ਨਾਰੀ ਸ਼ਕਤੀ ਹੈ, ਨਾਰੀ ਪੂਜਾ ਵੀ
ਨਾਰੀ ਲੱਛਮੀ ਹੈ,ਇੱਕ ਨਾਂ ਦੂਜਾ ਵੀ

ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਔਰਤ ਲੱਛਮੀ ਦਾ ਰੂਪ ਹੈ,ਬਿਲਕੁੱਲ ਜੀ ਇਹ ਸੱਚ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਪੂਰਨ ਤੌਰ ਤੇ ਸਭ ਧਰਮਾਂ ਦੇ ਸਾਂਝੇ ਗ੍ਰੰਥ,”ਸ਼੍ਰੀ ਗੁਰੂ ਗ੍ਰੰਥ ਸਾਹਿਬ”ਵਿੱਚ ਉਚਾਰਣ ਕਰਕੇ ਦਿਖਾ ਹੀ ਦਿੱਤਾ ਹੈ,,”ਸੋ ਕਿਓ ਮੰਦਾ ਆਖੀਐ, ਜਿਤੁ ਜੰਮੈ ਰਾਜਾਨ” ਦੇ ਮਹਾ ਵਾਕ ਅਨੁਸਾਰ। ਔਰਤ ਨੂੰ ਕਦੇ ਨਾ ਨਿੰਦਣਯੋਗ ਕਿਹਾ ਹੈ। ਪਰ ਸਮਾਜ ਵਿੱਚ ਉਸ ਸਮੇ ਤੋਂ ਹੁਣ ਤੱਕ ਕੀ ਅਸੀਂ ਔਰਤ ਨੂੰ ਉਹ ਸਨਮਾਨ ਦੇ ਸਕੇ ਹਾਂ, ਜਿਸਦੀ ਉਹ ਹੱਕਦਾਰ ਹੈ ? ਇੱਕ ਪੱਖ ਤੋਂ ਜੇਕਰ ਦੇਖੀਏ ਕਿ ਔਰਤ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਹੈ, ਪਰ ਤੁਸੀਂ ਆਪ ਸਮਝਦਾਰ ਹੋ ,ਕੀ ਜਿਸ ਤਰਾਂ ਸਮਾਜ ਵਿੱਚ ਮਰਦਾਂ ਨੂੰ ਪੂਰਨ ਤੌਰ ਤੇ ਆਜ਼ਾਦੀ ਹੈ, ਉੱਥੇ ਕੀ ਔਰਤ ਨੂੰ ਓਨੀ ਆਜ਼ਾਦੀ ਹੈ ? ਮੰਨਦੀ ਹਾਂ ਕਿ ਹੁਣ ਸਾਡੇ ਸਮਾਜ ਦੀ ਸੋਚ ਬਦਲ ਰਹੀ ਹੈ ,ਔਰਤ ਖੇਤਰ ਵਿੱਚ ਮਰਦਾਂ ਦੇ ਬਰਾਬਰ ਅਹੁਦੇ ਤੇ ਹੈ।ਲੇਕਿਨ ਫਿਰ ਵੀ ਕਿਸੇ ਨਾ ਕਿਸੇ ਪੱਖ ਤੋਂ ਇਹ ਸਮਾਜ ਧੀਆਂ ਨੂੰ ਜਨਮ ਦੇਣ ਤੋਂ ਕਿਉਂ ਡਰਦਾ ਹੈ ? ਕਿਉਂ ਸੁਰੱਖਿਅਤ ਨਹੀਂ ਅੱਜ ਵੀ ਸਾਡੀਆਂ ਮਾਸੂਮ ਬੱਚੀਆਂ….? ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਕਿਸੇ ਰਾਜ ਵਿੱਚ ਔਰਤਾਂ ਤੇ ਮੋਬਾਈਲ ਫੋਨ ਰੱਖਣ ਦੀ ਪਾਬੰਦੀ ਲਗਾ ਦਿੱਤੀ ਹੈ,ਪੜ੍ਹ ਕੇ ਮਨ ਵਿੱਚ ਦੁਬਿਧਾ ਹੋਈ ਕਿ ਔਰਤ ਤੇ ਹੀ ਇਹ ਪਾਬੰਦੀ ਕਿਉਂ ? ਕੀ ਮਰਦਾ ਤੇ ਲੱਗੀ ਇਹ ਪਾਬੰਦੀ ਕਦੇ ? ਅਸੀਂ ਫਿਰ ਵੀ ਆਖਦੇ ਹਾਂ ਕਿ ਹੁਣ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਦੂਜੇ ਪਾਸੇ ਧਾਰਮਿਕ ਖੇਤਰ ਚ’ਸੁਣੋ ਕਿ ਕੇਵਲ ਮਰਦ ਹੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਪਾਠ ਕਰ ਸਕਦਾ ਹੈ,, ਕਿੱਥੋਂ ਤੱਕ ਸਹੀ ਹੈ,,ਔਰਤ ਕਿਉਂ ਨਹੀਂ ਕਰ ਸਕਦੀ ਪਾਠ ? ਕਿਥੇ ਲਿਖਿਆ ਹੈ ਇਹ ,,,ਬੇਸ਼ਕ ਮੇਰੇ ਵਿਚਾਰਾਂ ਨਾਲ ਕਈ ਸਹਿਮਤ ਨਹੀਂ ਹੋਣਗੇ, ਪਰ ਜੋ ਹਕੀਕਤ ਹੈ ਹਮੇਸ਼ਾ ਉਹੀ ਲਿਖਣ ਦੀ ਕੋਸ਼ਿਸ਼ ਕਰਦੀ ਹਾਂ।
ਅਜਿਹੀਆਂ ਸਮੱਸਿਆਵਾਂ ਆਮ ਜ਼ਿੰਦਗੀ ਵਿੱਚ ਵਿਚਰਦਿਆਂ ਅਸੀਂ ਰੋਜ਼ਾਨਾ ਦੇਖਦੇ ਜਾਂ ਸੁਣਦੇ ਹਾਂ ।ਫਿਰ ਕਿਵੇ ਮੰਨ ਲਈਏ ਕਿ ਔਰਤ ਨੂੰ ਬਰਾਬਰ ਦਾ ਅਧਿਕਾਰ ਮਿਲ ਗਿਆ ਹਰ ਖੇਤਰ ਵਿਚ। ਇੱਕ ਔਰਤ ਜੋ ਆਪਣੇ ਜੀਵਣ ਨੂੰ ਖਤਰੇ ਵਿੱਚ ਪਾ ਕੇ ਨਵੇਂ ਜੀਵ ਦੀ ਸਿਰਜਣਾ ਕਰਦੀ ਹੈ, ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਪਤੀ ਦੇ ਘਰ ਨੂੰ ਅਪਣਾਉਂਦੀ ਹੈ,, ਪਰ ਅਫਸੋਸ ਉੱਥੇ ਵੀ ਪਰਾਈ ਅਖਵਾਉਂਦੀ ਹੈ। ਕੀ ਉਸ ਨੂੰ ਸਿਰਫ ਇਸ ਲਈ ਹੀ ਇਹ ਜਨਮ ਮਿਲਦਾ ਹੈ ? ਬਹੁਤ ਔਰਤਾਂ ਅਜਿਹੀਆਂ ਹਨ,, ਜੋ ਸਿਰਫ ਇਹ ਸੋਚ ਕੇ ਹੀ ਚੁੱਪ ਹੁੰਦੀਆਂ ਹਨ ਕਿ ਜੇਕਰ ਉਹ ਆਪਣੀਆਂ ਪ੍ਰੇਸ਼ਾਨੀਆਂ ਕਿਸੇ ਨੂੰ ਦਸਣਗੀਆ ਤਾਂ ਸਮਾਜ ਕੀ ਆਖੇਗਾ,ਅਤੇ ਕਈ ਵਿਚਾਰੀਆਂ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਂਦੀਆਂ ਨੇ! ਮਜਬੂਰੀ ਵੱਸ । ਪਰ ਉਹ ਮਾਪੇ ਵਧਾਈ ਦੇ ਪਾਤਰ ਨੇ ਜੋ ਆਪਣੀਆਂ ਧੀਆਂ ਲਈ ਮਾਰਗ ਦਰਸ਼ਨ ਬਣ ਕੇ ਹਰ ਪਲ ਉਨ੍ਹਾਂ ਦੀ ਅਗਵਾਈ ਕਰਦੇ ਨੇ, ਸਿਜਦਾ ਅਜਿਹੀਆਂ ਕੁੱਖਾਂ ਨੂੰ ਜੋ ਮਰਦ ਦੀ ਸਹਿਮਤੀ ਦੇ ਖਿਲਾਫ ਜਾ ਕੇ ਵੀ ਆਪਣੀ ਬੱਚੀ ਨੂੰ ਜਨਮ ਦਿੰਦੀਆਂ ਨੇ।ਕਾਸ਼!ਇਹ ਸੋਚ ਹਰ ਇਨਸਾਨ ਦੀ ਬਣ ਜਾਵੇ,,, ਔਰਤ ਕਦੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ।ਸਾਡਾ ਸਮਾਜ ਅਤੇ ਸਾਡੀਆਂ ਸੰਸਥਾਵਾਂ ਵੀ ਔਰਤਾਂ ਦੇ ਹੱਕ ਵਿੱਚ ਮਿਲ ਕੇ ਆਵਾਜ਼ ਉਠਾਉਣ।ਕਿਉਂਕਿ ਜਿਸ ਘਰ ਵਿੱਚ ਔਰਤ ਗਿਆਨਵਾਨ ਹੈ,, ਉੱਥੇ ਪੂਰਾ ਪਰਿਵਾਰ ਗਿਆਨਵਾਨ ਬਣਨ ਲੱਗਿਆ ਦੇਰ ਨਹੀਂ ਲੱਗਦੀ।ਸਮਾਂ ਜਰੂਰ ਲੱਗਦਾ ਹੈ, ਪਰ ਇੱਕ ਨਾ ਇੱਕ ਦਿਨ ਅਜਿਹੀਆਂ ਔਰਤਾਂ ਤੇ ਸਾਰਾ ਸਮਾਜ ਫ਼ਖਰ ਮਹਿਸੂਸ ਕਰਦਾ ਹੈ। ਇਸ ਲਈ ਮੇਰੀ ਤਾਂ ਇਹੋ ਉਮੀਦ ਹੈ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਓ,,, ਕਿ ਇਨ੍ਹਾਂ ਨੇ ਇੱਕ ਨਹੀਂ ਕਈ ਜਿੰਦਗੀਆਂ ਲਈ ਚਾਨਣ ਮੁਨਾਰਾ ਬਣਨਾ ਹੈ।

ਚੰਗੇ ਵਿਚਾਰ ਹੋਣ ਜਿਸ ਨਾਰੀ ਦੇ,
ਓਸ ਘਰੇ ਸਵਰਗ ਦਾ ਵਾਸ ਹੋਵੇ!
ਦੁਆ! ਹੈ ਅੱਜ “ਔਰਤ ਦਿਵਸ” ਤੇ
ਕੋਈ ਔਰਤ ਨਾ ਕਦੀ ਉਦਾਸ ਹੋਵੇ!
ਮਹਿਕ ਖਿਲਾਰੇ ਇਹ ਬਣ ਕੇ ਫੁੱਲ
ਗੁਲਾਬ ਵਾਂਗ ਇਹ ਬਣਕੇ ਖਾਸ ਹੋਵੇ!

LEAVE A REPLY

Please enter your comment!
Please enter your name here