ਬਹੁਤ ਸਾਰੇ ਡੇ ਮਨਾਏ ਜਾਂਦੇ ਹਨ।ਇੰਜ ਹੀ ਔਰਤ ਦਿਵਸ ਵੀ ਮਨਾਇਆ ਜਾਂਦਾ ਹੈ,ਸਵਾਲ ਏਹ ਉੱਠਦਾ ਹੈ ਕਿ ਏਹ ਦਿਨ ਮਨਾਉਣ ਦੀ ਜ਼ਰੂਰਤ ਕਿਉਂ ਪਈ?ਕੀ ਏਹ ਦਿਨ ਮਨਾਉਣ ਨਾਲ ਔਰਤਾਂ ਨੂੰ ਬਰਾਬਰ ਦੇ ਹੱਕ ਮਿਲੇ?ਖਾਸ ਕਰਕੇ ਅਸੀਂ ਆਪਣੇ ਦੇਸ਼ ਤੇ ਸਮਾਜ ਤੇ ਨਜ਼ਰ ਮਾਰੀਏ ਤੇ ਵੇਖੀਏ ਕਿ ਇਸ ਦਾ ਸਾਨੂੰ ਫਾਇਦਾ ਕੀ ਹੋਇਆ ਜਾਂ ਸਿਰਫ਼ ਦਿਨ ਮਨਾਉਣ ਦੀ ਖਾਤਰ ਹੀ ਮਨਾਇਆ ਜਾ ਰਿਹਾ ਹੈ।ਸੰਨ1908 ਵਿੱਚ ਅਮਰੀਕਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ,ਘੱਟ ਤਨਖਾਹ ਦਿੱਤੇ ਜਾਣ ਤੇ ਵਧੇਰੇ ਘੰਟੇ ਕੰਮ ਕਰਨ ਦਾ ਵਿਰੋਧ ਕੀਤਾ ਸੀ ਤੇ ਅਗਲੇ ਹੀ ਸਾਲ 1909 ਵਿੱਚ ਸੋਸ਼ਲਿਸਟ ਪਾਰਟੀ ਆਫ਼ ਅਮਰੀਕਾ ਨੇ 28 ਫਰਵਰੀ ਨੂੰ ਪਹਿਲਾ ਔਰਤ ਦਿਵਸ ਮਨਾਇਆ ਤੇ ਏਹ ਕੁਝ ਸਾਲ ਇਸ ਤਰੀਕ ਤੇ ਹੀ ਮਨਾਇਆ ਜਾਂਦਾ ਰਿਹਾ।ਫੇਰ 1913__1914ਵਿੱਚ ਇਸ ਨੂੰ ਬਦਲ ਕੇ 8ਮਾਰਚ ਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਹ ਹੀ ਤਰੀਕ ਅੱਜ ਤੱਕ ਚੱਲ ਰਹੀ ਹੈ।ਦਿਵਸ ਤਾਂ ਮਨਾ ਰਹੇ ਹਾਂ, ਜੋ ਕਾਮਯਾਬ ਔਰਤਾਂ ਹਨ ਉਨ੍ਹਾਂ ਨੂੰ ਸਨਮਾਨਿਤ ਵੀ ਕਰਦੇ ਹਾਂ।ਪਰ ਏਹ ਲੱਗਦਾ ਹੈ ਇੱਕ ਦਿਨ ਦੀ ਗੱਲ ਹੀ ਹੈ।ਜੋ ਕੁਝ ਤੇ ਜਿੰਨਾ ਕੁਝ ਹੋਣਾ ਚਾਹੀਦਾ ਹੈ ਅਜੇ ਵੀ ਨਹੀਂ ਹੋ ਰਿਹਾ।ਇਸ ਨੂੰ ਦਫ਼ਤਰਾਂ ਤੱਕ ਸੀਮਤ ਕਰਕੇ ਨਹੀਂ ਗੱਲ ਕਰਾਂਗੇ, ਹਰ ਪੜ੍ਹਾਅ ਤੇ ਹਰ ਰਿਸ਼ਤੇ ਦੇ ਨਾਲ ਜੋੜਕੇ ਗੱਲ ਕਰਾਂਗੇ।ਬਰਾਬਰਤਾ ਦਾ ਕਾਨੂੰਨ ਬਣਾਕੇ,ਕੁਝ ਨਹੀਂ ਹੋ ਸਕਦਾ।ਸਮਾਜ ਦੇ ਹਰ ਵਰਗ ਦੀ ਸੋਚ ਬਦਲਣ ਦੀ ਜ਼ਰੂਰਤ ਹੈ।ਅੱਜ ਵੀ ਇੱਕ ਦੋ ਨੂੰ ਛੱਡਕੇ,ਘਰਾਂ ਵਿੱਚ ਆਪਣੇ ਹੀ ਇੱਜ਼ਤ ਤੇ ਬਰਾਬਰਤਾ ਨਹੀਂ ਦਿੰਦੇ।ਸੱਭ ਤੋਂ ਪਹਿਲਾਂ ਮਾਪਿਆਂ ਦੇ ਘਰ ਹੀ ਕੁੜੀ ਨੂੰ ਬਰਾਬਰਤਾ ਦੇਕੇ ਭਰਾ ਦੇ ਬਰਾਬਰ ਨਹੀਂ ਕੀਤਾ ਜਾਂਦਾ।ਅੱਜ ਵੀ ਪੜ੍ਹੇ ਲਿਖੇ ਘਰਾਂ ਵਿੱਚ ਵੀ ਧੀ ਨੂੰ ਕਾਨੂੰਨੀ ਤੌਰ ਤੇ ਬਣਦਾ ਬਾਪ ਦੀ ਜਾਇਦਾਦ ਦਾ ਹਿੱਸਾ ਨਹੀਂ ਦਿੱਤਾ ਜਾਂਦਾ।ਸ਼ਾਇਦ ਮਾਪੇ ਵੀ ਵਧੇਰੇ ਕਰਕੇ ਨਹੀਂ ਦਿੰਦੇ ਤੇ ਭਰਾਵਾਂ ਦੇ ਤਾਂ ਜਿਵੇਂ ਸੱਤੀਂ ਕਪੜੀਂ ਅੱਗ ਲੱਗ ਜਾਂਦੀ ਹੈ।ਰਿਸ਼ਤੇਦਾਰ ਤੇ ਸਮਾਜ ਉਸ ਲੜਕੀ ਲਈ ਇਵੇਂ ਚਰਚਾ ਕਰਦਾ ਹੈ ਜਿਸ ਨੇ ਹਿੱਸਾ ਲੈਣ ਦੀ ਗੱਲ ਕੀਤੀ ਹੋਵੇ, ਜਿਵੇਂ ਉਸਨੇ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ।ਉਸ ਭਰਾ ਨੂੰ ਕੋਈ ਬੁਰਾ ਨਹੀਂ ਕਹਿੰਦਾ ਜੋ ਭੈਣ ਦਾ ਹਿੱਸਾ ਲੈਂਦਾ ਹੈ ਤੇ ਹਿੱਕ ਠੋਕਦਾ ਹੈ।ਜੇਕਰ ਧੀਆਂ ਨਾਲ ਘਰਾਂ ਵਿੱਚ ਅਜਿਹਾ ਹੋ ਰਿਹਾ ਹੈ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਔਰਤ ਦਿਵਸ ਮਨਾਉਣਾ ਜਾਂ ਨਾ ਮਨਾਉਣਾ ਇੱਕ ਬਰਾਬਰ ਹੈ।ਮਾਂਵਾਂ ਨੂੰ ਬ੍ਰਿਧ ਆਸ਼ਰਮ ਵਿੱਚ ਛੱਡਿਆ ਜਾਂਦਾ ਹੈ,ਧਾਰਮਿਕ ਸਥਾਨਾਂ ਤੇ ਛੱਡ ਦਿੱਤਾ ਜਾਂਦਾ ਹੈ,ਇਸ ਔਰਤ ਨੇ ਸਾਰੀ ਉਮਰ ਘਰ ਬਣਾਉਣ ਵਿੱਚ ਲਗਾ ਦਿੱਤੀ,ਕੀ ਇੱਕ ਦਿਨ ਔਰਤ ਦਿਵਸ ਮਨਾ ਕੇ ਕੋਈ ਫਾਇਦਾ ਹੋਇਆ।ਜਦੋਂ ਤੱਕ ਸੋਚ ਨਹੀਂ ਬਦਲਦੀ,ਮਾਨਸਿਕਤਾ ਨਹੀਂ ਬਦਲਦੀ,ਸਾਡੇ ਕੋਈ ਬਦਲਾ ਨਹੀਂ ਹੋ ਸਕਦਾ।ਦਿਵਸ ਵੀ ਮਨਾਉ ਪਰ ਉਸਦੇ ਨਾਲ ਹੀ,ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ,ਕੋਂਸਲਿੰਗ ਕਰਨੀ ਬੇਹਦ ਜ਼ਰੂਰੀ ਹੈ।ਮਾਪੇ ਧੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਗੇ ਤਾਂ ਬਾਕੀਆਂ ਤੋਂ ਉਮੀਦ ਕਿਸ ਹੱਕ ਨਾਲ ਰੱਖਦੇ ਨੇ,ਸਮਝ ਨਹੀਂ ਆਉਂਦੀ।ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਮਾਪੇ ਰਿਸ਼ਤੇ ਟੁੱਟਣ ਦੀ ਗੱਲ ਧੀ ਨੂੰ ਕਹਿੰਦੇ ਨੇ,ਜੇਕਰ ਉਹ ਮਾਪਿਆਂ ਦੀ ਜਾਇਦਾਦ ਵਿੱਚੋਂ ਹਿੱਸਾ ਲਵੇਗੀ,ਏਹ ਗੱਲ ਪੁੱਤ ਨੂੰ ਕਿਉਂ ਨਹੀਂ ਕਹਿ ਸਕਦੇ ਜਾ ਕਿਉਂ ਨਹੀਂ ਕਹਿੰਦੇ।ਏਹ ਸੀ ਘਰਾਂ ਵਿੱਚ ਔਰਤ ਦਾ ਬਰਾਬਰਤਾ ਦਾ ਅਸਲੀ ਚਿਹਰਾ।ਕਾਨੂੰਨ ਬਣ ਜਾਣੇ,ਸੱਭ ਠੀਕ ਨਹੀਂ ਕਰ ਸਕਦਾ, ਉਸਨੂੰ ਲਾਗੂ ਕਰਨਾ ਤੇ ਕਰਵਾਉਣਾ ਵੀ ਬੇਹੱਦ ਜ਼ਰੂਰੀ ਹੈ।ਪਿੰਡਾਂ ਵਿੱਚ ਸਰਪੰਚ, ਪੰਚ,ਨਗਰ ਕੌਂਸਲ ਚੋਣਾਂ ਵਿੱਚ ਮੇਅਰ ਜਾਂ ਕੌਂਸਲਰ ਔਰਤਾਂ ਬਣ ਜਾਂਦੀਆਂ ਹਨ।ਕਈ ਜਗ੍ਹਾ ਤੇ ਸੀਟ ਰਿਜ਼ਰਵ ਹੁੰਦੀ ਹੈ ਔਰਤ ਨੂੰ ਉਸ ਸੀਟ ਤੇ ਖੜਾ ਕਰਨਾ ਮਜ਼ਬੂਰੀ ਹੁੰਦੀ ਹੈ,ਇਸ ਕਰਕੇ ਏਹ ਹੀ ਸੋਚ ਨਾਲ ਵਧੇਰੇ ਕਰਕੇ ਖੜਾ ਕਰ ਦਿੱਤਾ ਜਾਂਦਾ ਹੈ ਕਿ ਉਸਦੇ ਕੰਮ ਤਾਂ ਮਰਦਾਂ ਨੇ ਹੀ ਕਰਨੇ ਨੇ।ਕੁਝ ਇੱਕ ਨੂੰ ਛੱਡਕੇ ਬਾਕੀ ਸੱਭ ਦੇ ਪਤੀ ਹੀ ਉਨ੍ਹਾਂ ਦੀ ਜਗ੍ਹਾ ਤੇ ਕੰਮ ਕਰਦੇ ਹਨ।।ਉਹ ਅਜਿਹੀਆਂ ਔਰਤਾਂ ਹਨ ਜਿੰਨਾ ਨੂੰ ਨਾ ਹੱਕਾਂ ਦਾ ਪਤਾ ਹੈ,ਨਾ ਜ਼ੁਮੇਵਾਰੀ ਦਾ ਤੇ ਨਾ ਫ਼ਰਜ਼ਾਂ ਦਾ।ਉਹ ਬਸ ਨਾਮ ਦੀਆਂ ਪੰਚ ਹੁੰਦੀਆਂ ਹਨ,ਨਾਮ ਦੀਆਂ ਸਰਪੰਚ ਤੇ ਨਾਮ ਦੀਆਂ ਕੌਂਸਲਰ।ਕਈ ਵਾਰ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਦਫ਼ਤਰਾਂ ਵਿੱਚ ਵੀ ਉਨ੍ਹਾਂ ਦੇ ਪਤੀ ਚਲੇ ਜਾਂਦੇ ਹਨ,ਜਦੋਂ ਦਫ਼ਤਰਾਂ ਵਿੱਚ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸਟਾਫ਼ ਇਤਰਾਜ਼ ਕਰਦਾ ਹੈ ਤਾਂ ਉਹ ਉਨਾਂ ਨੂੰ ਹਜ਼ਮ ਨਹੀਂ ਹੁੰਦਾ।ਏਹ ਉਹ ਔਰਤਾਂ ਨੇ ਜਿੰਨਾ ਨੂੰ ਸ਼ਾਇਦ ਵੂਮੈਨ ਡੇ ਜਾਂ ਔਰਤ ਦਿਵਸ ਦਾ ਪਤਾ ਹੀ ਨਹੀਂ ਹੋਣਾ।ਇਸ ਵਰਗ ਨੂੰ ਵੀ ਜਾਗਰੂਕ ਕਰਨਾ ਜ਼ਰੂਰੀ ਹੈ।ਸ਼ਰਮ ਆਉਂਦੀ ਹੈ ਲਿਖਦਿਆਂ ਕਿ ਇਥੇ ਧੀਆਂ ਨਾਲ, ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਿਹਾ ਹੈ,ਨਾ ਧੀਆਂ ਮਾਂ ਦੀ ਕੁੱਖ ਵਿੱਚ ਸੁਰੱਖਿਅਤ ਹਨ ਤੇ ਨਾ ਸਮਾਜ ਵਿੱਚ ਆਕੇ।ਬਰਾਬਰਤਾ ਹਰ ਜਗ੍ਹਾ ਤਾਂ ਹੀ ਆਏਗੀ ਜੇਕਰ ਏਹ ਘਰ ਤੋਂ ਸ਼ੁਰੂ ਹੋਏਗੀ।ਜਿਸ ਕਾਰਨ ਕਰਕੇ ਏਹ ਦਿਵਸ ਸ਼ੁਰੂ ਹੋਇਆ ਉਸ ਨੂੰ ਹਮੇਸ਼ਾ ਜਿੰਦਾ ਰੱਖਿਆ ਜਾਵੇ।ਕਾਨੂੰਨ ਨਾਲੋਂ ਸਮਾਜ ਵਧੇਰੇ ਸਫ਼ਲ ਕਰ ਸਕਦਾ ਹੈ।ਚੋਣਾਂ ਵਿੱਚ ਜੇਕਰ ਔਰਤ ਨੂੰ ਜਿੱਤ ਦੁਆਈ ਹੈ ਵੋਟਾਂ ਦੇਕੇ ਤਾਂ ਉਥੋਂ ਦੀਆਂ ਔਰਤਾਂ ਨੂੰ ਇਸ ਵਿਰੁਧ ਅਵਾਜ਼ ਚੁੱਕਣੀ ਚਾਹੀਦੀ ਹੈ ਕਿ ਸਿਰਫ਼ ਉਸਨੂੰ ਹੱਕ ਹੈ ਪੰਚਾਇਤ ਵਿੱਚ ਆਉਣ ਦਾ।ਜੇਕਰ ਕੋਈ ਅਜਿਹਾ ਕਰਨ ਤੋਂ ਨਹ ਰੁੱਕਦਾ ਤਾਂ ਸ਼ਕਾਇਤ ਜ਼ਰੂਰ ਕਰੋ।ਜੇਕਰ ਸਰਕਾਰ ਨੇ ਕਾਨੂੰਨ ਬਣਾਕੇ ਸਾਨੂੰ ਹੱਕ ਦਿੱਤਾ ਹੈ ਤਾਂ ਕੋਸ਼ਿਸ਼ ਜ਼ਰੂਰ ਕਰੀਏ ਕਿ ਹੱਕ ਲੈ ਲਈਏ।ਸਮਾਜ ਨੂੰ ਮਾਪਿਆਂ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਤੇ ਵਿਰੋਧ ਨਹੀਂ ਕਰਨਾ ਚਾਹੀਦਾ।ਔਰਤ ਦਿਵਸ ਸਿਰਫ਼ ਉਨ੍ਹਾਂ ਔਰਤਾਂ ਤੱਕ ਸੀਮਤ ਨਾ ਰੱਖੋ ਜਿੰਨਾ ਨੂੰ ਸੱਭ ਪਤਾ ਹੈ,ਉਨ੍ਹਾਂ ਔਰਤਾਂ ਤੱਕ ਪਹੁੰਚ ਕੇ ਔਰਤ ਦਿਵਸ ਮਨਾਉ ਜਿੰਨਾ ਨੂੰ ਪਤਾ ਹੀ ਨਹੀਂ।ਕਈ ਵਾਰ ਇੰਜ ਲੱਗਦਾ ਹੈ ਕਿ ਲੜਕੀ ਜਾਂ ਔਰਤ ਨੂੰ ਸਿਰਫ਼ ਦਹੇਜ ਦੀ ਮੁਹਾਰਨੀ ਹੀ ਪੜ੍ਹਾਈ ਜਾਂਦੀ ਹੈ ਤੇ ਉਹ ਏਸ ਮੁਹਾਰਨੀ ਵਿੱਚ ਹੀ ਉਲਝਾਈ ਹੋਈ ਹੈ ਸਮਾਜ ਤੇ ਮਾਪਿਆਂ ਨੇ।”ਔਰਤ ਦਿਵਸ” ਔਰਤਾਂ ਨੇ ਆਪਣੇ ਹੱਕਾਂ ਵਾਸਤੇ ਆਵਾਜ਼ ਚੁੱਕ ਕੇ ਸ਼ੁਰੂ ਕੀਤਾ ਸੀ।ਜੇਕਰ ਕੋਈ ਲਿਖ ਸਕਦਾ ਹੈ ਲਿਖਕੇ,ਜੇਕਰ ਨਾਟਕ ਦੇ ਰੂਪ ਵਿੱਚ ਦੱਸ ਸਕਦਾ ਹੈ ਤਾਂ ਨਾਟਕ ਰਾਹੀਂ ਜਾਂ ਸੈਮੀਨਾਰ ਦੇ ਰਾਹੀਂ ਔਰਤਾਂ ਨੂੰ ਔਰਤ ਦਿਵਸ ਬਾਰੇ ਦੱਸਣਾ ਚਾਹੀਦਾ ਹੈ ਤੇ ਪਰਿਵਾਰਾਂ ਤੇ ਸਮਾਜ ਨੂੰ ਔਰਤਾਂ ਦੇ ਹੱਕ,ਮਰਦਾਂ ਦੇ ਬਰਾਬਰ ਦੇਣ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ ਚਾਹੀਦਾ ਹੈ।ਔਰਤ ਦਿਵਸ ਨੂੰ ਸਟੇਜਾਂ ਦਾ ਸ਼ਿੰਗਾਰ ਨਾ ਬਣਨ ਦਿੱਤਾ ਜਾਵੇ।
From Prabhjot Kaur Dhillon Contact No. 9815030221
From Prabhjot Kaur Dillon Contact No. 981503022

LEAVE A REPLY

Please enter your comment!
Please enter your name here