ਸਾਡੇ ਬਜ਼ੁਰਗ ਕੋਲ ਅੱਜ ਵਾਂਗ ਡਿਗਰੀਆਂ ਨਹੀਂ ਸਨ ਪਰ ਉਨ੍ਹਾਂ ਨੇ ਜੋ ਵੀ ਕਿਹਾ ਬਹੁਤ ਠੋਸ ਤੇ ਠੀਕ ਕਿਹਾ।ਉਨ੍ਹਾਂ ਦੇ ਕਹੇ ਲਫਜ਼,ਉਨ੍ਹਾਂ ਦੀ ਜ਼ਿੰਦਗੀ ਦੇ ਤਜ਼ਰਬੇ ਹਨ ਤੇ ਅਗਲੀਆਂ ਪੀੜ੍ਹੀਆਂ ਨੂੰ ਸੇਧ ਤੇ ਸਿਖਿਆ ਦੇਣ ਵਾਲੇ ਹਨ।ਬਿਲਕੁੱਲ, ‘ਕਿੱਕਰਾਂ ਤੋਂ ਬੋਹੜ ਵਰਗੀ ਛਾਂ ਦੀ ਆਸ ਨਾ ਰੱਖੋ’ ਦੀ ਗੱਲ ਵੀ ਇਸੇ ਕਰਕੇ ਕਹੀ ਗਈ ਹੋਵੇਗੀ।ਇਵੇਂ ਦੇ ਲੋਕ ਤੁਹਾਨੂੰ ਘਰ,ਗਲੀ,ਗੁਆਂਢ, ਦਫ਼ਤਰਾਂ ਤੇ ਸਮਾਜ ਵਿੱਚ ਵਿਚਰਦਿਆਂ ਆਮ ਹੀ ਮਿਲ ਜਾਣਗੇ।ਏਹ ਉਹ ਲੋਕ ਨੇ ਜੋ ਹਰ ਥਾਂ ਬਣਦੇ ਕੰਮ ਵਿੱਚ ਅੜਿੱਕਾ ਪਾਉਣਗੇ, ਲੜਾਈ ਲਈ ਹਰ ਵੇਲੇ ਤਿਆਰ, ਅਜਿਹੀ ਗੱਲ ਕਰਨਗੇ ਜਾਂ ਅਜਿਹੀ ਭਾਸ਼ਾ ਬੋਲਣਗੇ ਕਿ ਦੂਸਰੇ ਨੂੰ ਦੁੱਖੀ ਕਰ ਦੇਣਗੇ।ਹਕੀਕਤ ਹੈ ਏਹ ਲੋਕ ਕਿੱਕਰ ਵਰਗੇ ਹੀ ਹੁੰਦੇ ਨੇ,ਨੇੜਿਉਂ ਲੰਘੋ ਤਾਂ ਕੰਡੇ ਚੁੱਭਣਗੇ ਤੇ ਇਸਦਾ ਕੋਈ ਸੁੱਖ ਨਹੀਂ, ਛਾਂਅ ਇਸਦੀ ਹੁੰਦੀ ਨਹੀਂ,ਗਰਮੀ ਸਰਦੀ ਜਾਂ ਮੀਂਹ ਤੋਂ ਬਚਣ ਲਈ ਇਸ ਹੇਠਾਂ ਖੜੇ ਹੋਕੇ ਆਪਣਾ ਬਚਾਅ ਨਹੀਂ ਕੀਤਾ ਜਾ ਸਕਦਾ।
ਘਰਾਂ ਵਿੱਚ ਅਜਿਹੇ ਮੈਂਬਰ ਮਿਲ ਜਾਣਗੇ, ਉਹ ਲੜਕਾ ਹੋ ਸਕਦਾ ਹੈ,ਬਾਪ ਹੋ ਸਕਦਾ ਹੈ,ਨੂੰਹ ਜਾਂ ਕਈ ਵਾਰ ਧੀ ਵੀ ਹੋ ਸਕਦੀ ਹੈ।ਕਈ ਵਾਰ ਘਰ ਦਾ ਮੋਢੀ ਨਸ਼ੇ ਕਰਨ ਵਾਲਾ ਹੁੰਦਾ ਹੈ,ਉਹ ਆਪਣੇ ਬਾਰੇ ਹੀ ਸੋਚੇਗਾ,ਉਹ ਬੱਚਿਆਂ ਤੇ ਪਰਿਵਾਰ ਪ੍ਰਤੀ ਕਦੇ ਵੀ ਨਹੀਂ ਸੋਚੇਗਾ।ਨਸ਼ਾ ਕਰਨ ਵਾਲੇ ਤੋਂ ਕਦੇ ਕੁਝ ਵਧੀਆ ਦੀ ਆਸ ਨਹੀਂ ਕੀਤੀ ਜਾ ਸਕਦੀ,ਉਹ ਆਪਣੇ ਨਸ਼ੇ ਤੱਕ ਹੀ ਸੋਚ ਸਕਦਾ ਹੈ।ਨਸ਼ਾ ਨਾ ਮਿਲਣ ਤੇ ਘਰ ਵਿੱਚ ਲੜਾਈ ਝਗੜਾ ਤੇ ਕੁੱਟ ਮਾਰ ਤੱਕ ਦੀ ਨੌਬਤ ਆ ਜਾਂਦੀ ਹੈ।ਅਜਿਹੇ ਬੰਦੇ ਕੋਲੋਂ ਪਿਆਰ,ਸੁੱਖ ਤੇ ਕਿਸੇ ਤਰ੍ਹਾਂ ਦੀ ਸੁਰੱਖਿਆ ਦੀ ਆਸ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਕਰਨ ਵਿੱਚ ਸਮਝਦਾਰੀ ਹੈ।ਇਵੇਂ ਹੀ ਪਰਿਵਾਰਾਂ ਵਿੱਚ ਮਾਪਿਆਂ ਦੀ ਇਜ਼ੱਤ ਨਾ ਕਰਨ ਵਾਲਾ ਹੋਵੇ ਤਾਂ ਉਹ ਬੁਢਾਪੇ ਵਿੱਚ ਕਿਸੇ ਤਰ੍ਹਾਂ ਦੀ ਵੀ ਦੇਖਭਾਲ ਨਹੀਂ ਕਰੇਗਾ, ਜੋ ਮਾਪਿਆਂ ਦਾ ਨਹੀਂ ਉਹ ਹੋਰ ਕੋਈ ਵੀ ਰਿਸ਼ਤਾ ਨਿਭਾਅ ਹੀ ਨਹੀਂ ਸਕਦਾ।ਏਹ ਕਿੱਕਰ ਦੇ ਰੁੱਖ ਵਾਂਗ ਚੁੱਭੇਗਾ ਤੇ ਦਰਦ ਹੀ ਦੇਵੇਗਾ।ਅਜਿਹੇ ਬੰਦੇ ਦਾ ਜਦੋਂ ਸੁਭਾਅ ਹੀ ਏਹ ਹੈ ਤਾਂ ਉਸ ਕੋਲੋਂ ਬੋਹੜ ਵਰਗੀ ਠੰਡੀ ਛਾਂਅ ਤੇ ਆਪਣੇ ਹੇਠਾਂ ਇਕੱਠੇ ਕਰਕੇ ਬਿਠਾਉਣ ਦੀ ਨਾ ਸੋਝੀ ਹੁੰਦੀ ਹੈ ਤੇ ਨਾ ਉਹ ਅਜਿਹਾ ਕਰਨ ਦੇ ਕਾਬਿਲ ਹੁੰਦਾ ਹੈ।ਏਹ ਲੋਕ ਦਰਦ,ਚੁਭਣ ਤੇ ਤਕਲੀਫ਼ ਹੀ ਦੇਣਗੇ।ਸਿਆਣਿਆਂ ਨੇ ਤਾਂ ਹੀ ਕਿਹਾ ਹੋਏਗਾ ਕਿ ਕਿੱਕਰ ਕੋਲੋਂ ਬੋਹੜ ਵਰਗੀ ਛਾਂਅ ਦੀ ਆਸ ਨਾ ਰੱਖੋ,ਜੋ ਸੌ ਫੀ ਸਦੀ ਠੀਕ ਹੈ।
ਏਹ ਹੀ ਲੋਕ ਸਮਾਜ ਦਾ ਹਿੱਸਾ ਹੁੰਦੇ ਨੇ ਜਿਥੇ ਬੈਠਣ ਆਪਣੇ ਆਸ ਪਾਸ ਕੰਡੇ ਖਿਲਾਰਣਗੇ,ਜੋ ਖੁਦ ਨੂੰ ਵੀ ਤਕਲੀਫ਼ ਦੇਣਗੇ ਤੇ ਲੋਕਾਂ ਨੂੰ ਵੀ।ਅਜਿਹੇ ਲੋਕਾਂ ਤੋਂ ਲੋਕ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ।ਜਿਵੇਂ ਕਿੱਕਰ ਦਾ ਪੇੜ ਉਜਾੜ ਵਿੱਚ ਇਕੱਲਾ ਹੁੰਦਾ ਹੈ ਇਵੇਂ ਹੀ ਅਜਿਹੇ ਲੋਕ ਇਕੱਲੇ ਰਹਿ ਜਾਂਦੇ ਹਨ।
ਦਫ਼ਤਰਾਂ ਵਿੱਚ ਵੀ ਕਿੱਕਰ ਵਰਗੇ ਲੋਕ ਮਿਲ ਜਾਣਗੇ।ਹਾਂ ਹਰ ਵਿਭਾਗ ਵਿੱਚ ਬੋਹੜ ਵੀ ਜ਼ਰੂਰ ਹੁੰਦਾ ਹੈ।ਹਕੀਕਤ ਏਹ ਹੈ ਕਿ ਬੋਹੜ ਨੂੰ ਛਾਂਅਦਾਰ ਬਣਨ ਚ ਵਕਤ ਲੱਗਦਾ ਹੈ ਪਰ ਕਿੱਕਰ ਤਾਂ ਉਜਾੜਾਂ ਵਿੱਚ ਆਪਣੇ ਆਪ ਉਗ ਪੈਂਦੀਆਂ ਹਨ।ਇਵੇਂ ਹੀ ਵਿਭਾਗਾਂ ਵਿੱਚ ਕਿੱਕਰਾਂ ਦੇ ਝੁੰਡ ਬਣ ਜਾਂਦੇ ਨੇ।ਰਿਸ਼ਵਤ ਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿੱਕਰਾਂ ਹੀ ਹਨ।ਏਹ ਲੋਕਾਂ ਦੇ ਭਲੇ ਲਈ ਕੰਮ ਕਰਨਗੇ ਹੀ ਨਹੀਂ।ਰਿਸ਼ਵਤ ਲੈਣਗੇ ਤੇ ਠੀਕ ਕੰਮ ਨੂੰ ਗਲਤ ਕਰ ਦੇਣਗੇ।ਜੋ ਰਿਸ਼ਵਤਖੋਰ ਕਿੱਕਰ ਰੂਪੀ ਲੋਕ ਨੇ ਉਨ੍ਹਾਂ ਤੋਂ ਚੰਗੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਏਹ ਅਜਿਹੀ ਗੁੰਝਲ ਪਾਉਣਗੇ,ਅਜਿਹੇ ਕੰਡੇ ਸੁੱਟਣਗੇ ਕਿ ਪੈਰ ਲਹੂ ਲੁਹਾਣ ਕਰ ਦਿੰਦੇ ਹਨ।ਕਦੇ ਵੀ ਅਜ਼ਮਾ ਕੇ ਵੇਖ ਲਵੋ,ਤੁਸੀਂ ਆਪਣੇ ਠੀਕ ਕੰਮ ਵਾਸਤੇ ਜਾਉਗੇ,ਅਜਿਹਾ ਫਸਾਉਣਗੇ ਕਿ ਤੁਸੀਂ ਦਰਦ ਨਾਲ ਰੋਂਦੇ ਤੇ ਵਿਲਕਦੇ ਹੋਏ ਹੀ ਬਾਹਰ ਆਉਗੇ।ਏਹ ਵੀ ਸੱਚ ਹੈ ਕਿ ਜਿਥੇ ਕਿੱਕਰਾਂ ਹੋਣਗੀਆਂ ਉਥੇ ਕਿੱਕਰਾਂ ਦੇ ਝੁੰਡ ਬਣਨੇ ਸ਼ੁਰੂ ਹੋ ਜਾਂਦੇ ਹਨ।ਕਿੱਕਰ ਨਾਲ ਕੋਈ ਭਲਾ ਰੁੱਖ ਜਿਉਂਦਾ ਹੀ ਨਹੀਂ ਰਹਿੰਦਾ।ਕਿੱਕਰਾਂ ਵਧੇਰੇ ਕਰਕੇ ਉਜਾੜ ਭਾਲਦੀਆਂ ਹਨ,ਤੇ ਅਖੀਰ ਵਿੱਚ ਅਜਿਹੇ ਬੰਦੇ ਹਰ ਜਗ੍ਹਾ ਉਜੜੇ ਹੋਏ ਤੇ ਇਕੱਲੇ ਰਹਿ ਜਾਂਦੇ ਹਨ।ਜੋ ਵੀ ਬੰਦਾ ਬੇਇਮਾਨ ਹੈ,ਧੋਖੇਬਾਜ਼ ਹੈ,ਰਿਸ਼ਵਤਖੋਰ ਹੈ,ਭ੍ਰਿਸ਼ਟ ਹੈ,ਲਾਲਚੀ ਹੈ,ਉਹ ਕਦੇ ਵੀ ਠੰਡੀ ਛਾਂਅ ਤੇ ਤੁਹਾਨੂੰ ਚੈਨ ਨਾਲ ਬੈਠਣ ਨਹੀਂ ਦੇਵੇਗਾ।ਉਹ ਸਿਰਫ਼ ਚੁੱਭੇਗਾ ਤੇ ਫਸੇਗਾ ਤੁਹਾਡੇ ਨਾਲ।ਬਜ਼ੁਰਗ ਬੜੇ ਸਿਆਣੇ ਸੀ ਉਹ ਕਦੇ ਵੀ ਕੰਡਿਆਂ ਵਾਲਾ ਰੁੱਖ ਘਰ ਵਿੱਚ ਨਹੀਂ ਲਗਾਉਂਦੇ ਸੀ।ਅਜਿਹੇ ਰੁੱਖ ਕੋਲੋਂ ਲੰਘੋ ਤਾਂ ਕਪੜਿਆਂ ਵਿੱਚ ਫਸਦੇ ਨੇ ਤੇ ਪੱਗਾਂ ਵਿੱਚ ਫਸਕੇ ਪੱਗ ਲਾਹ ਦਿੰਦੇ ਨੇ।ਏਹ ਨਾ ਇੱਜ਼ਤਦਾਰ ਹੁੰਦੇ ਹਨ ਤੇ ਨਾ ਕਿਸੇ ਦੀ ਇੱਜ਼ਤ ਰਹਿਣ ਦਿੰਦੇ ਨੇ।ਕਿੱਕਰ ਤੇ ਭੈੜੇ ਸੁਭਾਅ ਤੇ ਨਿਕੰਮੀ ਸੋਚ ਦੇ ਬੰਦੇ ਇੱਕ ਬਰਾਬਰ ਹੀ ਹਨ।ਸੱਚ ਹੈ ਕਈ ਵਾਰ ਅਸੀਂ ਵਾਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਥੋੜਾ ਬਹੁਤ ਆਸਰਾ ਮਿਲ ਜਾਏ ਪਰ ਹਰ ਵਾਰ ਚੁੱਭਣ ਹੀ ਮਿਲੇਗੀ ਤੇ ਅਫ਼ਸੋਸ ਹੀ ਹੁੰਦਾ ਹੈ।ਬਿਲਕੁੱਲ ਬਜ਼ੁਰਗਾਂ ਦੇ ਕਹੇ ਨੂੰ ਹਮੇਸ਼ਾ ਯਾਦ ਰੱਖੋ ਕਿ ਕਿੱਕਰ ਤੋਂ ਬੋਹੜ ਵਰਗੀ ਛਾਂਅ ਦੀ ਆਸ ਨਾ ਕਰੋ।।