ਇੱਕ ਪੱਤਰਕਾਰ ਦਾ ਮੁੱਖ ਮੰਤਰੀ ਨੂੰ ਸੁਆਲ ਸੀ, ‘‘ਰਾਜਨੀਤੀ ਵਿਚ ਅਪਰਾਧ ਦਾ ਪ੍ਰਵੇਸ਼ ਕਿਵੇਂ ਰੋਕਿਆ ਜਾ ਸਕਦਾ ਤੇ ਇਸ ਲਈ ਤੁਸੀਂ ਕੀ ਕਰ ਰਹੇ ਹੋ?”
ਮੁੱਖ ਮੰਤਰੀ ਸਾਹਿਬ ਨੇ ਸੋਚ ਕੇ ਤੇ ਬੜਾ ਜ਼ੋਰ ਦੇ ਕੇ ਗੱਲ ਆਖਣੀ ਸ਼ੁਰੂ ਕੀਤੀ, ‘‘ਜੇ ਰਾਜਨੀਤਿਕ ਪਾਰਟੀਆਂ ਦੇ ਆਗੂ ਈਮਾਨਦਾਰ ਹੋਣ ਤਾਂ ਸਿਆਸਤ ਵਿਚ ਅਪਰਾਧੀ ਲੋਕਾਂ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕਦਾ। ਅੱਜ ਕੱਲ ਵੱਡੀਆਂ ਪਾਰਟੀਆਂ ਐਸੇ ਲੋਕਾਂ ਨੂੰ ਆਪਣੇ ਦਲਾਂ ਵਿਚ ਇਸ ਕਰਕੇ ਸ਼ਾਮਲ ਕਰਦੀਆਂ ਤਾਂ ਜੋ ਉਹ ਲੋਕਾਂ ਨੂੰ ਡਰਾ ਧਮਕਾ ਕੇ ਜਾਂ ਪੋਲਿੰਗ ਬੂਥਾਂ ’ਤੇ ਕਬਜਾ ਕਰਕੇ ਆਪਣੇ ਹੱਕ ਵਿਚ ਵੋਟ ਪੁਆ ਸਕਣ। ਸਾਡੀ ਪਾਰਟੀ ਅਜੇਹੇ ਲੋਕਾਂ ਨੂੰ ਕਦੇ ਨੇੜੇ ਨਹੀਂ ਫਟਕਣ ਦਿੰਦੀ। ਅਸੀਂ ਪਾਰਟੀ ਟਿਕਟ ਦੇਣ ਤੋਂ ਪਹਿਲਾਂ ਉਸ ਬੰਦੇ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇ ਨਾਲ-ਨਾਲ ਉਸ ਦੇ ਵਿਅਕਤੀਗਤ ਚਰਿੱਤਰ ਨੂੰ ਵੀ ਦੇਖਦੇ ਹਾਂ ਕਿ ਉਸ ਉਪਰ ਕੋਈ ਅਪਰਾਧ ਦਾ ਕੇਸ ਤਾਂ ਨਹੀਂ।”
ਮੁੱਖ ਮੰਤਰੀ ਸਾਹਬ ਦੇ ਨਾਲ ਉਸ ਵਕਤ ਨਵੇਂ ਬਣੇ ਜ਼ਿਲ੍ਹਾ ਪ੍ਰ੍ਰੀਸ਼ਦ ਦੇ ਪ੍ਰਧਾਨ ਖੜ੍ਹੇ ਸਨ- ਕੁਲਬੀਰ ਸਿੰਘ। ਸ਼ਾਇਦ ਕੁਲਬੀਰ ਸਿੰਘ ਨੂੰ ਦੇਖ ਕੇ ਹੀ ਪੱਤਰਕਾਰ ਦੇ ਮਨ ਵਿਚ ਇਹ ਸੁਆਲ ਆਇਆ ਸੀ।
ਕੁਲਬੀਰ ਸਿੰਘ ਬਾਰੇ ਜ਼ਿਲ੍ਹੇ ਭਰ ’ਚ ਸਿਰਫ ਐਨਾ ਹੀ ਪਤਾ ਸੀ ਕਿ ਉਹ ਰਈਆ ਪਿੰਡ ਦਾ ਸਰਪੰਚ ਹੈ। ਉਸ ਦੀ ਸਰਪੰਚੀ ਪਿੱਛੇ ਬਹੁਤ ਵੱਡਾ ਇਤਿਹਾਸ ਸੀ। ਉਹ ਕਿਸੇ ਜ਼ੈਲਦਾਰ ਜਗੀਰਦਾਰ ਦੀ ਔਲਾਦ ਨਹੀਂ ਸੀ। ਉਹ ਇੱਕ ਗਰੀਬ ਕਿਸਾਨ ਜਗਤੇ ਦਾ ਇਕਲੌਤਾ ਪੁੱਤ ਸੀ। ਪੰਜ ਏਕੜ ਮਾਰੂ ਭੋਏਂ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਤੁਰਦਾ ਸੀ। ਜਗਤੇ ਕੋਲ ਅਮੀਰੀ ਸੀ ਤੇ ਸੰਤੀ ਵਰਗਾ ਸਾਥ ਵੀ। ਲੋਕ ਕਹਿੰਦੇ ਸਨ ਕਿ ਸੰਤੀ ਦੇ ਹੁਸਨ ਤੇ ਜਵਾਨੀ ਨੇ ਜਗਤੇ ਨੂੰ ਨਸ਼ਈ ਕਰ ਦਿੱਤਾ ਸੀ। ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਵੇ ਅਸਲ ਵਿਚ ਕਾਰਨ ਹੋਰ ਸਨ। ਜਗਤੇ ਦੀਆਂ ਤਿੰਨ ਭੈਣਾਂ ਸਨ। ਉਸ ਤੋਂ ਛੋਟੀਆਂ। ਐਡੀ ਵੱਡੀ ਕਬੀਲਦਾਰੀ ਕਿਉਂਟਣੀ ਉਹ ਵੀ ਪੰਜ ਏਕੜ ਮਾਰੂ ਦੇ ਸਿਰ ’ਤੇ। ਭੈਣਾਂ ਤਾਂ ਉਹਨੇ ਔਖੇ ਸੁਖਾਲੇ ਬੂਹਿਓਂ ਉਠਾ ਦਿੱਤੀਆਂ ਪਰ ਆਪ ਕਰਜ਼ੇ ਦੀਆਂ ਪੰਡਾਂ ਹੇਠ ਆ ਗਿਆ। ਇਨ੍ਹਾਂ ਪੰਡਾਂ ਹੇਠੋਂ ਨਿਕਲਣ ਲਈ ਉਸਨੇ ਪੰਜ ਏਕੜ ਵੀ ਗਹਿਣੇ ਪਾ ਦਿੱਤੀ ਪਰ ਉਹ ਸੁਰਖਰੂ ਫਿਰ ਵੀ ਨਾ ਹੋ ਸਕਿਆ, ਲੋਕਾਂ ਦੇ ਘਰੀਂ ਧੰਦਾ ਕਰਨਾ ਉਹਦੀ ਜਾਤ ਦੀ ਹਾਨੀ ਸੀ।
ਬਲਵੰਤ ਵਰਗੇ ਚੋਬਰਾਂ ਨੇ ਸੰਤੀ ਦੇ ਹੁਸਨ ਨੂੰ ਮਾਨਣ ਲਈ ਮੁਸ਼ਕਾਂ ਬੰਨ੍ਹੀ ਰੱਖੀਆਂ। ਉਹ ਜਗਤੇ ਨੂੰ ਚੋਰੀ ਛਿਪੇ ਦਾਰੂ ਵੀ ਪਿੳਂੁਦੇ, ਪਰ ਸੰਤੀ ਸੀ ਕਿ ਕਿਸੇ ਵੱਲ ਅੱਖ ਭਰ ਕੇ ਝਾਕਦੀ । ਸਗੋਂ ਜਗਤੇ ਨੂੰ ਅਜੇਹਾ ਕਰਨ ਤੋਂ ਰੋਕਦੀ। ਜਗਤਾ ਕਮੀਆਂ ਪੇਸ਼ੀਆਂ ਭੰਨਿਆ ਤੇ ਘਰ ਦੇ ਕਲੇਸ਼ ਤੋਂ ਦੁਖੀ ਹੋਇਆ ਹੋਰ ਨਸ਼ਿਆਂ ਵਿਚ ਗਰਕ ਹੁੰਦਾ ਗਿਆ। ਬਲਵੰਤਾ ਜੇ ਉਦੋਂ ਵੀ ਅੱਜ ਵਰਗਾ ਹੁੰਦਾ ਤਾ ਸ਼ਾਇਦ ਸੰਤੀ ਨੂੰ ਜ਼ਰੂਰ ਜਬਰੀ ਹੱਥ ਪਾਉਂਦਾ। ਉਦੋਂ ਉਹਦੇ ਸਿਰ ਉਪਰ ਆਪਣੇ ਬਾਪੂ ਦੇ ਗੁੱਸੇ ਦੀ ਤਲਵਾਰ ਲੱਟਕਦੀ ਸੀ। ਬਲਵੰਤੇ ਦੇ ਲੱਛਣ ਦੇਖ ਉਸ ਨੂੰ ਛੋਟੀ ਉਮਰੇ ਵਿਆਹ ਲਿਆ। ਲੋਕ ਤਾਂ ਕਦੋਂ ਦੇ ਮਗਰ ਫਿਰਦੇ ਸਨ। ਪੰਜਾਹ ਏਕੜ ਦਾ ਮਾਲਕ ਸੀ ਬਲਵੰਤ ਸਿੰਹੁ। ਬਲਵੰਤਾ ਵਿਆਹ ਤੋਂ ਮਗਰੋਂ ਜਗਤੇ ਦਾ ਸਾਥ ਛੱਡ ਗਿਆ। ਹੁਣ ਜਗਤਾ ਨਸ਼ਿਆਂ ਦਾ ਘੋਰੀ ਹੋ ਚੁੱਕਾ ਸੀ। ਰਾਤ ਹੁੰਦੀ ਸ਼ਰਾਬ ਦਾ ਭੰਨਿਆ ਬਲਵੰਤ ਤੋਂ ਮੁਖਤ ਦੀ ਨਾਗਣੀ ਲੈ ਲੈ ਖਾਂਦਾ ਹੁਣ ਅਮਲੀ ਬਣ ਚੁੱਕਾ ਸੀ। ਉਸ ਨੇ ਪਤਾ ਨਹੀਂ ਕਿਥੋਂ ਸਕੀਮ ਸੋਚੀ ਤੇ ਲਾਊਡ ਸਪੀਕਰ ਖਰੀਦ ਲਿਆਇਆ। ਵਿਆਹ ਸ਼ਾਦੀਆਂ ’ਚ ਗੀਤ ਸੁਣਾਉਂਦਾ, ਮੁਫਤ ਦੀ ਪੀਣ ਨੂੰ ਮਿਲ ਜਾਂਦੀ। ਘਰ ਪ੍ਰੀਵਾਰ ਦਾ ਉਹਨੇ ਫਿਕਰ ਲਾਹ ਦਿੱਤਾ ਸੀ।
ਸੰਤੀ ਨੇ ਸਬਰ ਕਰ ਲਿਆ ਸੀ। ਲੋਕਾਂ ਦਾ ਸੀਣ-ਪ੍ਰੋਣ ਕਰ ਕੇ ਗੁਜ਼ਾਰਾ ਕਰਨ ਲੱਗੀ। ਮੁੰਡਾ ਕਲਬੀਰਾ ਵੀ ਸੁਖ ਨਾਲ ਮੱਝਾਂ ਚਾਰ ਲਿਆਉਂਦਾ। ਮੱਝਾਂ ਦਾ ਦੁੱਧ ਵੇਚ ਕੇ ਉਹ ਸੋਹਣਾ ਗੁਜ਼ਾਰਾ ਕਰ ਲੈਂਦੇ। ਖਾਣ-ਪੀਣ ਨੂੰ ਚੰਗਾ ਸੀ। ਹੱਡਾਂ ਪੈਰਾਂ ਦਾ ਪਹਿਲਾਂ ਹੀ ਕਾਫੀ ਖੁੱਲ੍ਹਾ ਸੀ। ਚੌਧਵੇਂ ਸਾਲ ’ਚ ਹੀ ਉਹ ਪੂਰਾ ਮਰਦ ਲੱਗਣ ਲੱਗ ਪਿਆ ਸੀ। ਭਾਵੇਂ ਦੇਖਣ ਨੂੰ ਉਹ ਚੁੱਪ ਕੀਤਾ ਤੇ ਸਾਊ ਜਿਹਾ ਸੀ, ਪਰ ਗੁੱਸਾ ਉਹਦਾ ਬਹੁਤ ਭੈੜਾ ਸੀ। ਜਦੋਂ ਚੰਡਾਲ ਚੜਦਾ ਫਿਰ ਦੇਖਦਾ ਨਹੀਂ ਸੀ। ਇਹ ਸਿਰਫ ਸੰਤੀ ਨੂੰ ਪਤਾ ਸੀ, ਜਦੋਂ ਜਗਤਾ ਉਹਦੇ ਜੋੜ ਕੇ ਰੱਖੇ ਪੈਸੇ ਚੋਰੀ ਕੱਢ ਕੇ ਲੈ ਗਿਆ ਸੀ। ਉਹਨੇ ਬੁਰੀ ਤਰ੍ਹਾਂ ਅੰਦਰ ਵਾੜ ਕੇ ਕੁੱਟਿਆ ਸੀ। ਸੰਤੀ ਬਹੁਤ ਪਿੱਟੀ ਸੀ, ‘‘ਵੇ ਤੇਰਾ ਪਿਓ ਆ।” ਪਰ ਉਹਨੇ ਇੱਕ ਨਹੀਂ ਸੁਣੀ ਸੀ।
ਲੋਹੜੀ ਦਾ ਦਿਨ ਸੀ। ਪਹਿਲਾਂ ਭਾਵੇਂ ਸਾਰੇ ਰਈਆ ਪਿੰਡ ਦੀ ਇੱਕੋ ਲੋਹੜੀ ਲੱਗਦੀ ਹੁੰਦੀ ਸੀ। ਪਿਛਲੇ ਸਾਲ ਵੋਟਾਂ ਤੋਂ ਮਗਰੋਂ ਦੋ ਲਗਣ ਲੱਗ ਪਈਆਂ ਸਨ। ਉਸ ਦਾ ਵੱਡਾ ਕਾਰਨ ਪਿਛਲੇ ਸਾਲ ਹੋਈ ਸਰਪੰਚੀ ਦੀ ਚੋਣ ਸੀ। ਪਹਿਲਾਂ, ਹਰ ਵਾਰ ਜਰਨੈਲ ਭਾਈ ਕੇ ਦਾ ਪਿਓ ਹੁਣ ਤੱਕ ਸਰਪੰਚ ਬਣਦਾ ਆਇਆ ਸੀ। ਉਹ ਕਈ ਵਾਰ ਸਰਬਸੰਮਤੀ ਨਾਲ ਬਣਿਆ ਸੀ। ਪਿਛਲੀ ਵਾਰ ਜਦੋਂ ਜਰਨੈਲ ਸਿੰਘ ਖੜ੍ਹਾ ਤਾਂ ਬਲਵੰਤ ਸਿੰਘ ਉਹਦੇ ਮੁਕਾਬਲੇ ਵਿਚ ਖੜ ਗਿਆ। ਉਹ ਵੀ ਸੋਢੀ ਸਰਦਾਰਾਂ ਦਾ ਪੁੱਤ ਸੀ। ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ। ਵਿਹੜਾ ਵਿਚ ਵਿਚਾਲੇ ਸੀ। ਭਾਈ ਪੁਰਾਣਾ ਪਾਪੀ ਸੀ ਉਹ ਸਿਆਸੀ ਦਾਅ ਮਾਰ ਕੇ ਵਿਹੜੇ ਦੀਆਂ ਵੋਟਾਂ ਲੈ ਗਿਆ। ਇਧਰਲਾ ਪਾਸਾ ਸਾਰਾ ਬਲਵੰਤੇ ਨਾਲ ਸੀ। ਐਬਾਂ ਪੱਖੋਂ ਭਾਵੇਂ ਲੋਕ ਬਲਵੰਤੇ ਨੂੰ ਚੰਗਾ ਨਹੀਂ ਸੀ ਸਮਝਦੇ, ਪਰ ਠੁਲੇ ਪੱਤੀ ਕਰਕੇ ਤੇ ਕੁੱਝ ਉਹਦੇ ਪਿਓ ਦੇ ਮੂੰਹ ਨੂੰ ਉਹਦੇ ਮਗਰ ਤੁਰੇ ਸਨ।
ਬਲਵੰਤਾ ਸਿੰਹੁ ਲੋਹੜੀ ਤੇ ਆਪਣੇ ਪਾਸੇ ਦੇ ਯਾਰਾਂ ਬੇਲੀਆਂ ਨਾਲ ਸ਼ਰਾਬ ਪੀ ਰਿਹਾ ਸੀ। ਅੱਧਾ ਪਿੜ ਔਰਤਾਂ ਲਈ ਸੀ। ਉਹ ਗੀਤ ਗਾਉਂਦੀਆਂ ਬੋਲੀਆਂ ਪਾ ਪਾ ਕੇ ਨੱਚਦੀਆਂ। ਸਾਰੀਆਂ ਬਣ ਠਣ ਕੇ ਆਈਆਂ ਸਨ। ਸੰਤੀ ਵੀ ਆਪਣੇ ਵਿੱਤ ਅਨੁਸਾਰ ਸਜ ਸੰਵਰ ਕੇ ਆਈ ਸੀ। ਉਸ ਦਾ ਰੰਗ ਰੂਪ ਭਾਵੇਂ ਗਰੀਬੀ ਰੋਲੀ ਰੱਖਦੀ ਸੀ, ਪਰ ਜਦੋਂ ਨਾਹ ਧੋ ਕੇ ਸ਼ੁਕੀਨੀ ਲਾ ਲੈਂਦੀ ਤਾਂ ਹੁਣ ਵੀ ਨਵੀਆਂ ਵਿਆਹੀਆਂ ਵਰਗੀ ਲਗਦੀ। ਪੈਂਤੀ ਕੁ ਸਾਲ ਉਮਰ ਵੀ ਕੋਈ ਬਹੁਤੀ ਨਹੀਂ ਸੀ। ਜਦ ਵਿਆਹੀ ਆਈ ਸੀ ਤਾ ਮਸਾਂ ਅਠਾਰਾਂ ਦੀ ਸੀ। ਦੋ ਸਾਲ ਮਗਰੋਂ ਕੁਲਬੀਰਾ ਹੋਇਆ ਸੀ।
ਬਲਵੰਤੇ ਨੇ ਜਦੋਂ ‘‘ਈਸ਼ਰ ਆ ਦਲਿਦਰ ਜਾਹ” ਕਰਦੀ ਸੰਤੀ ਨੂੰ ਅੱਗ ਦੀ ਲੋ ਵਿਚ ਦੇਖਿਆ ਤਾਂ ਉਹਦੇ ਦਿਲ ਵਿਚ ਸੁੱਤਾ ਇਸ਼ਕ ਦਾ ਨਾਗ ਫੰਨ ਚੁੱਕ ਖਲੋਤਾ। ਉਹਨੇ ਬੋਤਲ ਮੂੰਹ ਨੂੰ ਲਾ ਕੇ ਅੱਧੀ ਕਰ ਦਿੱਤੀ ਸੀ। ਜੇ ਨਾਲ ਦੇ ਨਾ ਫੜਦੇ ਤਾਂ ਸ਼ਾਇਦ ਉਹ ਸਾਰੀ ਖਤਮ ਕਰ ਦਿੰਦਾ। ਸਭ ਆਪੋ-ਆਪਣੀਆਂ ਖੁਰ ਮਸਤੀਆਂ ਵਿਚ ਗੁਆਚੇ ਸਨ। ਬਲਵੰਤਾ ਸੰਤੀ ਨੂੰ ਨਿਹਾਰਦਾ ਰਿਹਾ। ਬਲਵੰਤੇ ਦੇ ਸਿਰ ਨੂੰ ਨਸ਼ਾ ਚੜ੍ਹ ਰਿਹਾ ਸੀ। ਉਦੋਂ ਉਹ ਬੇਕਾਬੂ ਹੋ ਗਿਆ ਜਦੋਂ ਸੰਤੀ ਬੋਲੀ ਪਾ ਕੇ ਨੱਚੀ, ‘‘ਬੱਲੇ ਨੀ ਮੋਰਨੀਏ, ਆ ਤੈਨੂੰ ਗਲ ਨਾਲ ਲਾਂ ਲਾਂ” ਉਹ ਸੰਤੀ ਨੂੰ ਕਲਾਵੇ ’ਚ ਲੈਣ ਲਈ ਅਗਾਹ ਵਧਿਆ ਪਰ ਉਹਦੇ ਯਾਰਾਂ ਨੇ ਸਾਂਭ ਲਿਆ।
‘‘ਹਾਏ ਨੀ ਸੰਤੀਏ ਤੇਰੇ ਪਿੱਛੇ ਮੈਂ …..” ਉਹਦੇ ਸ਼ਬਦ ਹੇਠ ਆ ਗਏ। ਕਿਸੇ ਨੇ ਉਹਦਾ ਮੂੰਹ ਘੁੱਟ ਲਿਆ। ਰੌਲਾ ਪੈ ਗਿਆ। ਔਰਤਾਂ ਉਠ ਕੇ ਘਰਾਂ ਨੂੰ ਤੁਰ ਪਈਆਂ। ਜਰਨੈਲਾ ਅਜੇ ਵੀ ਆਪਣੇ ਯਾਰ ਨੂੰ ਕਹਿ ਰਿਹਾ ਸੀ, ‘‘ਥੋਨੂੰ ਨ੍ਹੀ ਪਤਾ ਮੈਂ ਸੰਤੀ ਪਿੱਛੇ ਕੀ ਕੀ ਜ਼ਫ਼ਰ ਜਾਲੇ” ਕੁਲਬੀਰੇ ਤੋਂ ਹੋਰ ਸੁਣਿਆ ਨਾ ਗਿਆ। ਉਹ ਘਰ ਨੂੰ ਤੁਰ ਪਿਆ। ਘਰ ਕੱਲਾ ਜਗਤਾ ਹੀ ਸੀ। ਉਨ੍ਹੇ ਗੁੱਸੇ ’ਚ ਖੇਸ ਪਰੇ ਲਾਹ ਕੇ ਵਗਾਹ ਮਾਰਿਆ। ਉਹਦੇ ਅੱਖਾਂ, ਤਲੀਆਂ ਤੇ ਸੀਨੇ ’ਚੋਂ ਸੇਕ ਨਿਕਲ ਰਿਹਾ ਸੀ। ਉਹਨੂੰ ਕੁਝ ਓਹੜਿਆ। ਹਨੇਰੇ ਵਿਚ ਹੱਥ ਮਾਰ ਅੰਗੀਠੀ ਤੋਂ ਡੱਬੀ ਭਾਲੀ। ਸੀਖਾਂ ਭਾਲ ਕੇ ਇਧਰ ਉਧਰ ਕੁਝ ਭਾਲਣ ਲੱਗਾ। ਕਾਪਾ ਨਿਗਾਹ ਪੈਂਦਿਆਂ ਉਸ ਮੁੱਠੇ ਤੋਂ ਫੜ ਕੇ ਚੁੱਕਿਆ। ਉਹਦੀ ਤੇਜ਼ ਧਾਰ ਚਮਕ ਰਹੀ ਸੀ। ਪਰਸੋਂ ਹੀ ਮਿਸਤਰੀ ਤੋਂ ਲੁਆ ਕੇ ਲਿਆਇਆ ਸੀ। ਲੁਆਇਆ ਤਾਂ ਭਾਵੇਂ ਉਹਨੇ ਰਾਤ ਨੂੰ ਨਹਿਰ ਤੋਂ ਚੋਰੀ ਬਾਲਣ ਵੱਡਣ ਵਾਸਤੇ ਸੀ। ਕਾਪਾ ਕੱਛੇ ਮਾਰ ਖੇਸ ਦੀ ਬੁੱਕਲ ਮਾਰਦਾ,ਓਵੇਂ ਹੀ ਘਰੋਂ ਬਾਹਰ ਹੋ ਗਿਆ। ਪਰੇ ਪਸ਼ੂਆਂ ਵਾਲੇ ਅੰਦਰੋਂ ਜਗਤਾ ਖੰਘ ਰਿਹਾ ਸੀ। ਉਹ ਕਈ ਦਿਨਾਂ ਤੋਂ ਢਿੱਲਾ ਸੀ। ਘਰੋਂ ਥੋੜ੍ਹੀ ਦੂਰ ਗਿਆ ਤਾਂ ਬੁੜੀਆਂ ਦੀ ਇੱਕ ਢਾਣੀ ਆਉਂਦੀ ਉਹਨੂੰ ਗਲੀ ’ਚ ਮਿਲੀ। ਉਹ ਉਨ੍ਹਾਂ ਦੇ ਘਰਾ ਦੀਆਂ ਹੀ ਹੋਣਗੀਆਂ। ਇਹ ਸੋਚ ਉਸ ਮੂੰਹ ਵੀ ਢੱਕ ਲਿਆ। ਬੇਬੇ ਵੀ ਨਾਲ ਹੀ ਹੋਵੇਗੀ। ਉਨ੍ਹਾਂ ਨੇ ਘਰਾਂ ’ਚ ਕਿਸੇ ਦੇ ਘਰ ਮੁੰਡਾ ਹੋਈ ਦੀ ਲੋਹੜੀ ਲੈ ਕੇ ਆਉਣੀ ਸੀ।
ਕੁਲਬੀਰਾ ਚੋਗਾਨ ’ਚ ਪਹੁੰਚਿਆ, ਉਥੇ ਸੁਨਸਾਨ ਸੀ। ਅੱਗ ਜਮਾਂ ਬੁੱਝ ਗਈ ਸੀ। ਬਲਵੰਤੇ ਕੇ ਘਰਾਂ ਵੱਲ ਦੀ ਗਲੀ ਵਿਚ ਕੁੱਝ ਬੋਲ ਬੁਲਾਰਾ ਸੀ। ਉਹ ਚੱਕਵੇਂ ਪੈਰੀਂ ਉੱਧਰ ਨੂੰ ਹੋ ਤੁਰਿਆ। ਹਨੇਰੀ ਰਾਤ ਵਿਚ ਹੱਥ ਮਾਰਿਆ ਨਜ਼ਰ ਨਹੀਂ ਸੀ ਆਉਂਦਾ। ਬਲਵੰਤੇ ਦੇ ਘਰ ਤੋਂ ਥੋੜ੍ਹਾ ਉਰੇ ਦੋ ਬੰਦੇ ਬੋਲ ਰਹੇ ਸਨ।
‘‘ਤੈਨੂੰ …… ਨ੍ਹੀ …. ਪ..ਤਾ, ਸੰਤੀ …. ਮੇ…ਰੀ,” ਕੁਲਬੀਰੇ ਨੇ ਦੰਦ ਕਿਰਚੇ ਖੇਸ ਚੁੱਕ ਕੇ ਮੋਢਿਆ ’ਤੇ ਸੁੱਟ ਲਿਆ। ਦੋਹਾਂ ਹੱਥਾਂ ਵਿਚ ਕਾਪਾ ਘੁੱਟ ਕੇ ਮਜ਼ਬੂਤੀ ਨਾਲ ਫੜਿਆ। ਉਹ ਕਦਮ ਪੁੱਟਣ ਲੱਗਾ ਸੀ ਕਿ ਉਹਨੂੰ ਬੋਲ ਸੁਣੇ, ‘‘ਚੰਗਾ ਬਲਵੰਤ ਸਿਹਾਂ ਮੇਰਾ … ਘਰ ਆ ਗਿਆ ਤੂੰ ਵੀ ਚੱਲ” ਕਹਿਣ ਵਾਲਾ ਤਖਤੇ ਧੱਕ ਅੰਦਰ ਵੱਲ ਵੜ ਗਿਆ। ਕੁਲਬੀਰੇ ਦੇ ਕਦਮ ਰੁੱਕ ਗਏ। ਨਾਲ ਵਾਲਾ ਸ਼ਾਇਦ ਸੋਫੀ ਸੀ ਜੋ ਖਹਿੜਾ ਛੁਡਾ ਘਰ ਵੜ ਗਿਆ।
‘‘ਬੂ…ਆ” ਬਲਵੰਤ ਨੇ ਲਲਕਾਰਾ ਮਾਰਿਆ ਤੇ ਹਿਚਕੋਲਾ ਜਿਹਾ ਖਾ ਕੇ ਅਗਾਂਹ ਨੂੰ ਵਧਿਆ। ਉਖੜਦੇ ਪੈਰ ਬਚਾਉਂਦਾ ਉਹ ਖੜ ਗਿਆ। ਕੁਲਬੀਰਾ ਉਹਦੇ ਉਪਰ ਜਾ ਚੜਿਆ। ਪੂਰੇ ਜੋਰ ਨਾਲ ਪਹਿਲਾਂ ਵਾਰ ਸਿਰ ਨੂੰ ਵਾਹ ਦਿੱਤਾ। ਬਲਵੰਤਾ ‘‘ਆ… ਆ” ਕਰਦਾ ਥਾਏਂ ਲੁਟਕ ਗਿਆ। ਕੁਲਬੀਰੇ ਨੇ ਡਿੱਗੇ ਪਏ ’ਤੇ ਦੋ ਤਿੰਨ ਵਾਰ ਹੋਰ ਕੀਤੇ। ਉਹ ਬੋਲਿਆ ਤੱਕ ਨਾ। ਕੁਲਬੀਰੇ ਦੀ ਜਿਵੇਂ ਸੁਰਤ ਪਰਤੀ, ‘‘ਕਿਤੇ ਮਰ ਤਾਂ…..” ਉਹ ਕਾਹਲੀ ਨਾਲ ਘਰ ਨੂੰ ਤੁਰ ਪਿਆ। ਪਿੰਡ ਵਿਚ ਸੁੰਨਸਾਨ ਪਸਰ ਗਈ ਸੀ। ਚੌਗਾਨ ਵਿਚ ਕੁੱਤੇ ਲੋਹੜੀ ਵਾਲੀ ਥਾਂ ਨੂੰ ਸੁੰਘ ਰਹੇ ਸਨ। ਦੂਰੋਂ ਕੁੱਤੇ ਦੇ ਰੋਣ ਦੀ ਆਵਾਜ਼ ਆ ਰਹੀ ਸੀ।
ਬਲਵੰਤਾ ਸਾਰੀ ਰਾਤ ਉਥੇ ਹੀ ਪਿਆ ਰਿਹਾ। ਸਵੇਰੇ ਵੱਡੇ ਤੜਕੇ ਕਿਸੇ ਨੇ ਜੰਗਲ ਪਾਣੀ ਜਾਂਦਿਆ ਦੇਖਿਆ ਸੀ। ਉਦੋਂ ਤੱਕ ਉਹ ਠੰਡ ਨਾਲ ਆਕੜ ਗਿਆ ਸੀ। ਉਧਰ ਕੁਲਬੀਰੇ ਨੂੰ ਵੀ ਘਰ ਜਾ ਕੇ ਨੀਂਦ ਨਹੀਂ ਆਈ ਸੀ। ਸਵੇਰੇ ਉਸ ਨੇ ਆਮ ਨਾਲੋਂ ਵੀ ਸੁਦੇਹਾਂ ਉਠ ਕੇ ਮੱਝਾਂ ਨੂੰ ਪੱਠੇ ਪਾਏ ਸਨ। ਸੰਤੀ ਨੇ ਉਠਦਿਆਂ ਕਿਹਾ ਸੀ, ‘‘ਹੁਣ ਤਾਂ ਪੁੱਤ ਸਿਆਣਾ ਹੋ ਗਿਆ। ਵਰ੍ਹੇ ਦਿਨਾਂ ਦੇ ਦਿਨ ਟੈਮ ਨਾਲ ਉੱਠੀ ਦਾ।” ਉਹ ਚੌਂਕੇ ਵਿਚ ਬੈਠੀ ਸੰਤੀ ਕੋਲੋਂ ਅੰਦਰ ਲੰਘ ਕੇ ਦੀਵੇ ਸਾਹਮਣੇ ਗਿਆ ਤਾਂ ਡਰ ਗਿਆ। ਉਹਦੇ ਕੱਪੜਿਆਂ ਉੱਪਰ ਖੂਨ ਦੇ ਛਿੱਟੇ ਸਨ। ਉਹ ਘਬਰ੍ਹਾ ਗਿਆ। ਬਾਹਰੋਂ ਸੰਤੀ ਨੇ ਕਿਹਾ, ‘‘ਚਾਹ ਐਥੇ ਦੇਵਾਂ ਕੇ ਅੱਗ ਮੂਹਰੇ ਬੈਠ ਕੇ ਪੀਣੀ।”
‘‘ਨਹੀਂ ਨਹੀਂ ਮੈੈਂ ਐਥੇ ਆਉਨਾ, ਉਹ ਡਰ ਗਿਆ। ਬੇਬੇ ਦੇਖੂ ਤਾਂ ਕੀ ਕਹੂ। ਬੁੜੀਆਂ ਦਾ ਦਿਲ ਥੋੜਾ ਹੁੰਦਾ।”
‘‘ਲੈ ਮੈਂ ਬਾਟੀ ’ਚ ਪਾਤੀ। ਮੈਂ ਬਾਹਰ ਜਾ ਆਵਾਂ ਆ ਕੇ ਧਾਰਾਂ ਕੱਢਦੀਆਂ” ਉਹ ਗੜਬੀ ’ਚ ਪਾਣੀ ਲੈ ਕੇ ਬਾਹਰ ਨੂੰ ਤੁਰ ਪਈ।
ਕੁਲਬੀਰੇ ਨੂੰ ਸੁਖ ਦਾ ਸਾਹ ਆਇਆ। ਉਹਨੇ ਬੇਬੇ ਦੇ ਬਾਹਰ ਹੁੰਦਿਆਂ ਕੱਪੜੇ ਲਾਹੇ ਤੌਨੇ ’ਚ ਬਾਲਟੀ ਪਾਣੀ ਦੀ ਭਰੀ ਤੇ ਧੋਣ ਲੱਗ ਪਿਆ। ਕੱਪੜੇ ਧੋਂਦਿਆ ਉਹਦੀ ਚਾਹ ਠਰ ਗਈ। ਜਦੋਂ ਸੰਤੀ ਮੁੜੀ ਚਿੱਟਾ ਦਿਨ ਚੜ ਆਇਆ ਸੀ।
‘‘ਵੇ ਕੁਲਬੀਰਿਆ ਲੋਹੜਾ ਪੈ ਗਿਆ ਵੇ, ਰਾਤ ਕਿਸੇ ਨੇ ਬਲਵੰਤ ਮਾਰਤਾ” ਸੰਤੀ ਐਨੀ ਘਬਰ੍ਹਾਈ ਸੀ ਕਿ ਲੋਅ ਵਿਚ ਵੀ ਉਹਨੂੰ ਪੁੱਤ ਦੇ ਧੋ ਕੇ ਸੁਕਣੇ ਪਾਏ ਕੱਪੜਿਆਂ ਦਾ ਖ਼ਿਆਲ ਹੀ ਨਾ ਰਿਹਾ।
‘‘ਅੱਛਾ” ਉਹਨੇ ਡਰੀ ਤੇ ਮਲਮੀ ਜਿਹੀ ਜੀਭ ਨਾਲ ਕਿਹਾ।
ਸੰਤੀ ਪਤਾ ਨਹੀਂ ਹੋਰ ਕੀ ਕੁੁੱਝ ਆਖਦੀ ਰਹੀ। ਕੁਲਬੀਰਾ ਚੁੱਪ-ਚਾਪ ਅੱਗ ਮੂਹਰੇ ਬੈਠਾ ਰਿਹਾ। ਧਾਰ ਕੱਢਣ ਜਾਂਦੀ ਨੇ ਧੋਤੇ ਕੱਪੜੇ ਦੇਖੇ, ‘‘ਆਹ ਤੂੰ ਕਿਵੇਂ ਤੜਕੇ-ਤੜਕੇ ਕੱਪੜੇ ਧੋ ਕੇ ਪਾਤੇ, ਮੈਂ ਧੋ ਦਿੰਦੀ।”
‘‘ਬੇਬੇ ਮੈਂ ਡਰੋਲੀ ਮੇਲਾ ਦੇਖਣ ਜਾਣਾ। ਮੈਂ ਕਿਹਾ ਉਦੋਂ ਤੱਕ ਸੁੱਕ ਜਾਣਗੇ।” ਪਤਾ ਨਹੀਂ ਇਹ ਬਹਾਨਾ ਕਿਥੋਂ ਉਹਦੇ ਦਿਮਾਗ਼ ਵਿਚ ਆ ਗਿਆ।
‘‘ਰਹਿਣ ਦੇ ਪੁੱਤ ਤੂੰ ਜਾਣ ਨੂੰ ਅੱਜ-ਕੱਲ੍ਹ ਜ਼ਮਾਨਾ ਨ੍ਹੀ ਮੇਲਿਆਂ ਵਾਲਾ” ਉਹ ਪੁੱਤ ਨੂੰ ਘਰੋਂ ਘੱਲਣਾ ਨਹੀਂ ਚਾਹੁੰਦੀ ਸੀ, ‘‘ਪਤਾ ਨੀ ਲੱਗਦਾ ਅੱਜ-ਕੱਲ੍ਹ ਕਦੋਂ ਕੀਹਦੇ ਮਨ ’ਚ ਕੀ ਖੋਟ ਆ ਜਾਣੀ।”
ਪੁਲਸ ਦਿਨ ਚੜ੍ਹੇ ਪਿੰਡ ਅੱਪੜੀ ਸੀ। ਸਾਰਾ ਪਿੰਡ ਸੱਥ ਵਿਚ ’ਕੱਠਾ ਕੀਤਾ ਗਿਆ ਸੀ। ਜਰਨੈਲ ਸਿੰਘ ਨਾਲ ਭਾਵੇਂ ਉਹਦਾ ਸਿਆਸੀ ਵੱਟ ਸੀ, ਪਰ ਉਹ ਅਜੇਹਾ ਨਹੀਂ ਕਰ ਸਕਦਾ ਸੀ। ਜਿਹੜੇ ਬੰਦੇ ਘਰ ਵੱਲ ਨੂੰ ਉਹਦੇ ਨਾਲ ਗਏ ਸਨ ਸਾਰਿਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ। ਇਹ ਗੱਲ ਕਿਸੇ ਦੇ ਦਿਮਾਗ਼ ਵਿਚ ਨਹੀਂ ਆ ਰਹੀ ਸੀ ਕਿ ਕੁਲਬੀਰਾ ਅਜੇਹਾ ਕਰ ਸਕਦਾ। ਉਹ ਤਾਂ ਜੁਆਕ ਲੱਗਦਾ ਸੀ। ਕੂੰਨਾ ਵੀ ਕਿੰਨਾ ਸੀ। ਜੇ ਉਹਨੇ ਕੁੱਝ ਕਰਨਾ ਹੁੰਦਾ ਤਾਂ ਉਥੇ ਮੌਕੇ ’ਤੇ ਬੋਲਦਾ। ਜੋ ਬੰਦਾ ਉਹਦੇ ਨਾਲ ਗਿਆ ਸੀ ਉਹ ਤਾਂ ਉਨ੍ਹਾਂ ਦੇ ਸਕਿਆ ’ਚੋਂ ਉਨ੍ਹਾਂ ਦਾ ਖਾਸ ਸੀ। ਉਹਦੇ ਘਰ ਤੋਂ ਚਾਰ-ਪੰਜ ਘਰ ਅੱਗੇ ਹੀ ਬਲਵੰਤ ਦਾ ਘਰ ਸੀ। ਐਨੇ ਸੰਨ ’ਚ ਕਿਹੜੀ ਆਫ਼ਤ ਆਈ ਸੀ ਜੋ ਐਡਾ ਵੱਡਾ ਬੰਦਾ ਖਾ ਗਈ। ਜਰਨੈਲ ਸਿੰਘ ਨੂੰ ਅੰਦਰ ਖਾਤੇ ਡਰ ਸੀ ਕਿ ਕਿਤੇ ਕੇਸ ਉਹਦੇ ਗਲ਼ ਨਾ ਪੈ ਜਾਵੇ। ਉਹਨੇ ਉਪਰੋਂ ਜੋਰ ਪਾ ਕੇ ਕੇਸ ਰਫ਼ਾ-ਦਫ਼ਾ ਕਰਾਉਣ ਦੀ ਪੂਰੀ ਵਾਹ ਲਾ ਦਿੱਤੀ। ਸਕੇ ਸੋਦਰੇ ਤੇ ਹਮਾਇਤੀ ਕੁੱਝ ਦਿਨ ਤਾਂ ਥਾਣੇ ਕਚਹਿਰੀ ਤੁਰੇ ਪਰ ਮੁੜ ਆਪਣੀਆਂ ਕਬੀਲਦਾਰੀਆਂ ਦੇ ਬੋਝ ਹੇਠ ਦਬ ਕੇ ਰਹਿ ਗਏ। ਬਲਵੰਤ ਦੇ ਮਗਰ ਜ਼ੁਆਕ ਵੀ ਨਿਆਣੇ ਸਨ। ਕੇਸ ਘੱਟੇ ਪੈ ਗਿਆ।
ਕੁਲਬੀਰੇ ਦਾ ਕਈ ਵਾਰ ਦਿਲ ਕਰਦਾ ਕੇ ਲਲਕਾਰਾ ਮਾਰ ਕੇ ਪੂਰੇ ਪਿੰਡ ਨੂੰ ਸੰਬੋਧਨ ਕਰੇ ਕਿ ਉਹਨੇ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲਿਆ। ਇੱਕ ਦਿਨ ਅਜੇਹਾ ਸਬਬ ਆਪੇ ਜੁੜ ਗਿਆ। ਕੁਲਬੀਰ ਨਹਿਰ ’ਤੇ ਮੱਝਾਂ ਚਾਰ ਰਿਹਾ ਸੀ। ਮੱਝ ਨਾਲ ਖੜੀ ਸੌਣੀ ਵਿਚ ਵੜ ਗਈ। ਉਹ ਜਾਣਦਾ ਸੀ ਇਹ ਜਰਨੈਲ ਸਿੰਘ ਸਰਪੰਚ ਦੀ ਪੈਲੀ ਹੈ। ਜਰਨੈਲ ਦਾ ਸੀਰੀ ਕੀਤੂ ਤਪਿਆ ਤਪਾਇਆ ਆਇਆ। ਉਹ ਵੀ ਕੀ ਕਰਦਾ ਨਹਿਰ ਵੱਲ ਦੇ ਪਾਸਿਓਂ ਸੌਣੀ ਦਾ ਬਹੁਤ ਉਜਾੜਾ ਹੁੰਦਾ ਸੀ ਤੇ ਸਰਪੰਚ ਤੋਂ ਗਾਲ੍ਹਾਂ ਉਸ ਨੂੰ ਸੁਣਨੀਆਂ ਪੈਂਦੀਆਂ।
‘‘ਕੀਹਦਾ ਤੂੰ ਓਏ ਭੈਣ ਮਾਂ … ਤੈਨੂੰ ਦੀਹਦਾ ਨਹੀਂ ਅੰਨ੍ਹਾ … ਮੋੜ ਕੇ ਰੱਖ ਆਵਦੀਆਂ ਮਾਵਾਂ ਨੂੰ …” ਦੂਰੋਂ ਹੋਕਰੇ ਮਾਰਦਾ ਗਾਲ੍ਹਾਂ ਕੱਢਦਾ ਕੀਤੂ ਕੋਲ ਆ ਗਿਆ। ਮਾੜਕੂ ਜਿਹੇ ਸਰੀਰ ਵਿਚ ਜਰਨੈਲ ਦੀ ਸਰਪੰਚੀ ਵਾਲਾ ਰੋਅਬ ਸੀ।
‘‘ਮੂੰਹ ਸੰਭਾਲ ਕੇ ਬੋਲਿਆ ਕਰ , ਕਿਤੇ ਛਾਂਗਣਾ ਨਾ ਪੈ ਜੇ” ਕੁਲਬੀਰੇ ਨੇ ਦੂਰੋਂ ਹੀ ਕੀਤੂ ਨੂੰ ਰੋਕਿਆ।
‘‘ਨਾਲੇ ਯਾੜਾ ਕਰਦਾ ਨਾਲੇ ਰੋਅਬ ਮਾਰਦਾ ਕੁੱਤੀ ਦਿਆ” ਕੀਤੂ ਗੁੱਸੇ ਤੇ ਰੋਅਬ ਵਿਚ ਉਹਦੇ ਵੱਲ ਵਧਿਆ।
‘‘ਖੜ੍ਹ ਤੇਰੀ ਵੱਡੇ ਦੀ….” ਕੁਲਬੀਰਾ ਡਾਂਗ ਖੜ੍ਹੀ ਕਰ ਚੌਂਹ ਛਾਲਾਂ ਵਿਚ ਕੀਤੂ ’ਤੇ ਜਾ ਚੜ੍ਹਿਆ। ਡਾਂਗ ਸਿੱਧੀ ਵਾਹ ਦਿੱਤੀ। ਖਾਲੀ ਹੱਥ ਕੀਤੂ ਨੇ ਹੱਥ ਅੱਗੇ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਡਾਂਗ ਭਾਵੇਂ ਰੁਕ ਗਈ ਪਰ ਉਹਦੇ ਗੁੱਟ ਦਾ ਪਟਾਕਾ ਪੈ ਗਿਆ। ਕੁਲਬੀਰੇ ਨੇ ਡਾਂਗ ਛੱਡ ਕੀਤੂ ਨੂੰ ਜੱਫਾ ਪਾ ਕੇ ਥੱਲੇ ਸੁੱਟ ਲਿਆ ਮੁੱਕੀਆਂ ਘਸੁੰਨ ਜਿੱਥੇ ਪੈਂਦੇ ਪੈਣ ਦੇ ‘‘ਮੈਂ ਤਾਂ ਬਲਵੰਤ ਵਰਗੇ ਪਾਰ ਬੁਲਾਤੇ ਤੂੰ ਗਾਲ ਕਿਵੇਂ ਕੱਢੀ” ਉਹ ਦੋਵੇਂ ਸਾਹੋ ਸਾਹ ਹੋਏ ਪਏ ਸਨ। ਪਰੇ ਕੰਮ ਕਰਦੇ ਦਿਹਾੜੀਦਾਰਾਂ ਨੇ ਆ ਕੇ ਕੀਤੂ ਨੂੰ ਛੁੜਾਇਆ। ਕੀਤੂ ਛੁੱਟ ਕੇ ਸਿੱਧਾ ਜਰਨੈਲ ਸਿੰਘ ਕੋਲ ਜਾ ਵੱਜਾ। ਉੱਤਰੇ ਗੁੱਟ ਵਾਲਾ ਉਹਦਾ ਹੱਥ ਸੁੱਜ ਗਿਆ ਸੀ। ਜਰਨੈਲ ਨੂੰ ਕੁਲਬੀਰੇ ਦਾ ਇਉਂ ਉਹਦੇ ਸੀਰੀ ਨੂੰ ਕੁੱਟਣਾ ਪਹਿਲਾਂ ਤਾਂ ਹੇਠੀ ਜਾਪੀ ਪਰ ਜਦੋਂ ਕੀਤੂ ਤੋਂ ਪਤਾ ਲੱਗਾ ਕਿ ਉਹ ਕਹਿੰਦਾ ਸੀ ‘‘ਮੈਂ ਤਾਂ ਬਲਵੰਤੇ ਵਰਗੇ ਪਾਰ ਬੁਲਾਤੇ”। ਉਹ ਸੋਚੀ ਪੈ ਗਿਆ। ਦੁਸ਼ਮਣ ਦਾ ਦੁਸ਼ਮਣ ਮਿੱਤਰ ਵਾਲੀ ਰਾਜਨੀਤੀ ਉਹਦੇ ਦਿਮਾਗ ’ਚ ਆਈ। ਇਹੋ ਜਿਹਾ ਬੰਦੇ ਤਾਂ ਹੱਥ ’ਚ ਰੱਖਣੇ ਚਾਹੀਦੇ। ਉਹਨੇ ਕੀਤੂ ਨੂੰ ਪੁਛਿਆ, ‘‘ਕਿਸੇ ਹੋਰ ਨੂੰ ਤਾਂ ਨਹੀਂ ਪਤਾ ਲੱਗਾ।”
‘‘ਸ਼ਾਇਦ ਨਹੀਂ।”
‘‘ਲੈ ਫੇਰ ਕਿਸੇ ਕੋਲ ਭਾਫ਼ ਨਾ ਕੱਢੀਂ। ਆਹ ਫੜ ਪੈਸੇ ਤੇ ਲਾਜ ਕਰਾ ਲੈ” ਉਹਨੇ ਜੇਬ ’ਚੋਂ ਸੌ ਦਾ ਨੋਟ ਕੱਢ ਕੇ ਕੀਤੂ ਨੂੰ ਦਿੱਤਾ ਤੇ ਜ਼ੁਬਾਨ ਨਾ ਖੋਲ੍ਹਣ ਦੀ ਤਗੀਦ ਕੀਤੀ।
ਜਰਨੈਲ ਸਿੰਘ ਦੀ ਜੀਪ ਕੁਲਬੀਰੇ ਦੇ ਦਰ ਅੱਗੇ ਜਾ ਖੜ੍ਹੀ। ਕੁਲਬੀਰਾ ਸਮਝ ਗਿਆ ਸੀ ਕਿ ਸਰਪੰਚ ਜ਼ਰੂਰ ਉਲਾਂਭਾ ਲੈ ਕੇ ਆਇਆ ਹੋਵੇਗਾ। ਉਹ ਮੁਕਾਬਲੇ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ। ਉਹਨੇ ਮਨ ਬਣਾ ਗਿਆ ਕਿ ਝੁਕੇਗਾ ਨਹੀਂ ਤੇ ਉਹ ਬੇਧੜਕ ਭਟਿੱਟਰ ਬਣ ਕੇ ਖੜ੍ਹਾ ਰਿਹਾ ਸੀ। ਨਾ ਦੁਆ ਨਾ ਸਲਾਮ।
‘‘ਸੁਣਾ ਭਤੀਜ ਕੀ ਹਾਲ ਆ” ਜਰਨੈਲ ਕੁਲਬੀਰੇ ਦੀ ਰੋਅਬਦਾਰ ਤੱਕਣੀ ’ਤੇ ਮੁਸਕਰਾਇਆ। ਉਸ ਨੇ ਕੁਲਬੀਰੇ ਨੂੰ ਘੋਖਿਆ, ‘‘ਤਕੜੀ ਸੰਤੀਏ” ਪਰੋਂ ਜੀਪ ਦੀ ਆਵਾਜ਼ ਸੁਣ ਕੇ ਆਉਂਦੀ ਸੰਤੀ ਨੂੰ ਉਸ ਨੇ ਪਹਿਲ ਕਰਕੇ ਬੁਲਾਇਆ।
‘‘ਹਾਂ ਸਰਦਾਰ ਤਕੜੇ ਆਂ” ਸੰਤੀ ਨੂੰ ਅਚਨਚੇਤ ਜਰਨੈਲ ਦਾ ਆਉਣਾ ਅਜੀਬ ਲੱਗਾ ਸੀ।
‘‘ਜਗਤ ਸਿੰਹੁ ਦਾ ਕੀ ਹਾਲ ਆ” ਜਰਨੈਲ ਗੱਲ ਉਧਰ ਕਰਦਾ ਪਰ ਚੋਰੀ-ਚੋਰੀ ਤੱਕਦਾ ਕੁਲਬੀਰੇ ਨੂੰ। ਮੁੰਡੇ ਦੀ ਨਿੱਡਰਤਾ ਤੋਂ ਉਹ ਘਬਰ੍ਹਾ ਵੀ ਰਿਹਾ ਸੀ।
‘‘ਠੀਕ ਆ ਸਰਦਾਰਾ” ਸੰਤੀ ਉਹਦੇ ਮੂੰਹੋਂ ਨਿਕਲਣ ਵਾਲੇ ਅਗਲੇ ਬੋਲਾਂ ਨੂੰ ਉਡੀਕ ਰਹੀ ਸੀ। ਅਜੀਬ ਵਿਡੰਬਣਾ ਸੀ। ਸਭ ਛਛੋਪੰਜ ਵਿਚ ਸਨ।
‘‘ਭਤੀਜੇ ਤੂੰ ਕੀ ਕਮਲ ਮਾਰਿਆ” ਜਰਨੈਲ ਸਿੰਹ ਨੇ ਗੱਲ ਸਾਫ ਕਰਨੀ ਠੀਕ ਸਮਝੀ।
‘‘ਕਾਹਦਾ ਕਮਲ” ਕੁਲਬੀਰਾ ਰੋਅਬ੍ਹ ਨਾਲ ਬੋਲਿਆ ਸੀ।
‘‘ਭਲਾ ਐਹੋ ਜਿਹੀਆਂ ਗੱਲਾਂ ਇਨ੍ਹਾਂ ਨਿੱਕੀਆਂ-ਸੁੱਕੀਆਂ ਜਾਤਾਂ ਕੋਲ ਕਰੀਦੀਆਂ। ਇਹ ਤਾਂ ਆਪਣਾ ਖਾਧਾ-ਪੀਤਾ ਵੀ ਦੱਸ ਦੇਣ। ਉਹਨੇ ਕੀ ਪਤਾ ਕੀਹਦੇ-ਕੀਹਦੇ ਕੋਲ ਕੀਤੀ ਹੋਊ। ਗੱਲ ਬਲਵੰਤ ਕਿਆਂ ਤੱਕ ਪਹੁੰਚ ਗਈ ਫੇ……” ਜਰਨੈਲਾ ਬੜੀ ਨਰਮੀ ਨਾਲ ਕੁਲਬੀਰੇ ਨੂੰ ਸਮਝਾ ਰਿਹਾ ਸੀ।
‘‘ਕੀ ਗੱਲ ਕਰਤੀ ਇਹਨੇ ਸੰਤੀ ਪੂਰੀ ਸੁਆਲ ਬਣ ਕੇ ਜਰਨੈਲ ਸਰਪੰਚ ਦੇ ਮੂੰਹ ਵੱਲ ਤੱਕਣ ਲੱਗੀ।
ਕੁਲਬੀਰੇ ਦਾ ਮੂੰਹ ਪੀਲਾ ਪੈ ਗਿਆ। ਉਹ ਠਠੰਬਰ ਗਿਆ। ਕਿਤੇ ਸਰਪੰਚ ਬੇਬੇ ਕੋਲ ਵੀ ਨਾ ਗੱਲ ਕਰ ਦੇਵੇ, ‘‘ਨਹੀਂ-ਨਹੀਂ ਬੇਬੇ ਕੁੱਝ ਨ੍ਹੀ।”
‘‘ਨਹੀਂ ਸੰਤੀਏ ਕੋਈ ਖਾਸ ਗੱਲ ਨ੍ਹੀ। ਐਵੇਂ ਮੁੰਡੇ ਝਗੜ ਪਏ ਖੇਤ ਆਪਣਾ ਸੀਰੀ ਕੀਤੂ ਤੇ ਇਹ। ਇਹਨੇ ਕਹਿਤਾ ਬਈ ਮਾਰ ਕੇ ਨਹਿਰ ’ਚ ਰੋੜ ਦੂੰ, ਉਹ ਡਰਿਆ ਫਿਰਦਾ” ਜਰਨੈਲ ਸਿੰਹ ਨੇ ਮੌਕਾ ਸੰਭਾਲ ਕੇ ਕੁਲਬੀਰੇ ਨੂੰ ਅੱਖ ਦੱਬੀ। ਕੁਲਬੀਰੇ ਨੇ ਅੱਖਾਂ ਰਾਹੀਂ ਸਰਪੰਚ ਦਾ ਧੰਨਵਾਦ ਕੀਤਾ।
‘‘ਲੈ ਹਾਏ ਕਮਲਾ! ਤੂੰ ਉਹਨੂੰ ਮਾਰ ਕੇ ਜ਼ਮੀਨ ਰੋਕਣੀ ਭਲਾ” ਸੰਤੀ ਦਾ ਤੌਖਲਾ ਕੁਝ ਘਟਿਆ।
‘‘ਉਹ ਤਾਂ ਥਾਣੇ ਜਾਣ ਨੂੰ ਫਿਰਦਾ ਸੀ। ਮੈਂ ਰੋਕਿਆ” ਜਰਨੈਲੇ ਨੇ ਇੱਕ ਪੱਤਾ ਹੋਰ ਸੁੱਟਿਆ।
‘‘ਦੇਖੀਂ ਸਰਦਾਰਾ ਤੂੰ ਸਿਆਣਾ ਇਹ ਤਾਂ ਨਿਆਣ-ਬੁੱਧੀ ਆ” ਸੰਤੀ ਥਾਣੇ ਤੋਂ ਡਰ ਗਈ।
‘‘ਤਾਹੀਂ ਤਾਂ ਮੈਂ ਆਇਆ। ਤੁਸੀਂ ਤਾਂ ਆਪਣੇ ਘਰਦੇ ਬੰਦੇ ਓ। ਚੱਲ ਭਤੀਜ ਉਹਨੂੰ ਵਿਰਾਈਏ ਕਿਤੇ ਤੁਰ ਈ ਨਾ ਜਾਵੇ” ਜਰਨੈਲਾ ਕੁਲਬੀਰੇ ਨੂੰ ਨਾਲ ਲੈ ਗਿਆ।
ਕੁਲਬੀਰਾ ਉਸ ਦਿਨ ਐਸਾ ਜਰਨੈਲ ਸਿੰਹੁ ਨਾਲ ਤੁਰਿਆ ਮੁੜ ਘਰ ਨਾ ਮੁੜਿਆ। ਪਹਿਲਾ ਕੁਲਬੀਰਾ ਮਰ ਗਿਆ ਸੀ। ਹੁਣ ਵਾਲੇ ਕੁਲਬੀਰੇ ਦੇ ਮੋਢੇ ਦੁਨਾਲੀ ਸੀ। ਚਿੱਟੇ ਕੱਪੜੇ ਸਨ। ਸੰਤੀ ਦੁਹੱਥੜ ਮਾਰ ਕੇ ਪਿੱਟੀ ਸੀ। ਉਹਨੁੰ ਪੁੱਤ ਚਾਹੀਦਾ ਸੀ ਕੋਈ ਵੈਲੀ ਨਹੀਂ। ਕੁਲਬੀਰਾ ਜਰਨੈਲ ਸਿੰਹ ਦਾ ਜੋਟੀਦਾਰ ਬਣ ਗਿਆ ਸੀ। ਜਰਨੈਲੇ ਨੂੰ ਤਾਂ ਚਿਰਾਂ ਤੋਂ ਅਜੇਹੇ ਬੰਦੇ ਦੀ ਲੋੜ ਸੀ ਜੋ ਉਹਦੇ ਸ਼ਰਾਬ ਦੇ ਠੇਕਿਆਂ ਦੀ ਨਿਗਰਾਨੀ ਕਰ ਸਕਦਾ। ਉਹਦੇ ਕਰਿੰਦਿਆਂ ਦੀਆਂ ਚੋਰੀਆਂ ਫੜ ਸਕਦਾ। ਨਜਾਇਜ਼ ਸ਼ਰਾਬ ਬਣਾ ਕੇ ਠੇਕਿਆਂ ’ਤੇ ਵੇਚ ਸਕਦਾ। ਅਜੇਹਾ ਮਿਹਨਤੀ ਬੰਦਾ ਉਹਨੂੰ ਮਿਲ ਗਿਆ ਸੀ ਮੁਖਤੋਂ ਮੁਖਤੀ। ਉਹਦੀ ਕਮਾਈ ਵਿਚ ਵਾਧਾ ਹੋ ਗਿਆ ਸੀ। ਕੁਲਬੀਰਾ ਵੀ ਵਿਚੋਂ ਕੁੰਡੀ ਲਾਉਣੀ ਸਿੱਖ ਗਿਆ ਸੀ। ਹੁਣ ਕੁਲਬੀਰੇ ਦੇ ਮਨ ਵਿਚ ਛੇਤੀ ਅਮੀਰ ਬਣਨ ਦੀ ਲਾਲਸਾ ਸੀ। ਜਰਨੈਲ ਨਾਲ ਉਹ ਕਈ ਪਾਰਟੀਆਂ ਵਿਆਹ ਸ਼ਾਦੀਆਂ ’ਤੇ ਜਾਂਦਾ। ਉਥੇ ਕਈ ਪੰਜਾਬ ਦੇ ਮੰਨੇ ਪ੍ਰਮੰਨੇ ਬਲੈਕੀਏ ਮਿਲਦੇ। ਕੁਲਬੀਰੇ ਦੇ ਮਨ ਵਿਚ ਵੀ ਵੱਡੀ ਪੱਧਰ ’ਤੇ ਬਲੈਕ ਕਰਨ ਦੀ ਲਾਲਸਾ ਉਠਣ ਲੱਗੀ ਜੀਹਦੇ ’ਚੋਂ ਉਹਨੂੰ ਵੀ ਗੱਫੇ ਮਿਲਣ।
ਇੱਕ ਦਿਨ ਕੁਲਬੀਰੇ ਨੇ ਇਹ ਖਾਹਿਸ਼ ਜਰਨੈਲ ਸਿੰਹ ਕੋਲ ਪ੍ਰਗਟ ਕੀਤੀ। ਜਰਨੈਲਾ ਉਪਰੋਂ ਭਾਵੇਂ ਕਿਵੇਂ ਸੀ, ਪਰ ਅੰਦਰੋਂ ਉਹਨੂੰ ਡਰ ਸੀ। ਉਹ ਜਾਣਦਾ ਸੀ ਅਫੀਮ ਡੋਡਿਆਂ ਦੇ ਧੰਦੇ ’ਚ ਪੁਲਸ ਦੀਆਂ ਵਗਾਰਾਂ ਫਿਰ ਬਦਨਾਮੀ। ਇੱਕ ਵਾਰ ਧੰਦਾ ਸ਼ੁਰੂ ਕਰਕੇ ਛੱਡਣਾ ਬਹੁਤ ਔਖਾ। ਸ਼ਰਾਬ ਦੇ ਠੇਕਿਆਂ ’ਚ ਭਾਵੇਂ ਘੱਟ ਹੀ ਬਚਦੇ ਪਰ ਕੋਈ ਡਰ ਤਾਂ ਨਹੀਂ। ਪਹਿਲਾਂ ਉਹਨੇ ਲੱਤ ਨਾ ਲਾਈ। ਫਿਰ ਜਦੋਂ ਕੁਲਬੀਰੇ ਨੇ ਇਹ ਸਕੀਮ ਦੱਸੀ ਕਿ ‘‘ਤੂੰ ਪਾਸੇ ਰਹਿ ਮੇਰੇ ਨਾਂ ’ਤੇ ਕਰ। ਮੈਂ ਆਪਣੇ ਘਰ ਕਰਾਂਗਾ। ਹਿੱਸਾ ਤੇਰਾ ਬਰਾਬਰ ਹੋਵੇਗਾ। ਬੱਸ ਤੂੰ ਪੁਲਸ ਬੰਨ ਲੈ।” ਜਰਨੈਲ ਨੂੰ ਸਲਾਹ ਵਧੀਆ ਲੱਗੀ। ਹੋਰ ਵੀ ਕਈ ਯਾਰ ਬੇਲੀਆਂ ਦੀ ਗੰਢ-ਤੁਪ ਉਸ ਨੇ ਪੁਲਸ ਨਾਲ ਕਰਵਾਈ ਸੀ।
ਕੁਲਬੀਰਾ ਹੁਣ ਕੁਲਬੀਰਾ ਬਲੈਕੀਆ ਹੋ ਗਿਆ ਸੀ। ਉਸ ਨੇ ਲੋਕ ਲਾਜ ਤੇ ਸਮਾਜ ਦੀ ਕੋਈ ਪ੍ਰਵਾਹ ਨਾ ਕੀਤੀ। ਪੁਲਸ ਨੂੰ ਦੇ ਲੈ ਕੇ ਜੋ ਬਚਦਾ ਉਹ ਦੋਵੇਂ ਅੱਧੋ-ਅੱਧ ਕਰ ਲੈਂਦੇ। ਪਿੱਛੋਂ ਯੂ.ਪੀ. ਤੋਂ ਖਾਲਸ ਅਫੀਮ ਆਉਂਦੀ ਕੁਲਬੀਰਾ ਗੁੜ ਕਾਹੜ-ਕਾਹੜ ਵਿਚ ਮਿਲਾਉਂਦਾ ਤੇ ਦੁੱਗਣੀ ਕਰ ਲੈਂਦਾ। ਬਾਪੂ ਵਾਲੀ ਜ਼ਮੀਨ ਛੁਡਾ ਲਈ, ਮਕਾਨ ਵਧੀਆ ਬਣਾ ਲਿਆ। ਚੜਨ ਨੂੰ ਮੋਟਰਸਾਇਕਲ ਲੈ ਲਿਆ ਪਰ ਮੋਟਰ ਸਾਇਕਲ ਦੀ ਮਗਰਲੀ ਸੀਟ ਸੱਖਣੀ ਦੇਖ ਉਹਦਾ ਮਨ ਉਦਾਸ ਹੋ ਜਾਂਦਾ। ਸੰਤੀ ਆਂਢਣਾ ਗੁਆਂਢਣਾਂ ਰਿਸ਼ਤੇਦਾਰੀਆਂ ’ਚ ਸਭ ਨੂੰ ਸਾਕ ਲਿਆਉਣ ਨੂੰ ਆਖਦੀ, ਕੋਈ ਕੰਨ ਨਾ ਧਰਦਾ। ਸਭ ਡਰਦੇ ਸਨ। ਕੀ ਪਤਾ ਕਦੋਂ ਪਟਾਕਾ ਪੈਜੇ? ਯੂ.ਪੀ. ਤੋਂ ਸੀਤੀ ਹੀ ਮਾਲ ਲੈ ਕੇ ਆਉਂਦਾ ਸੀ। ਪਹਿਲਾਂ-ਪਹਿਲਾਂ ਉਹ ਮਤਲਬ ਦੀ ਗੱਲ ਕਰਦਾ ਸੀ। ਮਾਲ ਦਿੰਦਾ ਤੇ ਚਲਾ ਜਾਂਦਾ। ਹੌਲੀ-ਹੌਲੀ ਉਹ ਕੁਲਬੀਰੇ ਨਾਲ ਖੁੱਲ੍ਹ ਗਿਆ ਸੀ। ਕਦੇ-ਕਦੇ ਬਹਿ ਕੇ ਪੈੱਗ ਪੀ ਲੈਂਦੇ ਤੇ ਦੁਖ-ਸੁਖ ਵੀ ਫੋਲਦੇ। ਉਹ ਟਰੱਕ ਡਰਾਇਵਰ ਤਾਂ ਨਾਂ ਦਾ ਸੀ। ਅਸਲ ਕੰਮ ਤਾਂ ਅਫੀਮ ਦਾ ਸੀ।
ਅੱਜ ਉਹ ਆਇਆ ਸੀ। ਦੋਹਵੇਂ ਬੈਠੇ ਬੈਠੇ ਕਾਫ਼ੀ ਦਾਰੂ ਪੀ ਗਏ ਸਨ। ਕੁਲਬੀਰਾ ਉਦਾਸ ਸੀ। ਕੱਲ੍ਹ ਹੀ ਕੋਈ ਦੇਖਣ ਵਾਲੇ ਆਏ ਸਨ ਪਰ ਕਿਸੇ ਨੇ ਭਾਨੀ ਮਾਰ ਦਿੱਤੀ ਸੀ। ਕੰਮ ਸਿਰੇ ਨਹੀਂ ਚੜ੍ਹਿਆ ਸੀ।
‘‘ਸੀਤਿਆ! ਯਾਰ ਕਾਹਦੇ ਲਈ ਮਰੀ ਜਾਨੇ। ਕੀ ਕਰਾਂਗੇ ਪੈਸਾ।”
‘‘ਕੀ ਗੱਲ ਹੋਗੀ।”
‘‘ਗੱਲ ਕੀ ਯਾਰ ਲੋਕਾਂ ਭੈਣ ਚੋ….. ਨੇ ਦੁਖੀ ਕਰਤਾ, ਬਈ ਜੇ ਤੁਸੀਂ ਆਵਦੀ ਕੁੜੀ ਦਾ ਰੁਪਈਆ ਨਹੀਂ ਫੜਾਉਣਾ। ਹੋਰ ਤਾਂ ਕਿਸੇ ਨੂੰ ਛੁਆਰਾ ਪਾ ਲੈਣ ਦਿਓ। ਪਰ ਇਨ੍ਹਾ ਛੋਟੀ ਦੇਣਿਆ ਨੂੰ ਭਾਨੀ ਮਾਰ ਕੇ ਪਤਾ ਨਹੀਂ ਕੀ ਲੱਭਦਾ। ਸਾਹਮਣੇ ਆ ਕਿ ਪਿਓ ਨਾਲ ਮੱਥਾ ਲਾਉਣ ਖਾਂ” ਕੁਲਬੀਰੇ ਦੀਆਂ ਅੱਖਾਂ ’ਚ ਖੂਨ ਉਤਰ ਆਇਆ।
‘‘ਮੈਂ ਤਾਂ ਕਿਹਾ ਮੰਗਣਾ-ਮੁੰਗਣਾ ਕਰਵਾਈ ਬੈਠਾ ਹੋਵੇਂਗਾ।”
‘‘ਕਿਥੇ ਕੁੜੀ ਚੋਦ ਲੋਕ ਹੋਣ ਦਿੰਦੇ। ਇਨ੍ਹਾਂ ਦਾ ਵੱਸ ਚਲੇ ਤਾਂ ਪਿਓ ਵਾਲੀ ਵੀ ਛੁਡਾ ਦੇਣ” ਕੁਲਬੀਰਾ ਅੱਕਿਆ ਪਿਆ ਸੀ। ਉਹਨੇ ਹੋਰ ਪੈਗ ਪਾਇਆ।
ਕੁਝ ਸੋਚਣ ਮਗਰੋਂ ਸੀਤਾ ਬੋਲਿਆ, ‘‘ਮੈਂ ਕਰਵਾ ਦੇਵਾਂ ਫੇਰ ਸਾਕ।”
‘‘ਕਿਥੇ ਯਾਰ ਐਡੀ ਕਿਸਮਤ। ਤੂੰ ਵੀ ਟਿਚਰਾਂ ਕਰਦੈਂ।”
‘‘ਨਹੀਂ ਜੀਤਿਆ ਤੈਨੂੰ ਯਾਰ ਕਿਹਾ ਤੇ ਹੁਣ ਆਪਾਂ ਰਿਸ਼ਤੇਦਾਰ ਬਣ ਜਾਨੇ ਆਂ, ਲੈ ਫੜ ਪੈੱਗ” ਸੀਤਾ ਚੌਹਾਂ ਭੈਣਾਂ ਦਾ ਇਕੱਲਾ ਭਰਾ ਸੀ। ਦੋਹਾਂ ਤੋਂ ਛੋਟੀਆਂ ਦੋ ਤਾਂ ਵਿਆਹੀਆਂ ਸਨ। ਉਦੋਂ ਸੀਤਾ ਐਨਾ ਬਦਨਾਮ ਨਹੀਂ ਸੀ। ਹੁਣ ਉਹਦੀਆਂ ਛੋਟੀਆਂ ਭੈਣਾਂ ਵਾਰੀ ਲੋਕ ਨੱਕ ਬੁੱਲ ਮਾਰਦੇ ਸਨ, ਬਲੈਕੀਏ ਨਾਲ ਕਿਹੜਾ ਸ਼ਰੀਫ ਬੰਦਾ ਮੱਥਾ ਲਾਉਂਦੇ। ਇਕ-ਦੋ ਥਾਂ ਇਸੇ ਕਰਕੇ ਰਿਸ਼ਤੇ ਟੁੱਟੇ ਸਨ। ਅਗਲੇ ਦਿਨ ਸੀਤਾ ਜਰਨੈਲ ਸਿੰਹ ਤੇ ਸੰਤੀ ਨੂੰ ਨਾਲ ਲੈ ਗਿਆ। ਜਰਨੈਲ ਸਿੰਹ ਨੇ ਆ ਕੇ ਦੱਸਿਆ ਸੀ, ‘‘ਰੰਨ ਮਿੱਤਰਾ ਸਿਰੇ ਦੀ ਆ” ਸੰਤੀ ਆਂਢ-ਗੁਆਂਢ ਦੱਸਦੀ ਫਿਰਦੀ ਸੀ। ਵਿਆਹ ਵੀ ਨਾਲ ਈ ਰੱਖ ਲਿਆ। ਦੋਹਾਂ ਧਿਰਾਂ ਨੇ ਪੂਰਾ ਜ਼ੋਰ ਲਾਇਆ ਸੀ। ਗਾਉਣ ਵਾਲੀਆਂ ਸੱਦੀਆ, ਸੌ ਬੰਦਾ ਬਰਾਤ ਦਾ। ਕੁਲਬੀਰ ਡਾਚੀ ਵਰਗੀ ਜ਼ਨਾਨੀ ਦੇਖ ਮਸਤਿਆ ਫਿਰਦਾ ਸੀ। ਐਡੀ ਦਲੇਰ ਕੁੜੀ, ਆਉਂਦੀ ਨੇ ਕੁਲਬੀਰ ਤਾਂ ਵਿਹਲਾ ਕਰ ਦਿੱਤਾ ਸੀ। ਮਾਲ ਰਲਾਉਣਾ, ਲਕੋਣਾ ਸਭ ਪਹਿਲੋਂ ਹੀ ਸਿੱਖੀ ਸਿਖਾਈ ਸੀ। ਭਰਾ ਲਿਆਉਂਦਾ ਤੇ ਭੈਣ ਸਾਂਭਦੀ ਕੁਲਬੀਰਾ ਮੋਟਰ ਸਾਇਕਲ ’ਤੇ ਸਪਲਾਈ ਕਰਦਾ।
ਜਰਨੈਲ ਸਿੰਹੁ ਦੀ ਜਰਨੈਲੀ ਨੂੰ ਅਚਿੰਤੇ ਬਿੱਜ ਆ ਪਈ। ਆਫ਼ਤ ਕੋਈ ਬਾਹਰੋਂ ਹੁੰਦੀ ਤਾਂ ਵੀ ਸੀ। ਉਹਦੇ ਘਰ ’ਚ ਸੀ। ਦਿਲਸ਼ੇਰ ਸਿੰਹੁ ਸਕਿਆਂ ’ਚੋਂ ਜੋ ਸਰਪੰਚੀ ਲਈ ਸਾਹਮਣੇ ਆ ਰਿਹਾ ਸੀ। ਲੋਕਾਂ ਨੂੰ ਉਨ੍ਹਾਂ ਖਿਲਾਫ਼ ਵਰਗਲਾ ਰਿਹਾ ਸੀ। ਜਰਨੈਲੇ ਨੂੰ ਪਤਾ ਸੀ ਕਿ ਬਲਵੰਤ ਦੇ ਪਾਸੇ ਦੀ ਵੋਟ ਵੀ ਉਹਨੂੰ ਪੈਣੀ ਤੇ ਉਹਦੇ ਆਪਣੇ ਪਾਸਿਓਂ ਵੀ ਉਹਨੇ ਵੋਟਾਂ ਭੰਨ ਲਿਜਾਣੀਆਂ। ਉਹਦੀ ਸਿੱਧੀ ਜਿੱਤ ਸੀ। ਉਹ ਜਿੱਤ ਦਾ ਉਨ੍ਹਾਂ ਨੂੰ ਬਹੁਤਾ ਡਰ ਨਹੀਂ ਸੀ, ਪਰ ਜੋ ਉਹ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਧੰਦਾ ਬੰਦ ਕਰਵਾ ਦੇਣਗੇ। ਇਹ ਖਤਰੇ ਵਾਲੀ ਗੱਲ ਸੀ। ਐਸ.ਐਸ.ਪੀ. ਨੂੰ ਵੀ ਦਰਖਾਸਤ ਦੇ ਚੁੱਕਾ ਸੀ। ਰੇਡ ਵੀ ਹੋਈ ਸੀ ਮਿਣ ਮੱਥ ਕੇ। ਉਸ ਦਿਨ ਸਾਰਾ ਮਾਲ ਇਧਰ-ਉਧਰ ਕਰ ਦਿੱਤਾ ਗਿਆ ਸੀ।
‘‘ਏਸ ਮੁਸੀਬਤ ਦਾ ਕੁੱਝ ਕਰੋ। ਨਹੀਂ ਉਜੜ ਜਾਣਗੇ। ਜਿੱਥੇ ਅੱਗੇ ਦੋ ਖਪਾਏ ਉਥੇ ਇਹਨੂੰ ਵੀ ਲੰਘਾ ਦਿਓ” ਕੁਲਬੀਰੇ ਨੇ ਬਲਵੰਤੇ ਮਗਰੋਂ ਕੀਤੂ ਦਾ ਪਤਾ ਨਹੀਂ ਕੀ ਕੀਤਾ ਸੀ। ਉਹ ਪਿੰਡੋਂ ਗਾਇਬ ਸੀ।
ਸਕੀਮ ਘੜੀ ਗਈ। ਕੁਲਬੀਰੇ ਦੀ ਹਸਪਤਾਲ ’ਚ ਹਾਜ਼ਰੀ ਪੁਆਈ। ਜਰਨੈਲ ਸਿੰਹੁ ਸਿੰਘਾਪੁਰ ਆਪਣੀ ਭੈਣ ਨੂੰ ਮਿਲਣ ਚਲਾ ਗਿਆ। ਸੀਤੇ ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਦਿਲਸ਼ੇਰ ਸਿੰਹੁ ਦਾ ਕਾਲ ਸ਼ਹਿਰੋਂ ਉਸ ਦੇ ਪਿੱਛੇ ਲੱਗ ਤੁਰਿਆ। ਜੀ.ਟੀ.ਰੋਡ ’ਤੇ ਕਾਲੀ ਜੀਪ ਬਰਾਬਰ ਚੜੀ ਗੋਲੀਆਂ ਦੀ ਹਨੇਰੀ ਵਰ੍ਹਾ ਕੇ ਚਲੀ ਗਈ। ਪਰਚਾ ਜਰਨੈਲ ਸਿੰਹੁ ਤੇ ਕੁਲਬੀਰੇ ਤੇ ਹੋਇਆ। ਪੁਲਸ ਨੇ ਪੈਸੇ ਹਜ਼ਮ ਕਰਨ ਲਈ ਮੌਕੇ ਦਾ ਕੋਈ ਗਵਾਹ ਨਾ ਰੱਖਿਆ। ਜਰਨੈਲ ਤਾਂ ਸਿੱਧਾ ਪਹਿਲੀ ਤਰੀਕ ’ਤੇ ਬਰੀ ਹੋ ਗਿਆ। ਕੁਲਬੀਰਾ ਦੂਜੀ ਤਰੀਕ ’ਤੇ।
ਕੁਲਬੀਰਾ ਹੁਣ ਬਿਲਕੁਲ ਬੇਡਰ ਹੋ ਗਿਆ ਸੀ। ਮਾੜੀ ਜਿੰਨੀ ਗੱਲ ’ਤੇ ਕਿਸੇ ਨੂੰ ਕੁੱਟ ਧਰਨਾ। ਧੱਕੇਸ਼ਾਹੀ ਕਰਨੀ ਆਮ ਗੱਲ ਹੋ ਗਈ ਸੀ। ਉਸ ਨੂੰ ਆਪਣੇ ਨਾਲ ਹੋਈ ਧੱਕੇਸ਼ਾਹੀ ਚੱੁਭਦੀ ਸੀ। ਦਿਲਸ਼ੇਰ ਦੇ ਕਤਲ ਮੌਕੇ ਜਰਨੈਲ ਨੇ ਵਾਅਦਾ ਕੀਤਾ ਸੀ ਕਿ ਵਾਕਿਆ ਤੁਸੀਂ ਕਰੋਗੇ ਪੈਸੇ ਮੈਂ ਲਾਊਂ, ਪਰ ਮਗਰੋਂ ਉਹਨੇ ਪੈਸੇ ਨਹੀਂ ਲਾਏ ਸਨ। ਕੁਲਬੀਰੇ ਨੇ ਇਹ ਕਹਿ ਕੇ ਵੀ ਮਨ ਸਮਝਾ ਲਿਆ। ਚਲੋ ਆਪਾਂ ਵੀ ਬਥੇਰੀ ਕੁੰਡੀ ਲਾ-ਲਾ ਬੈਕਾਂ ਭਰ ਲਈਆਂ।
ਜਰਨੈਲੇ ਨੂੰ ਉਸ ਦਿਨ ਵੱਟ ਚੜ ਗਈ ਜਦੋਂ ਕੁਲਬੀਰੇ ਨੇ ਵੀਹ ਏਕੜ ਦੀ ਡੇਢ ਲੱਖ ਦੇ ਹਿਸਾਬ ਨਾਲ ਇਕੱਠੀ ਰਜਿਸਟਰੀ ਕਰਵਾਈ। ਤੀਹ ਲੱਖ ਉਹਦੇ ਕੋਲ ਕਿਥੋਂ ਆਇਆ। ਉਹ ਮੂੰਹੋਂ ਤਾਂ ਨਾ ਫੁੱਟਿਆ ਪਰ ਅੰਦਰੋਂ ਅੰਦਰ ਕੁਲਬੀਰੇ ਨੂੰ ਸਬਕ ਸਿਖਾਉਣ ਦੀ ਠਾਣ ਲਈ। ਕੁਲਬੀਰਾ ਵੀ ਉਹ ਨਹੀਂ ਰਿਹਾ ਸੀ।
ਜ਼ਮੀਨ ਖਰੀਦੀ ਨੂੰ ਦੋ ਕੁ ਮਹੀਨੇ ਮਸਾਂ ਗੁਜ਼ਰੇ ਸਨ ਪੁਲਸ ਦੀ ਧਾੜ ਆ ਪਈ। ਕੁਲਬੀਰੇ ਨੂੰ ਘਰੋਂ ਹੀ ਆ ਬੁਚਿਆ। ਪੁਲਸ ਉਸ ਨੂੰ ਥਾਣੇ ਲੈ ਗਈ। ਐਸ.ਐਸ.ਪੀ. ਦੇ ਪੇਸ਼ ਕੀਤਾ। ਹੇਠਲੇ ਸਾਰੇ ਪੁਲਸੀਏ ਉਹਦੇ ਵਾਕਫ਼ ਸਨ। ਉਸ ਨੂੰ ਖ਼ੁਦ ਨਹੀਂ ਪਤਾ ਸੀ ਮਾਜ਼ਰਾ ਕੀ ਏ?
‘‘ਜਨਾਬ ਮੈਥੋਂ ਕੀ ਖੁਨਾਮੀ ਹੋਗੀ।”
‘‘ਖੁਨਾਮੀ! ਉਹ ਮੈਨੂੰ ਪੁਛਦੈਂ। ਤੈਨੂੰ ਨ੍ਹੀ ਪਤਾ।”
‘‘ਜਨਾਬ ਮੈਂ ਜਾਣ ਬੁੱਝ ਕੇ ਤਾਂ ਕੁੱਝ ਕੀਤਾ ਨਹੀਂ। ਅਚਣਚੇਤ ਕੁੱਝ ਹੋ ਗਿਆ ਹੋਵੇ ਤਾਂ ਮੁਆਫ਼ੀ ਮੰਗਦਾ” ਕੁਲਬੀਰੇ ਨੂੰ ਅਫ਼ਸਰ ਖੁਸ਼ ਕਰਨ ਦਾ ਵੱਲ ਤਾਂ ਆ ਗਿਆ ਸੀ, ਪਰ ਗੱਲ ਕੋਈ ਸਮਝ ਨਹੀਂ ਪੈ ਰਹੀ ਸੀ।
‘‘ਇੱਕ ਨਹੀਂ ਦੋ ਮਹੀਨਿਆਂ ਤੋਂ ਤੁਹਾਡੇ ਮੂੰਹ ਵੱਲ ਦੇਖੀ ਜਾਨਾ। ਅੱਜ ਆਉਂਦੇ ਕੱਲ੍ਹ ਆਉਂਦੇ। ਸੁਨੇਹੇ ਵੀ ਭੇਜੇ ਪਰ ਤੁਸੀਂ…..।”
‘‘ਜਨਾਬ ਮੇਰੇ ਤੱਕ ਕੋਈ ਸੁਨੇਹਾ ਨਹੀਂ ਪਹੁੰਚਿਆ। ਮੈਂ ਤਾਂ ਚੜੇ ਮਹੀਨੇ ਸਾਰਾ ਹਿਸਾਬ-ਕਿਤਾਬ ਜਰਨੈਲ ਸਿੰਹੁ ਨੂੰ ਦੇ ਦਿੰਦਾ ਹਾਂ। ਉਹ ਤੁਹਾਡੇ ਕੋਲ ਆਉਂਦਾ ਪਰ ਅੱਜ- ਕੱਲ੍ਹ ਉਹ ਮੈਨੂੰ ਕੁਝ ਬਦਲਿਆ ਲਗਦਾ।”
‘‘ਕਿਉ?” ਐਸ.ਐਸ.ਪੀ. ਸਾਹਿਬ ਨੇ ਮੱਥੇ ’ਤੇ ਤਿਉੜੀ ਉਭਰੀ ਅਜੇਹੀ ਖਰੀ ਅਸਾਮੀ ਹੱਥੋਂ ਗਈ ਤਾਂ ਮਾਰਿਆ ਜਾਊ।
‘‘ਬਸ ਜੀ ਸਰਦਾਰ ਲੋਕਾਂ ਦਾ ਤੁਹਾਨੂੰ ਪਤੈ। ਚਿੱਤੜ ਕੁੱਟੇ ਜਾਣਗੇ ਤਾਂ ਮਾਹਤੜਾ ਦੇ ……। ਖੈਰ ਜਿੰਨੀ ਦੇਰ ਤੁਸੀਂ ਬੈਠੇ ਹੋ ਸਾਨੂੰ ਕਾਹਦਾ ਡਰ।”
‘‘ਦੇਖ, ਜਰਨੈਲਾ ਭਜੂ ਆ ਤਾਂ ਤੂੰ ਮੈਦਾਨ ’ਚ ਆਜਾ ਸਿੱਧਾ ਹੋ ਕੇ। ਤੂੰ ਉਹਤੋਂ ਕੀ ਲੈਣਾ” ਸਾਹਬ ਨੂੰ ਮਾਲ ਚਾਹੀਦਾ ਸੀ।
‘‘ਜਨਾਬ ਉਹਤੋਂ ਡਰ ਲਗਦੈ ਕਿੱਤੇ…..।”
‘‘ਦੇਖ ਪੈਸਾ ਡਰ-ਡਰ ਕੇ ਨ੍ਹੀ ਬਣਦਾ। ਇਕ ਪਾਸੇ ਪੈਸਾ ਤੇ ਇਕ ਪਾਸੇ ਜੇਲ੍ਹ ਜੋ ਮਰਜ਼ੀ ਚੁਣ ਲੈ।”
‘‘ਠੀਕ ਏ ਜਨਾਬ” ਕੁਲਬੀਰੇ ਨੇ ਫੈਸਲਾ ਕਰ ਲਿਆ। ਐਵੇਂ ਉਹਨੂੰ ਮੁਖਤੋਂ-ਮੁਖਤੀ ਅੱਧ ਦੇਈਦੈ।
‘‘ਹੁਣ ਅਗਾਂਹ ਨੂੰ ਪੰਜਾਹ ਤੋਂ ਘੱਟ ਨੀ ਸਰਨਾ।”
‘‘ਪੰਜਾਹ!” ਕੁਲਬੀਰਾ ਹੈਰਾਨ ਰਿਹਾ ਗਿਆ, ‘‘ਜਨਾਬ….” ਉਹ ਕੁਝ ਕਹਿਣਾ ਚਾਹੁੰਦਾ ਸੀ ਸਾਹਬ ਉਹਦੀ ਗੱਲ ਕੱਟ ਕੇ ਬੋਲਿਆ, ‘‘ਮੈਨੂੰ ਪਤੈ ਤੁਸੀਂ ਪਹਿਲਾਂ ਚਾਲੀ ਭੇਜਦੇ ਰਹੇ ਹੋ ਪਰ ਹੁਣ ਉਹ ਗੱਲ ਨ੍ਹੀ ਬਣਨੀ। ਮਹਿੰਗਾਈ ਹੋ ਗਈ। ਉਤਾਂਹ ਲੀਡਰਾਂ ਨੇ ਅੱਡ ਭੁੱਖ ਪਾਈ ਪਈ।”
‘‘ਠੀਕ ਏ ਜਨਾਬ” ਕੁਲਬੀਰਾ ਤਾਂ ਅਸਲ ’ਚ ਕਹਿਣਾ ਚਾਹੁੰਦਾ ਸੀ ਕਿ ਜਰਨੈਲ ਸਿੰਹੁ ਤਾਂ ਹੁਣ ਤੱਕ ਅੱਸੀ ਹਜ਼ਾਰ ਆਖਦਾ ਰਿਹਾ ਤੇ ਮੈਂ ਅੱਸੀ ਹੀ ਦਿੰਦਾ ਰਿਹਾ। ‘‘ਐਡਾ ਧੋਖਾ” ਉਸ ਨੇ ਜਰਨੈਲੇ ਨੂੰ ਗਾਲ ਕੱਢੀ। ਡੀ.ਐਸ.ਪੀ. ਨਾਲ ਵੀ ਤੀਹ ’ਚ ਗੱਲ ਨਿਬੜੀ। ਪਹਿਲਾਂ ਉਹ ਪੈਂਤੀ ਭੇਜਦੇ ਰਹੇ ਸੀ।
ਜਰਨੈਲਾ ਆਪਣੇ ਬੁਣੇ ਜਾਲ ਵਿਚ ਆਪ ਫਸ ਗਿਆ। ਉਹ ਜੋ ਚਾਹੁੰਦਾ ਸੀ ਕਿ ਕੁਲਬੀਰਾ ਉਹਦੇ ਪੈਰੀਂ ਡਿੱਗੇਗਾ। ਉਹ ਨਹੀਂ ਹੋਇਆ। ਉਹ ਤਾਂ ਸਗੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਸੀ। ਹੁਣ ਜਰਨੈਲੇ ਨੂੰ ਫ਼ਿਕਰ ਵੱਢ-ਵੱਢ ਖਾਣ ਲੱਗਾ। ਇਕ ਤਾਂ ਕੁਲਬੀਰੇ ਦੇ ਗੁੱਸੇ ਤੋਂ ਉਹ ਡਰਦਾ ਸੀ। ਦੂਜਾ ਚੋਣਾਂ ਸਿਰ ’ਤੇ ਸਨ। ਉਹਨੇ ਆਪਣੇ ਸਾਂਝੇ ਯਾਰ ਦੋਸਤ ਕੁਲਬੀਰੇ ਦੇ ਘਰੇ ਢੋਣੇ ਸ਼ੁਰੂ ਕੀਤੇ। ਸਾਰਿਆਂ ਨੇ ਵਿਚ ਪੈ ਕੇ ਰਾਜੀ ਨਾਮਾ ਕਰਵਾ ਦਿੱਤਾ। ਧੰਦੇ ਵਿਚੋਂ ਤਾਂ ਜਰਨੈਲਾ ਬਾਹਰ ਹੀ ਰਿਹਾ ਪਰ ਉਹ ਸਰਪੰਚੀ ਫੇਰ ਲੈ ਗਿਆ।
ਕੁਲਬੀਰੇ ਨੇ ਪੰਜਾਂ ਸਾਲਾਂ ਵਿਚ ਅੰਨ੍ਹਾ ਪੈਸਾ ਕਮਾਇਆ ਸੀ। ਨੇੜੇ-ਤੇੜੇ ਪੰਜਾਹ ਸੱਠ ਏਕੜ ਜ਼ਮੀਨ ਖਰੀਦ ਲਈ। ਚੰਡੀਗੜ੍ਹ ਕੋਠੀ ਖਰੀਦ ਕੇ ਬੱਚੇ ਉੱਥੇ ਪੜ੍ਹਨ ਭੇਜ ਦਿੱਤੇ। ਮੋਟਰ ਸਾਇਕਲ ਦੀ ਥਾਂ ਕਾਰਾਂ ਆ ਗਈਆਂ। ਪੈਸੇ ਦੀ ਆਮਦ ਬੰਦੇ ਨੂੰ ਦਲੇਰ ਤਾਂ ਬਣਾਉਂਦੀ ਹੀ ਹੈ ਤੇ ਹੋਰ ਵੀ ਲਾਲਸਾ ਪੈਦਾ ਕਰਦੀ ਹੈ। ਉਹ ਸੋਚ ਰਿਹਾ ਸੀ ਕਿ ਉਹ ਜਰਨੈਲ ਨੂੰ ਸਰਪੰਚ ਬਣਾਉਂਦਾ। ਕਿਉਂ ਨਹੀਂ ਆਪ ਬਣਦਾ। ਇਹ ਸੋਚ ਉਸ ਮੁਹਿੰਮ ਵਿੱਢ ਦਿੱਤੀ ਸੀ। ਪਿੰਡ ’ਚ ਜੋ ਗਰੀਬ-ਗੁਰਬਾ ਵਿਆਹ ਸ਼ਾਦੀ ਲਈ ਕੁਝ ਮੰਗਦਾ ਉਹ ਵੱਧ ਦੇ ਦਿੰਦਾ। ਵਿਧਾਨ ਸਭਾ ਦੀਆਂ ਚੋਣਾਂ ਆਈਆਂ। ਦੇਖਿਆ ਜਿਹੜੀ ਪਾਰਟੀ ਦੀ ਹਵਾ ਉਸੇ ’ਚ ਛਾਲ ਮਾਰ ਦਿੱਤੀ। ਪਾਰਟੀ ਚੰਦਾ ਵਧ ਕੇ ਦਿੱਤਾ। ਸੰਭਾਵੀਂ ਮੁੱਖ ਮੰਤਰੀ ਨੂੰ ਉਹਦੇ ਹਲਕੇ ’ਚ ਜਾ ਕੇ ਸਿੱਕਿਆ ਨਾਲ ਤੋਲਿਆ। ਮੁੱਖ ਮੰਤਰੀ ਨੇ ਬਣਦਿਆਂ ਸਰਪੰਚੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ। ਕੁਲਬੀਰਾ ਸੌਖਾ ਹੀ ਜਿੱਤ ਗਿਆ। ਮੈਂਬਰਾਂ ਦੀ ਖਰੀਦੋ ਫਰੋਖਤ ਨਾਲ ਜਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਬਣ ਗਿਆ। ਅੱਜ ਮੁੱਖ ਮੰਤਰੀ ਨਾਲ ਜਿਲ੍ਹੇ ’ਚ ਦੌਰੇ ’ਤੇ ਸੀ।
ਪੱਤਰਕਾਰ, ‘‘ਜੋ ਕੁਲਬੀਰੇ ਨੇ ਕਤਲ, ਮਾਰ ਧਾੜ, ਸਮਗਲਿੰਗ ਵਰਗੇ ਜ਼ੁਰਮ ਪੁਲਸ ਨਾਲ ਮਿਲ ਕੇ ਐਨੀ ਸਫਾਈ ਨਾਲ ਕੀਤੇ ਹੋਣ ਕਿ ਜਿੰਨ੍ਹਾ ਬਾਰੇ ਜਾਂ ਤਾਂ ਕੋਰਟ ਵਿਚ ਕੇਸ ਹੋਇਆ ਹੀ ਨਾ ਹੋਵੇ ਜੋ ਹੋਇਆ ਹੋਵੇ ਤਾਂ ਕਾਨੂੰਨੀ ਮੋਰੀਆਂ ਰਾਹੀਂ ਉਹ ਬਚ ਨਿਕਲਿਆ ਹੋਵੇ ਫਿਰ?”
‘‘ਜਦੋਂ ਕਿਸੇ ਨੂੰ ਕਾਨੂੰਨ ਅਪਰਾਧੀ ਕਰਾਰ ਨਹੀਂ ਦਿੰਦਾ ਅਸੀਂ ਉਸ ਨੂੰ ਕਿਵੇਂ ਅਪਰਾਧੀ ਮੰਨ ਲਈਏ” ਮੁੱਖ ਮੰਤਰੀ ਜੀ ਤੁਰ ਪਏ। ਨਾਲ ਜਾਂਦੇ ਕੁਲਬੀਰੇ ਨੇ ਪੱਤਰਕਾਰ ਨੂੰ ਘੂਰਿਆ ਜਿਵੇਂ ਕਹਿ ਰਿਹਾ ਹੋਵੇ, ‘‘ਤੈਨੂੰ ਪੁਲਸ ਨਾਲ ਮਿਲ ਕੇ ਨਹੀਂ ਪੁਲਸ ਤੋਂ …….।”

LEAVE A REPLY

Please enter your comment!
Please enter your name here