ਬੀਤੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਨਵਂਿ ਦਿੱਲੀ ਵਿੱਖੇ ਨੀਲਾ ਤਾਰਾ ਸਾਕੇ ਦੀ ਯਾਦ ਮੰਨਾਉਣ ਲਈ ਹੋਏ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ ਨੀਲਾ ਤਾਰਾ ਸਾਕਾ ਸਿੱਖਾਂ ਵਿਰੁਧ ਸ਼੍ਰੀਮਤੀ ਇੰਦਰਾ ਗਾਂਧੀ ਦੇ ਦਿਲ ਵਿੱਚ ਪੈਦਾ ਹੋਈ ਉਸ ਬਦਲੇ ਦੀ ਭਾਵਨਾ ਦਾ ਨਤੀਜਾ ਸੀ, ਜੋ ਉਨ੍ਹਾਂ ਵਲੋਂ ਦੇਸ਼ ਵਿੱਚ ਜੂਨ ੧੯੭੫ ਵਿੱਚ ਲਾਈ ਗਈ ਐਮਰਜੈਂਸੀ ਵਿਰੁਧ ਅਕਾਲੀਆਂ ਵਲੋਂ ਲਾਏ ਤੇ ਜਿਤੇ ਗਏ ਮੋਰਚੇ ਦੇ ਫਲਸਰੂਪ ਪੈਦਾ ਹੋਈ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੇ ਗਏ ਇਸ ਦਾਅਵੇ ਵਿੱਚ ਸੌ (੧੦੦ %) ਪ੍ਰਤੀਸ਼ਤ ਸੱਚਾਈ ਹੈ। ਇਸਦਾ ਕਾਰਣ ਇਹ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਲਾਈ ਗਈ, ਉਸ ਸਮੇਂ ਉਨ੍ਹਾਂ ਦੇ ਇਸ਼ਾਰੇ ਤੇ ਜਿਥੇ ਸਾਰੇ ਹੀ ਵਿਰੋਧੀ ਨੇਤਾਵਾਂ ਨੂੰ ਪਕੜ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ, ਉਥੇ ਹੀ ਉਨ੍ਹਾਂ ਨੇ ਦਿੱਲੀ ਦੇ ਅਕਾਲੀ ਨੇਤਾ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ, ਰਾਹੀਂ ਅਕਾਲੀਆਂ ਨੂੰ ਪੇਸ਼ਕਸ਼ ਕੀਤੀ ਜੇ ਉਹ ਐਮਰਜੈਂਸੀ ਦਾ ਵਿਰੋਧ ਨਾ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਪਰ ਅਕਾਲੀ ਆਗੂਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ, ਜੋ ਭਾਜਪਾ ਆਗੂਆਂ ਦੇ ਪ੍ਰਭਾਵ ਹੇਠ ਸਨ, ਦੇ ਦਬਾਉ ਵਿੱਚ ਆ ਪੰਜਾਬ ਅਤੇ ਸਿੱਖਾਂ ਨਾਲ ਸੰਬੰਧਤ ਉਹ ਸਾਰੀਆਂ ਮੰਗਾਂ, ਜਿਨ੍ਹਾਂ ਲਈ ਉਹ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਚਲੇ ਆ ਰਹੇ ਸਨ ਤੇ ਮੋਰਚੇ ਲਾ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਂਦੇ ਚਲੇ ਆ ਰਹੇ ਸਨ, ਉਨ੍ਹਾਂ ਨੂੰ ਮੰਨਵਾ ਲਏ ਜਾਣ ਦੀ ਬਜਾਏ ਐਮਰਜੈਂਸੀ ਵਿਰੁਧ ਮੋਰਚਾ ਲਾ ਦੇਣ ਨੂੰ ਪਹਿਲ ਦੇ ਦਿੱਤੀ।
ਪਿਛੋਕੜ : ਗਲ ਜੂਨ, ੧੯੭੫ ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ, ਬਾਕੀ ਲਗਭਗ ਸਾਰੀਆਂ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਮੁੱਖੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਹੀ ਦਿਨਾਂ ਵਿਚ ਗੁਰਦੁਆਰਾ ਐਕਟ-੧੯੭੧ ਅਨੁਸਾਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ, ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿਚ ਲੜੀਆਂ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਉਹ ਪੂਰੀ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤ੍ਰੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿਚ ਜ. ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗਲ ਦਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗਲ ਕੀਤੀ। ਜ. ਟੋਹੜਾ ਨੇ ਸਾਰੀ ਗਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇ ਦੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਉਨ੍ਹਾਂ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁਝ ਸਿੱਖ ਪਤਵੰਤਿਆਂ ਨੂੰ ਨਾਲ ਲੈ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ।
ਹੈਰਾਨੀ ਦੀ ਗਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ, ਜ. ਗੁਰਚਰਨ ਸਿੰਘ ਟੋਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕਢ ਦਿਤਾ ਗਿਆ।
ਜ. ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿਚ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ, ਦਸਿਆ ਕਿ ਉਨ੍ਹਾਂ ਇਹ ਸਮਰਥਨ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿਚ ਲੈ ਅਤੇ ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਕੀਤਾ ਹੈ, ਉਨ੍ਹਾਂ ਨੇ ਸਾਥੀਆਂ ਨੂੰ ਇਹ ਵੀ ਦਸਿਆ ਕਿ ਅਜਿਹਾ ਕਰਨ ਦਾ ਦੂਸਰਾ ਕਾਰਣ ਇਹ ਸੀ ਕਿ ਜੋ ਕੁਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਰਿਹਾ, ਉਹ ਬਿਨਾ ਕਿਸੇ ਤਰ੍ਹਾਂ ਦੀ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਪੁਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿਤਾ ਕਿ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿਚ ਪੰਥ ਪਾਸ ਮਜ਼ਬੂਤ ਅਧਾਰ ਹੋਵੇਗਾ।
ਇਸ ਸਬੰਧ ਵਿਚ ਕੁਝ ਸਿੱਖ ਬੁੱਧੀਜੀਵੀਆਂ ਦੀ ਵੀ ਮਾਨਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰ, ਕੁਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕਠਿਆਂ ਕਰਦੀਆਂ, ਸਗੋਂ ਉਸਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ।
ਪਰ ਅਜਿਹਾ ਨਹੀਂ ਹੋ ਸਕਿਆ : ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨ-ਨਾਮੇ ਵਿਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ, ਅਣਗਿਣਤ ਕੁਰਬਾਨੀਆਂ ਕੀਤੀਆਂ, ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੌਂਸੀ ਹੋਣ ਕਰਕੇ ਦੇਸ਼ ਵਿਚ ਇਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰਖ ਦਿਤਾ ਗਿਆ ਹੈ ਅਤੇ ਜਨਤਾ ਦੇ ਮੁਢਲੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ। ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ।…’ ਇਸਤੋਂ ਅਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਮੋਰਚੇ ਦੇ ਪਹਿਲੇ ਦਿਨ ਹੀ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ, ਅਣਮਿਥੇ ਸਮੇਂ ਲਈ ਜੇਲ੍ਹ ਜਾ ਬਿਰਾਜੇ। ਉਨ੍ਹੀਂ (੧੯) ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ, ੪੩,੦੦੦ ਸਿੱਖ ਗ੍ਰਿਫਤਾਰ ਹੋਏ।
ਪ੍ਰਾਪਤੀਆਂ? : ਇਤਨੀਆਂ ਗ੍ਰਿਫਤਾਰੀਆਂ ਦੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? (ਨੀਲਾ ਤਾਰਾ ਸਾਕਾ!) ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਭਵਿਖ ਵਿੱਚ ਕੀਤਾ ਜਾਇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿਚ ਹੀ ਨਹੀਂ, ਸਗੋਂ ਕੇਂਦਰ ਵਿਚ ਵੀ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਪੰਜਾਬ ਵਿਚ ਅਕਾਲੀ ਆਪ ਸੱਤਾ ਵਿਚ ਆਏ ਤੇ ਕੇਂਦਰ ਵਿਚ ਵੀ ਉਨ੍ਹਾਂ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਨਾਲ ਸਬੰਧਤ ਉਨ੍ਹਾਂ ਮਸੱਲਿਆਂ ਨੂੰ ਹਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ ੪੩ ਹਜ਼ਾਰ ਸਿੱਖ ਜੇਲ੍ਹ ਵਿਚ ਗਏ ਅਤੇ ਕਈ ਜੇਲ੍ਹ ਵਿਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਮੋਰਚੇ ਨੂੰ ਲਗਾਤਾਰ ਜਾਰੀ ਰਖਣ ਕਾਰਣ ਪੈਦਾ ਹੋਣ ਵਾਲੇ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀਆਈਪੀ’ ਸੈੱਲਾਂ ਵਿਚ ਰਹਿ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਇਹ ਗਲ ਸ਼ਾਇਦ ਹੀ ਕੋਈ ਜਾਣਦਾ ਹੋਵੇ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤਕ ਲਾਏ ਗਏ ਮੋਰਚੇ ਅਤੇ ਉਸ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗ੍ਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪਧੱਰ ਤੇ ਕੋਈ ਮਾਨਤਾ ਨਹੀਂ ਦਿਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿਚ ਜਾ ਬੈਠੇ ਸਨ ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫ਼ੀ ਮੰਗ ਰਾਜਨੀਤੀ ਤੋਂ ਤੋਬਾ ਕਰ ਘਰ ਜਾ ਬੈਠ ਸਨ।
…ਅਤੇ ਅੰਤ ਵਿੱਚ : ਐਮਰਜੈਂਸੀ ਦੇ ਖਤਮ ਹੋਣ ਤੋਂ ਕੁਝ ਹੀ ਸਮਾਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ’ ਦੇ ਨਾਂ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੇ ਕਈ ਮੁੱਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਪਰ ਅਕਾਲੀਆਂ ਨਾਲ ਭਾਈਵਾਲੀ ਕਰ, ਪੰਜਾਬ ਵਿਚ ਸੱਤਾ-ਸੁੱਖ ਮਾਣਦੇ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁਛਿਆ ਅਤੇ ਨਾ ਹੀ ਐਮਰਜੈਂਸੀ ਵਿਰੁਧ ਉਨ੍ਹਾਂ ਵਲੋਂ ਕੀਤੇ ਸੰਘਰਸ਼ ਦਾ ਜ਼ਿਕਰ ਹੀ ਕੀਤਾ।

LEAVE A REPLY

Please enter your comment!
Please enter your name here