ਅੱਜ ਫਿਰ ਪਤੀ ਪਤਨੀ ਵਿੱਚ ਬਹੁਤ ਲੜਾਈ ਹੋਈ. . ਮੰਗੂ ਬੁੜ-ਬੁੜ ਕਰਦਾ ਕੰਮ ਤੇ ਚਲਾ ਗਿਆ । ਲੜਾਈ ਵੀ ਕੋਈ ਖਾਸ ਨਹੀਂ ਸੀ . . ਬਸ ਮੰਗੂ ਦੀ ਭੈਣ ਦਾ ਘਰਵਾਲਾ ਬਾਹਰ ਰਹਿੰਦਾ ਸੀ , ਉਹ ਇਹਨਾਂ ਕੋਲ ਰਹਿੰਦੀ ਸੀ ਆਪਣਾ ਖਾਂਦੀ ਸੀ । ਫਿਰ ਵੀ ਝਗੜੇ ਦਾ ਕਾਰਨ ਬਣੀ ਹੋਈ ਸੀ ।ਉਸਦੇ ਸੱਸ ਸਹੁਰਾ ਨਹੀਂ ਸਨ , ਤੇ ਉਸਦਾ ਪਤੀ ਵੀ ਕੱਲਾ ਕੱਲਾ ਹੀ ਸੀ ਤਾਂ ਕਰਕੇ ਉਹ ਪੇਕਿਆਂ ਦੇ ਰਹਿੰਦੀ ਸੀ । ਦੀਪੋ ਰੋਜ਼ ਕਿਸੇ ਨਾ ਕਿਸੇ ਬਹਾਨੇ ਲੜਾਈ ਪਾ ਲੈਂਦੀ ਕੇ ਉਹ ਆਪਣੇ ਸਹੁਰੇ ਘਰ ਚਲੀ ਜਾਵੇ ਜਾਂ ਦੀਪੋ ਨੂੰ ਵੱਖਰੀ ਕਰ ਦੇਣ ।ਨਿੱਕੀਆਂ -ਨਿੱਕੀਆਂ ਗੱਲਾਂ ਤੋਂ ਲੜਾਈ ਬਹੁਤ ਵੱਧ ਜਾਂਦੀ ।
ਅੱਜ ਤਾਂ ਹੱਦ ਹੋ ਗਈ ਸੀ , ਜਦੋਂ ਮੰਗੂ ਕੰਮ ਤੇ ਚਲਾ ਗਿਆ ਤੇ ਸੱਸ ਨੇ ਬੜੇ ਠਰੰਮੇ ਜਿਹੇ ਨਾਲ ਦੀਪੋ ਨੂੰ ਕਿਹਾ, “ਧੀਏ, ਜੇ ਉਹ ਬੋਲਦਾ ਹੁੰਦਾ ਤੂੰ ਚੁੱਪ ਕਰ ਜਾਇਆ ਕਰ। ਐਂਵੇ ਕਲੇਸ਼ ਨਹੀਂ ਵਧਾਈ ਦਾ ਹੁੰਦਾ।” ਦੀਪੋ ਤੇ ਛਿੜ ਹੀ ਪਈ. . .” ਆਹੋ ਮੈਂ ਕਲੇਸ਼ ਕਰਦੀ ਆਂ. . . ਤੇਰੀ ਕਿਹੜਾ ਨਹੀਂ ਕਰਦੀ ਕੁੱਝ. ..ਤੇਰੀ ਧੀ ਦੇ ਕਰਕੇ ਕਲੇਸ਼ ਪੈਂਦੀ ਆ ਸਾਡੇ ਵਿੱਚ. . . ਮੇਰੇ ਸਿਰ ਤੇ ਬਠਾ ਕੇ ਰੱਖੀ ਆ. . . ਪਤਾ ਨਹੀਂ ਕੀ-ਕੀ ਸਿਖਾਇਆ ਆਪਣੇ ਖਸਮ ਨੂੰ . . ਜੋ ਮੇਰੇ ਨਾਲ ਰੋਜ਼ ਲੜਦਾ ਆ. . . ਪਤਾ ਨਹੀਂ ਕਦੋਂ ਜਾਨ ਛੁੱਟਣੀ ਆ ਮੇਰੀ . . . . “ਇੱਕੋ ਸਾਹੇ ਬੋਲੀ ਜਾਂਦੀ ਸੀ । ਸੱਸ ਨੇ ਦੀਪੋ ਅੱਗੇ ਹੱਥ ਜੋੜੇ ਤੇ ਕਿਹਾ , ” ਮੁਆਫ ਕਰ ਬਖਸ਼ ਦੇ ਸਾਨੂੰ ਪੁੱਤ “।
. ਦੀਪੋ ਦੇ ਪਤਾ ਨਹੀਂ ਦਿਲ ਵਿੱਚ ਕੀ ਆਇਆ, ਕਮਰੇ ਵਿੱਚ ਗਈ ਤੇ ਜਾ ਕੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ ! ਜਿਨ੍ਹਾਂ ਨੂੰ ਮੰਦਾ ਚੰਗਾ ਬੋਲਦੀ ਸੀ ਉਹਨਾਂ ਨੇ ਹੀ ਅੱਗ ਬੁਝਾਈ ਤੇ ਹਸਪਤਾਲ ਵੀ ਲੈ ਕੇ ਗਏ ।
ਇਸ  ਕੰਮ ਵਿੱਚ ਪੁਲਿਸ ਦੀ ਕਰਵਾਈ ਹੋਈ ਤੇ ਦੀਪੋ ਨੇ ਉਲਟਾ ਉਹਨਾਂ ਸਿਰ ਦਾਜ ਦਾ ਕੇਸ ਪਾ ਦਿੱਤਾ ਤੇ ਕਿਹਾ ਮੈਨੂੰ ਇਹਨਾਂ ਸਾਰਿਆਂ ਨੇ ਮਿਲ ਕੇ ਅੱਗ ਲਾਈ ਆ. . ਸਾਰਿਆਂ ਨੇ ਸਮਝਾਇਆ ਪਰ ਦੀਪੋ ਦੇ ਪੇਕੇ ਵੀ ਦੀਪੋ ਨਾਲ ਰਲ ਗਏ ।ਆਪ ਤੇ ਮਰ ਗਈ ਜਾਂਦੀ – ਜਾਂਦੀ ਪਤੀ, ਨਨਾਣ, ਜੇਠ ਤੇ ਜੇਠ ਦੇ ਸਾਲੇ ਨੂੰ ਫਸਾ ਗਈ । ਸੱਸ ਤਾਂ ਸਦਮੇ ਨਾਲ ਹੀ ਮਰ ਗਈ ਸੀ। ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲ ਗਈ ਅਤੇ ਜਿਹੜੇ ਜਵਾਕ ਜੰਮੇ ਸੀ ਉਹ ਗਲੀ -ਗਲੀ ਫਿਰਦੇ ਨੇ । ਕੁੱਝ ਮਿਲ ਗਿਆ ਤੇ ਖਾ ਲਿਆ ਨਹੀਂ ਤੇ ਰੋ ਕੇ ਸੌਂ ਜਾਂਦੇ ਨੇ। ਇੱਕ ਕਰੋਧ ਨੇ ਕਈਆਂ ਬੇਗੁਨਾਹਾਂ ਨੂੰ ਸਜ਼ਾ ਦੇ ਦਿੱਤੀ ।

LEAVE A REPLY

Please enter your comment!
Please enter your name here