ਮੁਗ਼ਲ ਸਾਮਰਾਜ ਦੀਆਂ ਮਿਟ ਰਹੀਆਂ ਨਿਸ਼ਾਨੀਆਂ

ਸਾਹਿਬ ਦਿਆਲ ਹੀਰ
ਵਿਸਰਿਆ ਵਿਰਸਾ

ਕਿਸੇ ਵੇਲੇ ਹਿੰਦੋਸਤਾਨ ਦੀ ਰਾਜਧਾਨੀ ਰਹਿ ਚੁੱਕੇ ਕਲਾਨੌਰ ਨੂੰ ਮਿੰਨੀ ਲਾਹੌਰ ਵਜੋਂ ਵੀ ਜਾਣਿਆ ਜਾਂਦਾ ਸੀ। ਪੁਰਾਤਨ ਮਸਜਿਦਾਂ ਅਤੇ ਤਖ਼ਤ-ਏ-ਅਕਬਰ, ਕਲਾਨੌਰ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਦਰਅਸਲ, ਭਾਰਤ ਦੇ ਮਹਾਨ ਮੁਗ਼ਲ ਸਮਰਾਟ ਜਲਾਲ-ਉਦ-ਦੀਨ ਮੁਹੰਮਦ ਅਕਬਰ (ਰਾਜ ਕਾਲ 1556-1605) ਦੀ ਇੱਥੇ ਤਾਜਪੋਸ਼ੀ ਹੋਈ ਸੀ। ਇਹ ਸਥਾਨ ਕਲਾਨੌਰ ਸ਼ਹਿਰ ਤੋਂ ਪੂਰਬ ਵੱਲ ਇੱਕ ਮੀਲ ਦੀ ਵਿੱਥ ’ਤੇ ਹੈ। ਕਲਾਨੌਰ ਮੁੱਢਲੇ ਮੱਧਕਾਲ ਤੋਂ ਹੀ ਪ੍ਰਸਿੱਧ ਨਗਰ ਰਿਹਾ ਹੈ। ਇਸ ਨਗਰ ਦੇ ਲੰਬੇ ਇਤਿਹਾਸ ਵਿੱਚ ਕਈ ਉਤਰਾਅ-ਚੜ੍ਹਾਅ ਆਏ। ਅਕਬਰ ਦੇ ਪਿਤਾ ਹਮਾਯੂੰ ਦੀ ਮੌਤ 26 ਜਨਵਰੀ 1556 ਨੂੰ ਦਿੱਲੀ ਵਿੱਚ ਦੀਨ-ਏ-ਪਨਾਹੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਹੋਈ। ਇਸ ਇਮਾਰਤ ਨੂੰ ਸੌਰ ਮੰਡਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਹਿਜਾਦਾ ਅਕਬਰ ਦੀ ਉਮਰ ਉਸ ਵੇਲੇ 13 ਸਾਲ 3 ਮਹੀਨੇ ਸੀ। ਉਸ ਸਮੇਂ ਅਕਬਰ ਆਪਣੇ ਸਰਪ੍ਰਸਤ ਬੈਰਮ ਖ਼ਾਨ (ਉਸ ਦੇ ਨਾਂ ’ਤੇ ਕਲਾਨੌਰ ਲਾਗੇ ਬਹਿਰਾਮਪੁਰ ਨਾਂ ਦਾ ਕਸਬਾ ਵਸਿਆ ਹੈ) ਨਾਲ ਕਲਾਨੌਰ ਵਿਖੇ ਠਹਿਰਿਆ ਹੋਇਆ ਸੀ ਅਤੇ ਆਪਣੇ ਵਿਰੋਧੀ ਹਾਕਮ ਸਿਕੰਦਰ ਸ਼ਾਹ ਖ਼ਿਲਾਫ਼ ਮੁਹਿੰਮ ਵਿੱਚ ਰੁੱਝਿਆ ਹੋਇਆ ਸੀ। ਬਾਦਸ਼ਾਹ ਅਕਬਰ ਦੇ ਪਰਿਵਾਰ ਦੀ ਰਹਿਨੁਮਾਈ ਕਰਨ ਵਾਲੇ ਬੈਰਮ ਖ਼ਾਨ ਨੇ ਹਮਾਯੂੰ ਦੀ ਮੌਤ ਦੀ ਖ਼ਬਰ ਮਿਲਣ ਤੋਂ ਕੁਝ ਦਿਨਾਂ ਬਾਅਦ ਇਸ ਸਥਾਨ ’ਤੇ ਇੱਕ ਚਬੂਤਰਾ ਬਣਵਾਇਆ। ਉਸ ਨੇ ਸਮੂਹ ਮੁਗ਼ਲ ਸਾਸ਼ਕਾਂ ਦੇ ਇਕੱਠ ਵਿੱਚ ਸ਼ਾਹੀ ਰਸਮਾਂ ਨਾਲ 1 ਫਰਵਰੀ 1656 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਇਸ ਸਥਾਨ ’ਤੇ ਕੀਤੀ। ਬੈਰਮ ਖ਼ਾਨ ਵੱਲੋਂ ਤਿਆਰ ਕਰਵਾਏ ਗਏ ਅਕਬਰੀ ਤਖ਼ਤ ਦੇ ਆਲੇ-ਦੁਆਲੇ ਅਨੋਖੇ ਫੁਹਾਰੇ ਲਗਾਏ ਗਏ ਸਨ ਜੋ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੇ ਸਨ। ਇਸ ਦੇ ਆਲੇ-ਦੁਆਲੇ ਗੁਲਾਬ ਅਤੇ ਫੁੱਲਾਂ ਦੀ ਵਾੜ ਲਗਾਈ ਗਈ।

ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਦੀ ਰਸਮ ਇਸ ਜਗ੍ਹਾ ’ਤੇ ਹੋਣ ਕਰਕੇ ਦੁਨੀਆਂ ਭਰ ਵਿੱਚ ਕਲਾਨੌਰ ਦਾ ਮਹੱਤਵ ਹੋਰ ਵੀ ਵਧ ਗਿਆ। ਆਪਣੇ ਰਾਜ ਕਾਲ ਦੌਰਾਨ ਬਾਦਸ਼ਾਹ ਅਕਬਰ ਨੇ ਕਲਾਨੌਰ ਨੂੰ ਹਿੰਦੋਸਤਾਨ ਵਿੱਚ ਅਹਿਮ ਰੁਤਬਾ ਬਖ਼ਸ਼ ਦਿੱਤਾ। ਇਸ ਲਈ ਦਿੱਲੀ ਅਤੇ ਲਾਹੌਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਇੱਥੇ ਆਉਣ ਜਾਣ ਲੱਗ ਪਈਆਂ। ਹੁਣ ਇਸ ਸਥਾਨ ਨੂੰ ਦਿੱਲੀ ਲਾਹੌਰ ਵਿਚਕਾਰ ਤਖ਼ਤ-ਏ-ਅਕਬਰ ਰੋਡ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਸੀ। ਇਹ ਸਥਾਨ ਉਸ ਦੌਰਾਨ ਮੁਗ਼ਲ ਵਪਾਰੀਆਂ ਦਾ ਵੱਡਾ ਆਵਾਜਾਈ ਕੇਂਦਰ ਬਣ ਗਿਆ। ਬਾਦਸ਼ਾਹ ਅਕਬਰ ਨੇ ਕਲਾਨੌਰ ਵਿੱਚ ਲੰਬੇ ਸਮੇਂ ਤਕ ਰਹਿ ਕੇ ਘੋੜਸਵਾਰੀ ਅਤੇ ਜੰਗੀ ਵਿੱਦਿਆ ਹਾਸਲ ਕੀਤੀ। ਇਸ ਦੌਰਾਨ ਮੁਗ਼ਲਾਂ ਦਾ ਅੰਤਿਮ ਪੜਾਅ ਕਲਾਨੌਰ ਵਿਖੇ ਹੀ ਹੁੰਦਾ ਸੀ। ਸੁਰੱਖਿਆ ਦੇ ਮੱਦੇਨਜ਼ਰ ਬੈਰਮ ਖ਼ਾਨ ਨੇ ਕਲਾਨੌਰ ਦੁਆਲੇ ਚਾਰ ਦਰਵਾਜ਼ੇ ਬਣਵਾਏ। ਹੁਣ ਇਨ੍ਹਾਂ ਵਿੱਚੋਂ ਕਿਸੇ ਵੀ ਦਰਵਾਜ਼ੇ ਦਾ ਨਾਮੋ-ਨਿਸ਼ਾਨ ਬਾਕੀ ਨਹੀਂ ਬਚਿਆ। ਬਾਦਸ਼ਾਹ ਅਕਬਰ ਸਮੇਂ ਕਲਾਨੌਰ ਵਿੱਚ ਕਈ ਸੁੰਦਰ ਇਮਾਰਤਾਂ ਉਸਾਰੀਆਂ

ਗਈਆਂ। ਇਨ੍ਹਾਂ ਇਮਾਰਤਾਂ ਵਿੱਚੋਂ ਹਮਾਮ ਲੁਕ ਛੁਪ (ਦੰਦਕਥਾ ਮੁਤਾਬਿਕ ਅਕਬਰ ਆਪਣੇ ਮਨ-ਪਰਚਾਵੇ ਲਈ ਇੱਥੇ ਆਪਣੇ ਦਰਬਾਰੀਆਂ ਨਾਲ ਲੁਕਣਮੀਚੀ ਖੇਡਿਆ ਕਰਦਾ ਸੀ) ਸਭ ਤੋਂ ਪ੍ਰਸਿੱਧ ਹੈ। ਜਮੀਲ ਬੇਗ ਦਾ ਮਕਬਰਾ, ਬੇਗ਼ਮ ਸੁਲਤਾਨਾ ਦਾ ਮਹਿਲ, ਪੀਰ ਬਾਬਾ ਬੁੱਢਣ ਸ਼ਾਹ ਦੀ ਮਸਜਿਦ ਅਤੇ ਮਕਬਰਾ ਆਦਿ ਵੀ ਪ੍ਰਸਿੱਧ ਹਨ। ਕਲਾਨੌਰ ਤੋਂ ਇਸ ਸਥਾਨ ਤਕ ਆਉਂਦੀ ਸੜਕ ’ਤੇ ਅਨਾਰਕਲੀ ਬਾਜ਼ਾਰ ਦਾ ਨਿਰਮਾਣ ਕਰਵਾਇਆ ਗਿਆ ਜੋ ਹੁਣ ਲੋਪ ਹੋ ਚੁੱਕਾ ਹੈ। ਨਦੀ ਕੰਢੇ ਸਥਿਤ ਸ਼ਾਹੀ ਮਸਜਿਦ ਵਿੱਚ ਬਾਦਸ਼ਾਹ ਅਕਬਰ ਨਮਾਜ਼ ਅਦਾ ਕਰਨ ਆਉਂਦਾ ਸੀ। ਇਸ ਮਸਜਿਦ ਦੇ ਗੁੰਬਦਾਂ ਉੱਪਰ ਸੁੰਦਰ ਟਾਈਲਾਂ ਲਗਾ ਕੇ ਅਲੌਕਿਕ ਕਲਾਕਾਰੀ ਦਾ ਨਮੂਨਾ ਪੇਸ਼ ਕੀਤਾ ਗਿਆ। ਮਸਜਿਦ ਦੇ ਅੰਦਰ ਦੀਆਂ ਕੰਧਾਂ ਅਤੇ ਛੱਤ ਉੱਪਰ ਆਧੁਨਿਕ ਕਿਸਮ ਦੀ ਮੀਨਾਕਾਰੀ ਕਰ ਕੇ ਫੁੱਲ ਬੂਟੇ ਉਕਰੇ ਗਏ। ਮਸਜਿਦ ਦੇ ਬਾਹਰਵਾਰ ਦਰਵਾਜ਼ੇ ’ਤੇ ਅਰਬੀ ਭਾਸ਼ਾ ਵਿੱਚ ਇੱਕ ਸੰਦੇਸ਼ ਉਕਰਿਆ ਹੋਇਆ ਹੈ। ਪੀਰ ਬਾਬਾ ਬੁੱਢਣ ਸ਼ਾਹ ਨੇ ਇਸ ਸ਼ਾਹੀ ਮਸਜਿਦ ਦੇ ਆਲੇ-ਦੁਆਲੇ ਬਾਗ਼-ਬਗੀਚੇ ਬਣਵਾਏ। ਹੁਣ ਇਹ ਸਥਾਨ ਭੰਗ ਤੇ ਜੰਗਲੀ ਝਾੜੀਆਂ ਬੂਟੀਆਂ ਨਾਲ ਘਿਰਿਆ ਹੈ। ਇਸ ਮਸਜਿਦ ਉਪਰਲੇ ਗੁੰਬਦ ਅਤੇ ਕਲਸ਼ ਟੁੱਟ ਚੁੱਕੇ ਹਨ। ਇਹ ਮਸਜਿਦ ਬਹੁਤ ਖ਼ਸਤਾਹਾਲ ਹੋ ਚੁੱਕੀ ਹੈ। ਰੰਗ ਬਿਰੰਗੇ ਫੁੱਲਾਂ ਦੀ ਮਹਿਕ ਨਾਲ ਚੌਗਿਰਦੇ ਨੂੰ ਸੁਗੰਧਿਤ ਕਰਦੀ ਇਸ ਮਸਜਿਦ ਦੁਆਲੇ ਪੁਰਾਣੇ ਸਮਿਆਂ ਵਿੱਚ ਬੜੀ ਚਹਿਲ ਪਹਿਲ ਹੋਇਆ ਕਰਦੀ ਸੀ, ਪਰ ਅੱਜ ਦਿਨ ਵੇਲੇ ਵੀ ਇਕੱਲੇ ਇਕਹਿਰੇ ਵਿਅਕਤੀ ਨੂੰ ਡਰ ਲੱਗਦਾ ਹੈ। ਇਸ ਅਹਿਮ ਇਤਿਹਾਸਕ ਯਾਦਗਾਰ ਦਾ ਸਲਾਮਤ ਰਹਿਣਾ ਜ਼ਰੂਰੀ ਹੈ। ਹੁਣ ਲੱਖ ਯਤਨ ਕਰਨ ’ਤੇ ਵੀ ਇਸ ਦੀ ਨਵਉਸਾਰੀ ਨਾਲ ਪੁਰਾਣੀ ਹਾਲਤ ਪਰਤ ਨਹੀਂ ਸਕਦੀ। ਇਸ ਮਸਜਿਦ ਦੇ ਖੱਬੇ ਪਾਸੇ ਦਸ ਫੁੱਟ ਹੇਠਾਂ ਬਾਦਸ਼ਾਹ ਅਕਬਰ ਵੱਲੋਂ ਕਲਾਨੌਰ ਦੇ ਬਾਹਰਵਾਰ ਤਖ਼ਤ-ਏ-ਅਕਬਰੀ ਰੋਡ ’ਤੇ ਹਮਾਮ ਲੁਕ ਛੁਪ ਤਕ ਜਾਣ ਲਈ ਇੱਕ ਸੁਰੰਗ ਵੀ ਬਣਵਾਈ ਗਈ। ਇਹ ਗੁਪਤ ਰਸਤਾ ਰਾਣੀਆਂ ਦੇ ਆਉਣ ਜਾਣ ਅਤੇ ਗੁਪਤ ਸੂਚਨਾਵਾਂ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ। ਉਸ ਵੇਲੇ ਮਸਜਿਦ ਹੇਠ ਬਣੀ ਇਸ ਸੁਰੰਗ ਦੀ ਆਪਣੀ ਖ਼ਾਸ ਪਛਾਣ ਰਹੀ। ਕੁਝ ਸਮੇਂ ਬਾਅਦ ਇਹ ਸੁਰੰਗ ਮੁਗ਼ਲ ਸ਼ਾਸਕਾ ਨੇ ਹੀ ਬੰਦ ਕਰਵਾ ਦਿੱਤੀ। ਇਸ ਸੁਰੰਗ ਦਾ ਕੁਝ ਹਿੱਸਾ ਅਜੇ ਵੀ ਮੌਜੂਦ ਹੈ। ਮਸਜਿਦ ਨੇੜੇ ਲੱਗੇ ਕੂੜੇ-ਕਰਕਟ ਦੇ ਢੇਰਾਂ ਦੀ ਬਦਬੂ ਕਾਰਨ ਇੱਥੇ ਆਉਣ ਵਾਲੇ ਸੈਲਾਨੀ ਨੱਕ ਢੱਕਣ ਲਈ ਮਜਬੂਰ ਹੋ ਜਾਂਦੇ ਹਨ।

ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਵੀ ਹੁੰਦੀ ਹੈ। ਇਸ ਮਸਜਿਦ ਵਿੱਚ ਪਿਛਲੇ ਅੱਠ ਕੁ ਸਾਲਾਂ ਤੋਂ ਜ਼ਿਲ੍ਹਾ ਕਿਸ਼ਨਗੰਜ, ਬਿਹਾਰ ਦਾ ਮੂਲ ਵਾਸੀ ਹਬੀਬ ਆਲਮ ਰਹਿੰਦਾ ਹੈ। ਉਸ ਨੇ ਪੱਲਿਉਂ ਰੁਪਏ ਖ਼ਰਚ ਕੇ ਇਸ ਮਸਜਿਦ ਲਈ ਸੀਮਿੰਟ, ਰੇਤ ਅਤੇ ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ। ਉਂਜ, ਉਹ ਕਲਾਨੌਰ ਨੇੜੇ ਵੱਸਦੇ ਗੁੱਜਰ ਪਰਿਵਾਰਾਂ ਦੇ ਬੱਚਿਆਂ ਨੂੰ ਉਰਦੂ ਦੀ ਪੜ੍ਹਾਈ ਕਰਵਾਉਂਦਾ ਹੈ ਅਤੇ ਇਸ ਪੁਰਾਤਨ ਧਰੋਹਰ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਚੂਨੇ ਨਾਲ ਤਿਆਰ ਹੋਈ ਨਾਨਕਸ਼ਾਹੀ ਇੱਟਾਂ ਦੀ ਇਤਿਹਾਸਕ ਇਮਾਰਤ ਨੂੰ ਤਿੰਨ ਕੁ ਸਾਲ ਪਹਿਲਾਂ ਮਜ਼ਬੂਤ ਅਤੇ ਸੁਰੱਖਿਅਤ ਰੱਖਣ ਲਈ ਉਸ ਨੇ ਪਲੱਸਤਰ ਕਰਵਾ ਦਿੱਤਾ ਸੀ ਅਤੇ ਮਸਜਿਦ ਦਾ ਵਿਹੜਾ ਵੀ ਇੱਟਾਂ ਲਗਾ ਕੇ ਪੱਕਾ ਕਰਵਾ ਦਿੱਤਾ। ਇਸ ਤੋਂ ਥੋੜ੍ਹੀ ਕੁ ਦੂਰੀ ’ਤੇ ਬਣੀ ਹਮਾਮ ਲੁਕ-ਛੁਪ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਹੌਲੀ ਹੌਲੀ ਇਸ ਦਾ ਨਾਮੋ-ਨਿਸ਼ਾਨ ਮਿਟਦਾ ਜਾ ਰਿਹਾ ਹੈ। ਇਹ ਖੰਡਰ ਵਿੱਚ ਤਬਦੀਲ ਹੋ ਚੁੱਕਾ ਹੈ। ਇਸ ਨੇੜੇ ਰਹਿੰਦੇ ਮੁਹੱਲਾ ਵਾਸੀਆਂ ਨੇ ਗੋਹਾ-ਕੂੜਾ ਅਤੇ ਪਾਥੀਆਂ ਆਦਿ ਦੇ ਢੇਰ ਲਗਾ ਕੇ ਇਸ ਦੀ ਹੋਂਦ ਲਗਪਗ ਖ਼ਤਮ ਕਰ ਦਿੱਤੀ ਹੈ। ਇੱਥੋਂ ਤਕ ਕਿ ਹਮਾਮ ਲੁਕ-ਛੁਪ ਲੋਕਾਂ ਵੱਲੋਂ ਜੰਗਲ ਪਾਣੀ ਲਈ ਵੀ ਵਰਤਿਆ ਜਾ ਰਿਹਾ ਹੈ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਨੇ ਵੀ ਇਸ ਨੂੰ ਆਪਣਾ ਟਿਕਾਣਾ ਬਣਾ ਰੱਖਿਆ ਹੈ। ਕਿਸੇ ਸਮੇਂ ਇਸ ਦੀਆਂ ਕੰਧਾਂ ਜਾਨਵਰਾਂ ਦੇ ਚਿੱਤਰਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ ਜੋ ਹੁਣ ਢਹਿ-ਢੇਰੀ ਹੋ ਗਈਆਂ ਹਨ। ਇਸ ਵਿੱਚ ਉੱਗੇ ਘਾਹ, ਭੰਗ ਦੇ ਬੂਟਿਆਂ ਵਿਚ ਸੱਪ ਅਤੇ ਕਈ ਜ਼ਹਿਰੀਲੇ ਜਾਨਵਰ ਪੈਦਾ ਹੋ ਰਹੇ ਹਨ। ਇਸ ਦੇ ਹੇਠਾਂ ਸ਼ਾਹੀ ਮਸਜਿਦ ਤਕ ਜਾਣ ਲਈ ਬਣਾਈ ਗਈ ਸੁਰੰਗ ਦਾ ਵੀ ਕੋਈ ਸੁਰਾਗ ਨਹੀਂ ਮਿਲਦਾ। ਬਜ਼ੁਰਗਾਂ ਦੇ ਦੱਸਣ ਮੁਤਾਬਿਕ ਇਸ ਸ਼ਹਿਰ ਨੂੰ ਜਿੱਤਣ ਦੇ ਮਕਸਦ ਨਾਲ ਕਈ ਹਾਕਮਾਂ ਨੇ ਕਈ ਵਾਰ ਇਸ ਸ਼ਹਿਰ ਨੂੰ ਢਹਿ-ਢੇਰੀ ਕੀਤਾ, ਪਰ ਉਦੋਂ ਇਨ੍ਹਾਂ ਮਸਜਿਦਾਂ ਅਤੇ ਮਕਬਰਿਆਂ ਦਾ ਕੁਝ ਨਹੀਂ ਵਿਗੜਿਆ ਸੀ। ਦੂਜੇ ਪਾਸੇ ਨਵੀਂ ਪੀੜ੍ਹੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰਾਂ ਅਤੇ ਵਿਦਵਾਨ ਵੀ ਗੁਰਦਾਸਪਰ ਤੋਂ ਮਹਿਜ਼ 28 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਲਾਨੌਰ ਦੀ ਇਤਿਹਾਸਕ ਅਹਿਮੀਅਤ ਤੋਂ ਅਵੇਸਲੇ ਹਨ। ਇਨ੍ਹਾਂ ਇਤਿਹਾਸਕ ਧਰੋਹਰਾਂ ਸਾਂਭਣ ਦੀ ਲੋੜ ਹੈ।

1 COMMENT

  1. ਅੰਜੂ ਜੀ ਮੇਰਾ ਪਿੰਡ ਅਲਾਵਲਪੁਰ ਕਲਾਨੌਰ ਦੇ ਬਿਲਕੁਲ ਲਾਗੇ ਹੀ ਹੈ। ਅਸੀ ਇਸ ਲੇਖਕ ਦੇ ਸ਼ੁਕਰਗੁਜਾਰ ਹਾਂ। ਇਸ ਮਹਾਨ ਸ਼ਹਿਰ ਦੀ ਬਹੁਤ ਸਾਰੀਆਂ ਇਮਾਰਤਾਂ ਅਸੀ ਆਪਣੇ ਜੀਵਨ ਕਾਲ ਵਿਚ ਬਰਬਾਦ ਹੁੰਦੀਆਂ ਤੱਕੀਆਂ ਨੇ। ਜਦੋਂ ਲਹੌਰੀ ਗੇਟ ਢਾਹਿਆ ਜਾ ਰਿਹਾ ਸੀ ਤਾਂ ਅਸਾਂ ਸਰਪੰਚ ਨੂੰ ਬੇਨਤੀ ਕੀਤੀ ਕਿ ਇਸ ਨੂੰ ਕਿਸੇ ਤਰਾਂ ਬਚਾ ਲਓ ਪਰ ਕੌਣ ਮੰਨਦੇ? ਸਾਡੇ ਸਾਹਮਣੇ ਹੀ ਪੁਰਾਣਾ ਠਾਣਾ ਢਾਹਿਆ ਗਿਆ। ਕਿਰਨ ਦੇ ਉਤੇ ਬਣੇ ਮੁਗਲੀਆ ਪੁਲ ਦੇ ਕੁਝ ਹਿੱਸੇ ਅਜੇ ਬਚੇ ਨੇ ਪਰ ਉਨਾਂ ਨੂੰ ਵੀ ਇਕ ਦੋ ਸਾਲ ਵਿਚ ਹੀ ਮਾਰ ਮੁਕਾ ਦਿਤਾ ਜਾਵੇਗਾ। ਜਮੀਲ ਬੇਗ ਦਾ ਮਕਬਰਾ ਸਾਡੀਆਂ ਅੱਖਾਂ ਸਾਹਮਣੇ ਪੂਰਾ ਸਾਬਤ ਹੁੰਦਾ ਸੀ। ਅਸੀ ਇਨੂੰ ਲੁਕਣ-ਮੀਟੀਆਂ ਆਖਿਆ ਕਰਦੇ ਸਾਂ। ਰਹੀਮਾਬਾਦ ਜੋ ਕਿਸੇ ਵੇਲੇ ਕਲਾਨੌਰ ਦਾ ਹਿੱਸਾ ਹੁੰਦਾ ਸੀ ਓਥੋ ਵਾਲੀ ਮਸੀਤ ਦੇ ਡੀਜਾਈਨ ਤੋਂ ਪ੍ਰਭਾਵਤ ਹੋ ਕੇ ਲਾਲ ਕਿਲਾ ਦਿਲੀ ਦੀਆਂ ਕਈ ਇਮਾਰਤਾਂ ਸਾਜੀਆਂ ਗਈਆਂ। ਫਿਰਕਾਪ੍ਰਸਤੀ ਦਾ ਜਨੂੰਨ ਸਾਡੇ ਤੇ ਏਨਾ ਹਾਵੀ ਹੋ ਗਿਆ ਹੈ ਕਿ ਕਲਾਨੌਰ ਦੇ 1000 ਸਾਲ ਪੁਰਾਣੇ ਮੰਦਰ ਉਤੇ ਜੋ ਮਹਾਰਾਜਾ ਖੜਗ ਸਿੰਘ ਦਾ ਦੁਬਾਰਾ ਉਸਾਰੀ ਦਾ ਲੇਖ ਹੈ ਉਸ ਉਤੇ ਰੰਗ ਫੇਰ ਦਿਤਾ ਗਿਆ ਹੈ ਸਿਰਫ ਇਸ ਕਰਕੇ ਕਿ ਲੇਖ ਪੰਜਾਬੀ ਵਿਚ ਹੈ। ਸਿੱਖਾਂ ਨੇ ਬੰਦਾ ਬਹਾਦਰ ਦੀ ਯਾਦ ਤਾਂ ਬਣਾ ਦਿਤੀ ਹੈ ਪਰ ਕਲਾਨੌਰ ਦੇ ਜਿਸ ਦੁਨੀ ਚੰਦ ਕ੍ਰੋੜੀਏ ਨੇ ਗੁਰੂ ਨਾਨਕ ਨੂੰ 100 ਕਿਲਾ ਜਮੀਨ ਦਿਤੀ ਸੀ ਉਹਦੀ ਯਾਦ ਅਸਾਂ ਨਹੀ ਬਣਾ ਸਕਦੇ ਕਿਉਕਿ ਇਹਦੇ ਨਾਂ ਵਿਚੋਂ ਹਿੰਦੂਮਤ ਦੀ ਸੁਘੰਧ ਆਉਦੀ ਹੈ। ਅੰਜੂ ਜਿਸ ਰਾਜਨੀਤਕ ਹਾਲਤ ਵਿਚ ਅੱਜ ਤੇਰਾ ਪੰਜਾਬ ਜੀ ਰਿਹਾ ਹੈ ਉਸ ਵਿਚ ਆਪਾਂ ਆਪਣੀ ਵਿਰਾਸਤ ਨੂੰ ਬਚਾਉਣ ਵਾਸਤੇ ਕੁਝ ਨਹੀ ਕਰ ਸਕਦੇ। ਸਿਰਫ ਹੰਝੂ ਬਹਾ ਸਕਦੇ ਹਾਂ।ਕਿਉਕਿ ਜਦੋਂ ਆਪਾਂ ਪੰਜਾਬੀਅਤ ਦੀ ਗਲ ਕਰਦੇ ਹਾਂ ਸਾਡੇ ਤੇ ਖਾਲਿਸਤਾਨੀ ਲੇਬਲ ਲਗ ਜਾਂਦਾ ਹੈ।

LEAVE A REPLY