10103481cd _sajjan_singh_rangroot_13aਖ਼ੇਤਰੀ ਸਿਨਮਾ ਚੁਟਕਲਿਆਂ, ਪ੍ਰੇਮ, ਕਾਲਪਨਿਕ ਤੇ ਮੁੰਬਈਆ ਕਹਾਣੀਆਂ ’ਚੋਂ ਬਾਹਰ ਨਿਕਲਦਾ ਹੋਇਆ ਪੰਜਾਬੀ ਸਾਹਿਤ, ਇਤਿਹਾਸਕ ਘਟਨਾਵਾਂ ਅਤੇ ਪੰਜਾਬੀ ਯੋਧਿਆਂ ਦੀਆਂ ਗਾਥਾਵਾਂ ਨੂੰ ਕਲਾਵੇ ’ਚ ਲੈਣ ਲੱਗਾ ਹੈ।  ਇੱਕ ਅਰਬ ਦੇ ਨੇੜੇ ਬਿਜਨਸ ਵਾਲੀ ਪੰਜਾਬੀ ਫ਼ਿਲਮ ਸਨਅਤ ਨਾਲ ਜੁੜੇ ਫ਼ਿਲਮਸਾਜ਼ ਸਮੇਂ ਨਾਲ ਹੁਣ ਇਹ ਗੱਲ ਸਵੀਕਾਰ ਕਰਨ ਲੱਗੇ ਹਨ ਕਿ ਸਿਨਮਾ ਦਾ ਮਤਲਬ ਸਿਰਫ਼ ਮਨੋਰੰਜਨ ਹੀ ਨਹੀਂ ਹੁੰਦਾ। ਸੰਚਾਰ ਦਾ ਇਹ ਸਭ ਤੋਂ ਵੱਡਾ ਮਾਧਿਅਮ ਆਪਣੇ ਖਿੱਤੇ ਦੀਆਂ ਕਹਾਣੀਆਂ, ਇਤਿਹਾਸਕ ਪ੍ਰਾਪਤੀਆਂ ਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਦਾ ਸਭ ਤੋਂ ਵੱਡਾ ਤੇ ਆਸਾਨ ਤਰੀਕਾ ਵੀ ਹੈ। ਅਜਿਹਾ ਕਰਕੇ ਉਹ ਪੰਜਾਬੀ ਸਿਨਮਾ ਨਾਲੋਂ ਟੁੱਟ ਚੁੱਕੇ ਦਰਸ਼ਕ, ਖ਼ਾਸਕਰ ਸ਼ਹਿਰੀ ਦਰਸ਼ਕਾਂ ਦਾ ਮੁੜ ਤੋਂ ਪੰਜਾਬੀ ਫ਼ਿਲਮਾਂ ਨਾਲ ਮੋਹ ਪੁਆ ਸਕਦੇ ਹਨ।  ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਉਪਰੋਕਤ ਸਤਰਾਂ ਦੀ ਹਾਮੀ ਭਰਦੀ ਹੈ। ਇਹ ਫ਼ਿਲਮ ਪੰਜਾਬੀ ਸਿਨਮਾ ਦੇ ਇਤਿਹਾਸ ਦੀ ਨਾ ਕੇਵਲ ਸਭ ਤੋਂ ਮਹਿੰਗੀ ਫ਼ਿਲਮ ਹੋਵੇਗੀ ਬਲਕਿ ਪਹਿਲੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਅਤੇ ਇਸ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀਆਂ ਖ਼ਾਸਕਰ ਪੰਜਾਬੀਆਂ ਦੇ ਯੋਗਦਾਨ ਨੂੰ ਪਹਿਲੀ ਵਾਰ ਪਰਦੇ ’ਤੇ ਪੇਸ਼ ਕਰਨ ਦਾ ਸਿਹਰਾ ਵੀ ਇਸੇ ਫ਼ਿਲਮ ਸਿਰ ਬੱਝੇਗਾ।
ਕੁਝ ਦਿਨ ਪਹਿਲਾਂ ਆਏ ਇਸ ਫ਼ਿਲਮ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ’ਤੇ ਤਰਥੱਲੀ ਮਚਾ ਦਿੱਤੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਇਹ ਝਲਕ ਰਿਹਾ ਹੈ ਕਿ ਪੰਜਾਬੀ ਸਿਨਮਾ ਵੀ ਹੁਣ ਹਿੰਦੀ ਸਿਨਮਾ ਵਾਂਗ ਦਮਖ਼ਮ ਰੱਖਣ ਲੱਗਾ ਹੈ। ਅੱਧੀ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੌਜਵਾਨ ਫ਼ਿਲਮਸਾਜ਼ ਪੰਕਜ ਬਤਰਾ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਇਸ ਵਿੱਚ ਫ਼ਿਲਮ ਦਿਲਜੀਤ ਦੁਸਾਂਝ, ਸੁਨੰਦਾ ਸ਼ਰਮਾ, ਯੋਗਰਾਜ ਸਿੰਘ, ਬਲਜਿੰਦਰ ਕੌਰ, ਜਰਨੈਲ ਸਿੰਘ, ਧੀਰਜ ਕੁਮਾਰ ਤੇ ਜਗਜੀਤ ਸੰਧੂ ਸਮੇਤ 50 ਤੋਂ ਵੱਧ ਯੂਰੋਪ ਦੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਇੰਗਲੈਂਡ ਦੇ ਬਾਹਰੀ ਹਿੱਸੇ ਅਤੇ ਰਾਜਸਥਾਨ ’ਚ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਫ਼ਿਲਮਾਈ ਗਈ ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ਦੇ ਇਤਿਹਾਸ ਦੇ ਪੰਨਿਆਂ ਨੂੰ ਪਰਦੇ ’ਤੇ ਲਿਆਉਂਦੀ ਹੈ। ਇਹ  ਇੰਗਲੈਂਡ ਅਤੇ ਜਰਮਨ ਦਰਮਿਆਨ 1914 ਤੋਂ 1919 ਤਕ ਚੱਲੀ ਜੰਗ ’ਚ ਸ਼ਹੀਦ ਹੋਏ 80 ਹਜ਼ਾਰ ਦੇ ਕਰੀਬ ਪੰਜਾਬੀ ਸੂਰਵੀਰਾਂ ਨੂੰ ਸ਼ਰਧਾਂਜਲੀ ਹੈ। ਫ਼ਿਲਮ ਜ਼ਰੀਏ ਇਸ ਜੰਗ ਦੇ ਅੰਦਰੂਨੀ ਅਤੇ ਬਾਹਰੀ ਤਣਾਅ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਸ ਜੰਗ ’ਚ ਸ਼ਹੀਦ ਹੋਣ ਵਾਲੇ ਪੰਜਾਬੀ ਸੂਰਵੀਰਾਂ ਦੇ ਪਿਛੋਕੜ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਅਜੋਕੀ ਪੀੜ੍ਹੀ ਅੱਗੇ ਰੱਖਣ ਦਾ ਯਤਨ ਕੀਤਾ ਗਿਆ ਹੈ।
ਬੇਸ਼ੱਕ ਇਸ ਫ਼ਿਲਮ ਦੀ ਭਾਸ਼ਾ ਪੰਜਾਬੀ ਹੈ, ਪਰ ਇਹ ਫ਼ਿਲਮ ਕਿਸੇ ਪੱਖੋਂ ਵੀ ਬੌਲੀਵੁੱਡ ਦੀਆਂ ਮਹਿੰਗੀਆਂ ਫ਼ਿਲਮਾਂ ਤੋਂ ਪਿੱਛੇ ਨਹੀਂ।  ਨਿਰਮਾਤਾ ਜੈ ਸਾਹਨੀ, ਸੋਹਨਾ ਸਾਹਨੀ ਅਤੇ ਬੌਬੀ ਬਜਾਜ ਵੱਲੋਂ ਬਣਾਈ ਗਈ ਇਸ ਫ਼ਿਲਮ ਦਾ ਸਕਰੀਨਪਲੇ ਨਿਰਦੇਸ਼ਕ ਪੰਕਜ ਬਤਰਾ ਅਤੇ ਗੁਰਪ੍ਰੀਤ ਪਲਹੇੜੀ ਵੱਲੋਂ ਸਾਂਝੇ ਤੌਰ ’ਤੇ ਲਿਖਿਆ ਗਿਆ ਹੈ। ਜਤਿੰਦਰ ਸ਼ਾਹ ਦੇ ਸੰਗੀਤ ਨਾਲ ਸ਼ਿੰਗਾਰੀ ਇਸ ਬਹੁ ਕਰੋੜੀ ਫ਼ਿਲਮ ਨੂੰ ਜੇਕਰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਡਾ ਹੁੰਗਾਰਾ ਮਿਲਦਾ ਹੈ ਤਾਂ ਇਸ ਨਾਲ ਪੰਜਾਬੀ ਸਿਨਮਾ ਦੇ ਦੂਜੇ ਫ਼ਿਲਮਸਾਜ਼ਾਂ ’ਚ ਵੀ ਅਜਿਹੇ ਵਿਸ਼ਿਆਂ ’ਤੇ ਫ਼ਿਲਮ ਬਣਾਉਣ ਦਾ ਉਤਸ਼ਾਹ ਪੈਦਾ ਹੋਵੇਗਾ।

ਸੰਪਰਕ: 95016-33900

Comments Off on ਇਤਿਹਾਸ ਦੇ ਪੰਨੇ ਮੁੜ ਫੋਲੇਗਾ ‘ਰੰਗਰੂਟ’

LEAVE A REPLY

Please enter your comment!
Please enter your name here