ਮਾਂ ਨਾਲੋਂ ਛੋਟਾ ਸ਼ਬਦ ਕੋਈ ਨਹੀਂ ਅਤੇ ਇਸ ਤੋਂ ਵੱਡੀ ਸ਼ਖਸੀਅਤ ਦਾ ਮਾਲਕ ਕੋਈ ਨਹੀਂ।ਮਾਂ ਦਾ ਜਿਗਰਾ ਬਹੁਤ ਵੱਡਾ ਹੁੰਦਾ ਹੈ।ਜਿਵੇਂ ਧਰਤੀ ਮਾਂ ਬਹੁਤ ਕੁਝ ਆਪਣੇ ਤੇ ਸਹਿਣ ਕਰ ਲੈਂਦੀ ਹੈ।ਮਾਂ,ਵਰਗਾ ਪਿਆਰ ਕੋਈ ਕਰ ਨਹੀਂ ਸਕਦਾ ਅਤੇ ਮਾਂ ਦੀ ਥਾਂ ਕੋਈ ਲੈ ਨਹੀਂ ਸਕਦਾ।ਬੱਚਾ ਮਾਂ ਦਾ ਖੂਨ ਲੈਕੇ ਪੇਟ ਵਿੱਚ ਪਲਦਾ ਹੈ।ਨੌ ਮਹੀਨੇ ਪੇਟ ਵਿੱਚ ਰੱਖਕੇ ਪਾਲਦੀ ਹੈ।ਉਸ ਤੋਂ ਬਾਦ ਹਰ ਤਕਲੀਫ਼ ਝੱਲਦੀ ਹੋਈ ਪਾਲਦੀ ਹੈ।ਉਹ ਇਸ ਕਰਕੇ ਹਰ ਤਕਲੀਫ਼ ਝੱਲਦੀ ਹੈ ਕਿ ਮੇਰਾ ਪੁੱਤ ਜਵਾਨ ਹੋਕੇ, ਮੇਰੀਆਂ ਤਕਲੀਫਾਂ ਖਤਮ ਕਰ ਦੇਵੇਗਾ।ਉਸ ਨੂੰ ਕਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਮੇਰਾ ਪੁੱਤ ਮੈਨੂੰ ਜਿਉਂਦੇ ਜੀ ਕਿੰਨੀ ਵਾਰ ਮਾਰੇਗਾ।
ਜਦੋਂ ਮਾਂ ਵਿੱਚ ਸਿਰਫ਼ ਨੁਕਸ ਹੀ ਵਿਖਾਈ ਦੇਣ ਲੱਗ ਜਾਣ ਤਾਂ ਮਾਂ ਨੂੰ ਪੁੱਤ ਕੋਹ ਕੋਹ ਕੇ ਮਾਰਦਾ ਹੈ।ਏਹ ਪੀੜ੍ਹ ਜਨੇਪੇ ਦੀਆਂ ਪੀੜ੍ਹਾਂ ਨਾਲੋਂ ਵੀ ਵਧੇਰੇ ਦਰਦ ਦੇਂਦੀਆਂ ਹਨ।ਜਨੇਪੇ ਦੀਆਂ ਪੀੜ੍ਹਾਂ ਵਿੱਚ ਬੱਚੇ ਦੇ ਆਉਣ ਦੀ ਖੁਸ਼ੀ ਹੁੰਦੀ ਹੈ ਅਤੇ ਬੱਚੇ ਨੂੰ ਬੁੱਕਲ ਵਿੱਚ ਲੈਕੇ ਸੱਭ ਕੁਝ ਭੁੱਲ ਜਾਂਦੀ ਹੈ।ਪਰ ਜਦੋਂ ਪੁੱਤ ਮਾਂ ਦੀ ਬੇਇਜ਼ਤੀ ਕਰਨ ਕਰਦਾ ਹੈ ਤਾਂ ਮਾਂ ਨੂੰ ਉਸਦੇ ਕਹੇ ਸ਼ਬਦਾਂ ਦਾ ਦਰਦ,ਉਸਨੂੰ ਜੰਮਣ ਵੇਲੇ ਝੱਲੀਆਂ ਪੀੜਾਂ ਦਾ ਦਰਦ ਅਤੇ ਪੁੱਤ ਦਾ ਆਪਣੇ ਤੋਂ ਦੂਰ ਹੋਣ ਦਾ ਦਰਦ ਝੱਲਣੇ ਪੈਂਦੇ ਨੇ।ਉਹ ਇੱਕ ਲਾਸ਼ ਵਾਂਗ ਤੁਰੀ ਫਿਰਦੀ ਹੈ।ਇੰਜ ਮਰਦੀ ਹੈ ਪੁੱਤ ਦੀ ਮਾਂ।
ਜਿਹੜਾ ਪੁੱਤ ਮਾਂ ਨੂੰ ਇੱਜ਼ਤ ਨਹੀਂ ਦੇ ਸਕਦਾ, ਪਤਨੀ ਦੇ ਕਹਿਣ ਤੇ ਮਾਂ ਲਈ ਭੱਦੇ ਲਫ਼ਜ਼ਾਂ ਦੀ ਵਰਤੋਂ ਕਰਦਾ ਹੈ,ਉਸ ਨਾਲੋਂ ਰੱਬ ਵੀ ਰੁੱਸ ਜਾਂਦਾ ਹੈ।ਮਾਂ ਪੁੱਤ ਨੂੰ ਅਸੀਸਾਂ ਦੇਂਦੀ ਨਹੀਂ ਥੱਕਦੀ ਪਰ ਜਦੋਂ ਮਾਂ ਦੀ ਰੂਹ ਰੋਂਦੀ ਹੈ ਤਾਂ ਉਸਦੀਆਂ ਅਸੀਸਾਂ ਦਾ ਪ੍ਰਵਾਹ ਵਹਿਣਾ ਬੰਦ ਹੋ ਜਾਂਦਾ ਹੈ।ਕਿਸੇ ਵੀ ਪਾਠ ਪੂਜਾ ਅਤੇ ਦਾਨ ਦਾ ਕੋਈ ਫਾਇਦਾ ਨਹੀਂ ਹੋਏਗਾ ਜੇਕਰ ਮਾਂ ਦੁੱਖੀ ਹੈ।ਜੇਕਰ ਮਾਂ ਬੋਲਦੀ ਹੈ ਤਾਂ ਉਸਦਾ ਕਿਹਾ ਗਲਤ ਅਤੇ ਉਸ ਉਪਰ ਬਵਾਲ ਖੜਾ ਹੋ ਜਾਂਦਾ ਹੈ ਜੇਕਰ ਚੁੱਪ ਰਹਿੰਦੀ ਹੈ ਤਾਂਵੀ ਨੁਕਸ ਕੱਢੇ ਜਾਂਦੇ ਹਨ।ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਕਿਸੇ ਵਿੱਚ ਨੁਕਸ ਕੱਢਣ ਦੀ ਸੋਚ ਰੱਖੀ ਹੋਵੇ ਤਾਂ ਫੇਰ ਉਸਦੀ ਹਰ ਗੱਲ ਵਿੱਚ ਹਰ ਕੰਮ ਖਾਮੀਆਂ ਹੀ ਵਿਖਾਈ ਦਿੰਦੀਆਂ ਹਨ।ਫੇਰ ਤਾਂ ਇੰਜ ਹੋਇਆ,”ਮੈਂ ਤੇਰੇ ਘਰ ਨਹੀਂ ਵੱਸਣਾ,ਰੋਟੀ ਖਾਂਦਿਆਂ ਤੇਰੀ ਦਾੜੀ ਹਿਲਦੀ ਹੈ”।ਜਦੋਂ ਮਾਂ ਨੂੰ ਵਾਰ ਵਾਰ ਮਾਰਦੇ ਹੋ ਤਾਂ ਤੁਹਾਡੀ ਇਨਸਾਨੀਅਤ ਖਤਮ ਹੁੰਦੀ ਜਾਂਦੀ ਹੈ।ਜਿਹੜੀਆਂ ਲੜਕੀਆਂ ਅਜਿਹਾ ਕਰਵਾਉਂਦੀਆ ਹਨ ਉਹ ਇੱਕ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਕਰ ਰਹੀਆਂ ਹੁੰਦੀਆਂ ਹਨ।ਜਦੋਂ ਉਹ ਮਾਂ ਦੀ ਬੇਇਜ਼ਤੀ ਕਰਨ ਵਿੱਚ ਸ਼ਰਮ ਨਹੀਂ ਕਰਦਾ ਤਾਂ ਤੁਹਾਡੀ ਅਤੇ ਤੁਹਾਡੇ ਮਾਪਿਆਂ ਦੀ ਵੀ ਕਰੇਗਾ।ਹੈਲਨ ਰੋਲੈਂਡ ਅਨੁਸਾਰ,”ਆਪਣੇ ਪੁੱਤ ਨੂੰ ਬੰਦਾ ਬਣਾਉਂਦਿਆਂ ਇੱਕ ਔਰਤ ਨੂੰ ਵੀਹ ਸਾਲ ਲੱਗ ਜਾਂਦੇ ਹਨ।ਦੂਸਰੀ ਉਸਨੂੰ ਵੀਹ ਮਿੰਟਾ ਵਿੱਚ ਮੂਰਖ ਬਣਾ ਦਿੰਦੀ ਹੈ।”ਜਦੋਂ ਪਤਨੀ, ਪਤੀ ਨੂੰ ਮੂਰਖ ਬਣਾ ਲੈਂਦੀ ਹੈ ਤਾਂ ਉਹ ਹਰ ਥਾਂ ਮੂਰਖਤਾ ਵਿਖਾਏਗਾ।
ਮਾਂ ਨੂੰ ਰੱਬ ਨੇ ਇਸ ਕਰਕੇ ਬਣਾਇਆ ਕਿਉਂਕਿ ਉਹ ਹਰ ਜਗ੍ਹਾ ਨਹੀਂ ਜਾ ਸਕਦਾ।ਮਾਂ ਜਦੋਂ ਆਪਣੀ ਬੁੱਕਲ ਵਿੱਚ ਲੈਣਾ ਬੰਦ ਕਰ ਦੇਵੇ ਜਾਂ ਤੁਸੀਂ ਮਾਂ ਦੀ ਬੁੱਕਲ ਵਿੱਚ ਬੈਠਣਾ ਬੰਦ ਕਰ ਦੇਵੋ ਤਾਂ ਇਹ ਸਮਝ ਜਾਵੋ ਕਿ ਤੁਸੀਂ ਰੱਬ ਤੋਂ ਦੂਰ ਜਾ ਰਹੇ ਹੋ।ਰਹਿਮਤਾਂ ਅਤੇ ਬਖਸ਼ਿਸ਼ਾਂ ਠਹਿਰ ਜਾਣਗੀਆਂ।ਜਦੋਂ ਤੁਸੀਂ ਮਾਂ ਦਾ ਅਪਮਾਨ ਕਰਦੇ ਹੋ ਤਾਂ ਤੁਹਾਡਾ ਬੁਰਾ ਵਕਤ ਆਉਣ ਦਾ ਅਤੇ ਬੁਰਾ ਵਕਤ ਚੱਲਣ ਦੇ ਆਸਾਰ ਹੁੰਦੇ ਹਨ।ਮਾਂ ਨੂੰ ਮਾਰਦੇ ਹੋ ਤਾਂ ਦੋਜ਼ਖ ਬਣਾ ਰਹੇ ਹੋ ਘਰ ਨੂੰ।ਫ਼ਿਦਾ ਬੁਖਾਰੀ ਨੇ ਤਾਂ ਮਾਂ ਦੀ ਸ਼ਾਨ ਵਿੱਚ ਇਥੋਂ ਤੱਕ ਕਹਿ ਦਿੱਤਾ,”ਮੈਂ ਜਦ ਸੁਣਿਆ ਰੱਬ ਨੇ ਮਾਂ ਦੇ ਪੈਰੀਂ ਜੰਨਤ ਰੱਖੀ,ਮੈਨੂੰ ਮੇਰਾ ਵਿਹੜਾ ਉੱਚਾ ਲੱਗਦਾ ਏ ਮੱਕੇ ਨਾਲੋਂ।”ਸੋਚਕੇ ਵੇਖੋ ਜਦੋਂ ਮਾਂ ਦੀ ਤੋਹੀਨ ਕਰਦੇ ਹੋ,ਉਹ ਨੂੰ ਘੁੱਟ ਘੁੱਟ ਕੇ ਮਰਨ ਲਈ ਮਜ਼ਬੂਰ ਕਰਦੇ ਹੋ ਤਾਂ ਤੁਸੀਂ ਕਿੰਨਾ ਵੱਡਾ ਗੁਨਾਹ ਕਰ ਰਹੇ ਹੁੰਦੇ ਹੋ।
ਮਾਂ ਨੇ ਆਪਣੇ ਖੂਨ ਨਾਲ ਪਾਲਿਆ ਹੁੰਦਾ ਹੈ।ਮਾਂ ਦੇ ਰਿਸ਼ਤੇ ਦਾ ਕੋਈ ਬਦਲ ਨਹੀਂ ਹੋ ਸਕਦਾ।ਹਰ ਕੋਈ ਤੁਹਾਡੀ ਕਮਾਈ ਪੁੱਛੇਗਾ,ਸਿਰਫ਼ ਇੱਕ ਮਾਂ ਹੀ ਹੈ ਜੋ ਏਹ ਪੁੱਛੇਗੀ ਕਿ ਪੁੱਤ ਰੋਟੀ ਖਾਧੀ।ਤੁਸੀਂ ਉਸ ਮਾਂ ਨੂੰ ਜਿਉਂਦੇ ਜੀ ਮਾਰਦੇ ਹੋ।ਓਮ ਪ੍ਰਕਾਸ਼ ਗਾਸੋ ਅਨੁਸਾਰ,”ਮਾਂ ਦਾ ਰਿਸ਼ਤਾ ਆਪਣੀ ਭਾਵਾਤਮਿਕਤਾ ਕਾਰਨ ਅੱਜ ਵੀ ਸਰਬੋਤਮ ਬਣਿਆ ਹੋਇਆ ਹੈ।ਮਾਂ ਇੱਕ ਗੁਣ ਹੈ ਤੇ ਮਾਂ ਦੀ ਮਹਾਨਤਾ ਨੂੰ ਸਵੀਕਾਰ ਕਰਨ ਵਾਲੀ ਭਾਵਨਾ ਨੂੰ ਗਿਆਨ ਆਖਿਆ ਜਾ ਸਕਦਾ ਹੈ”।ਜੋ ਮਾਂ ਦੇ ਪਿਆਰ ਅਤੇ ਭਾਵਨਾਵਾਂ ਨੂੰ ਨਹੀਂ ਸਮਝਦੇ ਉਹ ਮੂਰਖ ਹੁੰਦੇ ਹਨ,ਜਿਹੜੇ ਮਾਵਾਂ ਦੀਆਂ ਭਾਵਨਾਵਾਂ ਅਤੇ ਪਿਆਰ ਦੇ ਵਿਰੁੱਧ ਕੰਨ ਭਰਨ ਦਾ ਕੰਮ ਕਰਦੇ ਹਨ ਉਹ ਮਹਾਂ ਮੂਰਖ ਅਤੇ ਜਾਨਵਰ ਤੋਂ ਵੀ ਮਾੜੀ ਬਿਰਤੀ ਦੇ ਹੁੰਦੇ ਹਨ।ਅਸਲ ਵਿੱਚ ਸੰਸਾਰ ਤੋਂ ਜਾਣ ਤੋਂ ਪਹਿਲਾਂ ਇੰਜ ਮਰਦੀ ਹੈ ਮਾਂ।ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।