ਸੈਕਸ਼ਪੀਅਰ ਇੰਗਲੈਂਡ ਦਾ ਇੱਕ ਪ੍ਰਸਿੱਧ ਨਾਟਕਕਾਰ ਹੋਇਆ ਹੈ। ਆਪਣੇ ਇੱਕ ਨਾਟਕ ਵਿੱਚ ਉਹ ਕਹਿੰਦਾ ਹੈ। ਕਿ ”ਮਨੁੱਖ ਆਪਣੀ ਕਿਸਮਤ ਦੇ ਆਪ ਰਚਨਹਾਰੇ ਹੁੰਦੇ ਨੇ ਪਰ ਕਸੂਰਵਾਰ ਬੇਜ਼ਾਨ ਸਿਤਾਰਿਆਂ ਨੂੰ ਠਹਿਰਾਇਆ ਜਾਂਦਾ ਹੈ।”
ਇੱਕ ਹੋਰ ਰਚਨਾ ਵਿੱਚ ਉਹ ਕਹਿੰਦਾ ਹੈ ”ਜਦੋਂ ਭਿਖਾਰੀ ਮਰਦੇ ਨੇ ਤਾਂ ਅਸਮਾਨ ਵਿੱਚ ਇੱਕ ਵੀ ਪੂਛਲ ਤਾਰਾ ਨਜ਼ਰ ਨਹੀਂ ਆਉਂਦਾ ਪਰ ਜਦੋਂ ਕੋਈ ਰਾਜਾ ਮਰ ਜਾਂਦਾ ਹੈ ਤਾਂ ਅਸਮਾਨ ਪੂਛਲ ਤਾਰਿਆਂ ਨਾਲ ਹੀ ਭਰ ਜਾਂਦਾ ਹੈ।”
ਨਿਊਟਨ ਅਨੁਸਾਰ ਤਾਂ ਜੋਤਿਸ਼ ਕੂੜੇ ਕਰਕਟ ਦੀ ਰਾਣੀ ਤੋਂ ਵੱਧ ਕੁਝ ਨਹੀਂ। 
ਫਰਾਂਸੈਸਕੋ ਸੁਆਮੀਆ ਦੀਨੀ ਕਹਿੰਦਾ ਹੈ ਕਿ ”ਜੋਤਸ਼ੀ ਕਿੰਨੇ ਖੁਸ਼ ਕਿਸਮਤ ਹੁੰਦੇ ਹਨ ਜਿਹਨਾਂ ਦੇ ਸੈਂਕੜੇ ਝੂਠਾਂ ਪਿੱਛੋਂ ਇੱਕ ਸੱਚਾਈ ਦੱਸਣ ਨਾਲ ਹੀ ਸਾਰੀ ਦੁਨੀਆਂ ਵਿੱਚ ਉਹਨਾਂ ਦੀ ਬੱਲੇ-ਬੱਲੇ ਹੋ ਜਾਂਦੀ ਹੈ ਜਦੋਂ ਕਿ ਦੂਜੇ ਲੋਕ ਇੱਕ ਝੂਠ ਬੋਲਣ ਨਾਲ ਹੀ ਆਪਣੀ ਇੱਜ਼ਤ ਗੁਆ ਬੈਠਦੇ ਹਨ।”

ਜੋਤਸ਼ੀ ਲੋਕਾਂ ਦੀ ਲੁੱਟ ਕਿਵੇਂ ਕਰਦੇ ਹਨ?
ਹੱਥ ਵੇਖਣ, ਕੁੰਡਲੀਆਂ ਬਣਾਉਣ ਜਾਂ ਮੇਲਣ ਦੀ ਜੋ ਦਕਸ਼ਣਾ ਲਈ ਜਾਂਦੀ ਹੈ ਇਸ ਤੋਂ ਬਗੈਰ ਜੋਤਸ਼ੀ ਲੋਕਾਂ ਨੂੰ ਲੁੱਟਣ ਲਈ ਬਹੁਤ ਸਾਰੇ ਹੱਥ ਕੰਡੇ ਅਪਣਾਉਂਦੇ ਹਨ। ਅੱਜ ਕੱਲ ਤਾਂ ਬਹੁਤ ਸਾਰੇ ਕਾਲਜਾਂ ਦੇ ਪ੍ਰੋਫੈਸਰ ਵੀ ਜੋਤਸ਼ੀਆਂ ਦੇ ਦਲਾਲ ਬਣੇ ਹੋਏ ਹਨ। ਉਹ ਵਿਦਿਆਰਥੀਆਂ ਨੂੰ ਸਫਲ ਹੋਣ ਲਈ ਨਗ ਜਾਂ ਮੂੰਗੇ ਉਂਗਲੀਆਂ ਵਿੱਚ ਪਵਾਉਣ ਲਈ ਜੋਤਸ਼ੀਆਂ ਕੋਲ ਭੇਜਦੇ ਹਨ। ਇਸ ਤਰਾਂ ਪ੍ਰਾਪਤ ਫੀਸ ਨੂੰ ਜੋਤਸ਼ੀ ਜੀ ਤੇ ਪ੍ਰੋਫੈਸਰ ਸਾਹਿਬ ਆਪਸ ਵਿੱਚ ਵੰਡ ਲੈਂਦੇ ਹਨ। ਅਸਫਲ ਹੋਣ ਦੀ ਸੂਰਤ ਵਿੱਚ ਵੀ ਨਗ ਜਾਂ ਮੂੰਗੇ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਤੇ ਪ੍ਰੋਫੈਸਰ ਸਾਹਿਬ ਜ਼ਿੰਮੇਵਾਰੀ ਤੋਂ ਵੀ ਬਚ ਜਾਂਦੇ ਹਨ। ਆਮ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਲਈ ਜੋਤਸ਼ੀਆਂ ਨੇ ਕੁੱਝ ਟਰਿੱਕ ਵੀ ਸਿੱਖੇ ਹੋਏ ਹੁੰਦੇ ਹਨ। ਇਹਨਾਂ ਟਰਿੱਕਾਂ ਰਾਹੀ ਜੋਤਸ਼ੀ ਜੀ ਆਪਣੇ ਵਿੱਚ ਗੈਬੀ ਸ਼ਕਤੀਆਂ ਦੇ ਮਾਲਕ ਹੋਣ ਦਾ ਭਰਮ ਗਾਹਕਾਂ ਵਿੱਚ ਖੜਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਬਾਰੇ ਅਜਿਹਾ ਪ੍ਰਭਾਵ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਤਾਂ ਪ੍ਰਭਾਵਤ ਕਰਨ ਵਾਲੇ ਵਿਅਕਤੀ ਅਨੁਸਾਰ ਚੱਲਣਾ ਉਸ ਦੀ ਮਜ਼ਬੂਰੀ ਬਣ ਜਾਂਦੀ ਹੈ। ਪ੍ਰਭਾਵ ਵਧਾਉਣ ਲਈ ਵਿਖਾਏ ਜਾਂਦੇ ਟਰਿੱਕ, ਜੋ ਤਰਕਸ਼ੀਲਾਂ ਦੀ ਨਜ਼ਰੇ ਪਏ ਹਨ ਉਹਨਾਂ ਦਾ ਸੰਖੇਪ ਵਰਨਣ ਕਰ ਰਿਹਾ ਹਾਂ।

ਸਿੱਕਾ ਗਰਮ ਕਰ ਦਿੰਦੇ ਹਨ
ਮਰਕਿਊਰਿਕ ਕਲੋਰਾਈਡ ਇੱਕ ਬਹੁਤ ਹੀ ਜ਼ਹਿਰੀਲਾ ਰਸਾਇਣਕ ਪਦਾਰਥ ਹੁੰਦਾ ਹੈ। ਤਰਕਸ਼ੀਲ ਅਤੇ ਜੋਤਸ਼ੀ ਦੋਹੇ ਹੀ ਇਸ ਪਦਾਰਥ ਦਾ ਇਸਤੇਮਾਲ ਕਰਦੇ ਹਨ ਪਰ ਦੋਹਾਂ ਦਾ ਮੰਤਵ ਅਲੱਗ-ਅਲੱਗ ਹੰਦਾ ਹੈ। ਤਰਕਸ਼ੀਲ ਤਾਂ ਇਸ ਨਾਲ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਦੇ ਹਨ ਪਰ ਜੋਤਸ਼ੀ ਇਸ ਰਾਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾਉਂਦੇ ਹਨ। ਤਰਕਸ਼ੀਲਾਂ ਦੇ ਕਈ ਪਰਿਵਾਰਾਂ ਦੇ ਮੈਂਬਰ ਇਸ ਪਦਾਰਥ ਦੀ ਵਰਤੋਂ ਨਾਲ ਮਰੇ ਜਾਂ ਬੀਮਾਰ ਵੀ ਹੋਏ ਹਨ। ਪੰਦਰਾਂ ਵਰੇ ਪੁਰਾਣੀ ਘਟਨਾ ਹੈ। ਜਗਰਾਵਾਂ ਤੋਂ ”ਸਾਧੂ ਸਿੰਘ ਹਮਦਰਦ” ਦੀ ਲੜਕੀ ਘਰ ਵਿਚ ਪਏ ਇਸ ਰਸਾਇਣ ਨੂੰ ਖਾ ਕੇ ਮਰ ਗਈ ਸੀ। ਇਸ ਤਰਾਂ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਆਗੂ ਮਾਸਟਰ ਬਲਵੰਤ ਦਾ ਤਿੰਨ ਸਾਲਾਂ ਪੋਤਾ ਵੀ ਮਰਕਿਊਰਿਕ ਕਲੋਰਾਈਡ ਮੂੰਹ ਵਿੱਚ ਪਾ ਗਿਆ ਸੀ। ਪੀ. ਜੀ. ਆਈ. ਦੇ ਡਾਕਟਰਾਂ ਦੇ ਸਿਰਤੋੜ ਯਤਨਾਂ ਨਾਲ ਹੀ ਉਸਦੀ ਜ਼ਿੰਦਗੀ ਬਚਾਈ ਜਾ ਸਕੀ।
ਜੋਤਸ਼ੀ ਜੀ ਇਸ ਪਦਾਰਥ ਦੀ ਸਰੋਂ ਦੇ ਦਾਣੇ ਜਿੰਨੀ ਮਾਤਰਾ ਆਪਣੀ ਉਂਗਲ ਦੇ ਨਹੁੰ ਵਿਚ ਛੁਪਾ ਲੈਂਦੇ ਹਨ। ਗਾਹਕ ਤੋਂ ਦਸ ਪੈਸੇ ਦਾ ਸਿੱਕਾ ਮੰਗਵਾ ਲਿਆ ਜਾਂਦਾ ਹੈ ਤੇ ਪਾਣੀ ਨਾਲ ਧੁਆ ਲਿਆ ਜਾਂਦਾ ਹੈ। ਜੋਤਸ਼ੀ ਜੀ ਮੰਤਰ ਮਾਰਨ ਦੇ ਬਹਾਨੇ ਉਸ ਸਿੱਕੇ ਨਾਲ ਮਰਕਿਊਰਿਕ ਕਲੋਰਾਈਡ ਲਾ ਜਾਂਦੇ ਹਨ। ਰਸਾਇਣਕ ਕਿਰਿਆ ਸਿੱਕੇ ਨੂੰ ਗਰਮ ਕਰ ਦਿੰਦੀ ਹੈ ਤੇ ਉਸ ਵਿਚੋਂ ਰਾਖ ਵੀ ਨਿਕਲ ਆਉਂਦੀ ਹੈ। ਬੱਸ ਫਿਰ ਕੀ ਹੈ ਗਾਹਕ ਪ੍ਰਭਾਵਿਤ ਹੋ ਜਾਂਦਾ ਹੈ। ਜਿਵੇਂ ਮਰਜੀ ਲੁੱਟ ਲਵੋ।
ਮਰਕਿਊਰਿਕ ਕਲੋਰਾਈਡ ਐਲੀਮੀਨੀਅਮ ਦੇ ਸਿੱਕੇ ਨਾਲ ਕਿਰਿਆ ਕਰਦਾ ਹੈ। ਇਹ ਕ੍ਰਿਆ ਤਾਪ ਨਿਕਾਸੀ ਹੁੰਦੀ ਹੈ। ਐਲੀਮੀਨੀਅਮ ਕਲੋਰਾਈਡ ਸੁਆਹ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ।

ਪਰਚੀ ਬਦਲ ਦਿੰਦੇ ਹਨ
ਜੋਤਸ਼ੀ ਜੀ ਗਾਹਕ ਨੂੰ ਆਪਣੇ ਸੁਆਲ ਕਿਸੇ ਪਰਚੀ ਤੇ ਛੁਪ ਕੇ ਲਿਖਣ ਲਈ ਕਹਿੰਦੇ ਹਨ। ਇਹ ਪਰਚੀ ਜਾਂ ਤਾਂ ਜੋਤਸ਼ੀ ਜੀ ਆਪ ਦਿੰਦੇ ਹਨ ਜਾਂ ਉਹਨਾਂ ਦੁਆਰਾ ਦਿੱਤੀ ਕਾਪੀ ਵਿੱਚੋਂ ਲਈ ਜਾਂਦੀ ਹੈ। ਲਿਖੇ ਸੁਆਲਾਂ ਨੂੰ ਜੋਤਸ਼ੀ ਜੀ ਆਪਣੇ ਕਿਸੇ ਗਰੰਥ ਜਾਂ ਜੰਤਰੀ ਵਿੱਚ ਰਖਵਾ ਲੈਂਦੇ ਹਨ। ਕੁਝ ਮੰਤਰਾਂ ਦਾ ਉਚਾਰਨ ਕਰਨ ਤੋਂ ਬਾਅਦ ਜੋਤਸ਼ੀ ਜੀ ਉਸ ਪਰਚੀ ਨੂੰ ਉਸੇ ਕਿਤਾਬ ਵਿਚੋਂ ਚੁਕਵਾ ਕੇ ਫੁਕਵਾ ਦਿੰਦੇ ਹਨ। ਕੁਝ ਸਮੇਂ ਬਾਅਦ ਜੋਤਸ਼ੀ ਜੀ ਗਾਹਕ ਦੁਆਰਾ ਪੁੱਛੇ ਗਏ ਸੁਆਲ ਹੀ ਗਾਹਕ ਨੂੰ ਦੱਸ ਕੇ ਆਪਣਾ ਪ੍ਰਭਾਵ ਪਾ ਦਿੰਦੇ ਹਨ। ਗਾਹਕ ਦੇ ਚਲਾਕੀ ਸਮਝ ਨਹੀਂ ਆਉਂਦੀ। ਉਹ ਸੋਚਦਾ ਹੈ ਜੋਤਸ਼ੀ ਜੀ ਨੂੰ ਫੁਕਵਾ ਦਿੱਤੀ ਗਈ ਪਰਚੀ ਤੇ ਲਿਖੇ ਸੁਆਲਾਂ ਦਾ ਪਤਾ ਕਿਵੇਂ ਲੱਗਿਆ?
ਅਸਲ ਵਿਚ ਇਹ ਚਲਾਕੀ ਪਰਚੀ ਬਦਲ ਕੇ ਕੀਤੀ ਜਾਂਦੀ ਹੈ। ਇਕੋ ਜਿਹੀਆਂ ਦੋ ਪਰਚੀਆਂ ਲਈਆਂ ਜਾਂਦੀਆਂ ਹਨ। ਇਕ ਪਰਚੀ ਪਹਿਲਾ ਹੀ ਯੰਤਰੀ ਜਾਂ ਗ੍ਰੰਥ ਵਿਚ ਰੱਖ ਦਿੱਤੀ ਜਾਂਦੀ ਹੈ। ਗਾਹਕ ਨੂੰ ਪਰਚੀ ਚੁਕਵਾਉਣ ਸਮੇਂ ਪਹਿਲਾ ਹੀ ਰੱਖੀ ਪਰਚੀ ਚੁਕਵਾ ਕੇ ਫੁਕਵਾ ਦਿੱਤੀ ਜਾਂਦੀ ਹੈ। ਗਾਹਕ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਸਨੇ ਆਪਣੇ ਦੁਆਰਾ ਰੱਖੀ ਹੋਈ ਪਰਚੀ ਹੀ ਚੁੱਕ ਕੇ ਫੂਕੀ ਹੈ। ਜਦਕਿ ਜੋਤਸ਼ੀ ਜੀ ਨੇ ਉਸਨੂੰ ਆਪਣੇ ਦੁਆਰਾ ਰੱਖੀ ਪਰਚੀ ਹੀ ਚੁਕਵਾ ਕੇ ਫੁਕਵਾਈ ਹੈ। ਇਸ ਦੌਰਾਨ ਗਾਹਕ ਵਾਲੀ ਪਰਚੀ ਪੜ ਲਈ ਜਾਂਦੀ ਹੈ।
ਫੁੱਲ ਜਾਂ ਫ਼ਲ ਦਾ ਨਾਂ ਦੱਸ ਦਿੱਤਾ ਜਾਂਦਾ ਹੈ
ਜੋਤਸ਼ੀ ਜੀ ਗਾਹਕ ਨੂੰ ਕਿਸੇ ਫੁੱਲ ਜਾਂ ਫ਼ਲ ਦਾ ਨਾਂ ਸੋਚਣ ਲਈ ਕਹਿੰਦੇ ਹਨ। ਜੋ ਫੁੱਲ ਦਾ ਨਾਂ ਗਾਹਕ ਨੇ ਸੋਚਿਆ ਹੁੰਦਾ ਹੈ ਜੋਤਸ਼ੀ ਗਾਹਕ ਤੋਂ ਪੁੱਛ ਲੈਂਦੇ ਹਨ। ਫਿਰ ਉਹ ਨਾਂ ਦੀ ਪਰਚੀ ਆਪਣੀ ਜੇਬ ਵਿਚੋਂ ਜਾਂ ਸ਼ੀਸ਼ੇ ਦੇ ਹੇਠਾ ਤੋਂ ਤੁਰੰਤ ਕੱਢ ਕੇ ਗਾਹਕ ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਇਸ ਟਰਿੱਕ ਨੂੰ ਕਰਨ ਲਈ ਜੋਤਸ਼ੀ ਜੀ ਨੇ ਕੁਝ ਫਲਾਂ ਜਾਂ ਫੁੱਲਾਂ ਦੇ ਨਾਂ ਅੱਡ ਅੱਡ ਥਾਵਾਂ ਤੇ ਪਹਿਲਾ ਹੀ ਲਿਖ ਕੇ ਰੱਖੇ ਹੁੰਦੇ ਹਨ ਜਾਂ ਉਸਨੇ ਆਪਣੀ ਪੈਂਟ ਦੀ ਜੇਬ ਵਿਚ ਇਕ ਕਾਗਜ਼ ਅਤੇ ਉਂਗਲੀ ਤੇ ਚੜ•ਨ ਵਾਲੀ ਛੋਟੀ ਜਿਹੀ ਪੈਨਸਲ ਪਾਈ ਹੁੰਦੀ ਹੈ। ਗਾਹਕ ਦੇ ਫੁੱਲ ਜਾਂ ਫਲ ਦਾ ਨਾਂ ਦੱਸਣ ਤੇ ਪੈਂਟ ਦੀ ਜੇਬ ਵਿਚ ਹੀ ਜੋਤਸ਼ੀ ਜੀ ਦੋ ਅੱਖਰ ਲਿਖ ਦਿੰਦੇ ਹਨ। ਇਹ ਪੈਂਟ ਦੀ ਜੇਬ ਵਿਚੋਂ ਲਿਖਿਆ ਕੱਢ ਕੇ ਵਿਖਾ ਦਿੱਤਾ ਜਾਂਦਾ ਹੈ। ਇਸ ਤਰਾਂ ਗਾਹਕ ਪ੍ਰਭਾਵਤ ਕਰ ਲਿਆ ਜਾਂਦਾ ਹੈ।

ਕਰੰਟ ਮਾਰਦੇ ਹਨ
ਕਈ ਜੋਤਸ਼ੀਆਂ ਨੇ ਆਪਣੇ ਆਸਨ ਹੇਠਾਂ ਜਾਂ ਪੇਟ ਨਾਲ ਕੁਝ ਬੈਟਰੀ ਸੈਲ ਬੰਨੇ ਹੁੰਦੇ ਹਨ। ਸਿਰ ਪਲੋਸਣ ਦੇ ਬਹਾਨੇ ਹਲਕਾ ਜਿਹਾ ਕਰੰਟ ਗਾਹਕ ਦੇ ਸਰੀਰ ਵਿਚ ਪ੍ਰਵੇਸ਼ ਕਰਵਾ ਦਿੱਤਾ ਜਾਂਦਾ ਹੈ।
ਇਸ ਤੋਂ ਬਗੈਰ ਵੀ ਅੰਗੂਠੇ ਤੇ ਪਹਿਲੀ ਉਂਗਲੀ ਵਿਚਕਾਰਲੀ ਵਿੱਥ ਵਿੱਚ ਕੁਝ ਚੌਲਾਂ ਦੇ ਦਾਣੇ ਜਾਂ ਧਾਗਾ ਛੁਪਾ ਕੇ ਰੱਖਦੇ ਹਨ ਤੇ ਗਾਹਕ ਨੂੰ ਖਾਲੀ ਹੱਥ ਵਿਖਾ ਕੇ ਉਸਦੀ ਮੁੱਠੀ ਵਿਚ ਇਹ ਚੀਜ਼ਾਂ ਫੜਾ ਕੇ ਵੀ ਗਾਹਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ।
ਇਸ ਤਰਾਂ ਡਰਾਏ ਜਾਂ ਪ੍ਰਭਾਵਿਤ ਕੀਤੇ ਵਿਅਕਤੀ ਸੁਖਾਲੇ ਹੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।

ਨਗ, ਮੂੰਗੇ ਜਾਂ ਰੁਦਰਾਕਸ ਵੱਡੀ ਕੀਮਤ ਤੇ ਵੇਚਣੇ
ਬਹੁਤ ਸਾਰੇ ਹੀਰੇ, ਨਗ ਜਾਂ ਮੂੰਗੇ, ਕੈਲਸ਼ੀਅਮ ਕਾਰਬੋਨੇਟ ਜਾਂ ਕਾਰਬਨ ਦੇ ਹੀ ਰੂਪ ਹੁੰਦੇ ਹਨ। ਕਾਲੇ ਰੰਗ ਨੂੰ ਛੱਡ ਕੇ ਬਾਕੀ ਹਰੇਕ ਰੰਗ ਵਾਲੀ ਚੀਜ਼ ਸੂਰਜ ਦੇ ਪ੍ਰਕਾਸ਼ ਵਿਚੋਂ ਮੌਜੂਦ ਸੱਤ ਰੰਗਾਂ ਵਿਚੋਂ ਕੋਈ ਇੱਕ ਪ੍ਰੀਵਰਤਿਤ ਕਰ ਦਿੰਦੀ ਹੈ ਬਾਕੀ ਆਪਣੇ ਵਿਚ ਸਮੋਅ ਲੈਂਦੀ ਹੈ। ਜੋਤਸ਼ੀ ਜੀ ਕਹਿੰਦੇ ਹਨ ਕਿ ਉਂਗਲ ਦੀ ਛਾਪ ਵਿੱਚ ਪਾਇਆ ਨਗ ਜਾਂ ਮੂੰਗਾ ਬੰਦੇ ਦੀ ਕਿਸਮਤ ਨੂੰ ਪ੍ਰਭਾਵਿਤ ਕਰਦਾ ਹੈ ਪਰ ਉਹ ਕਦੇ ਵੀ ਇਹ ਦੱਸਣ ਦਾ ਯਤਨ ਨਹੀਂ ਕਰਦੇ ਕਿ ਇਹ ਚੀਜ਼ਾਂ ਕਿਸੇ ਵਿਅਕਤੀ ਦੀ ਕਿਸਮਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਇਹਨਾਂ ਦੀ ਮਾਤਰਾ ਘਟਣ ਜਾਂ ਵਧਣ ਕਰਕੇ ਪ੍ਰਭਾਵ ਕਿਉਂ ਘੱਟਦਾ ਵੱਧਦਾ ਨਹੀਂ? ਕਿਸੇ ਦੋ ਵਿਅਕਤੀਆਂ ਉਤੇ ਇਹਨਾਂ ਨਗਾਂ ਜਾਂ ਮੂੰਗਿਆਂ ਦਾ ਪ੍ਰਭਾਵ ਕਿਉਂ ਵੱਖਰਾ ਵੱਖਰਾ ਹੁੰਦਾ ਹੈ? ਜੇ ਮੂੰਗੇ ਦਾ ਪ੍ਰਭਾਵ ਪੈਂਦਾ ਹੈ ਤਾਂ ਮੂੰਗੇ ਦੇ ਪੱਥਰ ਦੇ ਬਣੇ ਕਮਰੇ ਵਿਚ ਰਹਿਣ ਨਾਲ ਤਾਂ ਇਹ ਪ੍ਰਭਾਵ ਹਜ਼ਾਰਾਂ ਗੁਣਾ ਵਧਾਇਆ ਜਾ ਸਕਦਾ ਹੈ। ਅਸਲ ਵਿਚ ਰੁਦਰਾਕਸ, ਮੂੰਗੇ ਜਾਂ ਨੀਲਮ ਜੋਤਸ਼ੀਆਂ ਕੋਲ ਲੋਕਾਂ ਨੂੰ ਲੁੱਟਣ ਦੇ ਹੀ ਸੰਦ ਹਨ।
ਕਿਸਮਤ ਕਿਵੇਂ ਬਣਾਈ ਜਾ ਸਕਦੀ ਹੈ
ਅੱਜ ਸਾਡੇ ਦੇਸ਼ ਵਿਚ ਬੇਈਮਾਨ ਲੋਕਾਂ ਦੀ ਹਕੂਮਤ ਹੈ। ਅਜਿਹੇ ਨਿਜਾਮ ਵਿਚ ਪੈਸਾ, ਸਿਫ਼ਾਰਸਾਂ, ਤੁਹਾਡੀ ਸ਼ਖਸੀਅਤ ਅਤੇ ਯੋਗਤਾ ਆਦਿ ਸਾਰੇ ਹੀ ਰਲ ਮਿਲ ਕੇ ਤੁਹਾਡੀ ਕਿਸਮਤ ਨੂੰ ਬਣਾ ਸਕਦੇ ਹਨ। ਪਰ ਸਮੁੱਚੇ ਲੋਕਾਂ ਦੀ ਕਿਸਮਤ ਤਾਂ ਇੱਥੋਂ ਦੇ ਸਿਆਸਤਦਾਨਾਂ ਨੇ ਬਣਾਉਣੀ ਹੁੰਦੀ ਹੈ। ਅੱਜ ਭਾਰਤ ਨੂੰ ਆਜ਼ਾਦ ਹੋਇਆ ਇਕਹੱਤਰ ਸਾਲ ਬਤੀਤ ਹੋ ਚੁੱਕੇ ਹਨ ਫਿਰ ਵੀ ਇੱਥੋਂ ਦੀ ਪਝੰਤਰ ਪ੍ਰਤੀਸ਼ਤ ਆਬਾਦੀ ਗ਼ਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੀ ਹੈ। ਪੰਜਾਬ ਦੀਆਂ ਹਾਲਤਾਂ ਹੀ ਲੈ ਲਈਏ ਲਗਭੱਗ ਚਾਲੀ ਲੱਖ ਪੜੇ ਲਿਖੇ ਨੌਜੁਆਨ ਬੇਰੁਜ਼ਗਾਰੀ ਦੇ ਸਤਾਏ ਹੋਏ ਨਰਕੀ ਜ਼ਿੰਦਗੀ ਭੋਗ ਰਹੇ ਹਨ। ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਵਿਚ ਹਰ ਪਿੰਡ ਅੰਦਰ ਸਾਲ ਵਿਚ ਦੋ ਚਾਰ ਖੁਦਕੁਸ਼ੀਆਂ ਹੋ ਜਾਣਾ ਆਮ ਗੱਲ ਹੈ। ਅੱਜ ਸਾਡੇ ਆਪਣੇ ਰਾਜ ਵਿਚ ਅੱਠ ਵਿਅਕਤੀ ਹਰ ਰੋਜ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਕੀ ਇਹਨਾਂ ਹਾਲਤਾਂ ਦੀ ਜ਼ਿੰਮੇਵਾਰੀ ਮੌਜੂਦਾ ਸਿਆਸੀ ਢਾਂਚੇ ਦੀ ਨਹੀਂ ਹੈ।
ਇਸੇ ਕਰਕੇ ਭਾਰਤ ਦੇ ਬਹੁਤੇ ਲੋਕਾਂ ਦਾ ਵਿਸ਼ਵਾਸ ਇਸ ਢਾਂਚੇ ਵਿਚੋਂ ਉੱਠ ਚੁੱਕਿਆ ਹੈ ਤੇ ਉਹ ਬਦਲਵੇਂ ਪ੍ਰਬੰਧ ਨੂੰ ਖੋਜਣ ਲਈ ਤੁਰੇ ਹੋਏ ਹਨ।
ਕਿਸਮਤ ਸਰਕਾਰਾਂ ਦੇ ਹੱਥ ਵਿੱਚ ਹੀ ਹੁੰਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਮੈਂ ਇੱਕ ਉਦਾਹਰਣ ਦੇਣੀ ਚਾਹਾਗਾਂ। ਅੱਜ ਜੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪ੍ਰਮਾਣੂ ਯੁੱਧ ਲੜਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਇੱਥੇ ਸਭ ਦੀਆਂ ਲਾਸ਼ਾਂ ਰੁਲੀਆਂ ਫਿਰਨਗੀਆਂ। ਇਹਨਾਂ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਹੋਵੇਗਾ। ਜੋਤਸ਼ੀਆਂ ਦੇ ਟੇਵੇ ਵੀ ਇਸਤੋਂ ਬਚਾ ਨਹੀਂ ਸਕਣਗੇ।

LEAVE A REPLY

Please enter your comment!
Please enter your name here