ਕ੍ਰਿਸ਼ਨ ਚੰਦਰ ਉਰਦੂ ਦਾ ਵੱਡਾ ਤੇ ਪ੍ਰਮੁੱਖ ਲੇਖਕ ਹੈ। ਉਸ ਨੇ ਕਈ ਫ਼ਿਲਮਾਂ ਦੇ ਫੀਚਰ, ਕਹਾਣੀਆਂ, ਨਾਵਲ ਅਤੇ ਨਾਟਕ ਵੀ ਲਿਖੇ ਹਨ। ਗੁਰਮੁਖ ਸਿੰਘ ਸਹਿਗਲ ਨੇ ਉਸ ਦੇ ਨਾਵਲ ‘ਉਲਟਾ ਦਰੱਖ਼ਤ’ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਇਸ ਨਾਵਲ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤਕ ਕਾਲਪਨਿਕ ਦੁਨੀਆਂ ਦੀ ਕਲਪਨਾਮਈ ਸੋਚ ਤੇ ਹੋਂਦ ਨੂੰ  ਜਾਦੂਗਰੀ ਕਲਪਨਾ ਨਾਲ ਬਾਖ਼ੂਬੀ ਵਿਖਾਇਆ ਗਿਆ ਹੈ। ਇਹ ਸਾਰਾ ਨਾਵਲ ਲੇਖਕ ਨੇ ਬੱਚਿਆਂ ਦੀ ਦਿਲਚਸਪੀ ਵਧਾਉਣ ਲਈ ਹੀ ਲਿਖਿਆ ਹੈ। ਇਸ ਸਾਰੇ ਨਾਵਲ ਵਿੱਚ ਕਈ ਅਜਿਹੀਆਂ ਰੌਚਕ ਘਟਨਾਵਾਂ ਵਾਪਰਦੀਆਂ ਹਨ,  ਕਾਲਪਨਿਕ ਪਾਤਰਾਂ ਦੇ ਅਜਿਹੇ ਸੰਵਾਦ ਛੇੜੇ ਗਏ ਹਨ ਕਿ ਬੱਚਿਆਂ ਨੂੰ ਚਾਰ-ਚੁਫ਼ੇਰੇ ਫੈਲੇ ਭਰਮ, ਸਮਾਜ ਰੂਪੀ ਸੋਚ ਦਾ ਗਿਆਨ ਸਹਿਜੇ ਹੀ ਹੋ ਜਾਂਦਾ ਹੈ। ਸਮਾਜ ਦੇ ਅਸਲ ਤੋਂ ਪਰਦਾ ਉਠਾਉਣ ਵਾਲੇ ਇਸ ਨਾਵਲ ਦਾ ਵਿਸ਼ਾ-ਵਸਤੂ ਬੱਚਿਆਂ ਨੂੰ ਕੁਝ ਅਲੱਗ ਜਿਹਾ ਸੋਚਣ ਤੇ ਸਮਝਣ ਲਈ ਮਜਬੂਰ ਕਰਦਾ ਹੈ।  ਕ੍ਰਿਸ਼ਮੇ ਤੇ ਅਜੂਬੇ ਦਾ ਅਸਿਸਾਸ ਕਰਵਾਉਂਦਾ ਹੈ। ਨਾਵਲ ਵਿਚਲੇ  ਪਾਤਰ ਸਹਿਜ਼ਾਦੀ,  ਮੋਹਨ, ਯੂਸਫ਼, ਜੌਹਰੀ, ਜਾਦੂਗਰ ਅਤੇ  ਬਾਦਸ਼ਾਹ ਆਪਣੀ-ਆਪਣੀ ਕਾਰਗੁਜ਼ਾਰੀ ਅਤੇ ਸੋਚ ਤੋਂ ਭਲੀ-ਭਾਂਤ ਜਾਣੂ ਕਰਵਾ ਜਾਂਦੇ ਹਨ।

ਨਾਵਲਕਾਰ ਨੇ ਫ਼ਿਲਮਾਂ ਦੇ ਡਾਇਰੈਕਟਰ ਨੂੰ ਦਰੱਖਤ ਉੱਤੇ ਲਟਕਦੇ ਵਿਖਾਇਆ ਹੈ। ਨਾਵਲ ਵਿੱਚ ਅਣਹੋਣੀ ਤੇ ਜ਼ੁਲਮ ਕਰਨ ਵਾਲੇ ਅਤੇ ਜ਼ੁਲਮਾਂ ਦਾ ਸ਼ਿਕਾਰ ਹੋਣ ਵਾਲੇ ਪਾਤਰ ਹਨ। ਰਹਿਮ ਦਿਲ ਬੁੱਢਾ ਪਾਦਰੀ, ਜਾਦੂ ਦੀ ਛੜੀ ਨਾਲ ਉਡਣ ਵਾਲੇ ਲੋਕ, ਸੁਲੇਮਾਨੀ ਟੋਪੀ ਪਾ ਕੇ ਗਾਇਬ ਹੋਣ ਵਾਲੇ ਲੋਕ, ਅਲਾਦੀਨ ਦੇ ਚਿਰਾਗ ਵਾਲਾ ਜਿੰਨ ਅਤੇ ਮਸ਼ੀਨਾਂ ਵਾਲੇ ਸ਼ਹਿਰ ਦਾ ਸੰਵਾਦ ਵੀ ਰਚਾਇਆ ਗਿਆ ਹੈ। ਲੇਖਕ ਨੇ ਨਾਵਲ ਵਿਚਲੀ ਕਾਲਪਨਿਕ ਦੁਨੀਆਂ ਦੇ ਰਹੱਸ ਨੂੰ ਬਿਆਨਣ ਲਈ ਸਿਆਸੀ ਤੇ ਅਗਾਂਹਵਧੂ ਸੋਚ ਦਾ ਬਾਖ਼ੂਬੀ ਇਜ਼ਹਾਰ ਕੀਤਾ ਹੈ। ਇਸ ਸਮਾਜਿਕ ਜਾਗਰੂਕਤਾ ਵਾਲੇ ਪ੍ਰਤੀਕਮਈ ਨਾਵਲ ਵਿਚਲੇ ਪਾਤਰ ਆਪਣੇ ਆਪਣੇ  ਮੋਰਚਿਆਂ ਉੱਤੇ ਡਟੇ ਹੋਏ ਹਨ। ਉਹ ਸਮਾਜ-ਪੱਖੀ ਮਾਰਕਸੀ ਸੋਚ ਰੂਪੀ ਹਥਿਆਰ ਦਾ ਪ੍ਰਯੋਗ ਕਰਨ ਵਿੱਚ ਸਫਲ ਰਿਹਾ ਹੈ। ਉਹ ਨਾਵਲ ਦੇ ਬੁੱਢੇ ਪਾਤਰ ਤੋਂ ਅਖਵਾਉਂਦਾ ਹੈ, ‘‘ਬੱਚੇ ਉਹ ਸੱਪ ਨਹੀਂ ਸਨ, ਉਹ ਆਦਮੀ ਸਨ, ਜੋ ਸਮਾਂ ਤੇ ਮੌਕਾ ਪਾ ਕੇ  ਡੰਗ ਮਾਰਦੇ ਸਨ। ਅਜਿਹੇ ਆਦਮੀ ਸੱਪਾਂ ਨਾਲੋਂ ਵੀ ਵਧੇਰੇ ਖ਼ਤਰਨਾਕ ਹੁੰਦੇ ਹਨ ਜੋ ਕਿ ਆਦਮੀ ਦੇ ਭੇਸ ਵਿੱਚ ਰਹਿੰਦੇ ਹਨ ਤੇ ਲੋਕਾਂ ਨੂੰ ਡੰਗਦੇ ਹਨ।’’ ਕਹਿ ਸਕਦੇ ਹਾਂ ਕਿ ਕ੍ਰਿਸ਼ਨ ਚੰਦਰ ਬਹੁਤ ਹੀ ਪ੍ਰਭਾਵਸ਼ਾਲੀ ਤੇ ਚੇਤਨ ਬੁੱਧੀ ਵਾਲਾ ਨਾਵਲਕਾਰ ਸੀ।

ਸੰਪਰਕ: 98725-36600

LEAVE A REPLY

Please enter your comment!
Please enter your name here