ਰਿਆਦ/ਨਵੀਂ ਦਿੱਲੀ

ਦੁਨੀਆ ਦਾ ਸਭ ਤੋਂ ਵੱਡਾ ਤੇਲ ਸਪਲਾਈ ਕਰਨ ਵਾਲਾ ਸਾਊਦੀ ਅਰਬ ਨਵੰਬਰ ‘ਚ ਭਾਰਤ ਨੂੰ ਜ਼ਿਆਦਾ ਤੇਲ ਦੀ ਸਪਲਾਈ ਕਰੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭਾਰਤੀ ਤੇਲ ਕੰਪਨੀਆਂ ਨੂੰ ਸਾਊਦੀ ਅਰਬ 40 ਲੱਖ ਬੈਰਲ ਜ਼ਿਆਦਾ ਤੇਲ ਭੇਜੇਗਾ। ਦਰਅਸਲ ਅਮਰੀਕਾ ਵੱਲੋਂ ਈਰਾਨ ‘ਤੇ ਲਾਈਆਂ ਆਰਥਿਕ ਪਾਬੰਦੀਆਂ 4 ਨਵੰਬਰ ਤੋਂ ਹੋਰ ਸਖਤੀ ਨਾਲ ਲਾਗੂ ਹੋ ਜਾਣਗੀਆਂ, ਜਿਸ ਨਾਲ ਈਰਾਨ ਤੋਂ ਤੇਲ ਦਰਾਮਦ ਕਰਨ ਵਾਲੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਸਾਊਦੀ ਅਰਬ ਨੇ ਭਾਰਤ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹੋਰ ਤੇਲ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਈਰਾਨ ਤੋਂ ਤੇਲ ਖਰੀਦਣ ਦੇ ਮਾਮਲੇ ‘ਚ ਚੀਨ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਡਾ ਗਾਹਕ ਹੈ। ਹਾਲਾਂਕਿ ਕਈ ਰਿਫਾਈਨਰੀਜ਼ ਨੇ ਸੰਕੇਤ ਦਿੱਤੇ ਹਨ ਕਿ ਅਮਰੀਕੀ ਪਾਬੰਦੀਆਂ ਕਾਰਨ ਉਹ ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣਗੇ। ਸੂਤਰਾਂ ਮੁਤਾਬਕ ਭਾਰਤ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਕਨ ਅਤੇ ਮੈਂਗਲੋਰ ਰਿਫਾਈਨਰੀ ਪੈਟ੍ਰੋਕੇਮੀਕਲਸ ਲਿਮਟਿਡ ਨਵੰਬਰ ‘ਚ ਸਾਊਦੀ ਅਰਬ ਤੋਂ 10 ਲੱਖ ਬੈਰਲ ਹੋਰ ਕੱਚੇ ਤੇਲ ਦੀ ਮੰਗ ਕਰ ਰਹੇ ਹਨ। ਹਾਲਾਂਕਿ ਇਸ ਮਾਮਲੇ ‘ਤੇ ਕੰਪਨੀਆਂ ਵੱਲੋਂ ਹੁਣ ਤੱਕ ਕੋਈ ਟਿੱਪਣੀ ਨਹੀਂ ਆਈ ਹੈ ਪਰ ਇਕ ਨਿਊਜ਼ ਏਜੰਸੀ ਨੇ ਈ-ਮੇਲ ਦੇ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਆਇਲ ਮਾਰਕੇਟਿੰਗ ਕੰਪਨੀਆਂ ਵੱਲੋਂ ਜਵਾਬ ਮਿਲਿਆ ਕਿ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜਨਤਕ ਖੇਤਰ ਦੀਆਂ 2 ਰਿਫਾਈਨਰੀ ਕੰਪਨੀਆਂ ਨੇ ਈਰਾਨ ਤੋਂ ਨਵੰਬਰ ‘ਚ ਕੱਚੇ ਤੇਲ ਦਰਾਮਦ ਲਈ ਆਰਡਰ ਦਿੱਤਾ ਹੈ। ਪ੍ਰਧਾਨ ਨੇ ਨਵੀਂ ਦਿੱਲੀ ‘ਚ ‘ਦਿ ਐਨਰਜੀ ਫੋਰਮ’ ‘ਚ ਕਿਹਾ ਸੀ ਕਿ ਸਾਡੀਆਂ 2 ਤੇਲ ਕੰਪਨੀਆਂ ਨੇ ਨਵੰਬਰ ‘ਚ ਈਰਾਨ ਤੋਂ ਤੇਲ ਖਰੀਦਣ ਦਾ ਆਰਡਰ ਦਿੱਤਾ ਹੈ। ਸਾਨੂੰ ਨਹੀਂ ਪਤਾ ਕਿ ਸਾਨੂੰ ਛੋਟ ਮਿਲੇਗੀ ਜਾਂ ਨਹੀਂ। ਦੱਸ ਦਈਏ ਕਿ ਈਰਾਨ ‘ਤੇ ਅਮਰੀਕੀ ਪਾਬੰਦੀਆਂ 4 ਨਵੰਬਰ ਤੋਂ ਲਾਗੂ ਹੋ ਜਾਣਗੀਆਂ, ਜਿਸ ਤੋਂ ਬਾਅਦ ਡਾਲਰ ਦੇ ਜ਼ਰੀਏ ਪੇਮੈਂਟ ਰੂਟ ਬੰਦ ਕਰ ਦਿੱਤਾ ਜਾਵੇਗਾ। ਅਜਿਹੇ ‘ਚ ਭਾਰਤ ਕੋਲ ਈਰਾਨ ਨੂੰ ਤੇਲ ਤੋਂ ਬਾਅਦ ਰੁਪਏ ‘ਚ ਪੇਮੈਂਟ ਇਕ ਵਿਕਲਪ ਹੈ। ਈਰਾਨ ਰੁਪਏ ਦਾ ਇਸਤੇਮਾਲ ਭਾਰਤ ਤੋਂ ਦਵਾਈਆਂ ਅਤੇ ਦੂਜੀਆਂ ਚੀਜ਼ਾਂ ਦੀ ਦਰਾਮਦ ‘ਚ ਕਰ ਸਕਦਾ ਹੈ।

LEAVE A REPLY

Please enter your comment!
Please enter your name here