ਕਰਮਜੀਤ ਕੌਰ ਸਮਾਉ।

ਆਨੰਦਪੁਰ ਸਾਹਿਬ- ਨੰਗਲ ਸੜਕ ਉਪਰ ਕਰੀਬ 8 ਕਿਲੋਮੀਟਰ ਦੂਰ ਲਹਿੰਦੇ ਪਾਸੇ ਵੱਸੇ ਪਿੰਡ ਖਾਨਪੁਰ ਦੀ ਅਗਵਾਈ ਇਸ ਸਮੇਂ ਮਹਿਲਾ ਪੰਚਾਇਤ ਕਰ ਰਹੀ ਹੈ। ਸਰਪੰਚ  ਸਰਬਜੀਤ ਕੋਰ ਹੈ ਜਦੋਂ ਕਿ ਪੰਚ ਵੀ ਔਰਤਾਂ ਹਨ। ਇਹ ਚੋਣ ਸਰਬਸੰਮਤੀ ਨਾਲ ਹੋਈ ਹੈ।ਜਨਰਲ ਕੈਟਾਗਰੀ ਵਿੱਚ ਗੁਰਦੇਵ ਕੌਰ, ਪਰਮਜੀਤ ਕੌਰ, ਨਿਰਮਲ ਕੌਰ, ਅਨੁਸੂਚਿਤ ਜਾਤੀ ਦੀ ਨਰਿੰਦਰ ਕੌਰ ਤੇ ਪਛੜੀ ਸ਼੍ਰੇਣੀ ਵਿੱਚ ਜਸਵਿੰਦਰ ਕੋਰ ਪੰਚ ਹਨ ।
ਸਰਪੰਚ ਦੇ ਪਤੀ ਸੁਖਦੇਵ ਸਿੰਘ ਦੱਸਦੇ ਹਨ ਕਿ ਖਾਨਪੁਰ, ਰਾਜਾ ਬਿਲਾਸਪੁਰ ਦੀ ਰਿਆਸਤ ਦਾ ਪਿੰਡ ਹੁੰਦਾ ਸੀ। ੳੋੁਸ ਸਮੇਂ ਰਾਜੇ ਕੋਲੋਂ ਉਸ ਦੇ ਰਸੋਈਏ ਖਾਨੂੰ ਪੰਡਤ ਨੇ ਆਪਣੀ ਯਾਦ ਕਾਇਮ ਰੱਖਣ ਲਈ ਇਸ ਪਿੰਡ ਨੂੰ ਮੰਗਿਆ ਤੇ ਉੱਥੋਂ ਹੀ ਇਸ ਪਿੰਡ ਦਾ ਨਾਮ ਖਾਨਪੁਰ ਪੈ ਗਿਆ। ਇਸ ਦੀ ਅਬਾਦੀ 600 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 336 ਤੋ ਉਪਰ ਹੈ। ਅਗਾਂਹਵਧੂ ਖਿਆਲਾਂ ਵਾਲਾ ਇਹ ਪਿੰਡ ਹੈ। ਇਸ ਪਿੰਡ ਦੇ ਕਰੀਬ 30 ਵਸਨੀਕ ਨੌਕਰੀਪੇਸ਼ਾ ਹਨ । ਜ਼ਿਆਦਾਤਰ ਰੇਲਵੇ ਵਿਭਾਗ ਤੇ ਫੌਜ ਵਿੱਚ ਨੌਕਰੀ ਕਰਦੇ ਹਨ । ਮਰਹੂਮ ਬਸੰਤ ਸਿੰਘ ਯੂ ਪੀ ਵਿੱਚ ਮੈਜਿਸਟ੍ਰੇਟ ਦੇ ਅਹੁਦੇ ‘ਤੇ ਰਹੇ ਹਨ। ਬ੍ਰਿਗੇਡੀਅਰ ਅਜੈਬ ਸਿੰਘ ਫੌਜ ਵਿੱਚੋਂ ਸੇਵਾ ਮੁਕਤ ਹੋਏ ਹਨ । ਹਰਜਿੰਦਰ ਸਿੰਘ ਸੈਂਟਰਲ ਕੋਆਪਰੇਟਿਵ ਬੈਕ ਰੋਪੜ ਦੇ ਡਾਇਰੈਕਟਰ ਰਹਿ ਚੁੱਕੇ ਹਨ । ਚਾਰ ਪਰਿਵਾਰ ਵਿਦੇਸ਼ ਵਿੱਚ ਰਹਿੰਦੇ ਹਨ। ਕਰੀਬ ਸਵਾ ਦਰਜਨ ਲੋਕ ਡੁਬੱਈ ਵਿੱਚ ਕਿਰਤ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ ।
ਪਿੰਡ ਦਾ ਕੁਲ ਰਕਬਾ 200 ਏਕੜ ਤੋ ਉਪਰ ਹੈ। ਜ਼ਿਆਦਾਤਰ ਲੋਕਾਂ ਨੇ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਹੋਇਆ ਹੈ। ਕਿਸਾਨ ਝੋਨਾ, ਮੱਕੀ ਅਤੇ ਕਣਕ ਦੀ ਖੇਤੀ ਕਰਦੇ ਹਨ । ਪਿੰਡ ਵਿੱਚ ਦੋ ਗੁਰਦੁਆਰੇ ਹਨ । ਵੇਰਕਾ ਦੀ ਮਿਲਕ ਸੁਸਾਇਟੀ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹਨ। ਕੋਈ ਕੱਚਾ ਰਸਤਾ ਨਜ਼ਰ ਨਹੀਂ ਪੈਦਾ । ਪੀਣ ਵਾਲੇ ਪਾਣੀ ਦੀ ਸਪਲਾਈ ਵਾਟਰ ਵਰਕਸ ਤੇ ਆਰਓ ਪਲਾਂਟ ਤੋ ਘਰ ਘਰ ਨੂੰ ਦਿੱਤੀ ਜਾ ਰਹੀ ਹੈ। ਜ਼ਿਆਦਾ ਮਕਾਨ ਪੱਕੇ ਹਨ। ਪਿੰਡ ਦੇ ਮਕਾਨਾਂ ਦੀ ਗਿਣਤੀ 90 ਦੇ ਨੇੜੇ ਤੇੜੇ ਹੈ। ਬੈਂਸ ਤੇ ਦਿਆਲ ਗੋਤ ਦੇ ਬਾਸ਼ਿੰਦੇ ਜ਼ਿਆਦਾ ਰਹਿੰਦੇ ਹਨ । ਗਰੀਬ ਤਬਕੇ ਦੇ ਲੋਕ ਮਜ਼ਦੂਰੀ ਕਰਦੇ ਹਨ । ਪਿੰਡ ਵਿੱਚ ਮਿਡਲ ਤੇ ਪ੍ਰਾਇਮਰੀ ਸਕੂਲ ਵਿਦਿਆ ਦਾ ਚਾਨਣ ਵੰਡ ਰਹੇ ਹਨ।  ਧਰਮਸਾਲਾ ਵਿੱਚ ਆਗਣਵਾੜੀ ਸੈਂਟਰ ਖੋਲ੍ਹਿਆ ਹੋਇਆ ਹੈ । ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਪੰਚਾਇਤ ਵੱਲੋਂ ਕੀਤੀ ਜਾਂਦੀ ਹੈ । ਪੰਚਾਇਤ ਵੱਲੋਂ ਅੋਰਤਾ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਂਦੇ ਹਨ।  ਪੰਚਾਇਤ ਨੇ ਸਰਕਾਰ ਵੱਲੋਂ ਮਿਲੀ ਗ੍ਰਾਂਟ ਨਾਲ ਜ਼ਿਆਦਾਤਰ ਵਿਕਾਸ ਕਾਰਜ ਪੂਰੇ ਕੀਤੇ ਹਨ।
ਸਰਪੰਚ     ਸਰਬਜੀਤ ਕੌਰ ਅਨੁਸਾਰ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਨਹੀਂ ਦਿੱਤਾ ਗਿਆ ।ਲੜਕੀਆਂ ਦੇ ਲਈ ਸਿਲਾਈ ਕਢਾਈ ਦੀ ਸਿਖਲਾਈ ਵਾਸਤੇ ਸੈਂਟਰ ਖੋਲ੍ਹਿਆ ਗਿਆ ਹੈ। ਮਹਿਲਾ ਪੰਚਾਇਤ ਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਸੁਧਾਰ ਹੋਇਆ ਹੈ । ਮਹਿਲਾ ਪੰਚਾਇਤ ਦੀ ਮੰਗ ਹੈ ਕਿ ਪਿੰਡ ਵਾਸੀਆਂ  ਦੇ ਇਲਾਜ ਲਈ ਡਿਸਪੈਂਸਰੀ ਖੋਲ੍ਹੀ ਜਾਵੇ ਕਿਉਂਕਿ  ਇਲਾਜ ਲਈ ਲੋਕਾਂ ਨੂੰ ਸ਼ਹਿਰ ਜਾਣਾ ਪੈਦਾ ਹੈ । ਪੰਚਾਇਤ ਘਰ  ਅਤੇ ਸ਼ਮਸ਼ਾਨਘਾਟ ਦੀ ਵੀ ਸਖ਼ਤ ਜ਼ਰੂਰਤ ਹੈ ।

ਸੰਪਰਕ: 94657-52324

LEAVE A REPLY

Please enter your comment!
Please enter your name here