ਮੈਂ ਕਦੇ ਵੀ,

ਕਿਸੇ ਕੈਦੀ ਦੋਸਤ ਨੂੰ

ਮੁਖਾਤਿਬ ਹੋ ਕੇ

ਨਹੀਂ ਲਿਖੀ ਕੋਈ ਨਜ਼ਮ

ਜਦੋਂ ਵੀ ਸ਼ਬਦ ਘੜਦਾ

ਜਟਿਲ ਸ਼ਬਦਾਂ ਦੇ ਭਾਰ ਨਾਲ

ਬੁਰੀ ਤਰ੍ਹਾਂ ਜਖਮੀ ਹੋ ਜਾਂਦੀ ਰੂਹ ਦੋਸਤ ਦੀ

ਬੜਾ ਦਰਦਨਾਕ ਦਿਨ ਸੀ

ਜਦੋਂ ਮੈਂ ਏਕਲੜੇ ਦੋਸਤ ਦੇ ਸਨਮੁੱਖ ਖੜਾ ਸਾਂ

ਜੋ ਜਕੜਿਆ ਹੋਇਆ ਸੀ

“ਕੈਦੀ ਸ਼ਬਦ “ਦੀਆਂ ਬੇੜੀਆਂ ਨਾਲ

ਤੇ ਦੁਰਮਤਿ ਮਹਿਸੂਸ ਕਰ ਰਿਹਾ ਸੀ

ਸਮਾਜ ਓਸ ਨੂੰ ਆਪਣੀ ਦੇਹਿ ਨਾਲੋਂ

ਖੁਰਚ ਖੁਰਚ ਕੇ ਸੁੱਟਦਾ

ਜਰਾਇਮ ਪੇਸ਼ਾ ਦੀ ਤਿਰਛੀ ਨਿਗਾਹ

ਨਾਲ ਤੱਕਦਾ

ਪਰ ਜੁਰਮ ਦਾ ਕਾਰਨ

ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ

ਪਿਆਰ ਭਰੀਆਂ ਨਜ਼ਰਾਂ ਨੇ ਹੀ

ਓਸ ਦਾ ਬਦਨ ਵਲੂੰਧਰ ਦਿੱਤਾ

ਹਰਿਆ ਭਰਿਆ ਬਾਗ ਉੱਜੜ ਗਿਆ

ਪਰ ਇੱਕ ਕੋਮਲ ਫੁੱਲ ਹਰ ਪਲ ਓਸ ਦੀ

ਛੋਹ ਲਈ ਤੜਪਦਾ

ਕਾਨੂੰਨ ਓਸ ਨੂੰ ਲੋਕਤੰਤਰ ਦੇ ਘੇਰੇ ਅੰਦਰ

ਰਹਿਣ ਦੀ ਸਹੁੰ ਪੁਆ ਕੇ

ਆਪ ਸੌਂ ਗਿਆ ਘੂਕ ਨੀਂਦਰੇ

ਪਰ ਫਿਰ”ਕੈਦੀ”ਦੇ ਨੈਤਿਕ ਹੱਕਾਂ ਤੇ

ਡਾਕਾ ਕਿਉਂ?

ਜਦੋਂ ਲੋਕਤੰਤਰ ਅੰਦਰ

ਮਨ ਦੀ ਬਾਤ ਕਹਿਣ ਦਾ ਸਮਾਂ ਨਿਸ਼ਚਿਤ ਹੈ

ਸਰਕਾਰੀ ਨੌਕਰੀ ਲਈ ਉਮਰ ਦੀ

ਹੱਦ ਤੈਅ ਹੈ

ਗਣਤੰਤਰ ਅਤੇ ਆਜ਼ਾਦੀ ਦਿਵਸ ਦੇ

ਜਸ਼ਨਾਂ ਦੀਆਂ

ਤਾਰੀਖਾਂ ਮੁਕੱਰਰ ਹਨ

ਫਿਰ ਸਜਾ ਭੁਗਤ ਰਹੇ ਕੈਦੀ

ਦੀ ਰਿਹਾਈ ਦਾ ਸਮਾਂ ਨਿਰਧਾਰਤ

ਕਿਉਂ ਨਹੀ?

ਸਜਾ ਕੱਟ ਰਿਹਾ ਕੈਦੀ

ਕਿਉਂ ਬੇਵੱਸ ਅਤੇ ਮਾਨਸਿਕ ਤੌਰ ਤੇ

ਬੌਣਾ ਮਹਿਸੂਸ ਕਰ ਰਿਹਾ ਹੈ

ਆਪਣੇ ਇਲਾਜ ਲਈ ਕਿਉਂ ਤਰਲੇ ਕਰਦਾ ਹੈ

ਇੱਕ ਜੇਲ੍ਹ ਤੋਂ ਦੂਜੀ ਜੇਲ੍ਹ

ਪਰ ਅਮਲੀ ਰੂਪ ਨਹੀਂ ਦਿੱਤਾ ਜਾਂਦਾ

ਪਹਿਲਾਂ ਟੀ਼ ਬੀ,ਫਿਰ ਗੁਰਦਾ ਗਵਾ ਬੈਠਦਾ

ਤੇ ਹੁਣ ਕਾਲੇ ਪੀਲੀਏ ਦੀ ਮਾਰ ਝੱਲ

ਰਿਹਾ “ਕੈਦੀ”

ਕਿਉਂ ਮਾਨਸਿਕ ਤੌਰ ਤੇ ਲੰਗੜਾ ਮਹਿਸੂਸ

ਕਰਦਾ ਹੈ ?

ਐ ਆਦਿਲ ਸਾਹਿਬ

ਮੈਂ ਇੱਕ”ਗੂੰਗਾ ਕੈਦੀ ਸ਼ਬਦ” ਬਣ ਕੇ

ਜੀ ਰਿਹਾ ਹਾਂ

ਆਖਿਰਕਾਰ

ਕਾਨੂੰਨ ਅਤੇ ਲੋਕਤੰਤਰ ਨਾਲ ਪਿਰਹੜੀ

ਕਰਨ ਵਾਲੇ

ਕੈਦੀ ਦੇ ਸਿਹਤ ਅਤੇ ਰਿਹਾਈ ਦੇ ਦਸਤਾਵੇਜ

ਕਿਉਂ ਰੱਦੀ ਦੀਆਂ ਫਾਇਲਾਂ ਥੱਲੇ ਦੱਬ ਕੇ

ਰਹਿ ਜਾਂਦੇ ਹਨ ?

ਐ ਸਤਿਕਾਰ ਯੋਗ ਮੁਨਸਿਫ਼

ਐਨੀਆਂ ਘਨੀਆਂ ਸਜਾਵਾਂ ਕਿਉਂ ?

ਆਖਿਰ ਕਿਉਂ ? 

LEAVE A REPLY

Please enter your comment!
Please enter your name here