ਉਫ਼ ਕਿੰਨੀਆਂ ਲਾਸ਼ਾਂ ਦੇ ਢੇਰ ਹਨ
ਇਸ ਕੁਰਸੀ ਦੇ ਥੱਲੇ।
ਮੈਂ ਕਦੇ ਵੀ ਇੰਨੀ ਜ਼ਾਲਮ,
ਗੁਨਾਹਗਾਰ ,ਕਾਤਲ ਸ਼ੈ ਨਹੀਂ ਦੇਖੀ ।
ਜਿਸ ਨੂੰ ਦੁਨੀਆ ਦੀ ਹਰ ਅਦਾਲਤ ਵੀ ਮੁਆਫ਼ ਕਰ ਦੇਵੇ।
ਅਤੇ ਹੋਰ ਦੂਣਾ ਹੋ ਜਾਵੇ ਇਸ ਦਾ ਰੁਤਬਾ।
ਖ਼ੂਨ ਕਰਨ ਮਗਰੋਂ।
ਜਦ ਪੂੰਝ ਕੇ ਉਸ ਤੋਂ ਲੱਗੇ ਖ਼ੂਨੀ ਦਾਗ਼,
ਵਜਾਏ ਜਾਣ ਢੋਲ ਢਮੱਕੇ,
ਤੇ ਕੀਤੀ ਜਾਵੇ ਉਸ ਦੀ ਤਾਜਪੋਸ਼ੀ।
ਇੱਕ ਹੋਰ ਖ਼ੂਨ ਕਰਨ ਵਾਸਤੇ।
ਫਿਰ ਡਰ ਕੇ ਲੋਕ ਉਸ ਦੀ ਦਹਿਸ਼ਤ ਤੋਂ,
ਕਰ ਦੇਣ ਆਪਣੀ ਜ਼ਿੰਦਗੀ ਇਸ ਦੇ ਹਵਾਲੇ।
ਤੇ ਹੋ ਜਾਣ ਨਿਹੱਥੇ,
ਤੇ ਝੁਕਾ ਦੇਣ ਆਪਣੀ ਗਰਦਨ,
ਇਸ ਦੇ ਅੱਗੇ ਕਤਲ ਹੋਣ ਵਾਸਤੇ।
ਉਫ਼!
ਇਹ ਕੁਰਸੀ ਵੀਦੈਂਤ ਰੂਪੀ ਭੁੱਖ ਹੈ,
ਜਿਹੜੀ ਸਦੀਆਂ ਦਰ ਸਦੀਆਂ ਵੀ ਨਹੀਂ ਰੱਜ ਦੀ,
ਲਾਸ਼ਾਂ ਖ਼ਾਹ ਕੇ।
ਇਸ ਤੇ ਬੈਠਣ ਵਾਲਿਆਂ ਨੂੰ,
ਰਤਾ ਭਰ ਵੀ ਖ਼ੌਫ਼ ਨਹੀਂ ਆਉਂਦਾ।
ਡਰ ਨਹੀਂ ਲੱਗਦਾ ਲਾਸ਼ਾਂ ਦੇ ਢੇਰ ਉੱਤੇ ਬਹਿੰਦਿਆਂ?
ਇਹ ਖ਼ੂਨ ਪੀਣੀ ਕੁਰਸੀ ਬੜੀ ਜਿਦੀ ਹੈ।
ਜਿਹੜੀ ਆਪਣੇ ਮਾਣ ਸਨਮਾਨ ਲਈ,
ਮੰਗਦੀ ਹੈ ਬੰਦੇ ਦੀ ਬਲੀ।
ਤੇ ਕਿੰਨੀ ਆਸਾਨੀ ਨਾਲ ਦਿੱਤੀ ਜਾਂਦੀ ਹੈ,
ਮੇਰੇ ਦੇਸ਼ ਵਿੱਚ ਅੱਜ ਵੀ,
ਬੇਜਾਨ ਚੀਜ਼ ਵਾਸਤੇ ਬਲੀ।
ਜਿਸ ਨੂੰ ਦੇਖ ਰਹੀਆਂ ਹਨ ਅਦਾਲਤਾਂ,
ਰੰਗਦਾਰ ਐਨਕਾਂ ਲਾ ਕੇ।
ਤੇ ਛਾਪ ਰਿਹਾ ਅਖ਼ਬਾਰ ਦਾ ਸੰਪਾਦਕ ਵੀ
ਆਪਣਾ ਜ਼ਮੀਰ ਵੇਚ ਕੇ,
ਕਾਤਲ ਕੁਰਸੀ ਦੀ ਵਾਹ ਵਾਹ ਵਿੱਚ ਸਾਊ ਅੱਖਰ।
( ਅੰਜੂਜੀਤ ਸ਼ਰਮਾ ਜਰਮਨੀ)

LEAVE A REPLY

Please enter your comment!
Please enter your name here