ਰੋਮ ਇਟਲੀ

ਇਟਲੀ ਵਿੱਚ ਕੁਝ ਕੁ ਨਸ਼ਾ ਬਿਰਤੀ ਵਾਲੇ ਭਾਰਤੀ ਨੌਜਵਾਨਾਂ ਨੇ ਸ਼ਾਇਦ ਇਹ ਸਹੁੰ ਹੀ ਚੁੱਕੀ ਹੋਈ ਹੈ ਕਿ ਉਹ ਭਾਰਤ ਰਹਿਣ ਜਾਂ ਇਟਲੀ ਨਸ਼ਿਆਂ ਦੇ ਸੇਵਨ ਤੋਂ ਤੋਬਾ ਨਹੀਂ ਕਰਨਗੇ ਇਸ ਲਈ ਚਾਹੇ ਉਨ੍ਹਾਂ ਦੀ ਜਿੰਦਗੀ ਜਾਂਦੀ ਹੈ ਤਾਂ ਜਾਵੇ। ਅਜਿਹੇ ਆਪਣੀ ਹੀ ਜਿੰਦਗੀ ਦੇ ਦੁਸ਼ਮਣ ਭਾਰਤੀ ਨੌਜਵਾਨਾਂ ਨੂੰ ਹੁਣ ਤੱਕ ਇਟਲੀ ਦਾ ਕੋਈ ਵੀ ਸਮਾਜ ਸੇਵਕ ਜਾਂ ਸੰਸਥਾ ਸੁਧਾਰਨ ਲਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਕਿਉਂਕਿ ਇਨ੍ਹਾਂ ਨੌਜਵਾਨਾਂ ਨੂੰ ਸਮਝਾਉਣਾ ਔਖਾ ਹੀ ਨਹੀਂ ਸਗੋ ਨਾਮੁੰਮਕੀਨ ਹੈ। ਅਜਿਹੇ ਦੋ ਭਾਰਤੀ ਨੌਜਵਾਨਾਂ ਨੂੰ ਫੌਂਦੀ ਦੇ ਸਥਾਨਕ ਰੇਲਵੇ ਸਟੇਸ਼ਨ ‘ਤੇ ਇਟਲੀ ਦੀ ਪੁਲਸ ਯੁਨਿਟ ਕਾਰਾਬਿਨੇਰੀ ਨੇ ਨਸ਼ੇ ਦੇ ਵਪਾਰ ਦੇ ਜੁਰਮ ਹੇਠ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਕਾਬੂ ਕੀਤੇ ਇਨ੍ਹਾਂ ਦੋਵੇਂ ਨੌਜਵਾਨਾਂ ਕੋਲ ਰਹਿਣ ਦਾ ਕੋਈ ਠੋਸ ਟਿਕਾਣਾ ਨਹੀਂ ਹੈ। ਪੁਲਸ ਨੂੰ ਇਨ੍ਹਾਂ 24 ਸਾਲਾ ਅਤੇ 31 ਸਾਲਾ ਨੌਜਵਾਨਾਂ ਦੀਆਂ ਸਰਗਰਮੀਆਂ ‘ਤੇ ਸ਼ੱਕ ਹੋਣ ਨਾਲ ਇਨ੍ਹਾਂ ਦੀ ਜਾਂਚ ਪੜਤਾਲ ਲਈ ਰੋਕਿਆ ਗਿਆ। ਨਾਪੋਲੀ-ਰੋਮਾ ਇੰਟਰਰੀਜ਼ਨਲ ਟਰੇਨ ਵਿਚ ਸਫਰ ਕਰ ਰਹੇ ਇਨ੍ਹਾਂ ਨੌਜਵਾਨਾਂ ਦੇ ਨਾਲ ਪੁਲਸ ਕਰਮੀ ਵੀ ਸਫਰ ਕਰ ਰਹੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੀਆਂ ਸਰਗਰਮੀਆਂ ‘ਤੇ ਸ਼ੱਕ ਹੋਣ ਨਾਲ ਟਰੇਨ ਨੂੰ ਉਪਰੋਕਤ ਸਟੇਸ਼ਨ ‘ਤੇ ਰੋਕਿਆ ਗਿਆ। ਇਨ੍ਹਾਂ ਦੋਵੇਂ ਭਾਰਤੀ ਨੌਜਵਾਨਾਂ ਨੂੰ ਵਧੇਰੀ ਜਾਂਚ ਪੜਤਾਲ ਲਈ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ। ਸਥਾਨਕ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਵਿਚ ਰੇਡੀਓਲੋਜੀਕਲ ਟੈਸਟਾਂ ਦੇ ਅਧੀਨ ਇਨ੍ਹਾਂ ਦੇ ਸਰੀਰ ਦੇ ਗੁੱਦੇ (ਮਲ ਤਿਆਗ ਦਾ ਰਸਤਾ) ‘ਚ ਤਿੰਨ ਕੈਪਸੂਲਾਂ ਜੋ ਕਿ ਹੈਰੋਇਨ ਨਾਲ ਭਰੇ ਹੋਏ ਸਨ, ਦੀ ਹੌਂਦ ਨਜ਼ਰ ਆਈ। ਸਿਹਤ ਕਰਮਚਾਰੀਆਂ ਦੀ ਮਦਦ ਨਾਲ ਪੁਲਸ ਨੇ ਇਹ ਹੈਰੋਇਨ ਨਾਲ ਭਰੇ ਕੈਪਸੂਲ ਬਰਾਮਦ ਕਰ ਲਏ, ਜਿਨ੍ਹਾਂ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਫਿਲਹਾਲ ਇਨ੍ਹਾਂ ਨੌਜਵਾਨਾਂ ਨੂੰ ਲਾਤੀਨਾ ਜੇਲ ਵਿਚ ਅਦਾਲਤ ਦੇ ਅਗਲੇ ਹੁਕਮਾਂ ਤੱਕ ਰੱਖਿਆ ਗਿਆ ਹੈ। ਇਟਲੀ ਦੇ ਉੱਘੇ ਸਮਾਜ ਸੇਵਕ ਹਰਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਟਲੀ ਵਿੱਚ ਵੱਧ ਰਹੀ ਨਸ਼ਿਆਂ ਦੇ ਕਾਰੋਬਾਰ ਵਿੱਚ ਭਾਰਤੀ ਨੌਜਵਾਨਾਂ ਦੀ ਸਮੂਲੀਅਤ ਉਨ੍ਹਾਂ ਸਭ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਮਿੱਟੀ ਕਰ ਰਹੀ ਹੈ ਜਿਨ੍ਹਾਂ ਉੱਪਰ ਇਟਲੀ ਦੇ ਭਾਰਤੀ ਹਰ ਸਾਲ ਲੱਖਾਂ ਯੂਰੋ ਲਗਾਕੇ ਇਟਲੀ ਵਿੱਚ ਆਪਣੇ ਆਪ ਨੂੰ ਇਟਲੀ ਦੇ ਚੰਗੇ ਬਸਿੰਦੇ ਵਜੋਂ ਦਰਸਾਉਣਾ ਚਾਹੁੰਦੇ ਹਨ। ਜੇਕਰ ਜਲਦ ਇਸ ਪ੍ਰਤੀ ਭਾਰਤੀ ਭਾਈਚਾਰੇ ਨੇ ਸੰਜੀਦਗੀ ਨਾ ਦਿਖਾਈ ਤਾਂ ਨਤੀਜੇ ਚਿੰਤਾ ਜਨਕ ਹੋਣਗੇ।

LEAVE A REPLY

Please enter your comment!
Please enter your name here