ਵਾਸ਼ਿੰਗਟਨ

ਅਮਰੀਕਾ ਵੱਲੋਂ ਈਰਾਨ ‘ਤੇ ਲਾਈਆਂ ਪਾਬੰਦੀਆਂ 5 ਨਵੰਬਰ (ਅੱਜ) ਤੋਂ ਲਾਗੂ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ‘ਚ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਨੂੰ ਲੈ ਕੇ ਰਾਹਤ ਦਿੱਤੀ ਹੈ। ਇਹ ਰਾਹਤ ਕੁਝ ਸਮੇਂ ਲਈ ਹੀ ਲਾਗੂ ਹੋਵੇਗੀ। ਇਹ ਜਾਣਕਾਰੀ ਸੋਮਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਦਿੱਤੀ। ਦੱਸ ਦਈਏ ਕਿ ਅਮਰੀਕਾ ਨੇ ਈਰਾਨ ਦੀ ਬੈਂਕਿੰਗ, ਐਨਰਜੀ ਅਤੇ ਸ਼ਿਪਿੰਗ ਇੰਡਸਟਰੀ ‘ਤੇ ਪਾਬੰਦੀਆਂ ਲਾਈਆਂ ਸਨ। ਜਿਨ੍ਹਾਂ ‘ਚ 8 ਦੇਸ਼ਾਂ ਨੂੰ ਇਨਾਂ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ, ਉਸ ‘ਚ ਚੀਨ, ਭਾਰਤ, ਗ੍ਰੀਸ, ਇਟਲੀ, ਤਾਇਵਾਨ, ਜਾਪਾਨ, ਤੁਰਕੀ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਪੋਂਪੀਓ ਨੇ ਆਖਿਆ ਕਿ 20 ਦੇਸ਼ਾਂ ਨੇ ਪਹਿਲਾਂ ਹੀ ਈਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਈਰਾਨ ਦੀ ਤੇਲ ਖਰੀਦ ‘ਚ 10 ਲੱਖ ਬੈਰਲ ਪ੍ਰਤੀਦਿਨ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਸ ਨੇ ਚੀਨ ਅਤੇ ਭਾਰਤ ਸਮੇਤ ਤੁਰਕੀ, ਇਰਾਕ, ਇਟਲੀ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਕਿਹਾ ਹੈ ਕਿ ਉਹ ਜਿੰਨਾ ਜਲਦੀ ਹੋ ਸਕੇ ਈਰਾਨ ਤੋਂ ਤੇਲ ਖਰੀਦ ਨੂੰ ਪੂਰੀ ਤਰ੍ਹਾਂ ਬੰਦ ਕਰ ਦਵੇ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਅਤੇ ਚੀਨ ਨੇ ਅਮਰੀਕਾ ਨੂੰ ਇਹ ਭਰੋਸਾ ਦਿਵਾਇਆ ਹੈ ਕਿ 6 ਮਹੀਨਿਆਂ ਦੇ ਅੰਦਰ ਉਹ ਈਰਾਨ ਤੋਂ ਤੇਲ ਖਰੀਦ ਪੂਰੀ ਤਰ੍ਹਾਂ ਬੰਦ ਕਰ ਦੇਣਗੇ ਤਾਂ ਉਹ ਇਸ ਸਵਾਲ ਨੂੰ ਨਜ਼ਰਅੰਦਾਜ਼ ਕਰ ਗਏ। ਭਾਰਤ ਅਤੇ ਚੀਨ, ਈਰਾਨ ਤੋਂ ਕੱਚੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਹਨ। ਈਰਾਨ ਦੇ ਤੇਲ ਅਤੇ ਵਿੱਤ ਖੇਤਰਾਂ ‘ਚ ਅਮਰੀਕਾ ਦੀਆਂ ਪਾਬੰਦੀਆਂ ਨਾਲ ਹੁਣ ਤੱਕ ਇਹ ਬਚੇ ਹੋਏ ਹਨ। ਏਸ਼ੀਆ ਦੇ ਦੋਵੇਂ ਵੱਡੇ ਦੇਸ਼ ਉਨ੍ਹਾਂ 8 ਦੇਸ਼ਾਂ ਦੀ ਲਿਸਟ ‘ਚ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ‘ਤੇ ਸੋਮਵਾਰ ਨੂੰ ਲਾਗੂ ਹੋਈਆਂ ਪਾਬੰਦੀਆਂ ਤੋਂ ਛੋਟ ਹਾਸਲ ਹੋਈ ਹੈ। ਪੋਂਪੀਓ ਨੇ ਇਸ ਤੋਂ ਪਹਿਲਾਂ ਕਿਸੇ ਦੇਸ਼ ਦਾ ਨਾਂ ਨਾ ਲੈਂਦੇ ਹੋਏ ਕਿਹਾ ਸੀ ਕਿ ਦੇਖੋ ਅਸੀਂ ਕੀ ਕਰਦੇ ਹਾਂ। ਪਹਿਲਾਂ ਦੇ ਮੁਕਬਾਲੇ ਇਸ ਵਾਰ ਕਿਤੇ ਜ਼ਿਆਦਾ ਮਾਤਰਾ ‘ਚ ਕੱਚੇ ਤੇਲ ਨੂੰ ਅਸੀਂ ਬਜ਼ਾਰ ਤੋਂ ਹਟਾ ਦਿੱਤਾ ਹੈ। ਉਨ੍ਹਾਂ ਯਤਨਾਂ ਨੂੰ ਦੇਖੋ ਜਿਹੜੇ ਰਾਸ਼ਟਰਪਤੀ ਟਰੰਪ ਦੀ ਨੀਤੀ ਨਾਲ ਹਾਸਲ ਹੋਏ ਹਨ। ਅਸੀਂ ਇਹ ਸਭ ਕੀਤਾ ਅਤੇ ਨਾਲ ਹੀ ਇਹ ਵੀ ਧਿਆਨ ਰੱਖਿਆ ਕਿ ਅਮਰੀਕੀ ਉਪਭੋਗਤਾ ਇਸ ਤੋਂ ਪ੍ਰਭਾਵਿਤ ਨਾ ਹੋਣ।

LEAVE A REPLY

Please enter your comment!
Please enter your name here