ਕਦੀ ਉਹ ਵੀ ਸਮਾਂ ਸੀ, ਜਦੋਂ ਨਾ ਕੋਈ ਵਿਵਾਦ ਸੀ ਤੇ ਨਾ ਹੀ ਸ਼ੰਕਾ!
ਅੱਜ ਫਿਰ ਯਾਦ ਆਉਂਦੀ ਹੈ ਉਨ੍ਹਾਂ ਦਿਨਾਂ ਦੀ, ਜਦੋਂ ਦਾਦੀਆਂ-ਨਾਨੀਆਂ ਅਤੇ ਮਾਵਾਂ ਵਲੋਂ ਗੁਰੂ ਸਾਹਿਬਾਂ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਜੋ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਦਿਲ ਦੀਆਂ ਡੂੰਘਿਆਈਆਂ ਤੋਂ ਸਵੀਕਾਰ ਕਰ, ਜੀਵਨ ਵਿਚ ਵਸਾ ਲਿਆ ਜਾਂਦਾ ਸੀ। ਉਹ ਵਿਸ਼ਵਾਸ ਤੇ ਉਸਤੋਂ ਉਪਜੀ ਸ਼ਰਧਾ ਜੀਵਨ ਦੇ ਆਦਰਸ਼ ਬਣ ਜਾਂਦੇ ਸਨ। ਨਾ ਕੋਈ ਵਿਵਾਦ ਹੁੰਦਾ ਸੀ ਤੇ ਨਾ ਕੋਈ ਸ਼ੰਕਾ। ਇਹੀ ਵਿਸ਼ਵਾਸ ਅਤੇ ਸ਼ਰਧਾ ਹੀ ਸੀ, ਜਿਸਦੇ ਸਹਾਰੇ ਸਿੱਖ ਜ਼ਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁਧ ਜੂਝਦੇ ਅਤੇ ਗ਼ਰੀਬ ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬੱਧ ਰਹਿੰਦਿਆਂ ਜੰਗਲਾਂ ਬੇਲਿਆਂ ਵਿੱਚ ਛੁਪਦੇ-ਛੁਪਾਂਦੇ ਜੀਵਨ-ਕਟੀ ਤੇ ਕੁਰਬਾਨੀਆਂ ਕਰਦੇ ਚਲੇ ਆ ਰਹੇ ਸਨ। ਚਰਖੜੀਆਂ ਤੇ ਚੜ੍ਹਦਿਆਂ, ਖੋਪਰੀਆਂ ਉਤਰਵਾਂਦਿਆਂ, ਆਰਿਆਂ ਨਾਲ ਚਿਰਵਾਇਆਂ ਤੇ ਬੰਦ-ਬੰਦ ਕਟਵਾਂਦਿਆਂ ਹੋਇਆਂ ਵੀ, ਕਦੀ ਡੋਲੇ ਨਹੀਂ ਸਨ। ਇਸੇ ਵਿਸ਼ਵਾਸ ਅਤੇ ਸ਼ਰਧਾ ਦੇ ਚਲਦਿਆਂ ਹੀ ਸਿੱਖਾਂ ਨੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਣ ਲਈ ਅਨਗਿਣਤ ਸ਼ਹੀਦੀਆਂ ਦਿਤੀਆਂ, ਜੰਡਾਂ ਨਾਲ ਬੰਨ੍ਹ ਸਾੜੇ ਗਏ, ਟੋਟੇ-ਟੋਟੇ ਕੀਤੇ ਗਏ, ਫਿਰ ਵੀ ਉਨ੍ਹਾਂ ਆਪਣੇ ਸਿੱਖੀ ਸਿਦਕ ਅਤੇ ਗੁਰੂ ਸਾਹਿਬਾਂ ਪ੍ਰਤੀ ਆਪਣੀ ਸ਼ਰਧਾ ਵਿਚ ਤਰੇੜ ਨਹੀਂ ਆਉਣ ਦਿੱਤੀ। ਇਹੀ ਉਹ ਵਿਸ਼ਵਾਸ ਅਤੇ ਸ਼ਰਧਾ ਸੀ ਜਿਸਨੇ ਉਨ੍ਹਾਂ ਦੇ ਆਚਰਣ ਨੂੰ ਇਤਨਾ ਉੱਚਿਆ ਦਿਤਾ ਸੀ, ਕਿ ਦੁਸ਼ਮਣ ਵੀ ਉਨ੍ਹਾਂ ਦੇ ਜੀਵਨ-ਆਚਰਣ ਦੀ ਪ੍ਰਸ਼ੰਸਾ ਕਰਨੋਂ ਨਹੀਂ ਸਨ ਰਹਿ ਸਕਦੇ।
ਰਾਜਸੀ ਵਿਚਾਰਧਾਰਾ, ਸੋਚ ਅਤੇ ਵਫਾਦਾਰੀ ਦੇ ਚਲਦਿਆਂ ਸਿੱਖ ਭਾਵੇਂ ਵੰਡੇ ਹੋਏ ਸਨ, ਪਰ ਧਾਰਮਕ ਪਖੋਂ ਉਨ੍ਹਾਂ ਦੀ ਸ਼ਰਧਾ ਤੇ ਵਫਾਦਾਰੀ ਗੁਰੂ ਸਾਹਿਬਾਨ, ਗੁਰ ਅਤੇ ਸਿੱਖ ਇਤਿਹਾਸ ਪ੍ਰਤੀ ਅਟੁੱਟ ਬਣੀ ਚਲੀ ਆ ਰਹੀ ਸੀ। ਉਨ੍ਹਾਂ ਦਾ ਵਿਸ਼ਵਾਸ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਪ੍ਰਤੀ ਦ੍ਰਿੜ੍ਹਤਾ ਨਾਲ ਕਾਇਮ ਸੀ। ਇਹੀ ਨਹੀਂ, ਇਨ੍ਹਾਂ ਮਰਿਆਦਾਵਾਂ ਤੇ ਪਰੰਪਰਾਵਾਂ ਦੀ ਰਖਿਆ ਪ੍ਰਤੀ ਵੀ ਉਹ ਪੂਰੀ ਤਰ੍ਹਾਂ ਚੇਤੰਨ ਅਤੇ ਵਚਨਬੱਧ ਸਨ। ਇਸਦੇ ਲਈ ਉਹ ਕਿਸੇ ਵੀ ਸਮੇਂ, ਕੋਈ ਵੀ ਕੁਰਬਾਨੀ ਕਰਨ ਲਈ ਸਦਾ ਤਤਪਰ ਰਹਿੰਦੇ ਸਨ। ਜਦੋਂ ਕਦੀ ਵੀ ਸਿੱਖ ਆਗੂਆਂ ਨੇ ‘ਪੰਥ ਖਤਰੇ ਵਿਚ’ ਦਾ ਨਾਹਰਾ ਲਾ, ਉਨ੍ਹਾਂ ਨੂੰ ਕੁਰਬਾਨੀਆਂ ਕਰਨ ਲਈ ਸਦਾ ਦਿਤਾ, ਤਾਂ ਉਹ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਘਰ-ਪਰਿਵਾਰ, ਗੁਰੂ ਭਰੋਸੇ ਛੱਡ ਦੌੜੇ ਚਲੇ ਆਏ। ਉਨ੍ਹਾਂ ਨਾ ਤਾਂ ਕਦੀ ਆਪਣੀਆਂ ਕੁਰਬਾਨੀਆਂ ਦਾ ਹਿਸਾਬ ਕੀਤਾ ਅਤੇ ਨਾ ਹੀ ਕਦੀ ਉਨ੍ਹਾਂ ਦਾ ਮੁਲ ਲੈਣਾ ਚਾਹਿਆ। ਹਾਲਾਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ, ਪੰਥ ਦੇ ਠੇਕੇਦਾਰ ਹੋਣ ਦੇ ਦਾਅਵੇਦਾਰ, ਸਦਾ ਹੀ ਉਨ੍ਹਾਂ ਪਾਸੋਂ ਹੀ ਵਸੂਲਦੇ ਰਹੇ, ਫਿਰ ਵੀ ਕੁਰਬਾਨੀਆਂ ਕਰਨ ਵਾਲਿਆਂ ਨੇ, ਉਨ੍ਹਾਂ ਪਾਸੋਂ ਕਦੀ ਹਿਸਾਬ ਨਹੀਂ ਸੀ ਮੰਗਿਆ।
ਪ੍ਰੰਤੂ ਬੀਤੇ ਕੁਝ ਵਰਿ੍ਹਆਂ ਤੋਂ ਸਭ-ਕੁਝ ਹੀ ਉਥਲ-ਪੁਥਲ ਹੁੰਦਾ ਚਲਿਆ ਆ ਰਿਹਾ ਹੈ। ਆਏ ਦਿਨ ਸਿੱਖ ਧਰਮ, ਬਾਣੀ ਤੇ ਇਤਿਹਾਸ ਆਦਿ ਦੇ ਸਬੰਧ ਵਿਚ ਨਵੇਂ ਤੋਂ ਨਵੇਂ ਵਿਵਾਦ ਖੜੇ ਕੀਤੇ ਜਾ ਰਹੇ ਹਨ। ਇਕ ਵਿਵਾਦ ਮੁਕਦਾ ਨਹੀਂ, ਕਿ ਦੂਜਾ ਸ਼ੁਰੂ ਕਰ ਦਿਤਾ ਜਾਂਦਾ ਹੈ। ਕਿਸੇ ਨੇ ਮੂਲ ਮੰਤ੍ਰ ਨੂੰ ਹੀ ਲੈ ਕੇ ਵਿਵਾਦ ਛੇੜ ਦਿਤਾ ਕਿ ਇਹ ਇਥੋਂ ਤਕ ਨਹੀਂ, ਇਥੋਂ ਤਕ ਪੜ੍ਹਿਆ ਜਾਣਾ ਚਾਹੀਦਾ ਹੈ। ਕਿਸੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਲੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਗਦੀ ਦਿਤੇ ਜਾਣ ਦਾ ਕੋਈ ਪੁਖ਼ਤਾ ਸਬੂਤ ਹੀ ਨਹੀਂ, ਫਿਰ ਕਿਸੇ ਨੇ ਕਹਿ ਦਿਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ, ਖਾਲਸਾ ਪੰਥ ਨੂੰ ਦਿਤੀ ਸੀ। ਕਿਸੇ ਨੇ ਕਿਸੇ ਹੋਰ ਦਾ ਨਾਂ ਲੈ ਦਿਤਾ। ਹਰ ‘ਵਿਦਵਾਨ ਆਪਣੀ ਸਿਆਣਪ ਦਾ ਡੰਕਾ ਵਜਵਾਣ ਤੇ ਦਬਦਬਾ ਬਣਾਣ ਦੇ ਉਦੇਸ਼ ਨਾਲ ਨਿਤ ਨਵਾਂ ਵਿਵਾਦ ਖੜਿਆਂ ਕਰਨਾ, ਆਪਣਾ ਜਨਮ-ਸਿਧ ਅਧਿਕਾਰ ਸਮਝਣ ਲਗ ਪਿਆ।
ਗਲ ਇਥੇ ਹੀ ਖ਼ਤਮ ਨਹੀਂ, ਇਸਤੋਂ ਅੱਗੇ ਵਿਵਾਦ ਹੋਰ ਤੋਂ ਹੋਰ ਅਗੇ ਵਧਦੇ ਜਾ ਰਹੇ ਹਨ। ਵਿਵਾਦ ਛੇੜਨ ਵਾਲੇ ਵਿਦਵਾਨ ਜੋ ਆਪਣੀ ਖੋਜ ਤੇ ‘ਸਿਆਣਪ’ ਦਾ ਲੋਹਾ ਮੰਨਵਾਣ ਤੇ ਬਜ਼ਿਦ ਹੋਏ ਪਏ ਹਨ, ਉਹ ਵਿਵਾਦ ਛੇੜੇ ਤੇ ਫਿਰ ਉਸਨੂੰ ਵਧਾਏ ਦੇ ਬਿਨਾਂ ਰਹਿ ਕਿਵੇਂ ਸਕਦੇ ਹਨ? ਇਸ ਕਰਕੇ ਉਨ੍ਹਾਂ ਵਿਚੋਂ ਹੀ ਕਿਸੇ ਨੇ ਇਹ ਸ਼ੋਸ਼ਾ ਛੱਡ ਦਿਤਾ ਕਿ ਅੰiੰਮ੍ਰਤ ਤਿਆਰ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ, ਨਾ ਤਾਂ ਇਹ ਨਿਸ਼ਚਿਤ ਹੈ ਅਤੇ ਨਾ ਹੀ ਇਹ ਕਿ ਉਨ੍ਹਾਂ ਪੰਜ ਬਾਣੀਆਂ ਪੜ੍ਹੀਆਂ ਸਨ ਜਾਂ ਵਧ-ਘਟ। ਜੇ ਇਕ ਨੇ ਇਹ ਗਲ ਕਹੀ ਤਾਂ ਦੂਜਾ ਕਿਵੇਂ ਪਿਛੇ ਰਹਿੰਦਾ ਉਸਨੇ ਇਹ ਕਹਿ ਦਿਤਾ, ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕੇ ਜਾਣ ਦੀ ਸਥਾਪਤ ਮਾਨਤਾ ਵਿਚ ਵੀ ਕੋਈ ਸਚਾਈ ਨਹੀਂ, ਕਿਉਂਕਿ ਜੋ ਆਪ ਅੰਮ੍ਰਿਤ ਦਾ ਦਾਤਾ ਹੈ, ਉਹ ਕਿਵੇਂ ਆਪਣੇ ਹੀ ਸਾਜੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਸਕਦਾ ਹੈ? ਮਤਲਬ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਆਪੇ ਗੁਰ ਚੇਲਾ ਦੀ ਜੋ ਮਾਨਤਾ ਸਿੱਖ ਇਤਿਹਾਸ ਵਿਚ ਸਵੀਕਾਰੀ ਜਾਂਦੀ ਚਲੀ ਆ ਰਹੀ ਹੈ, ਉਹ ਸੱਚ ਨਹੀਂ। ਅਜੇ ਇਹ ਵਿਵਾਦ ਚਲ ਹੀ ਰਹੇ ਸਨ ਕਿ ਕੁਝ-ਇੱਕ ਨੇ ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਨੂੰ ਲੈ ਕੇ ਇਨ੍ਹਾਂ ਨਾਲ ਸੰਬੰਧਤ ਵਿਵਾਦਾਂ ਨੂੰ ਇਤਨਾ ਤੂਲ ਦੇ ਦਿਤਾ, ਕਿ ਉਹ ਅਜੇ ਤਕ ਕਿਸੇ ਸਿਰੇ ਲਗਦੇ ਵਿਖਾਈ ਨਹੀਂ ਦੇ ਰਹੇ। ਉਸ ਸਮੇਂ ਤਾਂ ਹਦ ਹੀ ਮੁੱਕਾ ਦਿੱਤੀ ਗਈ, ਜਦੋਂ ਸਿੱਖ ਧਰਮ ਅਤੇ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਪੁਰ ਲਗਾਤਾਰ ਸੁਆਲੀਆ ਨਿਸ਼ਾਨ ਲਾਉਂਦੇ ਚਲੇ ਆ ਰਹੇ, ਸਿੱਖੀ-ਸਰੂਪ ਦੇ ਧਾਰਨੀ ਇੱਕ ਅਖੌਤੀ ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਹੀ ਸੁਆਲ ਖੜਿਆਂ ਕਰ, ਸਮੁਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਲੂਹ ਦਿਤਾ।
ਸੱਚਾਈ ਤਾਂ ਇਹ ਹੈ ਕਿ ਸਿੱਖ ਇਤਿਹਾਸ ਅਤੇ ਸਿੱਖੀ ਦੀਆਂ ਸਥਾਪਤ ਮਰਿਅਦਾਵਾਂ ਤੇ ਪਰੰਪਰਾਵਾਂ ਦੇ ਜਾਣੂ ਹੋਣ ਦਾ ਦਾਅਵਾ ਕਰ ਰਹੇ, ਸਿੱਖੀ-ਸਰੂਪ ਦੇ ਇਨ੍ਹਾਂ ਧਾਰਨੀਆਂ ਨੇ ਸਿੱਖੀ ਦਾ ਜੋ ਘਾਣ ਬੀਤੇ ਕੁਝ ਵਰਿ੍ਹਆਂ ਵਿਚ ਹੀ ਕਰ ਵਿਖਾਇਆ ਹੈ ਅਤੇ ਅਗੋਂ ਹੋਰ ਕਰਨ ਤੇ ਤੁਲੇ ਬੈਠੇ ਹਨ, ਉਤਨਾ ਨੁਕਸਾਨ ਤਾਂ ਪਿਛਲੀਆਂ ਪੰਜ ਸਦੀਆਂ ਤੋਂ ਵੀ ਵੱਧ ਸਮੇਂ ਵਿਚ ਵੀ ਸਿੱਖੀ ਤੇ ਸਿੱਖਾਂ ਦੇ ਵੱਡੇ ਤੋਂ ਵੱਡੇ ਦੁਸ਼ਮਣ ਆਪਣੀ ਸਮੁਚੀ ਤਾਕਤ ਝੌਂਕ ਕੇ ਵੀ ਨਹੀਂ ਕਰ ਸਕੇ।
ਗੁਰੂ ਸਾਹਿਬਾਨ ਨੇ ਆਪਣੀਆਂ ਦੂਰ-ਦੁਰਾਡੇ ਦੀਆਂ ਕੀਤੀਆਂ ਔਖੀਆਂ ਯਾਤ੍ਰਾਵਾਂ ਦੌਰਾਨ ਕੀਤੇ ਜਨ-ਸੰਪਰਕ ਰਾਹੀਂ ਪ੍ਰਾਪਤ ਵਿਸ਼ਾਲ ਅਨੁਭਵ ਤੇ ਆਪਣੀ ਜੀਵਨ-ਤਪਸਿਆ ਅਤੇ ਦੂਰ-ਦ੍ਰਿਸ਼ਟੀ ਦੇ ਸਹਾਰੇ ਨਾ ਕੇਵਲ ਮਹਾਨ ਗਿਆਨ ਹੀ ਪ੍ਰਾਪਤ ਕੀਤਾ, ਸਗੋਂ ਆਤਮਕ-ਸ਼ਕਤੀ ਦੀ ਪ੍ਰਾਪਤੀ ਵੀ ਕੀਤੀ ਸੀ, ਜਿਸਦੇ ਚਲਦਿਆਂ ਉਨ੍ਹਾਂ ਆਪ ਕੁਰਬਾਨੀਆਂ ਦੇ ਅਤੇ ਆਪ ਜੀਵੇ ਜੀਵਨ ਨੂੰ ਇਕ ਅਜਿਹੀ ਅਦੁਤੀ ਮਿਸਾਲ ਦੇ ਰੂਪ ਵਿਚ ਪੇਸ਼ ਕੀਤਾ, ਕਿ ਉਸਤੋਂ ਪ੍ਰੇਰਨਾ ਲੈ ਕੇ ਹੀ, ਉਨ੍ਹਾਂ ਦੇ ਸਾਜੇ ਪੰਥ ਨੇ ਸਿੱਖੀ ਦੇ ਸਥਾਪਤ ਆਦਰਸ਼ਾਂ, ਉਸਦੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਦੀ ਰਖਿਆ ਕਰਦਿਆਂ, ਕੁਰਬਾਨੀਆਂ ਦੀ ਅਜਿਹੀ ਝੜੀ ਲਾਈ ਕਿ ਦੁਨੀਆਂ ਅਸ਼-ਅਸ਼ ਕਰ ਉਠੀ।
ਸ਼ਾਇਦ ਸਿੱਖਾਂ ਦਾ ਕੁਰਬਾਨੀਆਂ ਕਰਨ ਦਾ ਇਹੀ ਗੁਣ ਉਨ੍ਹਾਂ ਦਾ, ਦੁਸ਼ਮਣ ਬਣ, ਵਿਚਰਨ ਲਗੈ। ਉਨ੍ਹਾਂ ਦੇ ਇਸੇ ਗੁਣ ਤੋਂ ਦੁਖੀ ਹੋ ਈਰਖਾਲੂ ਤੇ ਸਿੱਖੀ ਦੀਆਂ ਦੁਸ਼ਮਣ ਸ਼ਕਤੀਆਂ, ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਆਨੇ-ਬਹਾਨੇ ਸਿੱਖੀ ਨੂੰ ਢਾਹ ਲਾਉਣ ਲਈ, ਆਪਣਾ ਪੂਰਾ ਤਾਣ ਲਾ, ਸਰਗਰਮ ਚਲੀਆਂ ਆ ਰਹੀਆਂ ਹਨ। ਉਨ੍ਹੀਵੀਂ ਸਦੀ ਦੀ ਅਖੀਰਲੀ ਤਿਮਾਹੀ ਵਿਚ ਸਿੱਖੀ-ਸਰੂਪ ਨੂੰ ਖ਼ਤਮ ਕਰਨ ਦੀ ਗਿਣੀ-ਮਿਥੀ ਸਾਜ਼ਸ਼ ਨੂੰ ਸਿਰੇ ਚੜ੍ਹਾਉਣ ਲਈ ਜਤਨ ਸ਼ੁਰੂ ਹੋਏ, ਜਿਨ੍ਹਾਂ ਦਾ ਜਵਾਬ ਦੇਣ ਲਈ ਸਿੰਘ ਸਭਾ ਲਹਿਰ ਹੋਂਦ ਵਿਚ ਆ ਗਈ। ਜਿਸਦੇ ਸਹਾਰੇ ਇਸ ਸਾਜ਼ਸ਼ ਨੂੰ ਠਲ੍ਹ ਪਾਣ ਲਈ ਇਕ ਪੱਕਾ ਬਾਨਣੂ ਬੰਨ੍ਹ ਦਿਤਾ ਗਿਆ। ਉਸਤੋਂ ਬਾਅਦ ਵੀ ਕਈ ਹੋਰ ਜਤਨ ਹੋਏ। ਸਭ ਤੋਂ ਵੱਡਾ ਹਮਲਾ ਧਰਮ-ਯੁੱਧ ਮੋਰਚੇ ਦੌਰਾਨ ਹੋਇਆ। ਜਦੋਂ ਇਕ ਸੋਚੀ-ਸਮਝੀ ਸਾਜ਼ਸ਼ ਅਧੀਨ ਸਮਾਜ-ਵਿਰੋਧੀ ਤੱਤਾਂ ਪਾਸੋਂ ਪੰਜਾਬ ਵਿਚ ਬੇਗੁਨਾਹਵਾਂ ਦੇ ਕਤਲ ਕਰਵਾ, ਸਿੱਖਾਂ ਸਿਰ ਮੜ੍ਹਨੇ ਸ਼ੁਰੂ ਕਰ ਦਿਤੇ ਗਏ। ਜਿਸਦਾ ਉਦੇਸ਼ ਸਿੱਖਾਂ ਦੇ ਕੁਰਬਾਨੀਆਂ ਭਰੇ ਸੁਨਹਿਰੀ ਇਤਿਹਾਸ ਨੂੰ ਕਲੰਕਤ ਕਰ, ਸਿੱਖਾਂ ਨੂੰ ਸੰਸਾਰ ਭਰ ਵਿਚ ਬੇਗੁਨਾਹਵਾਂ ਦੇ ਕਾਤਲ, ਲੁਟੇਰੇ ਤੇ ਜ਼ਾਲਮ ਵਜੋਂ ਸਥਾਪਤ ਕਰ, ਸਮੁਚੇ ਮਨੁਖਾ ਸਮਾਜ ਤੋਂ ਪੂਰੀ ਤਰ੍ਹਾਂ ਅਲਗ-ਥਲਗ ਕਰ ਦੇਣਾ ਸੀ। ਇਸ ਸਾਜ਼ਸ਼ ਨੂੰ ਨਾ ਤਾਂ ਸਿੱਖ ਆਗੂ ਸਮਝ ਸਕੇ ਅਤੇ ਨਾ ਹੀ ਉਹ ਸਿੱਖ ਨੌਜਵਾਨ, ਜੋ ਸਿੱਖਾਂ ਦੇ ਮਾਣ-ਸਤਿਕਾਰ ਦੀ ਰਖਿਆ ਲਈ ਜੂਝ ਰਹੇ ਸਨ ।
ਨਤੀਜਾ ਸਾਡੇ ਸਾਹਮਣੇ ਹੈ, ਜਦੋਂ ਨੀਲਾ-ਤਾਰਾ ਸਾਕੇ ਤੇ ਨਵੰਬਰ-ਚੌਰਾਸੀ ਦੇ ਸਿੱਖ ਕਤਲੇਆਮ ਵਰਗੇ ਘਲੂਘਾਰੇ ਵਾਪਰੇ, ਤਾਂ ਕੋਈ ਵੀ ਸਿੱਖਾਂ ਨਾਲ ਹਮਦਰਦੀ ਪ੍ਰਗਟਾਣ ਜਾਂ ਉਨ੍ਹਾਂ ਦੇ ਦੁਖ ਪੁਰ ਦੋ ਅਥਰੂ ਵਹਾਣ ਲਈ ਅਗੇ ਨਹੀਂ ਆਇਆ।ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਸੀ ਕਿ ਸਿੱਖ-ਵਿਰੋਧੀ ਸਾਜ਼ਸ਼ ਪੂਰੀ ਤਰ੍ਹਾਂ ਸਫਲ ਹੋ ਗਈ ਹੋਈ ਸੀ।
ਇਤਨੀ ਭਾਰੀ ਸੱਟ ਸਹਿ ਅਤੇ ਸਮੁਚੇ ਮਨੁਖਾ ਸਮਾਜ ਤੋਂ ਅਲਗ-ਥਲਗ ਹੋ ਕੇ ਵੀ ਜਦੋਂ ਸਿੱਖਾਂ ਹਾਰ ਨਹੀਂ ਮੰਨੀ ਤੇ ਬਿਨਾਂ ਕਿਸੇ ਸਹਾਰੇ ਦੇ, ਉਹ ਮੁੜ ਆਪਣੇ ਪੈਰਾਂ ਪੁਰ ਖੜਿਆਂ ਹੋਣ ਵਿਚ ਜੁਟ ਗਏ, ਤਾਂ ਸੰਸਾਰ ਭਰ ਦੇ ਲੋਕਾਂ ਦਾ ਹੈਰਾਨ ਹੋਣਾ ਕੁਦਰਤੀ ਸੀ। ਉਹ ਇਹ ਸੋਚਣ ਤੇ ਮਜਬੂਰ ਹੋ ਗਏ, ਕਿ ਆਖ਼ਿਰ ਇਹ, ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ, ਕਿ ਇਤਨਾ ਵੱਡਾ ਟੁੱਟਿਆ ਪਹਾੜ ਵੀ ਉਨ੍ਹਾਂ ਦੇ ਹੌਂਸਲਿਆਂ ਨੂੰ ਤੋੜ ਨਹੀਂ ਸਕਿਆ। ਉਨ੍ਹਾਂ ਦੇ ਇਸੇ ਹੌਂਸਲੇ ਤੋਂ ਪ੍ਰਭਾਵਤ ਹੋ ਕੇ ਇਕ ਪਾਸੇ ਸੰਸਾਰ ਭਰ ਦੇ ਵਿਦਵਾਨਾਂ ਨੇ ਆਪਣੀ ਉਤਸੁਕਤਾ ਮਿਟਾਣ ਲਈ ਸਿੱਖ-ਇਤਿਹਾਸ ਅਤੇ ਸਿੱਖ ਧਰਮ ਦਾ ਡੂੰਘਿਆਈ ਨਾਲ ਅਧਿਅਨ ਕਰਨਾ ਅਰੰਭ ਕਰ ਦਿਤਾ ਅਤੇ ਦੂਜੇ ਪਾਸੇ ਫੋਕੇ ਹਮਦਰਦ ਬਣ ਆਪਣਿਆਂ ਤੇ ਪਰਾਇਆਂ ਨੇ ਸਿੱਖਾਂ ਦਾ ਭਾਵਨਾਤਮਕ, ਆਰਥਕ ਅਤੇ ਰਾਜਨੈਤਿਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿਤਾ। ਇਸਦੇ ਨਾਲ ਹੀ ਸਿੱਖੀ ਦੇ ਦੁਸ਼ਮਣਾਂ ਸਾਹਮਣੇ ਇਹ ਗਲ ਸਪਸ਼ਟ ਹੋ ਗਈ ਕਿ ਸਿੱਖੀ ਅਤੇ ਸਿੱਖਾਂ ਨੂੰ ਬਾਹਰੋਂ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਇਸਦੇ ਲਈ ਉਨ੍ਹਾਂ ਵਿਚ ਘੁਸਪੈਠ ਕਰ ਅੰਦਰੋਂ ਸੰਨ੍ਹ ਲਾਣੀ ਹੋਵੇਗੀ।
ਜਾਪਦਾ ਹੈ ਇਸੇ ਸੋਚ ਨੂੰ ਮੁਖ ਰਖ, ਸਿੱਖੀ ਦੇ ਦੁਸ਼ਮਣਾਂ ਨੇ ਇਕ ਸੋਚੀ-ਸਮਝੀ ਸਾਜ਼ਸ਼ ਅਧੀਨ ਸਿੱਖੀ-ਸਰੂਪ ਦੇ ਧਾਰਨੀ ਕੁਝ ਜ਼ਮੀਰ-ਫਰੋਸ਼ਾਂ ਦੀ ਜ਼ਮੀਰ ਖ਼ਰੀਦ, ਉਨ੍ਹਾਂ ਨੂੰ ਸਿੱਖੀ ਬਾਰੇ ਨਿਤ ਨਵੇਂ ਵਿਵਾਦ ਖੜੇ ਕਰਨ, ਸਿੱਖਾਂ, ਵਿਸ਼ੇਸ਼ ਕਰ ਨੌਜਵਾਨਾਂ ਨੂੰ ਸਿੱਖੀ ਵਲੋਂ ਬਦਜ਼ਨ ਕਰ, ਵਿਰਸੇ ਨਾਲੋਂ ਤੋੜਨ ਦੀ ਜ਼ਿਮੇਂਦਾਰੀ ਸੌਂਪ ਦਿਤੀ।
ਅਤੇ ਅੰਤ ਵਿਚ : ਸ਼ਾਇਦ ਇਸੇ ਗਲ ਦਾ ਨਤੀਜਾ ਹੈ ਕਿ ਜ਼ਮੀਰ-ਫ਼ਰੋਸ਼ਾਂ, ਵਲੋਂ ਜੋ ਨਿਤ ਨਵੇਂ ਵਿਵਾਦ ਪੈਦਾ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸਦੇ ਫਲਸਰੂਪ ਇਕ ਪਾਸੇ ਸਿੱਖ ਨੌਜਵਾਨ ਸਿੱਖੀ ਨਾਲੋਂ ਟੁੱਟਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਿੱਖਾਂ ਵਿਚ ਖਾਨਾਜੰਗੀ ਦਾ ਮਾਹੌਲ ਬਣਦਾ ਸਾਹਮਣੇ ਆਉਣ ਲਗਾ ਹੈ। ਅੰਤ ਕਿਥੇ ਤੇ ਕਦੋਂ ਹੋਵੇਗਾ? ਕੋਈ ਨਹੀਂ ਜਾਣਦਾ।੦੦੦
ਮੋਬਾਈਲ : + ੯੧ ੯੫ ੮੨ ੭੧ ੯੮ ੯੦

LEAVE A REPLY

Please enter your comment!
Please enter your name here