ਆਪਣੇ ਜੀਵਨ ਪੰਧ ਦਾ, ਮੈ ਕਾਫੀ ਸਫਰ ਮੁਕਾ ਲਿਐ,

ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਮੈਂ ਜਿਸਦੇ ਘਰ ਸੀ ਜੰਮਿਆ, ਓਹਦਾ ਹੱਥ ਸੌੜਾ ਸੀ,
ਸੀ ਖਾਣ ਵਾਲੇ ਬਹੁਤੇ, ਤੇ ਓਹ ਕਮਾਉਂਦਾ ਥੋਹੜਾ ਸੀ,
ਗੁਰਬਤ ਦੇ ਵਿਚ ਹੀ ਆਪਣਾ, ਮੈਂ ਬਚਪਨ ਹੰਢਾ ਲਿਐ ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਜਵਾਨੀ ‘ਚ ਪੈਰ ਧਰਦਿਆਂ, ਸੀ ਬੇਕਾਰੀ ਪੈ ਗਈ ਪੱਲੇ,
ਰੋਜਗਾਰ ਦਫਤਰ ਦੇ ਚੱਕਰਾਂ, ਘਸਾਏ ਜੁੱਤੀ ਦੇ ਥੱਲੇ,
ਮੈਂ ਇਸ਼ਕ ਵਾਲੀ ਉਮਰ ਨੂੰ, ਰੋਜੀ ਲੱਭਦਿਆਂ ਗੁਆ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਆਖਿਰ ਕਮਾਵਣ ਲੱਗ ਪਿਆ, ਮੈਂ ਦੋ ਡੰਗ ਦੀ ਰੋਟੀ,
ਫਿਰ ਚਾਰ ਛਿੱਲੜ ਜੋੜ ਕੇ, ਲੈ ਆਇਆ ਮੈਂ ਵਹੁਟੀ,
ਰਹਿ ਕੱਲ੍ਹੇ ਮੌਜਾਂ ਲੈਣ ਦਾ, ਸੁਨਹਿਰੀ ਮੌਕਾ ਖੁੰਝਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਘਰ ਵਿਚ ਬੱਚੇ ਸੀ ਦੋ ਜੰਮ ਪਏ, ਵਧ ਗਈ ਕਬੀਲਦਾਰੀ,
ਕਦੇ ਲੂਣ ਤੇਲ ਮੁੱਕਿਆ, ਕਦੇ ਸਿਲੰਡਰ ਨੇ ਮੱਤ ਮਾਰੀ,
ਹੱਟੀਆਂ ਦੇ ਉੱਤੇ ਉਧਾਰ ਦਾ, ਹੁਣ ਖਾਤਾ ਖੁਲਵਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਮਹਿੰਗਾਈ ਵਧੇ ਛੇਤੀ, ਭੱਤਿਆਂ ਦੀ ਸੁਸਤ ਰਫਤਾਰ ਜੀ,
ਕਈ ਕਰਾਂ ਲੈ ਆਇਆ ਹਾਂ, ਕਿਸ਼ਤਾਂ ਦੇ ਉੱਤੇ ਕਾਰ ਜੀ,
ਰੇਟ ਪਟਰੋਲ ਦਾ ਵਧਿਆ, ਓਹਨੂੰ ਗੈਸ ਤੇ ਕਰਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਬੱਚਿਆਂ ਦੀ ਇਸ ਪੜ੍ਹਾਈ ਨੇ, ਮੇਰੀ ਨਾਂਹ ਕਰਵਾਈ ਹੈ,
ਦੋਹਾਂ ਨੂੰ ਪਿਛਲੇ ਸਾਲ, ਕਾਲਜ ਐਡਮੀਸ਼ਨ ਦਿਵਾਈ ਹੈ,
ਕੈਪਿਟੇਸ਼ਨ ਫੀਸ ਦੇਣ ਲਈ, ਪੀ. ਐੱਫ. ਕਢਵਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਕੀ ਚਿੰਤਾ ਕਰਾਂ ਸਮਾਜ ਦੀ, ਗਾਇਬ ਦਿਲਾਂ ‘ਚੋਂ ਪਿਆਰ ਹੈ,
ਪਤਨੀ ਅੱਗੇ ਵੀ ਬੇਵੱਸ ਹਾਂ, ਔਲਾਦ ਵੀ ਕਹੇ ਤੋਂ ਬਾਹਰ ਹੈ,
ਨਿੱਤ ਦੇ ਕਲੇਸ਼ ਤੋਂ ਬਚਣ ਲਈ, ਮੰਜਾ ਮੈਂ ਵੱਖਰਾ ਡਾਹ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਕਈ ਫਿਕਰ ਕਰਾਂ ਮੈਂ ਦੇਸ਼ ਦਾ, ਆਪਣੀ ਹੀ ਸੁਰਤ ਨਹੀਂ,
ਓਹਨਾ ਖਿਲਾਫ਼ ਕੁਝ ਬੋਲਾਂ, ਮੇਰੀ ਏਨੀ ਵੀ ਜੁਰਤ ਨਹੀਂ ,
ਇੱਕ ਸਵਾਲ ਪੁੱਛਣ ਦਾ , ਜਿਹਨਾਂ ਕਈ ਹਜਾਰ ਖਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਹੁਣ ਤਾਂ ਮੈਂ ਹੱਥ ਜੋੜਦਾਂ, ਹੇ ਮੇਰੇ ਪਰਵਰਦਿਗਾਰ ਜੀ,
ਬੱਸ ਸਿਹਤ ਕਾਇਮ ਰੱਖਿਓ, ਨਾ ਪਾਇਓ ਬੀਮਾਰ ਜੀ,
ਜਦੋਂ ਰੂਹ ਆਈ ਚੱਕ ਲਿਓ, ਮੈਂ ਬਥੇਰਾ ਖਾ ਹੰਢਾ ਲਿਐ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

ਆਪਣੇ ਜੀਵਨ ਪੰਧ ਦਾ, ਮੈਂ ਕਾਫੀ ਸਫਰ ਮੁਕਾ ਲਿਐ ,
ਮੈਨੂੰ ਤਾਂ ਮੇਰੇ ਦੋਸਤੋ.. ਬੱਸ .. ਫਿਕਰਾਂ ਨੇ ਖਾ ਲਿਐ …!!

LEAVE A REPLY

Please enter your comment!
Please enter your name here