ਭੁਪਿੰਦਰ ਫੌਜੀ
ਪੰਨੇ-112 ਮੁੱਲ-100 ਰੁਪਏ
ਸਾਹਿਬਦੀਪ ਪ੍ਰਕਾਸ਼ਨ, ਭੀਖੀ
ਭਾਵੇਂ ‘ਕੋਰਟ ਮਾਰਸ਼ਲ’ ਨੌਜਵਾਨ ਕਹਾਣੀਕਾਰ ਭੁਪਿੰਦਰ ਫੌਜੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਪਰ ਲੇਖਕ ਦੀ ਗਲਪ ਸੰਵੇਦਨਾ ਦੇ ਅਭਿਵਿਅਕਤੀਗਤ ਪ੍ਰਗਟਾਅ ਵਿੱਚਲੀ ਸੰਜੀਦਗੀ ਉਸ ਨੂੰ ਵਰਤਮਾਨ ਸਮੇਂ ਦਾ ਸਮਰੱਥ ਕਹਾਣੀਕਾਰ ਕਰਾਰ ਦੇਂਦੀ ਹੈ । ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਹਾਣੀਕਾਰਾਂ ਨੇ ਫੌਜੀ ਜੀਵਨ ਬਾਰੇ ਆਪਣੇ ਅਨੁਭਵਾਂ ਨੂੰ ਕਹਾਣੀਆਂ ਵਿਚ ਢਾਲਿਆ ਹੈ ਪਰ ਫੌਜ ਦੇ ਹੇਠਲੇ ਵਰਗ ਨਾਲ ਸਬੰਧਤ ਨੌਜਵਾਨਾਂ ਦੀਆ ਮਨੋ-ਸਮਾਜਿਕ ਸਮੱਸਿਆਵਾਂ ਦੀ ਜਿਹੜੀ ਸ਼ਿੱਦਤ ਬਿਆਨੀ ਇਸ ਕਹਾਣੀਕਾਰ ਨੇ ਕੀਤੀ ਹੈ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈ । ਇਹਨਾਂ ਕਹਾਣੀਆਂ ਅਨੁਸਾਰ ਫੌਜ ਦੇ ਅਫਸਰਾਂ ਵੱਲੋਂ ਜਿਹੜਾ ਸਰੀਰਕ ਤੇ ਮਾਨਸਿਕ ਜ਼ੁਲਮ ਇਹਨਾਂ ਨੌਜਵਾਨਾਂ ’ਤੇ ਕੀਤਾ ਜਾਂਦਾ ਹੈ ਉਹ ਅਕਸਰ ਹੈਵਾਨੀਅਤ ਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ।ਇਹ ਸੰਗ੍ਰਹਿ ਫੌਜ ਦੇ ਹੇਠਲੇ ਤੇ ਉਪਰਲੇ ਵਰਗ ਵਿਚ ਹਮੇਸ਼ਾ ਕਾਇਮ ਰਹਿਣ ਵਾਲੇ ਤਣਾਅ ਦੀ ਸਜੀਵ ਪੇਸ਼ਕਾਰੀ ਕਰਕੇ ਲੇਖਕ ਦੇ ਅਨੁਭਵ ਦੀ ਮੌਲਕਿਤਾ ਤੇ ਨਵੀਨਤਾ ਨੂੰ ਬਰਕਰਾਰ ਰੱਖਦਾ ਹੈ।
ਸੰਗ੍ਰਹਿ ਦੀ ਕਹਾਣੀ ‘ਜਖਮ ਦਰ ਜ਼ਖਮ‘ ਅਨੁਸਾਰ ਫੌਜੀ ਨੌਜਵਾਨ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੇ ਦੁਸ਼ਮਣਾ ਦਾ ਮੁਕਾਬਲਾ ਕਰਦੇ ਹਨ ਪਰ ਬਹਾਦੁਰੀ ਦੇ ਪੁਰਸ਼ਕਾਰ ਅਫ਼ਸਰ ਵਰਗ ਦੇ ਹੀ ਹਿੱਸੇ ਆਉਂਦੇ ਹਨ। ਕਹਾਣੀ ‘ਕੀੜੇ ਮਕੌੜੇ‘ ਅਨੁਸਾਰ ਫੌਜ ਦੇ ਉਚ ਅਫਸਰ ਆਪਣੇ ਅਧੀਨ ਸੈਨਿਕਾਂ ਨੂੰ ਕੀੜੇ ਮਕੌੜਿਆਂ ਤੋਂ ਵੱਧ ਅਹਿਮੀਅਤ ਨਹੀਂ ਦੇਂਦੇ ਤੇ ਉਹਨਾਂ ਦੀਆ ਜਾਨਾਂ ਦੀ ਵੀ ਉਹ ਕੋਈ ਕੀਮਤ ਨਹੀਂ ਸਮਝਦੇ ।ਕਹਾਣੀ ‘ਕੋਰਟ ਮਾਰਸ਼ਲ‘ ਇਸ ਬੇਬਾਕ ਸਚਾਈ ਨੂੰ ਸਾਹਮਣੇ ਲਿਆਂਉਂਦੀ ਹੈ ਕਿ ਫੌਜ ਦੇ ਟਰੇਨਿੰਗ ਅਫਸਰ ਆਪਣੇ ਪੁੱਤਰਾਂ ਦੀ ਉਮਰ ਦੇ ਰੰਗਰੂਟ ਫੌਜੀਆਂ ਨਾਲ ਕੁਕਰਮ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ। ਕਹਾਣੀਆਂ ਅਨੁਸਾਰ ਅਫ਼ਸਰ ਹੀ ਨਹੀਂ ਸਗੋਂ ਉਹਨਾਂ ਦੀਆ ਪਤਨੀਆਂ ਵੀ ਸੈਨਾ ਦੇ ਜਵਾਨਾਂ ਨੂੰ ਆਪਣਾ ਜ਼ਰ ਖਰੀਦ ਗੁਲਾਮ ਸਮਝਦੀਆਂ ਹਨ ਉਹਨਾਂ ਨਾਲ ਸ਼ੂਦਰਾਂ ਵਾਲਾ ਵਿਵਹਾਰ ਕਰਦੀਆਂ ਹਨ।
ਸੰਗ੍ਰਹਿ ਦੀਆਂ ਕਹਾਣੀਆਂ ਦੇ ਵਿਸ਼ਲੇਸ਼ਣੀ ਸਿੱਟਿਆ ਅਨੁਸਾਰ ਭਾਵੇਂ ਆਪਣਾ ਭਵਿੱਖ ਵਿਗੜ ਜਾਣ ਦਾ ਡਰ ਫੌਜੀ ਨੌਜਵਾਨਾਂ ਨੂੰ ਆਪਣੇ ਨਾਲ ਹੁੰਦੇ ਜ਼ੁਲਮ ਦਾ ਮੁਕਾਬਲਾ ਕਰਨ ਦੇ ਰਾਹ ਪੈਣ ਤੋਂ ਵਰਜਦਾ ਹੈ ਫਿਰ ਵੀ ਜ਼ੁਲਮ ਦੀ ਇੰਤਹਾ ਕਈ ਵਾਰ ਉਹਨਾਂ ਦੇ ਅੰਦਰ ਦੱਬੇ ਗੁੱਸੇ ਨੂੰ ਬਾਹਰ ਲੈ ਹੀ ਆਉਂਦੀ ਹੈ। ਕਹਾਣੀ ‘ਜਵਾਲਾਮੁਖੀ’ ਵਿਚਲੇ ਫੌਜੀ ਜਵਾਨ ਅੰਦਰਲਾ ਗੁੱਸਾ ਜਦੋਂ ਜਵਾਲਾਮੁਖੀ ਵਾਂਗ ਫੱਟਦਾ ਹੈ ਤਾਂ ਉਹ ਆਪਣੇ ਭਵਿੱਖ ਨੂੰ ਦਾਅ ’ਤੇ ਲਾ ਕੇ ਫੌਜ ਦੇ ਸੀ ਓ ਉਤੇ ਤੇ ਹਮਲਾ ਕਰ ਦੇਂਦਾ ਹੈ। ਕਹਾਣੀ ‘ਫੈਸਲਾ’ ਵਿਚਲੇ ਸੈਨਿਕ ਆਪਣੇ ਅਫਸਰਾਂ ਹੱਥੋਂ ਹੋਈ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਹਥਿਆਰਾਂ ਸਮੇਤ ਅਫ਼ਸਰ ਮੈਸ ਵੱਲ ਦੌੜ ਪੈਂਦੇ ਹਨ। ਕਹਾਣੀ ‘ਪਲੇਟ ਫਾਰਮ ਕੋਈ ਨਹੀਂ’ ਵਿਚਲਾ ਫੌਜੀ ਜਵਾਨ ਅਫਸਰਾਂ ਦੀਆਂ ਵਧੀਕੀਆਂ ਨੂੰ ਸਹਿਣ ਕਰਨ ਦੀ ਬਜ਼ਾਇ ਨੌਕਰੀ ਤੋਂ ਅਸਤੀਫਾ ਦੇਣ ਨੂੰ ਹੀ ਪਹਿਲ ਦੇਂਦਾ ਹੈ।
ਕਹਾਣੀ ‘ਫੇਰ ਕਦ ਆਵੋਗੇ’ , ਕਥਾ-ਸੰਤਾਪ’ ਤੇ ‘ਜਵਾਲਾਮੁਖੀ’ ਆਦਿ ਦੱਸਦੀਆਂ ਹਨ ਕਿ ਸਾਰਾ ਸਮਾਂ ਮੌਤ ਦੇ ਪਰਛਾਵੇਂ ਹੇਠ ਰਹਿਣ ਤੇ ਅਫਸਰਾਂ ਦੀ ਗੁਲਾਮੀ ਕਰਨ ਵਾਲੇ ਜਵਾਨਾਂ ਨੂੰ ਘਰ ਜਾਣ ਲਈ ਸਾਲ ਵਿਚ ਤਿੰਨ ਮਹੀਨੇ ਦੀ ਮਿਲਦੀ ਛੁੱਟੀ ਹੀ ਵੱਡੀ ਮਾਨਸਿਕ ਰਾਹਤ ਦੇਂਦੀ ਹੈ । ਕਹਾਣੀਆਂ ਅਨੁਸਾਰ ਭਿ੍ਰਸ਼ਟਾਚਾਰ ਦੀ ਦਲ ਦਲ ਵਿਚ ਡੁਬਦੇ ਜਾ ਰਹੇ ਫੌਜ ਪ੍ਰਬੰਧ ਦੇ ਚਲਦਿਆਂ ਜਵਾਨਾਂ ਨੂੰ ਛੁੱਟੀ ਮਨਜੂਰ ਕਰਾਉਣ ਲਈ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਵਗਾਰਾਂ ਵੀ ਕਰਨੀਆ ਪੈਂਦੀਆਂ ਹਨ । ਕਹਾਣੀ ‘ਕਥਾ-ਸੰਤਾਪ’ ਵਿਚਲਾ ਜੁਆਨ ਗੁਰਮੀਤ ਸਿੰਘ ਛੁੱਟੀ ਨਾ ਮਿਲਣ ਕਰਨ ਆਪਣੀ ਪਤਨੀ ਦਾ ਠੀਕ ਇਲਾਜ਼ ਨਹੀ ਕਰਵਾ ਸਕਦਾ ਤਾਂ ਉਸ ਦੇ ਗਰਭ ਵਿਚਲੇ ਬੱਚੇ ਦੀ ਮੌਤ ਹੋ ਜਾਂਦੀ ਹੈ। ਇਹ ਕਹਾਣੀਆ ਫੌਜੀ ਜੁਆਨਾਂ ਦੇ ਨਾਲ-ਨਾਲ ਉਹਨਾਂ ਦੀਆਂ ਪਤਨੀਆਂ ਵੱਲੋਂ ਭੋਗੇ ਜਾਣ ਵਾਲੇ ਮਾਨਸਿਕ ਸੰਤਾਪ ਨੂੰ ਵੀ ਸਜੀਵ ਰੂਪ ਵਿਚ ਰੂਪਮਾਨ ਕਰ ਜਾਂਦੀਆਂ ਹਨ।
ਸੰਗਿ੍ਰਹ ਦੀ ਪਹਿਲੀ ਕਹਾਣੀ ‘ਕਿਸ ਮੌੜ ਤੇ’ ਅਤੇ ਆਖਿਰੀ ਕਹਾਣੀ ‘ਪੁੜਾ ਵਿਚਕਾਰ’ ਦਹਿਸ਼ਤਗਰਦਾਂ ਤੇ ਫੌਜ ਪ੍ਰਬੰਧ ਦੇ ਦੋ ਪੁੜਾਂ ਵਿਚਕਾਰ ਪਿਸ ਰਹੇ ਕਸ਼ਮੀਰ ਤੇ ਅਸਾਮ ਦੇ ਲੋਕਾਂ ਦੇ ਦੁੱਖਾਂ ਦਰਦਾਂ ਪ੍ਰਤੀ ‘ਹਾਂ ਦਾ ਨਾਅਰਾ’ ਮਾਰਦੀਆਂ ਹਨ। ਭੁਪਿੰਦਰ ਫੌਜੀ ਦੀਆਂ ਕਹਾਣੀਆਂ ਪੰਜਾਬੀ ਕਹਾਣੀ ਦੀਆਂ ਨਵੀਆਂ ਪ੍ਰਵਿਰਤੀਆਂ ਤੇ ਝੁਕਾਵਾਂ ਨੂੰ ਸੁਚੇਤ ਤੌਰ ਤੇ ਪਹਿਚਾਣਦੀਆਂ ਹਨ । ਇਸ ਸੰਗ੍ਰਹਿ ਰਾਹੀਂ ਪੰਜਾਬੀ ਕਹਾਣੀ ਵਿਚਾਰ ਧਰਾਈ ਅਧਾਰ ਤੇ ਰੂਪਾਗਤ ਪਰਿਪੇਖ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।
-ਨਿਰੰਜਣ ਬੋਹਾ

LEAVE A REPLY

Please enter your comment!
Please enter your name here