ਇੱਕ ਦੂਜੇ ਵੱਲ ਪਿੱਠ ਹੈ ਸਾਡੀ, ਮੂੰਹੋਂ ਕਹੀਏ ਈਦ ਮੁਬਾਰਕ।
ਹੈਦਰ ਸ਼ੇਖ ਬਲੀ ਨੂੰ ਜਾਂਦੇ ਬੱਕਰੇ ਨੂੰ ਬਕਰੀਦ ਮੁਬਾਰਕ।

ਗੁਰੂ ਨਾਨਕ ਨੂੰ ਚੇਤੇ ਅੰਦਰ ਜਿਵੇਂ ਵਸਾਇਆ ਤੂੰ ਹੈ ਓਧਰ,
ਸਾਡੀ ਰੂਹ ਧੁਰ ਅੰਦਰ ਵੱਸਦਾ ਬਾਬਾ ਸ਼ੇਖ਼ ਫ਼ਰੀਦ ਮੁਬਾਰਕ।

ਮਨ ਦੇ ਲਿੱਬੜੇ ਲੀੜੇ ਲਾਹ ਕੇ, ਕਦ ਗਲਵੱਕੜੀ ਵੇਖ ਸਕਾਂਗਾ,
ਦੋ ਅੱਖੀਆਂ ਤੋਂ ਚਾਰ ਬਣਾ ਕੇ, ਹੋਵੇਗੀ ਫਿਰ ਦੀਦ ਮੁਬਾਰਕ।

ਸੁਪਨ ਆਜ਼ਾਦੀ ਲਾੜੇ ਸਾਂਝੇ ,ਸਰਬਾਲੇ ਸੀ ਧਰਤੀ ਪੁੱਤਰ,
ਵੰਡ ਬੈਠੇ ਹਾਂ ਧਰਤੀ ਵਾਂਗੂੰ, ਸੂਲੀ ਚੜ੍ਹੇ ਸ਼ਹੀਦ ਮੁਬਾਰਕ।

ਦਸ ਗੁਰ ਜੋਤ ਸਿਖਾਇਆ ਮੈਨੂੰ,ਦੁੱਲਾ, ਬੁੱਲ੍ਹਾ ਤੇਰੇ ਪੁਰਖ਼ੇ,
ਹੱਕ ਸੱਚ ਤੇ ਇਨਸਾਫ਼ ਦੇ ਪਹਿਰੂ ਸਾਂਝੇ ਮਰਦ ਮੁਰੀਦ ਮੁਬਾਰਕ।

ਕਾਬਲ ਵਿੱਚ ਨਾਕਾਬਿਲ ਖਾਂਦੇ, ਮੇਵੇ ਨਾਲ ਅਨਾਰ ਕੰਧਾਰੀ,
ਮੈਨੂੰ ਸਬਕ ਸੁਣਾਇਆ ਇਹ ਤਾਂ ਸ਼ਾਇਰ ਵੀਰ ਵਜੀਦ ਮੁਬਾਰਕ।

ਮੈਂ ਆਪਣੀ ਰੱਤ ਨਾਲ ਲਿਖਾਂਗਾ,ਕੋਰੇ ਚਿੱਟੇ ਸਫ਼ਿਆਂ ਉੱਤੇ,
ਦੋਚਿੱਤਿਆ! ਤੂੰ ਲਿਖ ਲਿਖ ਕੱਟਦੈਂ ਤੈਨੂੰ ਇਹ ਤਰਦੀਦ ਮੁਬਾਰਕ।
🌼🌺🌸🌼🌺🌸🌼🌺🌸

ਸੰਪਰਕ: 98726 31199

LEAVE A REPLY

Please enter your comment!
Please enter your name here