ਮਿਹਨਤ ਕਰਨ ਵਾਲਿਆਂ ਦੇ ਮੁਕਾਬਲੇ ਵੱਡੇ ਆਦਮੀ ਕਹਾਉਣ ਵਾਲਿਆਂ ਨੂੰ ਦਿਲ ਦੀਆਂ ਬਿਮਾਰੀਆਂ ਜਿਹੇ ਰੋਗ ਵਧੇਰੇ ਘੇਰਦੇ ਹਨ। ਸਰੀਰਕ ਮਿਹਨਤ ਤੋਂ ਬਚੇ ਰਹਿਣ ਦੀ ਉਨ੍ਹਾਂ ਦੀ ਆਰਾਮਤਲਬੀ ਬਹੁਤ ਮਹਿੰਗੀ ਪੈਂਦੀ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਚਿਕਨਾਈ ਪ੍ਰਧਾਨ ਮਸਾਲੇਦਾਰ ਭੁੰਨਿਆ-ਤਲਿਆ ਕੀਮਤੀ ਖਾਣਾ ਅਮੀਰਾਂ ਦੀ ਸ਼ਾਨ ਨੂੰ ਵਧਾਉਂਦਾ ਹੈ ਪਰ ਨਤੀਜੇ ਵਜੋਂ ਉਹ ਵੀ ਦਿਲ ਦੇ ਰੋਗ ਜਿਹੀ ਮੁਸੀਬਤ ਖੜ੍ਹੀ ਕਰ ਦਿੰਦਾ ਹੈ। ਉਂਝ ਤਾਂ ਦਿਲ ਦੇ ਰੋਗੀਆਂ ਨੂੰ ਪੂਰੇ ਆਰਾਮ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਹ ਤੇਜ਼ ਦਰਦ ਸਮੇਂ ਹੀ ਠੀਕ ਹੈ। ਆਮ ਤੌਰ ‘ਤੇ ਉਨ੍ਹਾਂ ਨੂੰ ਟਹਿਲਣ, ਮਾਲਿਸ਼ ਕਰਨ, ਹਲਕੇ ਆਸਨ ਜਿਵੇਂ ਘੱਟ ਦਬਾਅ ਪਾਉਣ ਵਾਲੀ ਸਰੀਰਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖੂਨ ਦੇ ਦੌਰੇ ‘ਚ ਕੋਈ ਰੁਕਾਵਟ ਪੈਦਾ ਨਾ ਹੋਵੇ। ਇਸੇ ਤਰ੍ਹਾਂ ਉਨ੍ਹਾਂ ਨੂੰ ਖਾਣ-ਪਾਣ ‘ਚ ਵੀ ਫਲ, ਸਬਜ਼ੀਆਂ ਆਦਿ ਲੈਣੀਆਂ ਚਾਹੀਦੀਆਂ ਹਨ। ਚਿਕਨਾਈ ਯੁਕਤ ਵਸਤਾਂ ਘੱਟ ਤੋਂ ਘੱਟ ਲੈਣੀਆਂ ਚਾਹੀਦੀਆਂ ਹਨ। ਦੁੱਧ ਦੀ ਮਲਾਈ ਕੱਢ ਕੇ ਹੀ ਲੈਣਾ ਚੰਗਾ ਹੁੰਦਾ ਹੈ। ਖੂਨ ਵਿਚ ਇਕ ਘੁਲਣਸ਼ੀਲ ਪ੍ਰੋਟੀਨ ‘ਫਰਾਈ ਵ੍ਰਿਨੋਜਨ‘ ਪਾਇਆ ਜਾਂਦਾ ਹੈ। ਇਹ ਸੱਟ ਲੱਗਣ ‘ਤੇ ਰੂਪ ਬਦਲਦਾ ਹੈ ਅਤੇ ਖੂਨ ਵਿਚ ਮਕੜੀ ਦੇ ਜਾਲੇ ਵਾਂਗ ਬੁਣਾਈ ਕਰ ਦਿੰਦਾ ਹੈ। ਖੂਨ ਦੇ ਕਣ ਉਸ ਵਿਚ ਆ ਕੇ ਅਟਕ ਜਾਂਦੇ ਹਨ। ਇਹੀ ਉਹ ਥੱਕਾ ਹੁੰਦਾ ਹੈ ਜੋ ਸੱਟ ਲੱਗਣ ਵਾਲੀ ਥਾਂ ਤੋਂ ਵਗਦੇ ਖੂਨ ਦਾ ਰਸਤਾ ਬੰਦ ਕਰਕੇ ਉਸ ਨੂੰ ਰੋਕਦਾ ਹੈ। ਕਦੇ-ਕਦੇ ਸਰੀਰਕ ਵਿਕਾਰਾਂ ਕਾਰਨ ਵੀ ਖੂਨ ਵਿਚ ਇਹ ਥੱਕੇ ਤੇਜ਼ ਰਫਤਾਰ ਨਾਲ ਬਣਨਾ ਸ਼ੁਰੂ ਕਰ ਦਿੰਦੇ ਹਨ। ਉਹ ਖੂਨ ਨਾੜੀਆਂ ਵਿਚ ਘੁੰਮਦੇ ਹੋਏ ਖੂਨ ਦੇ ਦੌਰੇ ਦੀ ਸੁਭਾਵਿਕ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕਰਦੇ ਹਨ। ਇਹ ਥੱਕੇ ਜਿਥੇ ਅਟਕ ਜਾਂਦੇ ਹਨ ਉਥੇ ਬੇਚੈਨੀ ਪੈਦਾ ਕਰਦੇ ਹਨ। ਹੱਥ, ਪੈਰ ਦਿਲ ਤੋਂ ਦੂਰ ਹੁੰਦੇ ਹਨ, ਇਸ ਲਈ ਇਨ੍ਹਾਂ ਥੱਕਿਆਂ ਨੂੰ ਉਥੇ ਦੇ ਹਲਕੇ ਖੂਨ ਦੇ ਦੌਰੇ ਵਿਚ ਜ਼ਿਆਦਾ ਠਹਿਰਣ ਅਤੇ ਰੁਕਣ ਦੀ ਸਹੂਲਤ ਮਿਲ ਜਾਂਦੀ ਹੈ। ਫਲਸਰੂਪ ਜ਼ਰਾ ਜਿੰਨੀ ਗੱਲ ‘ਤੇ ਹੱਥਾਂ-ਪੈਰਾਂ ‘ਚ ਝਰਨਾਹਟ ਹੋਣ ਲੱਗਦੀ ਹੈ। ਇਸ ਨੂੰ ਦਬਾਉਣ ਨਾਲ ਕੁਝ ਰਾਹਤ ਮਿਲਣ ਦਾ ਇਹੀ ਕਾਰਨ ਹੈ ਕਿ ਦਬਾਉਣ ਨਾਲ ਉਹ ਥੱਕੇ ਕਿਸੇ ਤਰ੍ਹਾਂ ਕੁੱਟ-ਪੀਸ ਕੇ ਇਕ ਹੱਦ ਤਕ ਖੂਨ ਦੇ ਦੌਰੇ ਨਾਲ ਅੱਗੇ ਵਧਣ ਲਾਇਕ ਹੋ ਜਾਂਦੇ ਹਨ।
ਡਾਕਟਰੀ ਭਾਸ਼ਾ ਵਿਚ ਖੂਨ ਦੇ ਇਨ੍ਹਾਂ ਥੱਕਿਆਂ ਨੂੰ ‘ਥ੍ਰਾਂਬੋਸਿਸ‘ ਕਿਹਾ ਜਾਂਦਾ ਹੈ। ਇਹ ਕਦੇ-ਕਦੇ ਦਿਲ ਦੀ ਨਾੜੀ ‘ਚ ਜਾ ਪਹੁੰਚਦੇ ਹਨ ਅਤੇ ‘ਹਾਰਟ ਅਟੈਕ‘ ਜਿਹਾ ਜਾਨਲੇਵਾ ਸੰਕਟ ਪੈਦਾ ਕਰ ਦਿੰਦੇ ਹਨ। ਜੇਕਰ ਉਨ੍ਹਾਂ ਦੀ ਰੁਕਾਵਟ ਕੁਝ ਮਿੰਟ ਹੀ ਖੂਨ ਦੇ ਦੌਰੇ ਨੂੰ ਰੋਕ ਦੇਵੇ ਤਾਂ ਸਮਝਣਾ ਚਾਹੀਦਾ ਹੈ ਕਿ ਦਿਲ ਦੀ ਧੜਕਨ ਬੰਦ ਹੋਈ ਅਤੇ ਜਾਨ ਨਿਕਲ ਗਈ। ਥੋੜ੍ਹੀ ਦੇਰ ਦੀ ਰੁਕਾਵਟ ਵੀ ਭਿਆਨਕ ਛਟਪਟਾਹਟ ਪੈਦਾ ਕਰ ਦਿੰਦੀ ਹੈ ਅਤੇ ਮਰੀਜ਼ ਨੂੰ ਲੱਗਦਾ ਹੈ ਕਿ ਉਹ ਹੁਣ ਗਿਆ ਤੇ ਹੁਣ ਗਿਆ। ਹਾਈ ਬਲੱਡ ਪ੍ਰੈਸ਼ਰ ਨਾਲ ਉਨੀਂਦਰਾਪਣ, ਕਮਜ਼ੋਰੀ, ਬੇਹੋਸ਼ੀ, ਦੌਰੇ ਪੈਣਾ, ਬਦਹਜ਼ਮੀ, ਬੁਰੇ ਸੁਪਨੇ, ਪਸੀਨੇ ਦਾ ਵਧਣਾ ਜਿਹੀਆਂ ਸ਼ਿਕਾਇਤਾਂ ਹੁੰਦੀਆਂ ਹਨ। ਖੂਨ ਵਿਚ ਖਟਾਈ ਦੀ ਮਾਤਰਾ ਵਧਣਾ, ਸਰੀਰ ਅਤੇ ਦਿਮਾਗ ਦਾ ਉਤੇਜਿਤ ਰਹਿਣਾ ਅਤੇ ਹਾਈ ਬਲੱਡ ਪ੍ਰੈਸ਼ਰ ਦੱਸਦਾ ਹੈ ਕਿ ਅੰਗਾਂ ਦੇ ਸੰਚਾਲਨ ਵਿਚ ਜਿੰਨੀ ਊਰਜਾ ਜੁਟਾਈ ਜਾਣੀ ਚਾਹੀਦੀ ਹੈ, ਉਹ ਜੁਟ ਨਹੀਂ ਪਾ ਰਹੀ ਹੈ। ਇਨ੍ਹਾਂ ਵਿਕਾਰਾਂ ਨੂੰ ਦਵਾਈਆਂ ਨਾਲ ਹੀ ਕੁਝ ਸਮੇਂ ਲਈ ਠੀਕ ਕੀਤਾ ਜਾ ਸਕਦਾ ਹੈ। ਸਰੀਰਕ ਅਤੇ ਮਾਨਸਿਕ ਸੰਜਮ ਨਾਲ ਹੀ ਹਾਰਟ ਅਟੈਕ ਨੂੰ ਰੋਕਿਆ ਜਾ ਸਕਦਾ ਹੈ। ਉਸ ਨੂੰ ਅਪਣਾ ਕੇ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਉਨੀਂਦਰਾ, ਡਾਇਬਟੀਜ਼ ਜਿਹੇ ਜਾਨਲੇਵਾ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਦਹਜ਼ਮੀ ਤੋਂ ਬਚੇ ਰਹਿ ਕੇ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here