ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੀ ਫਰੀਦਕੋਟ ਦੀ ਇਤਿਹਾਸਕ ਰੈਲੀ ਮਗਰੋਂ ਇੰਨੀ ਡਰ ਗਈ ਹੈ ਕਿ ਇਸ ਨੇ ਲੰਬੀ ਵਾਲੀ ਰੈਲੀ ਨੂੰ ਸਫਲ ਬਣਾਉਣ ਲਈ ਸਰਕਾਰੀ ਕੰਮਕਾਜ ਠੱਪ ਕਰਕੇ ਸੱਤ ਮੰਤਰੀਆਂ ਨੂੰ ਲੰਬੀ ‘ਚ ਬਿਠਾ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਇਸ ਦੀ 7 ਅਕਤੂਬਰ ਵਾਲੀ ਫਜ਼ੂਲ ਅਤੇ ਬਨਾਉਟੀ ਰੈਲੀ ਵਿਚ ਆਉਣ ਲਈ ਮਜਬੂਰ ਕੀਤਾ ਜਾਵੇ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ ਵਰਤੇ ਜਾ ਰਹੇ ਲਾਲਚ, ਧੱਕੇਸ਼ਾਹੀ ਅਤੇ ਧਮਕੀਆਂ ਵਰਗੇ ਸਾਰੇ ਹਥਕੰਡਿਆਂ ਦੇ ਬਾਵਜੂਦ ਲੋਕ ਉਦੋਂ ਤਕ ਕਾਂਗਰਸ ਦੀ ਰੈਲੀ ਵਿਚ ਆਉਣ ਲਈ ਤਿਆਰ ਨਹੀਂ ਹਨ ਜਦੋਂ ਤਕ ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹੁਣ ਇਹ ਸਥਿਤੀ ਬਣ ਗਈ ਹੈ ਕਿ ਕਾਂਗਰਸੀ ਮੰਤਰੀਆਂ ਨੂੰ ਉਨ੍ਹਾਂ ਪਾਰਟੀ ਵਰਕਰਾਂ ਵਲੋਂ ਵੀ ਝਿੜਕਿਆ ਜਾ ਰਿਹਾ ਹੈ, ਜਿਹੜੇ ਆਪਣੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ  ਹਨ ਅਤੇ ਲੋਕਾਂ ਨੂੰ ਇਸ ਸਰਕਾਰੀ ਸ਼ੋਅ ਵਿਚ ਜ਼ਬਰਦਸਤੀ ਲਿਆਉਣ ਤੋਂ ਮਨ੍ਹਾ ਕਰ ਰਹੇ ਹਨ। ਇਸ ਲਈ ਮੰਤਰੀ ਲੰਬੀ ਵਿਚ ਡੇਰੇ ਲਾਉਣ ਲਈ ਮਜਬੂਰ ਹੋ ਗਏ ਹਨ ਅਤੇ ਰੈਲੀ ਵਿਚ ਲੋਕਾਂ ਦਾ ਇਕੱਠ ਕਰਨ ਲਈ ਧੱਕੇਸ਼ਾਹੀ ਵਾਲੇ ਹਥਕੰਡੇ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਲੰਬੀ ਵਿਚ ਬੈਠੇ ਹੋਣ ਕਰ ਕੇ ਚੰਡੀਗੜ੍ਹ ਵਿਚਲਾ ਸਕੱਤਰੇਤ ਖਾਲੀ ਹੋ ਗਿਆ ਹੈ ਅਤੇ ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਚੁਕਾਈ ਉੱਤੇ ਬੁਰਾ ਅਸਰ ਪਿਆ ਹੈ। ਇਸ ਨਾਲ ਪਿਛਲੇ ਇਕ ਸਾਲ ਤੋਂ ਬਕਾਇਆ ਪਏ ਫਸਲੀ ਨੁਕਸਾਨ ਦੇ ਮੁਆਵਜ਼ੇ ਨੂੰ ਜਾਰੀ ਕਰਨ ਦਾ ਕੰਮ ਵੀ ਰੁਕ ਗਿਆ ਹੈ। ਇਹ ਟਿੱਪਣੀ ਕਰਦਿਆਂ ਕਿ ਲੋਕਾਂ ਨੇ ਕਾਂਗਰਸ ਦੀ ਰੈਲੀ ਵਿਚ ਕਤਾਰਾਂ ਬੰਨ੍ਹ ਕੇ ਆਉਣਾ ਸੀ, ਜੇਕਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ,  ਮਜੀਠੀਆ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਲੋਕਾਂ ਵੱਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਸਰਕਾਰ ਅਜੇ ਵੀ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਅਤੇ 51 ਹਜ਼ਾਰ ਰੁਪਏ ਸ਼ਗਨ ਦੇਣ ਅਤੇ ਹੋਰ ਵਾਅਦੇ ਪੂਰੇ ਕਰਨ ਲਈ ਤਿਆਰ ਨਹੀਂ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਚੁੱਪ ਦੱਸਦੀ ਹੈ ਕਿ ਉਹ ਲੰਬੀ ਦੇ ਲੋਕਾਂ ਖਿਲਾਫ ਆਪਣੀ ਹਾਰ ਵਾਲੀ ਖੁੰਦਕ ਪਾਲੀ ਬੈਠਾ ਹੈ ਅਤੇ ਜ਼ੋਰ ਜ਼ਬਰਦਸਤੀ ਨਾਲ ਲੋਕਾਂ ਨੂੰ 7 ਅਕਤੂਬਰ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਮਜਬੂਰ ਕਰਕੇ ਉਨ੍ਹਾਂ ਨੂੰ ਜਲੀਲ ਕਰਨਾ ਚਾਹੁੰਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਨੂੰ ਰੈਲੀ ਵਿਚ ਲਿਆਉਣ ਵਾਸਤੇ ਜ਼ੋਰ ਜ਼ਬਰਦਸਤੀ ਦੇ ਹਥਕੰਡੇ ਇਸਤੇਮਾਲ ਕਰਨ ਦੀ ਥਾਂ ਮੁੱਖ ਮੰਤਰੀ ਨੂੰ ਉਨ੍ਹਾਂ ਨਿਕੰਮੇ ਮੰਤਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ ਦੀ ਸ਼ਨਾਖਤ ਬੀਬੀ ਨਵਜੋਤ ਕੌਰ ਸਿੱਧੂ ਨੇ ਕੀਤੀ ਹੈ, ਜਿਨ੍ਹਾਂ ਵਿਚ ਉਸ ਦਾ ਆਪਣਾ ਪਤੀ ਨਵਜੋਤ ਸਿੱਧੂ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘੱਟੋ-ਘੱਟ ਆਪਣੀ ਕਾਰਗੁਜ਼ਾਰੀ ਸੁਧਾਰਨ ਲਈ ਕੈਬਨਿਟ ਅਤੇ ਸਰਕਾਰ ਇਕਜੁੱਟ ਹੋਣਗੀਆਂ, ਜਿਨ੍ਹਾਂ ਨੂੰ ਬੀਬੀ ਸਿੱਧੂ ਨੇ ਦਸਾਂ ਵਿਚੋਂ ਸਿਰਫ 4 ਅੰਕ ਦਿੱਤੇ ਹਨ।

LEAVE A REPLY

Please enter your comment!
Please enter your name here