ਚੰਗੇ ਲਿਖਾਰੀਆਂ ਵਿੱਚ ਆਪਣੇ ਪੈਰ ਜਮਾ ਰਹੇ ਗੁਰਵੀਰ ਸਿੰਘ ਦੁਆਰਾ ਲਿਖੇ ਨਾਵਲ ‘ਗੁਲ ਪਰਵਾਜ਼’ ਨੇ ਚਾਰੇ ਪਾਸੇ ਧੁੰਮਾਂ ਮਚਾ ਦਿੱਤੀਆਂ ਸਨ। ਕਈਆਂ ਦਾ ਤਾਂ ਇਹ ਵੀ ਮੰਨਣਾ ਸੀ ਕਿ ਇਹ ਉਸ ਦੀ ਆਪਣੀ ਹੀ ਪ੍ਰੇਮ ਕਹਾਣੀ ਹੈ ਜੋ ਸਿਰੇ ਨਾ ਚੜ ਸਕੀ। ਉਹ ਕਿਸੇ ‘ਗੁਲ’ ਨਾਮ ਦੀ ਕੁੜੀ ਨਾਲ ਪਿਆਰ ਕਰਦਾ ਸੀ ਤੇ ‘ਗੁਲ’ ਨੇ ਵੀ ਉਸ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਸਨ ਪਰ ਜਦੋਂ ਗੱਲ ਵਿਆਹ ਦੀ ਆਈ ਤਾਂ ਉਸ ਨੇ ਆਪਣੇ ਪਿਓ ਦੀ ਪੱਗ ਪੈਰਾਂ ਚਂ ਨਾ ਰੁਲਣ ਦਿੱਤੀ ਤੇ ਆਪਣੇ ਮਾਪਿਆਂ ਦੁਆਰਾ ਚੁਣੇ ਮੁੰਡੇ ਨਾਲ ਵਿਆਹ ਕਰਵਾ ਲਿਆ। ਕੁਝ ਦੇਰ ਗਮ ਵਿੱਚ ਡੁੱਬਣ ਤੋਂ ਬਾਅਦ ਘਰ ਵਾਲਿਆਂ ਦੇ ਜ਼ਿੱਦ ਕਰਨ ਤੇ ਗੁਰਵੀਰ ਸਿੰਘ ਦਾ ਵੀ ਵਿਆਹ ਹੋ ਗਿਆ। ਦੋ ਬੱਚੇ ਵੀ ਹੋ ਗਏ ਪਰ ਜਨਾਬ ਦੇ ਦਿਲ ਵਿੱਚ ਅਸਫਲ ਪਿਆਰ ਦੀ ਅੱਗ ਸਮੇਂ ਸਮੇਂ ਸੁਲਗ ਪੈਂਦੀ ਤੇ ਉਹਨਾਂ ਨੇ ਆਪਣੇ ਦਿਲ ਦੀ ਚੀਸ ਨੂੰ ਘੱਟ ਕਰਨ ਲਈ ਇੱਕ ਨਾਵਲ ਲਿਖਿਆ- ‘ਗੁਲ ਪਰਵਾਜ਼’। ਪਰ ਇਸ ਨਾਵਲ ਦੀ ਕਹਾਣੀ ਨੂੰ ਉਹਨਾਂ ਨੇ ਆਪਣੀਆਂ ਦੱਬੀਆਂ ਇੱਛਾਵਾਂ ਮੁਤਾਬਕ ਨਵਾਂ ਮੋੜ  ਇਹ ਦਿੱਤਾ ਸੀ ਕਿ ਇਸ ਨਾਵਲ ਦੀ ਨਾਇਕਾ ‘ਗੁਲ’ ਘਰਦਿਆਂ ਨਾਲ ਬਗਾਵਤ ਕਰਕੇ ਆਪਣੇ ਪ੍ਰੇਮੀ ‘ਪਰਵਾਜ਼’ ਨਾਲ ਘਰੋਂ ਦੌੜ ਜਾਂਦੀ ਹੈ ਤੇ ਕਿੱਸੇ ਮੁਤਾਬਕ ਸੱਚੇ ਪਿਆਰ ਦੀ ਜਿੱਤ ਹੋ ਜਾਂਦੀ ਹੈ। ਹੁਣ ਇਹ ਨਾਵਲ ਨੌਜਵਾਨਾਂ ਵਿੱਚ ਚੰਗਾ ਪਸੰਦ ਕੀਤਾ ਜਾ ਰਿਹਾ ਸੀ। ਇੱਥੋਂ ਤਕ ਕਿ ਇਸ ਨਾਵਲ ਦੀ ਮਕਬੂਲੀਅਤ ਵੇਖ ਕਿੰਨੀਆਂ ਹੀ ਸੰਸਥਾਵਾਂ ਵੱਲੋਂ ਲੇਖਕ ਨੂੰ ਸਨਮਾਨਿਤ ਕੀਤਾ ਗਿਆ। ਅਖਬਾਰਾਂ ਵਿੱਚ ਚਰਚੇ ਹੋਏ। ਕੁਝ ਕੁ ਬੁੱਧੀਜੀਵੀਆਂ ਨੇ ਆਪਣੇ ਲੇਖਾਂ ਰਾਹੀਂ ਇਸ ਦੇ ਦੁਸ਼ਟ ਪ੍ਰਭਾਵਾਂ ਤੋ ਵੀ ਜਾਣੂੰ ਕਰਵਾਇਆ ਪਰ ਉਹਨਾਂ ਨੂੰ ਮੰਦੇ ਆਲੋਚਕ ਕਹਿ ਕੇ ਚੁੱਪ ਕਰਾ ਦਿੱਤਾ ਗਿਆ । ਜਿਹੜੇ ਮੁੰਡੇ ਕੁੜੀਆਂ ਕਿਤਾਬਾਂ ਪੜ ਕੇ ਵੀ ਰਾਜੀ ਨਹੀਂ ਸਨ ਉਹ ਵੀ ਇਹ ਨਾਵਲ ਜ਼ਰੂਰ ਪੜਦੇ ਸਨ ਤੇ ਹਰ ਮੁੰਡੇ ਕੁੜੀ ਨੂੰ ਨਾਵਲ ਪੜਣ ਤੋਂ ਬਾਅਦ ਆਪਣੇ ਅਖੌਤੀ ਸੱਚੇ ਪਿਆਰ ਦਾ ਅਹਿਸਾਸ ਹੋਣ ਲੱਗਦਾ।ਹੌਲੀ ਹੌਲੀ ਇਹ ਨਾਵਲ ਮੁੰਡੇ ਕੁੜੀਆਂ ਦੇ ਸਿਰ ਤੇ ਇਸ ਤਰ੍ਹਾਂ ਹਾਵੀ ਹੋਇਆ ਕਿ ਉਹਨਾਂ ਨੂੰ ਕੱਚੀ ਉਮਰੇ ਕਿਸੇ ਦਾ ਚੰਗਾ ਲੱਗਣਾ ਵੀ ਪਿਆਰ ਲੱਗਣ ਲੱਗ ਪਿਆ। ਨਤੀਜਾ ਪਿਆਰ ਵਿਆਹਾਂ ਵਿੱਚ ਵਾਧਾ ਤੇ ਘਰੋਂ ਦੌੜ ਕੇ ਮੁੰਡੇ ਕੁੜੀਆਂ ਦਾ ਵਿਆਹ ਕਰਾਉਣਾ ਆਮ ਹੋ ਗਿਆ। ‘ਝੱਟ ਵਿਆਹ ਪੱਟ ਤਲਾਕ’ ਵੀ ਰੋਜ਼ਾਨਾ ਦੀਆਂ ਖ਼ਬਰਾਂ ਸਨ ਕਿਉਂਕਿ ਜਿੱਦਾਂ ਹੀ ਪਿਆਰ ਦਾ ਭੂਤ ਉਤਰਦਾ, ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੁੰਦੀ ਤਾਂ ਇੱਕ ਦੂਜੇ ਦੀ ਸ਼ਕਲ ਵੇਖਣਾ ਵੀ ਗਵਾਰਾ ਨਾ ਹੁੰਦਾ। ਕਈ ਵਾਰ ਤਾਂ ਇਹੋ ਜਿਹੇ ਵਿਆਹਾਂ ਕਾਰਨ ਕਤਲ ਹੋ ਜਾਂਦੇ। ਕੋਰਟ ਕਚਹਿਰੀਆਂ ਦੀਆਂ ਫਾਈਲਾਂ ਇਹੋ ਜਿਹੇ ਕੇਸਾਂ ਨਾਲ ਭਰੀਆਂ ਰਹਿੰਦੀਆਂ। ਉੱਧਰ ਲੇਖਕ ਗੁਰਵੀਰ ਸਿੰਘ ਜੀ ਦਾ ਨਾਮ ਹੁਣ ਉੱਚ ਕੋਟੀ ਦੇ  ਸਾਹਿਤਕਾਰਾਂ ਵਿੱਚ ਲਿਆ ਜਾਣ ਲੱਗਾ ਸੀ। ਕਈ ਨਾਮੀ ਐਵਾਰਡਾਂ ਨਾਲ ਉਹ ਸਨਮਾਨਿਤ ਕੀਤੇ ਜਾ ਚੁੱਕੇ ਸਨ। ਉਹਨਾਂ ਦੇ ਆਪਣੇ ਬੱਚੇ ਵੀ ਜਵਾਨ ਹੋ ਚੁੱਕੇ ਸਨ। ਉਹਨਾਂ ਦੇ ਆਪਣੇ ਮੁੰਡੇ ਨੇ ਵੀ ਪਿਆਰ ਵਿਆਹ ਹੀ ਕੀਤਾ ਸੀ ਜਿਸ ਨੂੰ ਉਹਨਾਂ ਨੇ ਬੜੀ ਹੱਸ ਕੇ ਮਨਜ਼ੂਰੀ ਦੇ ਦਿੱਤੀ ਸੀ ਪਰ ਕਈ ਹੋਰਨਾਂ ਪਿਆਰ ਵਿਆਹਾਂ ਦੀ ਤਰ੍ਹਾਂ ਉਹ ਵਿਆਹ ਵੀ ਟੁੱਕ ਚੁੱਕਾ ਸੀ ਜਿਸ ਕਾਰਨ ਉਹਨਾਂ ਦਾ ਇੱਕੋ ਇੱਕ ਪੁੱਤਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕਾ ਸੀ । ਉਹਨਾਂ ਨੇ ਉਸ ਦਾ ਬਹੁਤ ਇਲਾਜ ਵੀ ਕਰਵਾਇਆ ਪਰ ਸਭ ਬੇਕਾਰ। ਹੁਣ ਪ੍ਰਸਿੱਧ ਲੇਖਕ ਗੁਰਵੀਰ ਸਿੰਘ ਜੀ ਦੀ ਇੱਕੋ ਹੀ ਇੱਛਾ ਬਾਕੀ ਸੀ ਤੇ ਉਹ ਸੀ ਬਸ ਆਪਣੀ ਧੀ ਦਾ ਵਿਆਹ ਕਰਕੇ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਜਾਣਾ। ਪਰ ਉਹਨਾਂ ਦੀ ਇਸ ਚਿੰਤਾ ਨੂੰ ਵੀ ਉਹਨਾਂ ਦੀ ਧੀ ਨੇ ਜਲਦੀ ਹੀ ਖਤਮ ਕਰ ਦਿੱਤਾ ਤੇ ਉਹ ਇੱਕ ਦਿਨ ਆਪਣੇ ਨਾਲ ਕਾਲਜ ਵਿੱਚ ਪੜਦੇ ਦਿਲਰਾਜ ਨੂੰ ਉਹਨਾਂ ਸਾਹਮਣੇ ਖੜਾ ਕੇ ਬੋਲੀ,” ਪਾਪਾ ਇਹ ਹੈ ਦਿਲਰਾਜ, ਜੋ ਮੇਰੇ ਨਾਲ ਕਾਲਜ ਵਿੱਚ ਪੜਦਾ ਹੈ ਤੇ ਸਾਨੂੰ ਦੋਹਾਂ ਨੂੰ ਇੱਕ ਦੂਜੇ ਨਾਲ ਪਹਿਲੀ ਨਜ਼ਰੇ ਹੀ ਸੱਚਾ ਪਿਆਰ ਹੋ ਗਿਆ ਸੀ। ਹੁਣ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ।” ਗੁਰਵੀਰ ਸਿੰਘ ਦੀ ਜਬਾਨ ਸੁੱਕ ਰਹੀ ਸੀ। ਅਲਫਾਜ਼ ਉਸ ਦੇ ਬੁੱਲਾਂ ਤੇ ਆ ਆ ਕੇ ਵਾਪਸ ਜਾ ਰਹੇ ਸਨ। ਉਸ ਨੇ ਬੜੀ ਮੁਸ਼ਕਲ ਨਾਲ ਇੰਨਾ ਹੀ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਕਿ ਇਹ ਸੱਚਾ ਪਿਆਰ ਹੈ। ਤਾਂ ਅੱਗੋਂ ਜੋ ਉੱਤਰ ਉਸ ਦੀ ਧੀ ਨੇ ਉਸ ਨੂੰ ਦਿੱਤਾ, ਉਸ ਨੇ ਲੇਖਕ ਗੁਰਵੀਰ ਸਿੰਘ ਨੂੰ ਜਿਊਂਦਿਆਂ ਹੀ ਧਰਤੀ ਵਿੱਚ ਗੱਡ ਦਿੱਤਾ ਸੀ। ਲੇਖਕ ਦੀ ਧੀ ਉਸ ਨੂੰ ਉਸ ਦੁਆਰਾ ਲਿਖੇ ਨਾਵਲ ‘ਗੁਲ ਪਰਵਾਜ਼’ ਬਾਰੇ ਯਾਦ ਕਰਵਾਉਂਦੇ ਹੋਏ ਦੱਸਣ ਲੱਗੀ ਕਿ ਤੁਸੀਂ ਆਪ ਹੀ ਤਾਂ ਉਸ ਵਿੱਚ ਸੱਚੇ ਪਿਆਰ ਦੀ ਪਰਿਭਾਸ਼ਾ ਲਿਖੀ ਹੈ ਕਿ ਜਦੋਂ ਕੋਈ ਪਹਿਲੀ ਨਜ਼ਰੇ ਹੀ ਦਿਲ ਵਿੱਚ ਉਤਰ ਜਾਵੇ, ਜਿਸ ਨੂੰ ਦੇਖਿਆਂ ਲੱਗੇ ਕਿ ਉਸ ਨੂੰ ਤੁਸੀਂ ਕਈ ਜਨਮਾਂ ਤੋਂ ਜਾਣਦੇ ਹੋ, ਜਿਸ ਦਾ ਨਾਮ ਤੁਹਾਡੇ ਦਿਲ ਦੀ ਧੜਕਣ ਬਣ ਜਾਵੇ, ਉਹੀ ਸੱਚਾ ਪਿਆਰ ਹੁੰਦਾ ਹੈ। ਇਹੀ ਸਭ ਤਾਂ ਤੁਹਾਡੇ ਨਾਵਲ ਦੀ ਨਾਇਕਾ ‘ਗੁਲ’, ਨਾਇਕ ‘ਪਰਵਾਜ਼’ ਲਈ ਮਹਿਸੂਸ ਕਰਦੀ ਸੀ ਤੇ ਇਹੀ ਮੈਂ ‘ਦਿਲਰਾਜ’ ਲਈ ਮਹਿਸੂਸ ਕਰਦੀ ਹਾਂ ਤੇ ‘ਦਿਲਰਾਜ’ ਮੇਰੇ ਲਈ। ਹੁਣ ਲੇਖਕ ਸੋਚ ਰਿਹਾ ਸੀ ਕਿ ਉਸ ਨੇ ਇਹਨਾਂ ਸਤਰਾਂ ਨਾਲ ਇਹ ਕਿਉਂ ਨਾ ਲਿਖਿਆ ਕਿ ਇਹ ਸਭ ਜਵਾਨੀ ਦੇ ਵਲਵਲੇ ਹੁੰਦੇ ਹਨ। ਅਸਲੀਅਤ ਤਾਂ ਕੁਝ ਹੋਰ ਹੀ ਹੁੰਦੀ ਹੈ। ਸੱਚਾ ਪਿਆਰ ਤਾਂ ਉਹ ਹੁੰਦਾ ਹੈ ਜੋ ਮਾਂ ਪਿਓ ਆਪਣੇ ਬੱਚਿਆਂ ਨਾਲ ਕਰਦੇ ਹਨ, ਜੋ ਭੈਣ ਭਰਾ ਇੱਕ ਦੂਜੇ ਨਾਲ ਕਰਦੇ ਹਨ, ਜੋ ਪਤੀ-ਪਤਨੀ ਇੱਕ ਦੂਜੇ ਦਾ ਹਰ ਦੁੱਖ-ਸੁੱਖ ਵਿੱਚ ਸਾਥ ਦੇ ਕੇ ਕਰਦੇ ਹਨ। ਚਾਰ ਦਿਨਾਂ ਦੇ ਪਿਆਰ ਵਿੱਚ ਕਿਸੇ ਸੱਚੇ ਪਿਆਰ ਦੀ ਪਛਾਣ ਨਹੀਂ ਕੀਤੀ ਜਾ ਸਕਦੀ। ‘ਗੁਲ ਪਰਵਾਜ਼’ ਤਾਂ ਇੱਕ ਕਾਲਪਨਿਕ ਕਹਾਣੀ ਸੀ ਜਿਸ ਨੂੰ ਸਮੇਂ ਨੇ ਲੋਕ ਨਾਇਕ- ਨਾਇਕਾ ਦਾ ਰੂਪ ਦੇ ਦਿੱਤਾ ਸੀ ਤੇ ਨੌਜਵਾਨਾਂ ਨੇ ਉਸ ਨੂੰ ਆਪਣਾ ਆਦਰਸ਼ ਹੀ ਬਣਾ ਲਿਆ ਸੀ। ਅੱਜ ਲੇਖਕ ਨੂੰ ਆਪਣੀਆਂ ਅੱਖਾਂ ਸਾਹਮਣੇ ਕਿੰਨੀਆਂ ਹੀ ਪੱਗਾਂ, ਧੀਆਂ ਦੇ ਪੈਰਾਂ ਚਂ ਰੁਲੀਆਂ ਨਜ਼ਰ ਆ ਰਹੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਪੱਗ ਉਸ ਦੀ ਆਪਣੀ ਵੀ ਸੀ। ਕਿੰਨੇ ਕਤਲ ਇੱਜ਼ਤਾਂ ਦੇ ਨਾਮ ਤੇ, ਅਦਾਲਤਾਂ ਚਂ ਚੱਲਦੇ ਕੇਸ, ਤਲਾਕ, ਇਸ ਸਭ ਦਾ ਦੋਸ਼ੀ ਅੱਜ ਲੇਖਕ ਆਪਣੇ ਆਪ ਨੂੰ ਮੰਨ ਰਿਹਾ ਸੀ। ਸਾਰੀ ਰਾਤ ਉਹ ਆਪਣੇ ਆਪ ਨੂੰ ਲਾਹਨਤਾਂ ਪਾਉੰਦਾ ਰਿਹਾ ਤੇ ਸਵੇਰ ਦੀਆਂ ਅਖਬਾਰਾਂ ਵਿੱਚ ਬੜੇ ਦੁੱਖ ਨਾਲ ਪੜੀ ਜਾਣ ਵਾਲੀ ਖਬਰ ਸੀ- ਕੱਲ ਰਾਤ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਵੀਰ ਸਿੰਘ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ।

LEAVE A REPLY

Please enter your comment!
Please enter your name here