ਵਾਸ਼ਿੰਗਟਨ ਡੀ. ਸੀ. 25 ਨਵੰਬਰ (ਰਾਜ ਗੋਗਨਾ) – ਕਰਤਾਰਪੁਰ ਸਾਹਿਬ ਸਿੱਖਾਂ ਦਾ ਮੱਕਾ ਹੈ। ਗੁਰੂ ਨਾਨਕ ਸਾਹਿਬ ਸਰਬ-ਸਾਂਝੀਵਾਲਤਾ ਦਾ ਮੁਜੱਸਮਾ ਹਨ।ਸਾਂਝੇ ਗੁਰੂ ਦੀਆਂ ਸਿੱਖਿਆਵਾਂ ਮਾਨਵਤਾ ਲਈ ਪ੍ਰੇਰਨਾਸ੍ਰੋਤ ਹਨ। ਜਦੋਂ ਚਾਦਰ ਵੰਡੀ ਗਈ ਸੀ, ਉਸੇ ਦਿਨ ਤੋਂ ਦੋ ਟੁਕੜਿਆਂ ਵਿੱਚ ਭਾਰਤ ਵੰਡਿਆ ਗਿਆ ਸੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਸਿੱਖਾਂ ਦੇ ਨੌਂ ਗੁਰੂਆਂ ਦੇ ਅਸਥਾਨ ਪਾਕਿਸਤਾਨ ਵਿੱਚ ਚਲੇ ਜਾਣਗੇ। ਪਰ ਜਦੋਂ ਵੰਡ ਹੋ ਗਈ ਤਾਂ ਖਿਆਲ ਆਇਆ ਕਿ ਸਾਨੂੰ ਸਾਡੇ ਤੀਰਥ ਅਸਥਾਨਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਮਿਲਣੀ ਚਾਹੀਦੀ ਹੈ। ਜਿਸ ਲਈ ਜੱਦੋ ਜਹਿਦ ਹੁੰਦੀ ਰਹੀ। ਪਹਿਲਾ ਗੁਰਦੁਆਰਾ ਪ੍ਰਬੰਧ ਕਮੇਟੀ ਪਾਕਿਸਤਾਨ ਹੋਂਦ ਵਿੱਚ ਸਵਰਗਵਾਸੀ ਗੰਗਾ ਸਿੰਘ ਢਿਲੋ ਨੇ ਹੋਂਦ ਵਿੱਚ ਲਿਆਂਦੀ।ਉਪਰੰਤ ਵੀਜ਼ੇ ਰਾਹੀਂ ਗੁਰਪੁਰਬ ਮਨਾਉਣ ਦਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਕੁਲਦੀਪ ਸਿੰਘ ਵਡਾਲਾ ਵਲੋਂ ਅਰੰਭਿਆ ਗਿਆ ਸੀ। ਅਜੇ ਵੀ ਇਹ ਅਰਦਾਸ ਕਰਨੀ ਜਾਰੀ ਹੈ। ਜਿਸ ਵਿੱਚ ਯੁਨਾਈਟਡ ਨੇਸ਼ਨ ਦੇ ਅੰਬੈਸਡਰ ਜਾਨ ਮੈਕਡੋਨਲ ਵੀ ਸ਼ਾਮਲ ਹੋਏ। ਜਾਣਕਾਰੀ ਪ੍ਰਾਪਤ ਕਰਨ ਉਪਰੰਤ ਭਾਰਤ ਸੀਮਾ ਦਾ ਦੌਰਾ ਕਰਕੇ ਇਸ ਲਾਂਘੇ ਨੂੰ ਖੋਲ੍ਹਣ ਦੀ ਸ਼ੁਰੂਆਤ ਕੀਤੀ ਸੀ।
ਜ਼ਿਕਰਯੋਗ ਹੈ ਯੁਨਾਈਟਡ ਸਿੱਖ ਮਿਸ਼ਨ ਨੇ ਜਾਨ ਮੈਕਡੋਨਲਡ ਨਾਲ 2009 ਵਿੱਚ ਸੰਧੀ ਕਰਕੇ ਇਸ ਕਰਤਾਰ ਪੁਰ ਲਾਂਘੇ ਦਾ ਕਿਤਾਬਚਾ ਤਿਆਰ ਕਰਵਾਇਆ। ਜਿਸ ਦਾ ਸਾਰਾ ਖਰਚਾ ਰਛਪਾਲ ਸਿੰਘ ਢੀਂਡਸਾ ਮੁੱਖ ਸੇਵਾਦਾਰ ਯੁਨਾਈਟਡ ਸਿੱਖ ਮਿਸ਼ਨ ਨੇ ਕੀਤਾ। ਪਰ ਇਸ ਕਿਤਾਬਚੇ ਨੂੰ ਨੇਪਰੇ ਚਾੜ੍ਹਨ ਲਈ ਪੰਜ ਮੈਂਬਰੀ ਕਮੇਟੀ ਵਾਸ਼ਿੰਗਟਨ ਮੈਟਰੋ ਪੁਲਿਟਨ ਦਾ ਅਹਿਮ ਰੋਲ ਸੀ। ਜਿਨ੍ਹਾਂ ਵਿੱਚ ਡਾ. ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਵਰਲਡ ਬੈਂਕ, ਆਤਮਾ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਅਮਰ ਮੱਲੀ ਆਦਿ ਸ਼ਾਮਲ ਹਨ।ਇਸ ਨਾਲ ਸਹਿਯੋਗ ਵਿੱਚ ਹਰਵਿੰਦਰ ਰਿਆੜ ਟੀਵੀ ਐਕਰ, ਅਵਤਾਰ ਸਿੰਘ ਪੰਨੂ ਦਾ ਵੀ ਸਹਿਯੋਗ ਰਿਹਾ ਹੈ।
ਉਪਰੰਤ ਪੰਜਾਬ ਸਰਕਾਰ ਤੋਂ ਮਤਾ ਪਾਸ ਕਰਵਾਉਣ ਵਿੱਚ ਨਿਰਮਲ ਸਿੰਘ ਕਾਹਲੋ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਪ੍ਰਵਾਨਤ ਕਰਵਾ ਕੇਂਦਰ ਤੱਕ ਪਹੁੰਚਾਉਣ ਦਾ ਕੰਮ ਵੀ ਇਸੇ ਕਮੇਟੀ ਨੇ ਕੀਤਾ, ਜਿਸ ਵਿੱਚ ਨਿਰਮਲ ਸਿੰਘ ਕਾਹਲੋਂ, ਮਨਜੀਤ ਸਿੰਘ ਜੀ. ਕੇ., ਅਵਤਾਰ ਸਿੰਘ ਦਾ ਅਥਾਹ ਯੋਗਦਾਨ ਰਿਹਾ। ਪਰ ਯੁਨਾਈਟਡ ਸਿੱਖ ਮਿਸ਼ਨ ਵਲੋਂ ਲਗਾਤਾਰ ਲਿਖਤੀ ਚਿੱਠੀਆਂ ਅਤੇ ਕਿਤਾਬਚੇ ਰਿਪੋਰਟ ਨੂੰ ਹਰੇਕ ਸਰਕਾਰੀ ਨੁਮਾਇੰਦੇ ਹੱਥ ਪਹੁੰਚਾਉਣ ਦਾ ਪੂਰਾ ਯੋਗਦਾਨ ਪਾਇਆ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜਸੀ ਵਲੋਂ ਹਰੇਕ ਪਾਕਿਸਤਾਨ ਦੇ ਨੁਮਾਇੰਦੇ ਅਤੇ ਪਾਕਿਸਤਾਨ ਅੰਬੈਸੀ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਅਤੇ ਇਸ ਪ੍ਰੋਜੈਕਟ ਨੂੰ ਜੀਵਤ ਰੱਖਿਆ। ਜਿਸ ਸਦਕਾ ਭਾਰਤੀ ਨੁਮਾਇੰਦੇ ਵੀ ਕੇਂਦਰ ਵਿੱਚ ਸਮੇਂ ਸਮੇਂ ਮੰਗ ਉਠਾਉਂਦੇ ਰਹੇ, ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਅਹਿਮ ਰੋਲ ਰਿਹਾ।
ਜਿਉਂ ਹੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਇਮਰਾਨ ਖਾਨ ਵਜ਼ੀਰੇ ਆਜ਼ਮ ਦੀ ਸਹੁੰ ਚੁੱਕ ਸਮਾਗਮ ਵਿੱਚ ਗਏ ਤਾਂ ਜਨਰਲ ਬਾਜਵਾ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਤਜਵੀਜ਼ ਨੂੰ ਸਾਂਝਿਆ ਕੀਤਾ।ਜੋ ਹਰ ਸਿੱਖ ਲਈ ਅਹਿਮ ਕਦਮ ਮਹਿਸੂਸ ਹੋਣ ਲੱਗੀ। ਜਿਸ ਕਰਕੇ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਵਸੀਲਿਆਂ ਰਾਹੀਂ ਜਾਗਰੂਕ ਹੋ , ਕੇਂਦਰ ਤੇ ਹੋਰ ਜ਼ੋਰ ਪਾਉਣ ਲੱਗੇ। ਜਿਸ ਦੇ ਇਵਜਾਨੇ ਯੁਨਾਈਟਡ ਸਿੱਖ ਮਿਸ਼ਨ ਨੇ ਹਰੇਕ ਦਾ ਸਹਿਯੋਗ ਲੈਂਦੇ ਹੋਏ ਸਿੱਖਸ ਆਫ ਅਮਰੀਕਾ ਦੀ ਹਮਾਇਤ ਨਾਲ ਮੀਡੀਆ ਰਾਹੀਂ ਇਸ ਮੰਗ ਨੂੰ ਸੰਸਾਰਕ ਸਿੱਖ ਮੰਗ ਬਣਾ ਦਿੱਤਾ।
ਮੁੱਢਲੇ ਦੌਰ ਵਿੱਚ ਸਿੱਖਸ ਆਫ ਅਮਰੀਕਾ, ਅੰਤਰ-ਰਾਸ਼ਟਰੀ ਸਿੱਖ ਕੌਂਸਲ ਨੇ ਹਮਾਇਤ ਕਰਕੇ ਓਵਰਸੀਜ਼ ਬੀ. ਜੇ. ਪੀ. ਦੇ ਮੁੱਖ ਨੇਤਾ ਡਾ. ਅਡੱਪਾ ਪ੍ਰਸਾਦ ਅਤੇ ਕੰਵਲਜੀਤ ਸਿੰਘ ਸੋਨੀ ਸਿੱਖ ਅਫੇਅਰ ਕਮੇਟੀ ਅਤੇ ਸਮੂਹ ਸਿੱਖ ਸੰਸਥਾਵਾਂ ਰਾਹੀਂ ਮਸਲਾ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕੀਤੀ। ਜਿਸ ਨੂੰ ਡਾ. ਅਡੱਪਾ ਪ੍ਰਸਾਦ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ। ਜਿਸ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕਰਤਾਰਪੁਰ ਕੋਰੀਡੋਰ ਨੂੰ ਆਪਣੇ ਪਾਸੇ ਸ਼ੁਰੂਆਤ ਵਿਕਾਸ ਦੇ ਰੂਪ ਵਿੱਚ ਕਰਨ ਦਾ ਫੈਸਲਾ ਲਿਆ ਹੈ। ਜੋ ਵਧੀਆ ਉਪਰਾਲਾ ਹੈ। ਅਜੇ ਇਸ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਨਾਮ ਨਹੀਂ ਦੇ ਸਕਦੇ। ਸਿਰਫ ਪਹਿਲ ਕਦਮੀ ਦਾ ਇੱਕ ਕਦਮ ਕਹਿ ਸਕਦੇ ਹਾਂ।
ਭਾਵੇਂ ਪਾਕਿਸਤਾਨ ਆਪਣੇ ਪਾਸੇ ਵੀ ਅਜਿਹੇ ਕਦਮ ਚੁੱਕ ਰਿਹਾ ਹੈ ਜੋ ਦੋਹਾਂ ਮੁਲਕਾਂ ਵਲੋਂ ਇੱਕ ਸ਼ੁਰੂਆਤ ਹੈ। ਲੋੜ ਹੈ ਮਿਲ ਬੈਠ ਕੇ ਅਗਲੀ ਕਾਰਵਾਈ ਕਰਨ ਦੀ, ਜਿਸ ਲਈ ਕਾਫੀ ਕੁਝ ਕਰਨਾ ਬਾਕੀ ਹੈ। ਜਿਸ ਵਿੱਚ ਮੌਕੇ ਤੇ ਵੀਜ਼ਾ ਪ੍ਰਦਾਨ ਕਰਨਾ, ਸਫਾਰਥਖਾਨਾ ਬਾਰਡਰ ਤੇ ਸਥਿਤ ਕਰਨਾ, ਦੋਹਾਂ ਮੁਲਕਾਂ ਦੀਆਂ ਆਪਸੀ ਸੁਰਤਾ ਤੇ ਸਕਿਓਰਿਟੀ ਨੂੰ ਤੈਅ ਕਰਨਾ ਹੈ। ਜਿਸ ਲਈ ਦੁਵੱਲੀ ਮੀਟਿੰਗ ਦਾ ਹੋਣਾ ਲਾਜ਼ਮੀ ਹੈ। ਪਰ ਹਾਲ ਦੀ ਘੜੀ ਪਹਿਲ ਕਦਮੀ ਵਾਲਾ ਉਪਰਾਲਾ ਲੋਕਹਿਤ ਅਤੇ ਸ਼ੁਰੂਆਤ ਲਈ ਅੱਛਾ ਹੈ।
ਇੱਥੇ ਇਕ ਗੱਲ ਦੱਸਣੀ ਜ਼ਰੂਰੀ ਹੈ ਕਿ 1990 ਵਿੱਚ ਇਸ ਦੇ ਵਿਕਾਸ ਲਈ ਉਪਰਾਲਾ ਸਾਜਿਦ ਤਰਾਰ ਵੱਲੋਂ ਕੀਤਾ ਗਿਆ ਸੀ। ਜਿਸ ਦੇ ਇਵਜ਼ਾਨੇ ਇੱਥੋਂ ਦਾ ਗੁਰਦੁਆਰਾ ਦਰਸ਼ਨਾਂ ਦੇ ਯੋਗ ਹੋ ਸਕਿਆਂ ਸੀ ਜਿਸ ਵਿੱਚ ਨੀਊਜਰਸੀ ਦੇ ਇਕ ਪ੍ਰੀਵਾਰ ਦਾ ਅਹਿਮ ਯੋਗਦਾਨ ਸੀ। ਜਿਸ ਸਦਕਾ ਸਾਜਿਦ ਤਰਾਰ ਅਪਨੇ ਆਪ ਨੂੰ ਪ੍ਰਫਲਤ ਤੇ ਸਮਰੱਥ ਹੋ ਅਮਰੀਕਾ ਵਿੱਚ ਵਿਚਰ ਰਹੇ ਹਨ।ਆਸ ਹੈ ਕਿ ਉਹ ਨੀਂਹ ਪੱਥਰ ਰੱਖਣ ਸਮੇਂ ਹਾਜ਼ਰ ਵੀ ਹੋਣਗੇ।
ਪਰ ਪਤਾ ਨਹੀਂ ਹਰੇਕ ਰੋਟੀਆਂ ਸੇਕਣ ਤੇ ਆਪੋ ਆਪਣੇ ਖੇਮੇ ਨੂੰ ਤਰਜੀਹ ਦੇ ਰਿਹਾ ਹੈ। ਆਸ ਹੈ ਕਿ ਸੁਚਾਰੂ ਕਦਮ ਅਤੇ ਦੁਵੱਲੀ ਗੱਲਬਾਤ ਲਈ ਮਾਹੌਲ ਤਿਆਰ ਕਰਕੇ, ਵਧੀਆ ਸਬੰਧਾਂ ਨੂੰ ਅੰਜ਼ਾਮ ਦਿੱਤਾ ਜਾਵੇ ।ਤਾਂ ਜੋ ਦੋਵੇਂ ਮੁਲਕ ਗੁਆਂਢੀ ਹੋਣ ਦੇ ਨਾਤੇ ਵਧੀਆ ਮਹੌਲ ਸਿਰਜ ਕੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਸੁਰਜੀਤ ਕਰਨ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਰਦਾਸ ਕਰਨ ਕਿ ਇਹ ਕਰਤਾਰਪੁਰ ਲਾਂਘਾ ਖੁਲ੍ਹ ਜਾਵੇ ।ਦੋਹਾਂ ਮੁਲਕਾਂ ਦਾ ਪਿਆਰ ਮੁੜ ਪੈ ਜਾਵੇ ਜੋ ਆਰਥਿਕਤਾ ਵਿੱਚ ਮਜ਼ਬੂਤੀ ,ਰੋਜ਼ਗਾਰ ਵਸੀਲਿਆਂ ਵਿੱਚ ਵਾਧਾ ਅਤੇ ਸਬੰਧਾਂ ਦੀ ਮਜ਼ਬੂਤੀ ਦਾ ਇੱਕ ਆਮਲ ਸਿੱਧ ਹੋ ਜਾਵੇ
ਅਮਰੀਕੀ ਸਿੱਖਾਂ ਦੇ ਉਪਰਾਲੇ ਸਦਕਾ ਕਰਤਾਰਪੁਰ ਕੋਰੀਡੋਰ ਦਾ ਕੇਂਦਰ ਭਾਵੇਂ ਸਿੱਖਾਂ ਵਲੋਂ ਨਿੱਤ ਅਰਦਾਸ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਖਾਲਸੇ ਨੂੰ ਬਖਸ਼ੇ ਜਾਣ, ਪਰ ਅਮਰੀਕਾ ਦੇ ਸਿੱਖਾਂ ਵਲੋਂ ਆਪਣੇ ਮੱਕੇ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਲਈ ਵਿਉਂਤਬੰਦੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਪਹਿਲਾਂ ਇਸ ਕਰਤਾਰਪੁਰ ਲਾਂਘੇ ਲਈ ਦੋਹਾਂ ਪਾਸੇ ਦਾ ਸਰਵੇ ਕਰਵਾਕੇ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ, ਜਿਸ ਨੂੰ ਜਾਨ ਮੈਕਡੋਨਲ ਅਤੇ ਯੁਨਾਈਟਡ ਸਿੱਖ ਮਿਸ਼ਨ ਟੀਮ ਦੇ ਸਾਂਝੇ ਉੱਦਮਾਂ ਸਦਕਾ ਮੁਮਕਿਨ ਹੋਇਆ।
ਸਿੱਖਸ ਆਫ ਅਮਰੀਕਾ ਦੀ ਸਮੁੱਚੀ ਟੀਮ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਲੇਟੀ ਮੀਟਿੰਗ ਨਿਊਯਾਰਕ ਵਿੱਚ ਇਸ ਮੰਗ ਨੂੰ ਸਾਂਝਿਆ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਨੂੰ ਮੈਮੋਰੰਡਮ ਸਮੇਤ ਸੌਂਪਿਆ ਗਿਆ ਸੀ। ਉਪਰੰਤ ਨਿਊਜਰਸੀ ਵਿਖੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਦੀ ਝੋਲੀ ਵਿੱਚ ਵੀ ਸਿੱਖਸ ਆਫ ਅਮਰੀਕਾ ਦੀ ਟੀਮ ਨੇ ਇਸ ਪ੍ਰੋਜੈਕਟ ਨੂੰ ਪਾਇਆ। ਜਿਸ ਨੂੰ ਸੁਸ਼ਮਾ ਸਵਰਾਜ ਨੇ ਬਾਰੀਕੀ ਨਾਲ ਪੜ੍ਹਿਆ ਤੇ ਵਿਚਾਰਿਆ। ਜਿੱਥੇ ਭਾਰਤੀ ਅਤੇ ਪਾਕਿਸਤਾਨ ਅੰਬੈਸੀ ਨੂੰ ਪਾਵਰ ਪੁਆਇੰਟ ਰਾਹੀਂ ਇਸ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ, ਉੱਥੇ ਨਨਕਾਣਾ ਸਾਹਿਬ ਦੀ ਐੱਮ. ਐੱਲ. ਏ. ਨੂੰ ਵੀ ਇਸ ਪ੍ਰੋਜੈਕਟ ਸਬੰਧੀ ਸਿੱਖਸ ਆਫ ਅਮਰੀਕਾ ਨੇ ਅਵਗਤ ਕਰਵਾਇਆ।
ਸਮੇਂ ਦੇ ਨਾਲ ਨਾਲ ਗੁਰੂ ਨਾਨਕ ਦੀ ਕ੍ਰਿਪਾ ਸਦਕਾ ਇਹ ਪ੍ਰੋਜੈਕਟ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਦਾ ਹੋਇਆ ਪਾਕਿਸਤਾਨ ਦੀ ਪਹਿਲ ਕਦਮੀ ਸਦਕਾ ਹੋਰ ਜ਼ੋਰ ਫੜ੍ਹ ਗਿਆ ਅਤੇ ਦਿਨ ਰਾਤ ਪ੍ਰਧਾਨ ਮੰਤਰੀ ਮੋਦੀ ਨੂੰ ਹਲੂਣਦਾ ਰਿਹਾ। ਗੁਰੂ ਨਾਨਕ ਪਾਤਸ਼ਾਹ ਵਲੋਂ ਇਸ ਰਸਤੇ ਨੂੰ ਖੋਲ੍ਹਣ ਲਈ ਉਪਰਾਲੇ ਦੀ ਅਪਾਰ ਕ੍ਰਿਪਾ ਬਖਸ਼ੀ ਅਤੇ ਇਸ ਦੀ ਸ਼ੁਰੂਆਤ ਦੋਹਾਂ ਪਾਸਿਆਂ ਤੋਂ ਆਪਣੇ ਆਪਣੇ ਖਿੱਤੇ ਨੂੰ ਵਿਕਾਸ ਦੇ ਤਹਿਤ ਕਰਨ ਲਈ ਤਿਆਰੀਆਂ ਅਰੰਭੀਆਂ ਗਈਆਂ ਹਨ ।ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਅਥਾਹ ਸ਼ਰਧਾ ਦਾ ਪ੍ਰਤੀਕ ਬਣਿਆ ਹੈ।ਕਰਤਾਰਪੁਰ ਲਾਂਘਾਂ ਆਪਣੀ ਮੰਜ਼ਿਲ ਪ੍ਰਾਪਤ ਕਰਦਾ ਨਜ਼ਰ ਆ ਰਿਹਾ ਹੈ। ਪਰ ਇਸ ਸਬੰਧੀ ਜਿੰਨਾ ਜਿੰਨਾ ਵੀ ਜਿਸਦਾ ਯੋਗਦਾਨ ਹੈ ਉਸਦੀ ਤਫਸੀਰ ਅਤੇ ਤਸਵੀਰ ਇੰਝ ਨਜ਼ਰੇ ਪਈ ਹੈ, ਜਿਸ ਦੇ ਪਹਿਲੂਆਂ ਤੇ ਚਾਨਣਾ ਪਾਇਆ ਗਿਆ ਹੈ। ਸੋ ਦੋਵੇਂ ਸਰਕਾਰਾਂ (ਭਾਰਤ ਤੇ ਪਾਕਿਸਤਾਨ) ਧੰਨਵਾਦ ਦੀਆਂ ਪਾਤਰ ਹਨ।

LEAVE A REPLY

Please enter your comment!
Please enter your name here