ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਸਿੱਖ ਹਮੇਸ਼ਾ ਹੀ ਆਪਣੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਿੱਤ ਅਰਦਾਸ ਕਰਦੇ ਹਨ ,ਕਿ ਉਨ੍ਹਾਂ ਨੂੰ ਵਿਛੜੇ ਗੁਰੂਘਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਗੁਰੂ ਬਖਸ਼ੇ। ਇਸੇ ਤਹਿਤ ਹੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਲਾਂਘੇ ਬਾਰੇ ਜੱਦੋ ਜਹਿਦ ਕਰ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤੇ ਪਾਸ ਕਰਕੇ ਆਪਣੇ ਗਲੋਂ-ਗਲਾਵਾਂ ਲਾਹ ਲਿਆ ਹੈ।ਪਰ ਕੇਂਦਰ ਸਰਕਾਰ ਤੇ ਇਨ੍ਹਾਂ ਮਤਿਆਂ ਦਾ ਕੋਈ ਅਸਰ ਨਹੀਂ ਹੈ। ਕਿਉਂਕਿ ਕੇਂਦਰ ਸਰਕਾਰ ਨਾਲ ਜਦੋਂ ਗੱਲ ਕਰੋ ਤਾਂ ਉਨ੍ਹਾਂ ਦਾ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਦੋਹਾਂ ਮੁਲਕਾਂ ਦੇ ਹਲਾਤ ਸਹੀ ਨਹੀਂ ਹਨ। ਇਸ ਕਰਕੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਦਕਿ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਨੂੰ ਦੋਹਾਂ ਮੁਲਕਾਂ ਦੀ ਗੱਲਬਾਤ ਸਮੇਂ ਕਦੇ ਵੀ ਏਜੰਡੇ ਤੇ ਨਹੀਂ ਲੈ ਕੇ ਆਈ।
>>> ਭਾਵੇਂ ਕੁਝ ਇੱਕ ਦੋ ਮੈਂਬਰ ਪਾਰਲੀਮੈਂਟ ਵਲੋ ਲੋਕਹਿਤ ਰੱਖਣ ਵਾਲਿਆਂ ਨੇ ਪਾਰਲੀਮੈਂਟ ਵਿੱਚ ਸਵਾਲ ਉਠਾਏ ਹਨ, ਪਰ ਉਸ  ਨੂੰ ਅੱਗੇ ਤੋਰਨ ਲਈ ਕਦੇ ਵੀ ਜ਼ੋਰ ਨਹੀਂ ਦਿੱਤਾ ਗਿਆ। ਭਾਰਤ ਨੇ1965 ਦੀ ਲੜਾਈ ਸਮੇਂ ਡੇਰਾ ਬਾਬਾ ਨਾਨਕ ਤੇ ਨਾਰੋਵਾਲ ਦੇ ਪੁਲ ਨੂੰ ਉਡਾ ਦਿੱਤਾ ਸੀ। ਕਦੇ ਕਿਸੇ ਨੇ ਉਸ ਪੁਲ ਨੂੰ ਬਣਾਉਣ ਲਈ ਕੋਈ ਉਪਰਾਲਾ ਕਿਉਂ ਨਹੀਂ ਕੀਤਾ। ਜੋ ਕਿ ਉਸ ਪੁਲ ਨੂੰ ਬਣਾਉਣ ਦੀ ਸਖਤ ਲੋੜ ਹੈ। ਗੁਰਦਾਸਪੁਰ ਤੋਂ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਇਸ ਸੰਬੰਧੀ ਠੋਸ ਕਦਮ ਚੁੱਕਣ ।ਦੂਜਾ ਭਾਰਤ ਵਾਲੇ ਪਾਸੇ ਦਾ ਰਾਹ ਦਾ ਨਕਸ਼ਾ ਤਿਆਰ ਕਰਕੇ ਉਸਨੂੰ ਬਣਾਇਆ ਜਾਵੇ। ਰਹੀ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਉਸ ਲਈ ਕਾਰ ਸੇਵਾ ਆਰੰਭੀ ਜਾਵੇ ਜਿਸ ਲਈ ਕਰਤਾਰਪੁਰ ਸੰਬੰਧੀ ਬਣੀਆਂ ਸੰਸਥਾਵਾਂ ਓਕਾਫ ਅਤੇ ਵਕਫ ਬੋਰਡ ਤੇ ਜ਼ੋਰ ਪਾਕੇ ਸਹਿਮਤੀ ਬਣਾ ਕੇ ਇਸਦੀ ਰੂਪ ਰੇਖਾ ਨੂੰ ਅੱਗੇ ਤੋਰਿਆ ਜਾਵੇ।
ਹਾਲ ਦੀ ਘੜੀ ਹਰ ਕੋਈ ਆਪੋਧਾਪੀ ਵਿੱਚ ਪਿਆ ਫੋਟੋਆਂ ਖਿਚਾਉਣ, ਬਿਆਨਬਾਜ਼ੀਆਂ ਕਰਨ ਅਤੇ ਆਪਣੀ ਹਾਜ਼ਰੀ ਲਗਵਾਉਣ ਵਿੱਚ ਮਾਫੂਜ ਹੈ। ਕੋਈ ਵੀ ਵੈੱਬ ਦੇਖ ਲਉ ਜੋ ਕਰਤਾਰਪੁਰ ਲਾਂਘੇ ਸਬੰਧੀ ਹੈ, ਹਰੇਕ ਨੇ ਆਪੋ ਆਪਣੀ ਤੂਤੀ ਵਜਾਈ ਹੈ। ਸੋਚ ਨੂੰ ਸੌੜਿਆਂ ਰੱਖ ਕੇ ਵਿਚਰਿਆ ਜਾ ਰਿਹਾ ਹੈ ।ਜਿਸ ਕਰਕੇ ਲਾਂਘੇ ਦਾ ਕੰਮ ਠੰਡੇ ਬਸਤੇ ਵਿੱਚ ਪਿਆ ਹੈ।
>>> ਜ਼ਿਆਦਾਤਰ ਲੋਕ ਮਾਯੂਸ ਹਨ ਅਤੇ ਨਾ-ਵਾਚਕ ਸੋਚ ਦੇ ਧਾਰਣੀ ਬਣ ਗਏ ਹਨ ਕਿ ਇਹ ਕਰਤਾਰਪੁਰ ਲਾਂਘਾ ਬਣ ਹੀ ਨਹੀਂ ਸਕਦਾ। ਇਹ ਕਰਤਾਰਪੁਰ ਲਾਂਘਾ ਜਰੂਰ ਬਣੇਗਾ, ਲੋੜ ਹੈ ਸਮੂਹਿਕ ਤੌਰ ਤੇ ਹਰੇਕ ਸਿੱਖ ਨੂੰ ਮੂਹਰੇ ਆ ਕੇ ਅਵਾਜ਼ ਉਠਾਉਣ ਅਤੇ ਚੜ੍ਹਦੀ ਕਲਾ ਨਾਲ ਇਸ ਤੇ ਪਹਿਰਾ ਦੇਣ ਦੀ। ਇਹ ਲਾਂਘਾ ਤਾਂ ਕੀ , ਸਾਨੂੰ ਨਨਕਾਣਾ ਸਾਹਿਬ ਤੱਕ ਪੂਰਾ ਇਲਾਕਾ ਮਿਲ ਸਕਦਾ ਹੈ। ਸੋ ਸਮੂਹ ਸਿੱਖ ਹਰੇਕ ਭਾਰਤੀ ਕੇਂਦਰੀ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਮੰਤਰੀ ਨੂੰ ਇੱਕੋ ਇੱਕ ਗੱਲ ਕਹਿਣ ਤੇ ਜ਼ੋਰ ਦੇਣ ਕਿ ਸਾਨੂੰ ਕਰਤਾਰਪੁਰ ਲਾਂਘਾ ਚਾਹੀਦਾ ਹੈ। ਇਸ ਸਬੰਧੀ ਪਾਕਿਸਤਾਨ ਨਾਲ ਗੱਲ ਕਰਨ ਅਤੇ ਭਾਰਤੀ ਸਕੱਤਰਾਂ ਦੇ ਵਿਦੇਸ਼ੀ ਏਜੰਡੇ ਤੇ ਕਰਤਾਰਪੁਰ ਲਾਂਘਾ ਲਿਆਂਦਾ ਜਾਵੇ।
ਅਵਾਮ ਚਾਹੇ ਤਾਂ ਕੀ ਨਹੀਂ ਹੋ ਸਕਦਾ! ਅਜੇ ਸਿੱਖ ਸਿੱਧੇ ਤੌਰ ਤੇ ਇਸ ਲਾਂਘੇ ਬਾਰੇ ਸੁਹਿਰਦ ਨਹੀਂ ਹਨ। ਲੋੜ ਹੈ ਸਿੱਖ ਜਿੱਥੇ ਜਿੱਥੇ ਵੀ ਬੈਠੇ ਹਨ ਉਹ ਕਰਤਾਰਪੁਰ ਲਾਂਘੇ ਬਾਰੇ ਅਵਾਜ਼ ਬੁਲੰਦ ਕਰਨ ਅਤੇ ਭਾਰਤ ਸਰਕਾਰ ਤੇ ਏਨਾ ਕੁ ਜ਼ੋਰ ਪਾਉਣ ਕਿ ਕਰਤਾਰਪੁਰ ਲਾਂਘਾ ਇੱਕ ਮਿਸ਼ਨ ਬਣ ਜਾਵੇ। ਜਿਸ ਦੀ ਪੂਰਤੀ ਲਈ ਹਰ ਸਿੱਖ ਇਸ ਸੰਘਰਸ਼ ਵਿੱਚ ਜੁਟ ਜਾਵੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸੌੜੀ ਸੋਚ ਦੀ ਬਲੀ ਚੜ੍ਹਿਆ ਇਹ ਏਜੰਡਾ ਕੁਝ ਕਰ ਗੁਜ਼ਰਨ ਨੂੰ ਤਰਜੀਹ ਦੇਵੇ।

LEAVE A REPLY

Please enter your comment!
Please enter your name here