ਟੋਰਾਂਟੋ

ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਕਰਨ ਦੇ ਬਹਾਨੇ  ਕੈਨੇਡਾ ‘ਚ ਪੱਕੇ ਰਹਿਣ ਲਈ ਜਾਂਦੇ ਹਨ , ਜਿਨ੍ਹਾਂ ‘ਤੇ ਹੁਣ ਕੈਨੇਡਾ ਸਰਕਾਰ ਸ਼ਿਕੰਜਾ ਕੱਸਣ ਜਾ ਰਹੀ ਹੈ। ਜੇਕਰ ਅਜਿਹੇ ਨੌਜਵਾਨ ਏਜੰਟਾਂ ਦੇ ਰਾਹੀਂ ਕੈਨੇਡਾ ਪੁੱਜ ਵੀ ਜਾਂਦੇ ਹਨ ਤਾਂ ਉੱਥੇ ਐਂਟਰੀ ਕਰਨੀ ਉਨ੍ਹਾਂ ਲਈ ਸੌਖੀ ਨਹੀਂ ਹੋਵੇਗੀ। ਕੈਨੇਡਾ ਸਰਕਾਰ ਨੇ ਹੁਣ ਏਅਰਪੋਰਟ ‘ਤੇ ਹੀ ਇੰਟਰਵੀਊ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਅਜਿਹੇ ਵਿਦਿਆਰਥੀਆਂ ਨੂੰ ਸਾਧਾਰਣ ਜਾਣਕਾਰੀ ਅਤੇ ਅੰਗਰੇਜ਼ੀ ‘ਤੇ ਚੰਗੀ ਕਮਾਂਡ ਰੱਖਣੀ ਪਵੇਗੀ। ਪਿਛਲੇ ਦਿਨੀਂ ਪਟਿਆਲੇ ਦੇ ਇਕ ਨੌਜਵਾਨ ਨੂੰ ਜਦ ਏਅਰਪੋਰਟ ਅਧਿਕਾਰੀਆਂ ਨੇ ਕੁੱਝ ਪ੍ਰਸ਼ਨ ਪੁੱਛੇ ਤਾਂ ਉਹ ਕਿਸੇ ਵੀ ਗੱਲ ਦਾ ਸਹੀ ਉੱਤਰ ਨਾ ਦੇ ਸਕਿਆ, ਇੱਥੋਂ ਤਕ ਕਿ ਉਸ ਨੂੰ ਆਪਣੇ ਕਾਲਜ, ਸ਼ਹਿਰ ਜਾਂ ਫਿਰ ਉਸ ਨੇ ਪੜ੍ਹਾਈ ਦੌਰਾਨ ਕਿੱਥੇ ਰਹਿਣਾ ਹੈ, ਬਾਰੇ ਕੁੱਝ ਵੀ ਪਤਾ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਨੌਜਵਾਨ ਨੇ ਤਾਂ ਕਾਲਜ ਵਲੋਂ ਦਿੱਤੀ ਹਿਦਾਇਤ ਮੁਤਾਬਕ ਆਪਣੇ ਹੱਥੀਂ ਲਿਖਣ ਵਾਲਾ ਕਾਗਜ਼ ਵੀ ਨਹੀਂ ਲਿਖਿਆ ਸੀ, ਇਹ ਵੀ ਉਸ ਦੀ ਭੈਣ ਨੇ ਲਿਖਿਆ ਸੀ। ਇਸੇ ਸ਼ੱਕ ਕਾਰਨ ਉਸ ਨੂੰ ਦਿੱਲੀ ਦੀ ਫਲਾਈਟ ‘ਚ ਬੈਠਾ ਦਿੱਤਾ ਗਿਆ ਸੀ।
ਇਸ ਦਾ ਮਤਲਬ ਸਪੱਸ਼ਟ ਹੈ ਕਿ ਸਿਰਫ ਟ੍ਰੈਵਲ ਏਜੰਟਾਂ ਦੇ ਸਹਾਰੇ ਕਾਗਜ਼ੀ ਵਿਦਿਆਰਥੀ ਹੁਣ ਕੈਨੇਡਾ ‘ਚ ਦਾਖਲਾ ਨਹੀਂ ਲੈ ਸਕਣਗੇ, ਉਨ੍ਹਾਂ ਨੂੰ ਇੰਮੀਗ੍ਰੇਸ਼ਨ ਅਥਾਰਟੀ ਏਅਰਪੋਰਟ ਤੋਂ ਹੀ ਵਾਪਸ ਡਿਪੋਰਟ ਕਰ ਦਿੱਤਾ ਜਾਵੇਗਾ। 

3 ਸਾਲਾਂ ‘ਚ 30 ਹਜ਼ਾਰ ਕਰੋੜ ਭਾਰਤੀ ਕਰੰਸੀ ਕੈਨੇਡਾ ‘ਚ ਟਰਾਂਸਫਰ
ਇਕ ਸਿੱਖਿਆ ਕੇਂਦਰ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਤਿਆਰ ਕੀਤੀ ਰਿਪੋਰਟ ਮੁਤਾਬਕ ਪਿਛਲੇ 3 ਸਾਲਾਂ ‘ਚ 1.5 ਲੱਖ ਵਿਦਿਆਰਥੀ ਕੈਨੇਡਾ ‘ਚ ਉੱਚ ਸਿੱਖਿਆ ਲੈ ਚੁੱਕੇ ਹਨ। ਹਰ ਵਿਦਿਆਰਥੀ ਇਕ ਸਾਲ ਦੀ 12 ਲੱਖ ਰੁਪਏ ਦੀ ਫੀਸ ਭਰਦਾ ਹੈ। ਇਸ ਤੋਂ ਇਲਾਵਾ 2 ਲੱਖ ਰੁਪਏ ਉਹ ਆਪਣੇ ਖਰਚ ਲਈ ਲੈ ਕੇ ਜਾਂਦਾ ਹੈ ਅਤੇ ਅਗਲੇ ਸਾਲ ਦੇ ਪਹਿਲੇ ਸਮੈਸਟਰ ਲਈ ਫਿਰ ਤੋਂ 6 ਲੱਖ ਰੁਪਏ ਆਪਣੇ ਮਾਂ-ਬਾਪ ਕੋਲੋਂ ਟਰਾਂਸਫਰ ਕਰਵਾਉਂਦਾ ਹੈ। ਇਸ ਮਗਰੋਂ ਅਗਲੇ ਸਾਲ ਉਹ ਆਪ ਕੰਮ ਕਰਕੇ ਆਪਣੇ ਅਗਲੇ ਡੇਢ ਸਾਲ ਦੀ ਫੀਸ ਅਤੇ ਹੋਰ ਖਰਚੇ ਕੱਢਣ ਲੱਗ ਜਾਂਦਾ ਹੈ। ਅਜਿਹੇ ‘ਚ ਹਰ ਸਾਲ ਇਕ ਵਿਦਿਆਰਥੀ 20 ਲੱਖ ਰੁਪਏ ਭਾਰਤੀ ਕਰੰਸੀ ਦੇ ਕੈਨੇਡਾ ਲੈ ਕੇ ਜਾਂਦਾ ਹੈ। ਹੁਣ ਤਕ 30 ਹਜ਼ਾਰ ਕਰੋੜ ਰੁਪਏ ਭਾਰਤੀ ਕਰੰਸੀ ਕੈਨੇਡਾ ਜਾ ਚੁੱਕੀ ਹੈ।

LEAVE A REPLY

Please enter your comment!
Please enter your name here