ਉਹ ਉਨ੍ਹਾਂ ਵਿੱਚ ਰਚੀ ਮੌਸੀਕੀ ਤੋਂ ਵੀ ਭਲੀ-ਭਾਂਤ ਜਾਣੂ ਹੁੰਦੀ। ਇਸ ਪ੍ਰਕਾਰ ਸੰਗੀਤ ਦੇ ਹੋਰ ਗੁਰ ਸਿੱਖ ਕੇ 14 ਸਾਲ ਦੀ ਉਮਰ ਵਿੱਚ ਉਸ ਨੇ ਪਿੱਠਵਰਤੀ ਗਾਇਕਾ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ 1950 ਦੇ ਦਹਾਕੇ ਵਿੱਚ ਪਾਕਿਸਤਾਨ ਦੀ ਫ਼ਿਲਮ ਇੰਡਸਟਰੀ ਵਿੱਚ ਪਿੱਠਵਰਤੀ ਗਾਇਕਾ ਵਜੋਂ ਆਪਣੀ ਵਿਸ਼ੇਸ਼ ਜਗ੍ਹਾ ਬਣਾਈ। 1957 ਵਿੱਚ ਉਸ ਨੇ ਲਾਹੌਰ ਆਰਟਸ ਕੌਂਸਲ ਵਿੱਚ ਪਹਿਲੀ ਵਾਰ ਦਰਸ਼ਕਾਂ ਦੇ ਇਕੱਠ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਰੇਡੀਓ ਪਾਕਿਸਤਾਨ ਲਈ ਇਕਬਾਲ ਬਾਨੋ ਨੇ ਨਿਰੰਤਰ ਗਾਇਆ। ਸ਼ੁਰੂ-ਸ਼ੁਰੂ ਵਿੱਚ ਸ਼ੌਕੀਆ ਲੋਕ ਗੀਤ ਗਾਉਂਦੀ ਰਹੀ। ਸ਼ਾਸਤਰੀ ਸੰਗੀਤ ਦੀ ਜਗ੍ਹਾ ਉਸਤਾਦ ਨੇ ਨੀਮ ਸ਼ਾਸਤਰੀ ਤੋਂ ਸਿਖਲਾਈ ਸ਼ੁਰੂ ਕੀਤੀ। ਠੁਮਰੀ, ਦਾਦਰਾ ਜਾਂ ਗ਼ਜ਼ਲ ਗਾਇਨ ਦੀ ਥਾਂ ਸਰਗਮ ਪਲਟੇ ਤੋਂ ਬਾਅਦ ਖ਼ਿਆਲ ਗਾਇਕੀ ਦੀ ਤਾਲੀਮ ਦੇਣੀ ਆਰੰਭੀ ਗਈ। ਪੂਰੇ ਸੰਗੀਤਕ ਸਫ਼ਰ ਦੌਰਾਨ ਬਾਨੋ ਦਾ ਬਹੁਤਾ ਰੁਝਾਨ ਹਲਕੀ-ਫੁਲਕੀ ਮੌਸੀਕੀ ਦੀ ਬਜਾਏ ਨੀਮ ਸ਼ਾਸਤਰੀ ਗੁਲੂਕਾਰੀ ਵੱਲ ਰਿਹਾ। ਠੁਮਰੀ ਤੇ ਦਾਦਰਾ ਨੇ ਨਾਲ-ਨਾਲ ਉਸ ਨੇ ਗ਼ਜ਼ਲ ਨੂੰ ਵੀ ਆਪਣੇ ਖ਼ਾਸ ਨੀਮ-ਸ਼ਾਸਤਰੀ ਅੰਦਾਜ਼ ’ਚ ਗਾਇਆ। ਆਪਣੇ ਮੁਲਕ ਤੋਂ ਬਿਨਾਂ ਭਾਰਤ, ਇਰਾਨ ਤੇ ਅਫ਼ਗਾਨਿਸਤਾਨ ਵਿੱਚ ਵੀ ਗ਼ਜ਼ਲ ਗਾਇਕੀ ਲਈ ਉਸਦਾ ਵੱਡਾ ਨਾਂ ਹੈ। ਕਾਲੇ-ਚਿੱਟੇ ਦੌਰ ਸਮੇਂ ਪੀ.ਟੀ.ਵੀ. ਦੇ ਪ੍ਰੋਗਰਾਮ ‘ਨਿਖਾਰ’ ਵਿੱਚ ਉਸ ਨੇ ਮਕਬੂਲ ਫ਼ਿਲਮੀ ਗੀਤਾਂ ਸਮੇਤ ਗ਼ਾਲਿਬ, ਫ਼ੈਜ਼ ਅਤੇ ਅਹਿਮਦ ਫ਼ਰਾਜ਼ ਦਾ ਕਲਾਮ ਗਾਇਆ ਜੋ ਉਸ ਪ੍ਰੋਗਰਾਮ ਦੇ ਹਜ਼ਾਰਾਂ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਅਹਿਮਦ ਫ਼ਰਾਜ਼ ਦੀ ਹਾਜ਼ਰੀ ਵਿੱਚ ਉਸ ਨੇ ਉਨ੍ਹਾਂ ਦੀ ਲਿਖੀ ਇਹ ਗ਼ਜ਼ਲ ਗਾਈ :
ਖ਼ਾਮੋਸ਼ ਹੋ ਕਿਉਂ, ਦਾਦ-ਏ-ਜਫ਼ਾ ਕਿਉਂ ਨਹੀਂ ਦੇਤੇ?
ਬਿਸਮਿਲ ਹੋ ਤੋ ਕਾਤਿਲ ਕੋ ਦੁਆ ਕਿਉਂ ਨਹੀਂ ਦੇਤੇ?
ਵਿਸ਼ਵ ਪ੍ਰਸਿੱਧ ਗਾਇਕ-ਗਾਇਕਾਵਾਂ ਵਿੱਚੋਂ ਫ਼ਰਾਜ਼ ਸਾਹਿਬ ਦੀ ਇੱਕ ਗ਼ਜ਼ਲ ‘ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ’ ਫ਼ਰੀਦਾ ਖ਼ਾਨੁਮ, ਮਹਿਦੀ ਹਸਨ, ਗ਼ੁਲਾਮ ਅਲੀ, ਰੂਨਾ ਲੈਲਾ, ਤਲਤ ਅਜ਼ੀਜ਼, ਜਗਜੀਤ ਸਿੰਘ-ਚਿਤਰਾ ਸਿੰਘ, ਆਸ਼ਾ ਭੌਸਲੇ ਅਤੇ ਅਨੁਰਾਧਾ ਪੌਡਵਾਲ ਨੇ ਗਾਈ, ਪਰ ਇਸ ਗ਼ਜ਼ਲ ਨੂੰ ਆਵਾਜ਼ ਦੇਣ ਵਾਲੇ ਮੁੱਢਲੇ ਕਲਾਕਾਰਾਂ ਵਿੱਚ ਇਕਬਾਲ ਬਾਨੋ ਦਾ ਨਾਂ ਆਉਂਦਾ ਹੈ। ਦਰਸ਼ਕਾਂ ਦੀ ਮੰਗ ’ਤੇ ਪ੍ਰੋਗਰਾਮ ‘ਨਿਖਾਰ’ ਵਿੱਚ ਹੀ ਇਕਬਾਲ ਬਾਨੋ ਨੇ ਕਤੀਲ ਸ਼ਫ਼ਾਈ ਦੀ ਲਿਖੀ ਇਹ ਗ਼ਜ਼ਲ ਗਾਈ ਸੀ:
ਉਲਫ਼ਤ ਕੀ ਨਈਂ ਮੰਜ਼ਿਲ ਕੋ ਚਲਾ ਤੂ ਬਾਹੇਂ ਡਾਲ ਕੇ ਬਾਹੋਂ ਮੇਂ
ਦਿਲ ਤੋੜਨੇ ਵਾਲੇ ਦੇਖ ਕੇ ਚਲ, ਹਮ ਭੀ ਤੋ ਪੜੇ ਹੈਂ ਰਾਹੋਂ ਮੇਂ
ਜਨਰਲ ਜ਼ਿਆ-ਉਲ-ਹੱਕ ਦੇ ਕਾਰਜਕਾਲ ਸਮੇਂ ਉਸਨੇ ਫ਼ੈਜ਼ ਦੇ ਕਲਾਮ ’ਤੇ ਲੱਗੀ ਬੰਦਿਸ਼ ਤੋੜੀ ਤੇ ਖ਼ੁਦ ਪ੍ਰਤੀਰੋਧ ਦੀ ਪ੍ਰਤੀਕ ਬਣ ਗਈ। ਫ਼ੈਜ਼ ਦਾ ਕਲਾਮ ਗਾ ਕੇ ਉਸਨੇ ਅਨਪੜ੍ਹ, ਪਰ ਸ਼ਾਇਰੀ ਨੂੰ ਪਿਆਰ ਕਰਨ ਵਾਲੀ ਲੋਕਾਈ ਨੂੰ ਰਾਜਨੀਤਕ ਅਤੇ ਸਮਾਜਿਕ ਪੱਖੋਂ ਚੇਤੰਨ ਕੀਤਾ। ਸਰਕਾਰ ਨੇ ਉਸਨੂੰ ਸਜ਼ਾ ਦਿੰਦਿਆਂ ਸਰਕਾਰੀ ਪ੍ਰੋਗਰਾਮ ਦੇਣੇ ਬੰਦ ਕਰ ਦਿੱਤੇ ਅਤੇ ਟੀ.ਵੀ. ਪ੍ਰੋਗਰਾਮਾਂ ’ਤੇ ਬੰਦਿਸ਼ ਲਗਾ ਦਿੱਤੀ। ਸਰਕਾਰ ਦੀ ਇਸ ਪ੍ਰਤੀਕਿਰਿਆ ਨੇ ਉਸਨੂੰ ਹੋਰ ਹਰਮਨਪਿਆਰਾ ਬਣਾ ਦਿੱਤਾ। ਉਸ ਦੀਆਂ ਕੈਸੇਟਾਂ ਬਲੈਕ ਵਿੱਚ ਵਿਕਣ ਲੱਗੀਆਂ। ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਾਇਰ ਫ਼ੈਜ਼ ਦੀ ਇਨਕਲਾਬੀ ਭਾਵਨਾਵਾਂ ਵਾਲੀ ਇੱਕ ਊਰਦੂ ਨਜ਼ਮ ‘ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ’ ਉਸ ਦੀ ਪਛਾਣ ਬਣ ਗਈ।
ਇਕਬਾਲ ਬਾਨੋ ਨੂੰ ਫ਼ਾਰਸੀ ਗ਼ਜ਼ਲਾਂ ਗਾਉਣ ਦਾ ਬੜਾ ਸ਼ੌਕ ਸੀ। ਇਸ ਲਈ ਉਸ ਨੇ ਫ਼ਾਰਸੀ ਜ਼ੁਬਾਨ ਸਿੱਖੀ। 1979 ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਗਵਾਲ ਲੋਕਾਂ ਵੱਲੋਂ ਕਰਵਾਏ ਜਾਂਦੇ ਸਾਲਾਨਾ ਸਭਿਆਚਾਰਕ ਮੇਲੇ ‘ਜਸ਼ਨ-ਏ-ਕਾਬੁਲ’ ਦੌਰਾਨ ਲੱਗਣ ਵਾਲੀਆਂ ਮਹਿਫ਼ਲਾਂ ਵਿੱਚ ਫ਼ਾਰਸੀ ਗ਼ਜ਼ਲਾਂ ਗਾ ਕੇ ਉਹ ਅਕਸਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਰਹੀ। ਜਦੋਂ ਉਹ ਸ਼ਾਇਰ ਬਾਕੀ ਸਿੱਦੀਕੀ ਦੀ ਗ਼ਜ਼ਲ ‘ਦਾਗ਼-ਏ-ਦਿਲ ਹਮਕੋ ਯਾਦ ਆਨੇ ਲਗੇ। ਲੋਗ ਅਪਨੇ ਦੀਏ ਜਲਾਨੇ ਲਗੇ’ ਗਾਉਂਦੀ ਸੀ ਤਾਂ ਸਮਾਂ ਬੰਨ੍ਹ ਦਿੰਦੀ ਸੀ। ਇਹ ਗ਼ਜ਼ਲ ਉਸਨੇ ਲਗਭਗ ਹਰ ਪੇਸ਼ਕਾਰੀ ਮੌਕੇ ਗਾਈ। ਗ਼ਜ਼ਲ ਗਾਇਕੀ ਦੀ ਗ੍ਰਿਫ਼ਤ ਜੇ ਢਿੱਲੀ ਨਹੀਂ ਹੋਈ ਤਾਂ ਇਸ ਦਾ ਸਬੱਬ ਇਕਬਾਲ ਬਾਨੋ ਜਿਹੀਆਂ ਗਾਇਕਾਵਾਂ ਤੇ ਗਾਇਕ ਹੀ ਹਨ। ਉਸ ਨੇ ਹਮੇਸ਼ਾਂ ਖ਼ਿਆਲ ਰੱਖਿਆ ਕਿ ਮੌਜੂਦਾ ਦੌਰ ਦੀ ਨੌਜਵਾਨ ਪੀੜ੍ਹੀ ਵੀ ਗ਼ਜ਼ਲ ਗਾਇਕੀ ਨੂੰ ਪਸੰਦ ਕਰੇ। ਇਸ ਲਈ ਜ਼ਮਾਨੇ ਨਾਲ ਮਿਲ ਕੇ ਚੱਲਣ ਦੀ ਜ਼ਰੂਰਤ ਸਵੀਕਾਰਦਿਆਂ ਉਸਨੇ ਅੱਵਾਮ ਦੇ ਮਿਜ਼ਾਜ ਮੁਤਾਬਕ ਗ਼ਜ਼ਲ ਗਾਇਕੀ ਨੂੰ ਆਧੁਨਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਵੀ ਖ਼ਿਆਲ ਰੱਖਿਆ ਕਿ ਗ਼ਜ਼ਲ ਦਾ ਮਿਜ਼ਾਜ ਨਾ ਬਦਲੇ ਤੇ ਗ਼ਜ਼ਲ, ਗ਼ਜ਼ਲ ਹੀ ਰਹੇ।
ਇਕਬਾਲ ਬਾਨੋ ਦੀ ਸੋਚ ਦਾ ਕੇਂਦਰ ਹਮੇਸ਼ਾਂ ਇਹ ਧਾਰਨਾ ਰਹੀ ਕਿ ਭਾਵੇਂ ਸ਼ਾਸਤਰੀ ਸੰਗੀਤ ਸਿੱਖਣਾ ਮੁਸ਼ਕਿਲ ਹੁੰਦਾ ਹੈ ਅਤੇ ਆਮ ਲੋਕ ਸ਼ਾਸਤਰੀ ਦੀ ਥਾਂ ਅਰਥ ਸ਼ਾਸਤਰੀ ਸੰਗੀਤ ਨੂੰ ਵਧੇਰੇ ਸਮਝਦੇ ਹਨ ਤੇ ਪਸੰਦ ਵੀ ਕਰਦੇ ਹਨ ਫਿਰ ਵੀ ਰਿਆਜ਼ ਸ਼ਾਸਤਰੀ ਤੋਂ ਹੀ ਹੁੰਦਾ ਹੈ ਕਿਉਂਕਿ ਉਸੇ ਤੋਂ ਪੁਖ਼ਤਗੀ ਆਉਂਦੀ ਹੈ।
ਪਾਕਿਸਤਾਨ ਟੈਲੀਵਿਜ਼ਨ ਦੀ ਇੱਕ ਬੜੀ ਵਧੀਆ ਰਵਾਇਤ ਹੈ ਕਿ ਉਸ ਵੱਲੋਂ ਕਿਸੇ ਵਿਸ਼ੇਸ਼ ਵਿਅਕਤੀ ਦੇ ਅਕਾਲ ਚਲਾਣੇ ਤੋਂ ਬਾਅਦ ਉਸਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਉਸਦੇ ਜੀਉਂਦੇ ਜੀਅ, ਉਸਦੀ ਹਾਜ਼ਰੀ ਵਿੱਚ ਸੰਗੀਤ ਖੇਤਰ ਨੂੰ ਦਿੱਤੀ ਦੇਣ ਸਬੰਧੀ ਰਿਕਾਰਡਿਡ ਅਤੇ ਲਾਈਵ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਪ੍ਰੋਗਰਾਮ ਇਕਬਾਲ ਬਾਨੋ ਦੇ ਸਤਿਕਾਰ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਸਾਜ਼ਾਂ ਤੋਂ ਬਗੈਰ ਮੁਲਤਾਨੀ ਕਾਫ਼ੀ ‘ਵਾਹ ਵੇ ਸੱਜਣ ਤੈਂਡੀ ਬੇਪਰਵਾਈ, ਤੈਂ ਕੂੰ ਅਸਾਡੀ ਖ਼ਬਰ ਨਾ ਕਾਈ’ ਗਾਈ ਸੀ।
ਇਹ ਸ਼ੋਹਰਤਯਾਫ਼ਤਾ ਗੁਲੂਕਾਰਾ ਲਾਹੌਰ ਵਿਖੇ 74 ਵਰ੍ਹਿਆਂ ਦੀ ਉਮਰ ਵਿੱਚ 21 ਅਪਰੈਲ, 2009 ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਲੈ ਗਈ। ਉਰਦੂ-ਪੰਜਾਬੀ ਫ਼ਿਲਮਾਂ ਵਿੱਚ ਉਸਦੇ ਗੀਤ ਅਤੇ ਗ਼ਜ਼ਲਾਂ ਪਾਕਿਸਤਾਨੀ ਅਤੇ ਵਿਸ਼ੇਸ਼ਕਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਅਹਿਮ ਮੀਲਪੱਥਰ ਮੰਨੇ ਜਾਂਦੇ ਹਨ। ਵਿਲੱਖਣ ਅੰਦਾਜ਼ ਵਿੱਚ ਗਾਈਆਂ ਅਰਧ ਸ਼ਾਸਤਰੀ ਉਰਦੂ ਗ਼ਜ਼ਲਾਂ, ਕਲਾਸੀਕਲ ਠੁਮਰੀਆਂ ਅਤੇ ਹਲਕੇ-ਫੁਲਕੇ ਫ਼ਿਲਮੀ ਗੀਤਾਂ ਦੀ ਬਦੌਲਤ ਸੰਗੀਤ ਵਿੱਚ ਦਿਲਚਸਪੀ ਰੱਖਣ ਵਾਲੇ ਸਰੋਤਿਆਂ ਦੇ ਦਿਲਾਂ ਵਿੱਚ ਉਹ ਅੱਜ ਵੀ ਜ਼ਿੰਦਾ ਹੈ।

ਸੰਪਰਕ: 85678-86223

LEAVE A REPLY

Please enter your comment!
Please enter your name here