ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਉੁਹ ਲੋਕ-ਹਿੱਤਾਂ ਲਈ ਲੜੇ ਜਾਂਦੇ ਸਾਰੇ ਲੋਕ-ਘੋਲਾਂ ਵਿੱਚ ਹਿੱਸਾ ਲੈਂਦਾ ਹੈ।  ਉਸ ਦਾ ਮੰਨਣਾ ਹੈ ਕਿ ਸੰਗ੍ਰਾਮ ਕਰਕੇ ਹੀ ਕੁਝ ਰਾਹਤ ਮਿਲਦੀ ਹੈ ।  ਇਸੇ ਕਰਕੇ ਹੀ ਉਹ ਜਿੱਥੇ ਕਈ ਜੱਥੇਬੰਦੀਆਂ ਦਾ ਫਾਊੂਂਡਰ-ਮੈਂਬਰ ਹੈ, ਉਥੇ ਅਧਿਆਪਕਾਂ ਅਤੇ ਹੋਰ ਸਾਰੇ ਮੁਲਾਜ਼ਮਾਂ ਦੀ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਤਹਿਸੀਲ ਬਟਾਲਾ ਦਾ ਜਨਰਲ ਸਕੱਤਰ ਹੈ । ਸਾਹਿਤਕ ਹਲਕਿਆਂ ਵਿੱਚ ਉਹ, ‘ਲੋਕ ਲਿਖਾਰੀ ਸਭਾ ਕਾਦੀਆਂ’ ਦਾ ਜਨਰਲ ਸੈਕਟਰੀ, ‘ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ’ ਦਾ ਸੰਯੋਜਕ ਅਤੇ ‘ਜ਼ਿਲਾ ਸਾਹਿਤ ਕੇਂਦਰ ਗੁਰਦਾਸਪੁਰ’ ਦਾ ਪ੍ਰੈੱਸ ਸਕੱਤਰ ਹੈ । ਮੇਰੀ ਮੁਰਾਦ ਹੈ, ਗੁਰਪ੍ਰੀਤ ਸਿੰਘ ਰੰਗੀਲਪੁਰ ਨਾਮੀ ਓਸ ਸਖ਼ਸ਼ ਤੋਂ, ਜੋ ਦੱਸਦਿਆਂ ਬੜੇ ਮਾਣ ਨਾਲ ਕਹਿੰਦਾ ਹੈ, ‘ਮੈਂ ਲਿਖਣ ਦੇ ਖੇਤਰ ਵਿੱਚ ਉਸਤਾਦ ਸ੍ਰ: ਸੁਲੱਖਣ ਸਰਹੱਦੀ ਜੀ ਨੂੰ ਅਤੇ ਸੰਘਰਸ਼ ਦੇ ਖੇਤਰ ਵਿੱਚ ਸ੍ਰ: ਮੱਖਣ ਕੁਹਾੜ ਜੀ ਨੂੰ ਗੁਰੂ ਮੰਨਦਾ ਹਾਂ ।’

       ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਰੰਗੀਲਪੁਰ ਵਿਚ 1981 ਨੂੰ ਜਨਮ ਲੈਣ ਵਾਲੇ, ਇੰਨਕਲਾਬੀ ਅਤੇ ਸਾਹਿਤਕ-ਸੁਰ ਦੇ ਮਾਲਕ ਗੁਰਪ੍ਰੀਤ ਨੇ  10- ਵੀਂ ਸ. ਸੀਨੀ. ਸੈਕੰ. ਸਕੂਲ.ਜੈਤੋ ਸਰਜਾ ਤੋਂ, 12-ਵੀਂ ਸ. ਸੀਨੀ. ਸੈਕੰ. ਸਕੂਲ, ਵਡਾਲਾ ਗ੍ਰੰਥੀਆਂ ਤੋਂ ਕਰਨ ਉਪਰੰਤ ਬੀ. ਏ. ਦੀ ਡਿਗਰੀ ਐੱਸ. ਐੱਲ. ਬਾਵਾ ਡੀ. ਏ. ਵੀ. ਕਾਲਜ਼ ਬਟਾਲਾ ਤੋਂ : ਬੀ.-ਐੱਡ., ਡੀ. ਐੱਮ. ਕਾਲਜ਼ ਆਫ ਐਜ਼ੂਕੇਸ਼ਨ ਮੋਗਾ ਤੋਂ ;  ਐੱਮ. ਏ. (ਹਿਸਟਰੀ) ਜੀ. ਐੱਨ. ਡੀ. ਯੂ. ਅਮ੍ਰਿਤਸਰ ਅਤੇ ਐੱਮ.-ਐੱਡ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

       ਗੁਰਪ੍ਰੀਤ ਨੇ ਦੱਸਿਆ ਕਿ ਪਹਿਲੀ ਕਵਿਤਾ ਉਸਨੇ ਅੱਠਵੀਂ ਜਮਾਤ ਵਿੱਚ ਪੜਦਿਆਂ ਲਿਖੀ।  ਸਕੂਲ ਅਤੇ ਕਾਲਜ਼ ਦੌਰਾਨ ਕਈ ਕਵਿਤਾ-ਮੁਕਾਬਲਿਆਂ ‘ਚ ਹਿੱਸਾ ਲਿਆ। ਐੱਸ. ਐੱਸ. ਐੱਮ. ਕਾਲਜ਼ ਦੀਨਾਨਗਰ ਅਤੇ ਏ. ਡੀ. ਕਾਲਜ਼ ਧਰਮਕੋਟ ਮੋਗਾ ਤੋਂ ਇੰਟਰ-ਕਾਲਜ਼ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ । ਇਸ ਤੋਂ ਇਲਾਵਾ ਕਈ ਕਾਲਜ਼ਾਂ ਤੋਂ ਦੂਜੀ ਅਤੇ ਤੀਜੀ ਪੁਜ਼ੀਸ਼ਨ ਵੀ ਹਾਂਸਿਲ ਕੀਤੀ ।  ਇਵੇਂ ਹੀ ਛਪਣ-ਖੇਤਰ ਵਿਚ ਉਹ ਪਹਿਲਾਂ ਸਕੂਲ ‘ਚ Ñਅਤੇ ਬਾਦ ‘ਚ ਕਾਲਜ਼ ਦੇ ਮੈਗਜ਼ੀਨਾਂ ਵਿੱਚ ਛਪਿਆ। ਲਿਖਣ ਕਰਕੇ ਹੀ ਉਸਨੂੰ ਗਰੈਜ਼ੂਏਸ਼ਨ ਸਮੇਂ ਦੋ ਵਾਰ ਕਾਲਜ਼ ਦੇ ਖਰਚੇ ‘ਤੇ ਡਲਹੌਜ਼ੀ ਵਿਖੇ ਯੂਥ ਲੀਡਰਸ਼ਿਪ ਅਤੇ ਹਾਈਕਿੰਗ-ਟਰੈਕਿੰਗ ਕੈਂਪ ‘ਤੇ ਜਾਣ ਦਾ ਮੌਕਾ ਮਿਲਿਆ।

      ਕਾਲਜ ਤੋਂ ਬਾਹਰ ਨਿਕਲਿਆ ਤਾਂ ਸਭ ਤੋਂ ਪਹਿਲੀ ਉਸਦੀ ਰਚਨਾ ‘ਰਜਨੀ’ ਰਸਾਲੇ ‘ਚ ਛਪੀ ਅਤੇ ਫਿਰ ‘ਪ੍ਰੀਤਲੜੀ’ ਵਿਚ।  ਉਸ ਉਪਰੰਤ, ‘ਅਜੀਤ’, ‘ਪੰਜਾਬੀ ਜਾਗਰਣ’, ‘ਨਵਾਂ ਜ਼ਮਾਨਾ’, ‘ਅੱਜ ਦੀ ਅਵਾਜ਼’, ‘ਪੰਜਾਬ ਟਾਈਮਜ਼’, ‘ਦਾ ਟਾਈਮਜ਼ ਆਫ ਪੰਜਾਬ’, ‘ਨਿਰਪੱਖ ਅਵਾਜ਼’, ‘ਸੂਹੀ ਸਵੇਰ’ ਅਤੇ ‘ਪੰਜਾਬ ਪੋਸਟ’ ਆਦਿ ਅਨੇਕਾਂ ਅਖਬਾਰਾਂ ਵਿੱਚ ਉਸ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ, ਕਹਾਣੀਆਂ ਅਤੇ ਲੇਖ ਲਗਾਤਾਰ ਛਪਦੇ ਆ ਰਹੇ ਹਨ।

       ਉਪਰੋਕਤ ਤੋਂ ਇਲਾਵਾ ਉਸ ਦੀ ਪਹਿਲੀ ਕਿਤਾਬ, ‘ਬੋਲਦੇ ਹਰਫ’ ਕ੍ਰਿਪਾਲ ਸਿੰਘ ਵੇਰਕਾ ਨਾਲ ਸਾਂਝੀ ਛਪੀ ਅਤੇ ਦੂਜੀ ‘ਅਨੁਵਾਦ ਤਲਖੀਆਂ ਦਾ’ ਇਕੱਲੇ ਦੀ ਛਪੀ ।  ਇਸ ਤੋਂ ਇਲਾਵਾ ‘ਕਲਮਾਂ ਦਾ ਸਫ਼ਰ’ (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵਿਚ ਵੀ ਭਰਵੀਂ ਕਲਮੀ-ਹਾਜ਼ਰੀ ਲਗਵਾਉਣ ਸਦਕਾ ਸੰਸਥਾ ਵਲੋ ਉਸ ਨੂੰ ਸਨਮਾਨ-ਪੱਤਰ ਨਾਲ ਸਨਮਾਨਿਤ ਕੀਤਾ ਗਿਆ ।

       ਲੋਕ-ਵਿਰੋਧੀ ਨੀਤੀਆਂ ਵਿਰੁੱਧ ਹਰ ਸੰਘਰਸ਼ ‘ਚ ਆਗੂ ਦਾ ਰੋਲ ਨਿਭਾਉੁਣ ਵਾਲੇ ਗੁਰਪ੍ਰੀਤ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, ‘ਮੈਂ ਹਮੇਸ਼ਾਂ ਇਹੀ ਕੋਸ਼ਿਸ਼ ਕਰਦਾ ਹਾਂ ਕਿ ਸਾਹਿਤਕ ਮਿਆਰ ਨੂੰ ਪੂਰਾ ਕਰਨ ਦੇ ਨਾਲ-ਨਾਲ ਮੇਰੀਆਂ ਲਿਖਤਾਂ ਫਿਰਕਾ-ਪ੍ਰਸਤੀ, ਕਿਰਤੀ ਦੀ ਲੁੱਟ, ਤਾਨਾਸ਼ਾਹੀ, ਬੇਇਨਸਾਫੀ ਅਤੇ ਹਰ ਅਨਿਆਂ ਦਾ ਡਟ ਕੇ ਵਿਰੋਧ ਕਰਨ । ਬੇਰੁਜ਼ਗਾਰੀ, ਮਹਿੰਗਾਈ, ਨਸ਼ੇ, ਆਰਥਿਕ ਨਾ-ਬਰਾਬਰੀ, ਭ੍ਰਿਸ਼ਟਾਚਾਰ, ਸਮਾਜਿਕ-ਕੁਰੀਤੀਆਂ, ਵੱਧ ਰਹੀਆਂ ਖੁਦਕੁਸ਼ੀਆਂ, ਔਰਤਾਂ ਅਤੇ ਦਲਿਤਾਂ ਦਾ ਸ਼ੋਸ਼ਣ,  ਧਾਰਮਿਕ ਕੱਟੜਤਾ ਵਿਰੁੱਧ, ਆਸ਼ਰਮਾਂ ਵਿੱਚ ਰੁਲਦੇ ਬੁਢਾਪੇ ਅਤੇ ਤਲਾਕ ਸਮੱਸਿਆ ਆਦਿ ਮੇਰੀ ਕਲਮ ਦੇ ਵਿਸ਼ੇ ਹਨ ।’

      ਪਿਤਾ ਸ੍ਰ. ਫਕੀਰ ਸਿੰਘ ਅਤੇ ਮਾਤਾ ਸ਼੍ਰੀਮਤੀ ਚਰਨਜੀਤ ਕੌਰ ਦੇ ਲਾਡਲੇ, ਮਨਪ੍ਰੀਤ ਕੌਰ ਦੇ ਸਿਰਤਾਜ ਅਤੇ ਇੱਕਲੋਤੀ ਬੇਟੀ ਅਵਲੀਨ ਕੌਰ ਦੇ ਡੈਡੀ ਗੁਰਪ੍ਰੀਤ ਨੇ ਦੱਸਿਆ ਕਿ ਲਿਖਣ ਦਾ ਉਸਦਾ ਅਸਲ ਮਕਸਦ ਲੋਕਾਂ ਨੂੰ ਖੁੱਸ ਰਹੇ ਜਨਤਕ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੁਨੇਹਾ ਦੇਣਾ ਹੈ ।  ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਔਰਤਾਂ, ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਨਾਂਓਂ ਦੋ ਸ਼ਬਦ ਕਰਦਿਆਂ ਉਸ ਨੇ ਅਪੀਲ ਕੀਤੀ ਕਿ ਉਹ ਸਭੇ ਧਰਮ-ਨਿਰਪੱਖ ਹੋ ਕੇ ਜਾਤ-ਪਾਤ ਤੋਂ ਰਹਿਤ ਇੱਕਜੁੱਟ ਹੁੰਦਿਆਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਬਚਾਉੁਣ ਲਈ ਚੱਲ ਰਹੇ ਸੰਘਰਸ਼ ਵਿੱਚ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਯੋਗਦਾਨ ਪਾਉੁਣ।

       ਸ. ਐਲੀਮੈਂਟਰੀ ਸਕੂਲ, ਸਰੂਪਵਾਲੀ ਕਲਾਂ  ਵਿਖੇ ਬਤੌਰ ਈ. ਟੀ. ਟੀ. ਸੇਵਾਵਾਂ ਨਿਭਾਂਉਦਿਆਂ ਵਿਦਿਆ ਦਾ ਚਾਨਣ ਫੈਲਾਉਣ ਦੇ ਨਾਲ-ਨਾਲ ਸਾਹਿਤ ਅਤੇ ਸਮਾਜ-ਸੇਵਾ ਵਿਚ ਜੁਟੇ ਹੋਏ ਇੰਨਕਲਾਬੀ ਬਿਰਤੀ ਦੇ ਮਾਲਕ ਗੁਰਪ੍ਰੀਤ ਸਿੰਘ ਰੰਗੀਲਪੁਰ ਨੂੰ ਨਿਵੇਕਲੇ ਅਤੇ ਮਾਣ-ਮੱਤੇ ਸਫ਼ਰ ਉਤੇ ਚੱਲਦੇ ਰਹਿਣ ਦਾ ਪਰਵਰਦਗ਼ਾਰ ਹੋਰ ਵੀ ਜੋਸ਼-ਖ਼ਰੋਸ਼ ਅਤੇ ਬੱਲ ਬਖਸ਼ੇ!  ਆਮੀਨ! 

————————00000————————

-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਸੰਪਰਕ :  ਗੁਰਪ੍ਰੀਤ ਸਿੰਘ ਰੰਗੀਲਪੁਰ, (098552-07071)

NO COMMENTS

LEAVE A REPLY