ਨਾਗਪੁਰ— ਓਪਨਰ ਰੋਹਿਤ ਸ਼ਰਮਾ  (125) ਦੇ ਧਮਾਕੇਦਾਰ ਸੈਂਕੜੇ ਤੇ ਇਸ ਤੋਂ ਪਹਿਲਾਂ ਸਪਿਨਰ ਅਕਸ਼ਰ ਪਟੇਲ (28 ਦੌੜਾਂ ‘ਤੇ 3 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਵਨ ਡੇ ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ ਇਥੇ ਐਤਵਾਰ 7 ਵਿਕਟਾਂ ਨਾਲ ਹਰਾਉਂਦਿਆਂ ਸੀਰੀਜ਼ ਦੀ 4-1 ਨਾਲ ਜੇਤੂ ਸਮਾਪਤੀ ਕੀਤੀ ਅਤੇ ਇਸ ਦੇ ਨਾਲ ਹੀ ਆਈ. ਸੀ. ਸੀ. ਰੈਂਕਿੰਗ ਵਿਚ ਨੰਬਰ ਇਕ ‘ਤੇ ਆਪਣੀ ਸਥਿਤੀ ਹੋਰ ਪੁਖਤਾ ਕਰ ਲਈ। 

ਆਸਟ੍ਰੇਲੀਆਈ ਕ੍ਰਿਕਟ ਟੀਮ ਤੋਂ ਮਿਲੀ ਪਿਛਲੀ ਹਾਰ ਤੋਂ ਬਾਅਦ ਪੰਜਵੇਂ ਵਨ ਡੇ ਵਿਚ ਭਾਰਤੀ ਟੀਮ ਨੇ ਗੇਂਦ ਤੇ ਬੱਲੇ ਨਾਲ ਹਰਫਨਮੌਲਾ ਖੇਡ ਦਿਖਾਈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ‘ਤੇ 242 ਦੌੜਾਂ ਦਾ ਸਕੋਰ ਬਣਾਇਆ, ਜਿਹੜਾ ਭਾਰਤ ਲਈ ਚੁਣੌਤੀਪੂਰਨ ਸਾਬਤ ਨਹੀਂ ਹੋਇਆ ਤੇ ਮੇਜ਼ਬਾਨ ਟੀਮ ਨੇ 42.5 ਓਵਰਾਂ ਵਿਚ ਹੀ 3 ਵਿਕਟਾਂ ‘ਤੇ 243 ਦੌੜਾਂ ਬਣਾਉਂਦਿਆਂ ਜਿੱਤ ਆਪਣੇ ਨਾਂ ਕਰ ਲਈ।
ਭਾਰਤੀ ਟੀਮ ਲਈ ਓਪਨਰ ਅਜਿੰਕਯ ਰਹਾਨੇ ਤੇ ਰੋਹਿਤ ਸ਼ਰਮਾ ਨੇ ਕਮਾਲ ਦੀ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 22.3 ਓਵਰਾਂ ‘ਚ 124 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਤੇ ਜਿੱਤ ਦੀ ਨੀਂਹ ਰੱਖੀ। ਰਹਾਨੇ ਨੇ ਕਰੀਅਰ ਦਾ 23ਵਾਂ ਅਰਧ ਸੈਂਕੜਾ ਬਣਾਇਆ ਤੇ 74 ਗੇਂਦਾਂ ‘ਤੇ 7 ਚੌਕੇ ਲਾ ਕੇ 61 ਦੌੜਾਂ ਦੀ ਵਧੀਆ ਪਾਰੀ ਖੇਡੀ ਤੇ ਦੂਜੇ ਪਾਸੇ ‘ਤੇ ਰੋਹਿਤ ਦਾ ਬਾਖੂਬੀ ਸਾਥ ਦਿੱਤਾ, ਜਿਸ ਨੇ 109 ਗੇਂਦਾਂ ਵਿਚ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 125 ਦੌੜਾਂ ਬਣਾਈਆਂ।
30 ਸਾਲਾ ਰੋਹਿਤ ਨੇ ਇਸ ਦੇ ਨਾਲ ਹੀ ਵਨ ਡੇ ਕਰੀਅਰ ਦਾ 14ਵਾਂ ਸੈਂਕੜਾ ਵੀ ਪੂਰਾ ਕੀਤਾ। ਰਹਾਨੇ ਨੂੰ ਨਾਥਨ ਕੋਲਟਰ ਨਾਇਲ ਨੇ ਐੱਲ. ਬੀ. ਡਬਲਯੂ. ਕੀਤਾ ਤੇ ਆਸਟ੍ਰੇਲੀਆ ਲਈ ਪਹਿਲੀ ਵਿਕਟ ਵੀ ਹਾਸਲ ਕੀਤੀ ਪਰ ਮਹਿਮਾਨ ਟੀਮ ਨੂੰ ਫਿਰ ਆਪਣੀ ਦੂਜੀ ਵਿਕਟ ਲਈ 99 ਦੌੜਾਂ ਤਕ ਦਾ ਇੰਤਜ਼ਾਰ ਕਰਨਾ ਪਿਆ। ਰੋਹਿਤ ਨੂੰ ਮੈਚ ਦੇ 40ਵੇਂ ਓਵਰ ਵਿਚ ਜਾ ਕੇ ਐਡਮ ਜ਼ਾਂਪਾ ਆਊਟ ਕਰ ਸਕਿਆ, ਜਿਸ ਦਾ ਨਾਇਲ ਨੇ ਕੈਚ ਫੜਿਆ। ਉਸ ਸਮੇਂ ਭਾਰਤ ਆਪਣੀ ਜਿੱਤ ਤੋਂ ਸਿਰਫ 20 ਦੌੜਾਂ ਹੀ ਦੂਰ ਸੀ।
ਇਸ ਤੋਂ ਪਹਿਲਾਂ ਰਹਾਨੇ ਦੇ ਆਊਟ ਹੋਣ ਤੋਂ ਬਾਅਦ ਰੋਹਿਤ ਨੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰੇ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਦੂਜੀ ਵਿਕਟ ਲਈ 99 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਵਿਰਾਟ  ਨੇ 55 ਗੇਂਦਾਂ ‘ਚ 2 ਚੌਕੇ ਲਾ ਕੇ 39 ਦੌੜਾਂ ਬਣਾਈਆਂ। ਜ਼ਾਂਪਾ ਨੇ 40ਵੇਂ ਓਵਰ ਦੀ ਚੌਥੀ ਗੇਂਦ ‘ਤੇ ਭਾਰਤੀ ਕਪਤਾਨ ਨੂੰ ਮਾਰਕਸ ਸਟੋਈਨਿਸ ਹੱਥੋਂ ਕੈਚ ਕਰਾ ਕੇ ਸਕੋਰ 3 ਵਿਕਟਾਂ ‘ਤੇ 227 ਕਰ ਦਿੱਤਾ ਤੇ ਵਿਰਾਟ ਮੈਚ ਨੂੰ ਫਿਨਿਸ਼ ਕਰਨ ਤੋਂ ਖੁੰਝ ਗਿਆ।
ਹਾਲਾਂਕਿ ਇਹ ਕੰਮ ਫਿਰ ਕੇਦਾਰ ਜਾਧਵ ਤੇ ਮਨੀਸ਼ ਪਾਂਡੇ ਨੇ ਪੂਰਾ ਕੀਤਾ। ਆਸਟ੍ਰੇਲੀਆ  ਲਈ ਜ਼ਾਂਪਾ ਨੇ 59 ਦੌੜਾਂ ‘ਤੇ 2 ਵਿਕਟਾਂ ਤੇ ਨਾਥਨ ਕਾਲਟਰ ਨਾਇਲ ਨੇ 42 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਉਸ ਦੇ ਬੱਲੇਬਾਜ਼ ਪਿਛਲੇ ਮੈਚ ਦੇ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕੇ। ਟੀਮ ਵਲੋਂ ਓਪਨਰ ਡੇਵਿਡ ਵਾਰਨਰ ਨੇ 53 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਦਕਿ ਮੱਧਕ੍ਰਮ ਵਿਚ ਬੱਲੇਬਾਜ਼ ਮਾਰਕਸ ਸਟੋਈਨਿਸ ਨੇ 46 ਦੌੜਾਂ ਤੇ ਟ੍ਰੈਵਿਸ ਹੈੱਡ ਨੇ 42 ਦੌੜਾਂ ਦੀਆਂ ਪਾਰੀਆਂ ਖੇਡਦਿਆਂ ਸਥਿਤੀ ਨੂੰ ਕੁਝ ਹੱਦ ਤਕ ਸੰਭਾਲਿਆ।
ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਬੈਂਗਲੁਰੂ ਵਨ ਡੇ ਵਿਚ ਕੀਤੀਆਂ ਗਲਤੀਆਂ ਨੂੰ ਸੁਧਾਰਿਆ ਤੇ ਕਾਫੀ ਹੱਦ ਤਕ ਕਿਫਾਇਤੀ ਗੇਂਦਬਾਜ਼ੀ ਕੀਤੀ, ਜਿਸ ‘ਚ ਇਸ ਵਾਰ ਸਪਿਨਰਾਂ ਦੀ ਭੂਮਿਕਾ ਕਾਫੀ ਅਹਿਮ ਰਹੀ। ਪਿਛਲੇ ਮੈਚ ‘ਚ ਕਾਫੀ ਮਹਿੰਗੇ ਸਾਬਤ ਹੋਏ ਅਕਸ਼ਰ ਨੇ ਇਸ ਵਾਰ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ 10 ਓਵਰਾਂ ‘ਚ 38 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹੋਰਨਾਂ ਸਪਿਨਰਾਂ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ ਕੋਈ ਵਿਕਟ ਨਹੀਂ ਕੱਢੀ ਤੇ 48 ਦੌੜਾਂ ਦਿੱਤੀਆਂ, ਜਦਕਿ ਕੇਦਾਰ ਨੇ ਇੰਨੇ ਹੀ ਓਵਰਾਂ ਵਿਚ 48 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ। ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਓਨਾ ਹੀ ਦਮਦਾਰ ਸਾਬਤ ਹੋਇਆ, ਜਿਸ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 51 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ, ਭੁਵਨੇਸ਼ਵਰ ਕੁਮਾਰ ਨੂੰ 40 ਦੌੜਾਂ ‘ਤੇ ਇਕ ਵਿਕਟ ਤੇ ਹਾਰਦਿਕ ਪੰਡਯਾ ਨੂੰ 14 ਦੌੜਾਂ ‘ਤੇ ਇਕ ਵਿਕਟ ਮਿਲੀ।

LEAVE A REPLY

Please enter your comment!
Please enter your name here