ਕਲ਼ਮ ਮੇਰੀ ਸੋਚੀਂ ਪੈ ਗਈ,

ਕਿੰਝ ਅੌਰਤ ਨੂੰ ਬਿਆਨ ਕਰਾਂ।

ਕਿਸ ਦੀ ਛੇੜਾਂ ਕਹਾਣੀ ਨੂੰ ,

ਕਿਸ ਅੌਰਤ ਦਾ ਧਿਆਨ ਕਰਾਂ॥

ਮਾਤਾ ਗੁਜਰੀ ਜਿਹੀ ਦਾਨੀ ਅੌਰਤ,

ਨਹੀਂ ਕੋਈ ਵੀ ਹੋ ਸਕਦੀ,

ਭੈਣ ਨਾਨਕੀ ਵੀਰ ਦੀਆਂ,

ਗੁੱਝੀਆਂ ਰਮਜ਼ਾਂ ਨੂੰ ਟੋਹ ਸਕਦੀ,

ਇਹੋ ਜਿਹੀਆਂ ਮਾਵਾਂ ਭੈਣਾਂ ਦਾ,

ਨਤਮਸਤਕ ਨਮਸਕਾਰ ਕਰਾਂ,

ਕਲ਼ਮ ਮੇਰੀ ਸੋਚੀਂ ਪੈ ਗਈ,

ਕਿੰਝ ਅੌਰਤ ਨੂੰ ਬਿਆਨ ਕਰਾਂ।

ਪੁੱਤ ਵਾਰਨ ਵਾਲੀ ਮਾਂ ਸੁੰਦਰੀ,

ਮਾਈ ਭਾਗੋ ਦੀ ਕਹਾਣੀ ਨੂੰ

ਮਾਂ ਸੀਤਾ ਦੀ ਮਰਿਯਾਦਾ ਨੂੰ ,

ਜਾਂ ਝਾਂਸੀ ਦੀ ਰਾਣੀ ਨੂੰ ,

ਹਰ ਬਲਿਦਾਨੀ ਅੌਰਤ ਦਾ,

ਦਿਲ਼ ਤੋਂ ਮੈਂ ਸਤਿਕਾਰ ਕਰਾਂ,

ਕਲ਼ਮ ਮੇਰੀ ਸੋਚੀਂ ਪੈ ਗਈ,

ਕਿੰਝ ਅੌਰਤ ਨੂੰ ਬਿਆਨ ਕਰਾਂ।

ਸੁਰਿੰਦਰ ਕੌਰ ਪੰਜਾਬ ਦੀ ਕੋਇਲ,

ਧੀਆਂ ਕੋਇਲਾਂ ਰਹਿੰਦੀਆਂ ਨੇ,

ਆਪਣੀ ਬੋਲੀ ਮਾਣ ਕੇ ਬੋਲਣ,

ਪਿੰਜਰੇ ਵਿੱਚ ਨਾ ਪੈਂਦੀਆਂ ਨੇ,

ਹਰਸ਼ਿੰਦਰ ਕੌਰ ਸਮਾਜ ਸੇਵਿਕਾ,

ਤੇ ਮੈਂ ਬੜਾ ਗੁਮਾਨ ਕਰਾਂ,

ਕਲ਼ਮ ਮੇਰੀ ਸੋਚੀਂ ਪੈ ਗਈ,

ਕਿੰਝ ਅੌਰਤ ਨੂੰ ਬਿਆਨ ਕਰਾਂ।

ਢਹਿ ਕੇ ਫਿਰ ਉੱਠ ਜਾਣਾ ਕਿੰਝ,

ਅੌਰਤ ਨੂੰ ਅਜੇ ਵੀ ਆਉੰਦਾ ਹੈ,

ਅੌਰਤ ਨੇ ਸਭ ਕੁਝ ਸਹਿ ਕੇ ਵੀ,

ਇਤਿਹਾਸ ਨੂੰ ਰੱਖਿਆ ਜਿਊੰਦਾ ਹੈ,

ਅਮੀਰ ਵਿਰਸੇ ਦੀ ਖਾਤਿਰ ਮੈਂ,

“ਸਾਂਝ”ਨੂੰ ਵੀ ਕੁਰਬਾਨ ਕਰਾਂ,

ਕਲ਼ਮ ਮੇਰੀ ਸੋਚੀਂ ਪੈ ਗਈ,

ਕਿੰਝ ਅੌਰਤ ਨੂੰ ਬਿਆਨ ਕਰਾਂ।

ਕਿਸ ਦੀ ਛੇੜਾਂ ਕਹਾਣੀ ਨੂੰ ,

ਕਿਸ ਅੌਰਤ ਦਾ ਧਿਆਨ ਕਰਾਂ॥ 

LEAVE A REPLY

Please enter your comment!
Please enter your name here