ਬੀਰ ਇੰਦਰ ਸਿੰਘ ਬਨਭੌਰੀ ਸੁਨਾਮ

ਸੁਨਾਮ ਸ਼ਹਿਰ ਦੇ ਕੋਲੋਂ ਲੰਘਦੇ ਸਰਹਿੰਦ ਚੋਅ  ਕੋਲ ਖੜਾ ‘ਕੋਸ ਮੀਨਾਰ’ ਅਪਣੀ ਹੋਣੀ ਨੂੰ ਕੋਸ ਰਿਹਾ ਪ੍ਰਤੀਤ ਹੁੰਦਾ ਹੈ। ਬੀਤੇ ਸਮੇਂ ਰਾਹਗੀਰਾਂ ਦਾ ਰਾਹ ਦਸੇਰਾ ‘ਕੋਸ ਮੀਨਾਰ’ ਅੱਜ ਕਿਸੇ ਅਜਿਹੇ ਹਮਦਰਦ ਦੀ ਰਾਹ ਵੇਖ ਰਿਹਾ ਹੈ ਜੋ ਇਸਨੂੰ ਖੇਰੂੰ-ਖੇਰੂੰ ਹੋਣ ਤੋਂ  ਬਚਾ ਸਕੇ। ਇੱਥੋਂ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਸ਼ਹਿਰ ਵਿੱਚ ਸਦੀਆਂ ਪੁਰਾਣਾ ਕੋਸ ਮੀਨਾਰ ਮੌਜ਼ੂਦ ਹੈ। ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਉਹ ਇਸ ਨੂੰ ਰਾਵਣ ਦੀ ਸਮਾਧ ਜਾਂ ਲੰਕਾ ਕਰਕੇ ਹੀ ਜਾਣਦੇ ਹਨ। ਸੁਨਾਮ ਦੇ ਬਹੁਤ ਥੋੜੇ ਲੋਕ ਹਨ, ਜੋ ਇਸ ਮੀਨਾਰ ਦੀ ਇਤਿਹਾਸਕ ਮੱਹਤਤਾ ਜਾਣਦੇ ਹਨ ਤੇ ਉਹ ਸਰਕਾਰ ਪਾਸੋਂ ਇਸਨੂੰ ਵਿਰਾਸਤੀ ਕੌਮੀ ਜਾਇਦਾਦ ਐਲਾਨੇ ਜਾਣ ਲਈ ਯਤਨਸ਼ੀਲ ਵੀ ਹਨ। ਸੁਨਾਮ ਦਾ ਸੱਭਿਆਚਾਰਕ ਇਤਿਹਾਸ ਲਿਖਣ ਵਾਲੇ ਸਾਹਿਤਕਾਰ ਜੰਗੀਰ ਸਿੰਘ ਰਤਨ ਨੇ ਆਪਣੀ ਪੁਸਤਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ।
ਇਸ ਮੀਨਾਰ ਬਾਰੇ ਸੁਨਾਮ ਦੇ ਹੀ ਇੱਕ ਪੁਰਾਤਤਵ ਖੋਜੀ ਬਾਬੂ ਰਾਮੇਸ਼ਵਰ ਦਾਸ ਜਿੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਪੁਰਾਤਤਵ ਵਿਭਾਗ ਦੀ ਟੀਮ ਜੋ ਲਗਭਗ 1989 ਵਿੱਚ  ਡਾ. ਦਵਿੰਦਰ ਹਾਂਡਾ ਦੀ ਅਗਵਾਈ ਵਿੱਚ ਸੁਨਾਮ ਆਈ ਸੀ ਮੁਤਾਬਕ ਇਹ ਕੋਸ ਮੀਨਾਰ ਸੱਤਵੀਂ ਸਦੀ ਵਿੱਚ ਭਾਰਤ ’ਤੇ ਰਾਜ ਕਰਨ ਵਾਲੇ ਪ੍ਰਤੀਹਾਰਾ ਰਾਜਿਆਂ ਦੇ ਸਮੇਂ ਦਾ ਹੈ। ਸ਼੍ਰੀ ਜਿੰਦਲ ਨੇ ਇਤਿਹਾਸਕਾਰ ਫ਼ੌਜਾ ਸਿੰਘ ਦੀ ਪੁਸਤਕ ‘ਸਰਹੰਦ ਥਰੂ ਏਜਜ਼’ ਦਾ ਹਵਾਲਾ ਦਿੰਦਿਆ ਦੱਸਿਆ ਕਿ 322 ਬੀ.ਸੀ. ਵਿੱਚ ਜਦੋਂ ਭਾਰਤ ’ਤੇ ਮੌਰੀਆ ਵੰਸ਼ ਦਾ ਰਾਜ ਸੀ ਉਸ ਸਮੇਂ ਸੁਨਾਮ ਰਾਹੀਂ ਇੱਕ ਰਸਤਾ ਜਾਂਦਾ ਸੀ ਜੋ ਭਾਰਤ ਨੂੰ ਮੱਧ ਏਸ਼ੀਆ ਦੇ ਖਿੱਤੇ ਨਾਲ ਜੋੜਦਾ ਸੀ। ਇਸ ਦੀ ਲੰਬਾਈ 2500 ਕਿਲੋਮੀਟਰ ਦੇ ਲਗਭਗ ਸੀ। ਇਸ ਰਾਹ ਨੂੰ ਉੱਤਰ-ਪੱਥ ਜਾਂ ਰਾਜ ਪੱਥ ਵੀ ਕਿਹਾ ਜਾਂਦਾ ਸੀ। ਸ਼੍ਰੀ ਜਿੰਦਲ ਮੁਤਾਬਕ ਪ੍ਰਤੀਹਾਰਾ ਰਾਜਿਆਂ ਨੇ ਇਸ ਰਾਹ ’ਤੇ  ਕੋਸ ਮੀਨਾਰ ਬਣਵਾਏ ਸਨ। ਇਸ ਮੀਨਾਰ ਕੋਲ ਸਮੇਂ ਦਿਆਂ ਸ਼ਾਸਕਾਂ ਦੁਆਰਾ ਕੁਝ ਕਮਰੇ ਵੀ ਬਣਵਾਏ ਗਏ ਸਨ ,ਜਿਨ੍ਹਾਂ ਵਿੱਚ ਫ਼ੌਜੀ ਅਤੇ ਹੋਰ ਕਰਮਚਾਰੀ ਠਹਿਰਦੇ ਸਨ। ਮਾਰਗ ’ਤੇ ਹਰੇਕ ਕੋਹ ਬਾਅਦ ਇਨ੍ਹਾਂ ਮੀਨਾਰਾਂ ਦੀ ਉਸਾਰੀ ਕੀਤੀ ਗਈ ਸੀ। ਇਸ ਮਾਰਗ ਦੀ ਵਰਤੋਂ ਵਪਾਰੀ ਵੀ ਕਰਦੇ ਸਨ । ਬਾਬੂ ਜਿੰਦਲ ਅਨੁਸਾਰ ਇਸ ਮੀਨਾਰ ਨੂੰ ਲੰਕਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪਿਛਲੇ ਲਗਭਗ ਤਿੰਨ ਸੌ ਸਾਲਾਂ ਤੋਂ ਲੋਕ ਇਸ ਮੀਨਾਰ ਨੂੰ ਰਾਵਣ ਦੇ ਪੁਤਲੇ ਵਜੋਂ  ਮੰਨਦੇ ਹਨ। ਦੂਜਾ ਕਿਸੇ ਸਮੇਂ ਜਦੋਂ ਸਰਹਿੰਦੀ ਚੋਅ ਭਰ ਜਾਂਦਾ ਸੀ ਤਾਂ ਇਸ ਇਸ ਮੀਨਾਰ ਦੇ ਆਲੇ ਦੁਆਲੇ ਪਾਣੀ ਹੀ ਪਾਣੀ ਹੋ ਜਾਂਦਾ ਸੀ । ਇਕੱਲਾ ਮੀਨਾਰ ਹੀ ਪਾਣੀ ਵਿੱਚ ਖੜ੍ਹਾ ਨਜ਼ਰ ਆਉਂਦਾ ਸੀ, ਜਿਸ ਕਾਰਨ ਲੋਕ ਇਸ ਨੂੰ ਲੰਕਾਂ ਕਹਿਣ ਲੱਗ ਪਏ। ਸ਼੍ਰੀ ਜਿੰਦਲ ਮੁਤਾਬਕ ਇਸ ਮੀਨਾਰ ਦੀ ਸਾਂਭ ਸੰਭਾਲ ਅਤੇ ਇਸ ਨੂੰ ਕੌਮੀ ਵਿਰਾਸਤ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਉਹ ਸਮੇਂ ਸਮੇਂ  ਪ੍ਰਸ਼ਾਸਨ ਤੱਕ ਪਹੁੰਚ ਕਰ ਚੁੱਕੇ ਹਨ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਮਾਲਵਾ ਆਰਟਸ ਸਪੋਰਟਸ ਕਲਚਰ ਐਂਡ ਐਜੂਕੇਸ਼ਨਲ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਸੁਨਾਮ ਸ਼ਹਿਰ ਦੀਆਂ ਇਤਿਹਾਸਕ ਥਾਂਵਾਂ ਸਬੰਧੀ ਕੰਮ ਕਰਨ ਵਾਲੇ ਮੁਹੰਮਦ ਸਿੰਘ ਆਜ਼ਾਦ ਸਗੰਠਨ ਦੇ ਆਗੂ ਮਨਜੀਤ ਸਿੰਘ ਕੁੱਕੂ ਨੇ ਕਿਹਾ ਕਿ ਸਰਕਾਰ ਸੁਨਾਮ ਦੀਆਂ ਕਈ ਇਤਿਹਾਸਕ ਥਾਂਵਾਂ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਦੀ ਭੁੱਲ ਕਾਰਨ  ਇਹ ਇਤਿਹਾਸਕ ਯਾਦਗਾਰਾਂ ਤਹਿਸ ਨਹਿਸ  ਹੋ ਰਹੀਆਂ ਹਨ । ਸਾਹਿੱਤਕਾਰ ਜੰਗੀਰ ਸਿੰਘ ਰਤਨ, ਕਾਮਰੇਡ ਕਾਲੀ ਚਰਨ ਕੌਸ਼ਿਕ ਅਤੇ ਖੋਜਾਰਥੀ ਸ਼੍ਰੀ ਜਿੰਦਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ  ਇਸ ਪੁਰਾਤਨ ਮਾਰਗ ਦੀ ਖੋਜ ਕਰਵਾਈ ਜਾਵੇ ਤਾਂ ਜੋ ਇਤਿਹਾਸ ਦਾ ਇੱਕ ਨਵਾਂ ਅਧਿਆਏ ਸਾਹਮਣੇ ਆ ਸਕੇ।

LEAVE A REPLY

Please enter your comment!
Please enter your name here