ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਲੱਡੂ ਸ਼ਹਿਨਸ਼ਾਹ ਹੁੰਦਾ ਸੀ। ਬਾਕੀ ਸਾਰੇ ਮਿੱਠੇ ਪਦਾਰਥ, ਲੱਡੂ ਸਮਰਾਟ ਦੇ ਸਿਰਫ਼ ਸਲਾਹਕਾਰ ਹੁੰਦੇ ਸਨ। ਹਰ ਖ਼ੁਸ਼ੀ ਦੇ ਮੌਕੇ ਲੱਡੂ ਸਰਦਾਰ ਦੀ ਚੌਧਰ ਹੁੰਦੀ ਸੀ। ਹੁਕਮ ਚਲਦਾ ਸੀ।
ਖ਼ੁਸ਼ੀ ਦਾ ਕੋਈ ਵੀ ਅਵਸਰ ਹੋਵੇ, ਲੱਡੂ ਹੀ ਪ੍ਰਧਾਨ ਹੁੰਦਾ ਸੀ। ਬੱਚੇ ਇਮਤਿਹਾਨਾਂ ਵਿੱਚੋਂ ਉੱਚਾ ਸਥਾਨ ਲੈ ਕੇ ਪਾਸ ਹੁੰਦੇ, ਮਾਂ ਬਾਪ ਮੂੰਹ ਵਿੱਚ ਲੱਡੂ ਪਾਉਂਦੇ। ਪੁੱਤਰ ਧੀ ਦੀ ਨੌਕਰੀ ਲੱਗਦੀ ਤਾਂ ਮਾਪੇ ਉਨ੍ਹਾਂ ਦੇ ਮੂੰਹ ਵਿੱਚ ਲੱਡੂ ਪਾਉਂਦੇ। ਕੋਈ ਆਗੂ ਕਿਸੇ ਪੱਧਰ ਦੀ ਚੋਣ ਜਿੱਤਦਾ ਤਾਂ ਪਿੰਡ, ਮੁਹੱਲੇ ਵਾਲੇ ਉਸ ਦੇ ਮੂੰਹ ਵਿੱਚ ਲੱਡੂ ਪਾਉਂਦੇ। ਜਿੱਤਣ ਤੋਂ ਬਾਅਦ ਆਗੂ ਘਰ ਘਰ ਲੱਡੂ ਵੰਡਦਾ-ਲੱਡੂਆਂ ਦੇ ਡੱਬੇ ਭੇਜਦਾ।10505cd _lsddu msking
ਕਿਸੇ ਦੀ ਖ਼ੁਸ਼ੀ ਦੀ ਮਿਲਣੀ ਸਮੇਂ ਸ਼ਗਨ ਲੱਡੂਆਂ ਨਾਲ ਹੁੰਦਾ। ਵਿਆਹ ਸਮੇਂ ਕਾਫ਼ੀ ਦਿਨ ਪਹਿਲਾਂ ਘਰ ਦੀ ਇੱਕ ਨੁੱਕਰੇ ਭੱਠੀ ਪੁੱਟੀ ਜਾਂਦੀ। ਹਲਵਾਈ ਭੱਠੀ ਮਘਾਉਂਦਾ। ਮਿੱਠੀ ਗਰਮ ਚਾਸ਼ਨੀ ਵਿੱਚ ਵੇਸਣ ਦੀਆਂ ਨਿੱਕੀਆਂ ਨਿੱਕੀਆਂ ਡਲੀਆਂ ਪਾਉਂਦਾ। ਬੂੰਦੀ ਬਣਾਉਂਦਾ। ਕੜਾਹੇ ਵਿੱਚ ਬੂੰਦੀ ਪਾਈ ਜਾਂਦੀ ਤੇ ਹੱਥਾਂ ਨਾਲ ਲੱਡੂ ਵੱਟੇ ਜਾਂਦੇ। ਵਿਆਹ ਸਮੇਂ ਆਏ ਰਿਸ਼ਤੇਦਾਰ ਵੀ ਲੱਡੂ ਵੱਟਣ ਵਿੱਚ ਹੱਥ ਵਟਾਉਂਦੇ। ਰਿਸ਼ਤੇਦਾਰਾਂ ਵੱਲੋਂ ਵੱਟੇ ਜਾ ਰਹੇ ਲੱਡੂ ਵੱਡੇ ਹੁੰਦੇ। ਹਲਵਾਈ ਦਾ ਹੱਥ ਟਿਕਿਆ ਹੁੰਦਾ। ਇਸ ਲਈ ਹਲਵਾਈ ਵੱਲੋਂ ਵੱਟੇ ਲੱਡੂ ਇੱਕ ਸਾਈਜ਼ ਦੇ ਛੋਟੇ ਤੇ ਸਖ਼ਤ ਹੁੰਦੇ।
ਵਿਆਹ ਦੀ ਨਿਸ਼ਚਿਤ ਕੀਤੀ ਮਿਤੀ ਤੋਂ ਪਹਿਲਾਂ ਪੱਤੀ ਜਾਂ ਮੁਹੱਲੇ ਦੀਆਂ ਜਵਾਨ ਕੁੜੀਆਂ, ਨਵੇਂ ਕੱਪੜੇ ਪਹਿਨ ਕੇ ਕਹੈਂ ਦਾ ਵੱਡਾ ਥਾਲ ਲੈ ਕੇ, ਲੱਡੂ ਸਜਾ ਕੇ ਉੱਪਰ ਕਰੋਸ਼ੀਏ ਨਾਲ ਕੱਢਿਆ ਰੁਮਾਲ ਪਾ ਕੇ ਨੇੜੇ ਦੇ ਘਰਾਂ ਵਿੱਚ ਲੱਡੂ ਵੰਡਣ ਜਾਂਦੀਆਂ। ਵਿਆਹ ਲਈ ਸੱਦਾ ਦਿੰਦੀਆਂ।
ਵਿਆਹ ਤੋਂ ਕੁਝ ਦਿਨ ਪਹਿਲਾਂ ਪੱਤੀ-ਮੁਹੱਲੇ ਦੀਆਂ ਕੁੜੀਆਂ, ਚਾਚੀਆਂ, ਤਾਈਆਂ, ਭਾਬੀਆਂ, ਭੈਣਾਂ, ਢਲੀ ਸ਼ਾਮ ਨੂੰ ਕੋਠੇ ਦੀ ਛੱਤ ਉੱਤੇ ਬੈਠਦੀਆਂ। ਖ਼ੁਸ਼ੀ ਦੇ ਗੀਤ ਗਾਉਂਦੀਆਂ। ਨਾਲ ਨਾਲ ਲੱਡੂਆਂ ਦੀ ਬੂੰਦੀ ਖਾਂਦੀਆਂ। ਕੁੜੀਆਂ ਗਾਉਂਦੀਆਂ:

ਪ੍ਰੋ. ਹਮਦਰਦਵੀਰ ਨੌਸ਼ਹਿਰਵੀ

     ਪ੍ਰੋ. ਹਮਦਰਦਵੀਰ ਨੌਸ਼ਹਿਰਵੀ

* ਲੱਡੂ ਵੰਡਦੀ ਤਹਿਸੀਲੋਂ ਆਵਾਂ
    ਪਹਿਲੀ ਪੇਸ਼ੀ ਯਾਰ ਛੁੱਟ ਜਾਏ।
* ਲੱਡੂ ਖਾਂਦੀ ਚੁਬਾਰਿਓਂ ਨਿਕਲੀ
    ਮੱਖੀਆਂ ਨੇ ਪੈੜ ਨੱਪ ਲਈ।
ਉਦੋਂ ਕਪਾਹ ਕਾਫ਼ੀ ਹੁੰਦੀ ਸੀ। ਕੁੜੀਆਂ ਕਪਾਹ ਚੁਗਦੀਆਂ, ਗਾਉਂਦੀਆਂ।
* ਗੰਨੇ ਚੂਪ ਲੈ ਜੱਟਾਂ ਦੇ ਕੂਲੇ
   ਲੱਡੂ ਖਾ ਲੈ ਬਾਣੀਏ ਦੇ।
* ਸਾਡੀ ਸੱਸ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਲੱਗ ਗਈ।
ਘਰ ਮੁੰਡਾ ਹੋਇਆ ਹੋਵੇ। ਮੁੰਡੇ ਦੀ ਪਹਿਲੀ ਲੋਹੜੀ ਧੂਮ ਧਾਮ ਨਾਲ ਮਨਾਈ ਜਾਂਦੀ ਸੀ। ਪੱਤੀ ਮੁਹੱਲੇ ਦੇ ਘਰ ਘਰ ਖ਼ੁਸ਼ੀ ਦੇ ਲੱਡੂ ਵੰਡੇ ਜਾਂਦੇ ਸਨ। ਕੁੜੀਆਂ ਲੱਡੂ ਵੰਡਦੀਆਂ। ਗੀਤ ਗਾਉਂਦੀਆਂ:
ਚੰਨ ਚੜ੍ਹਿਆ ਬਾਪ ਦੇ ਵਿਹੜੇ ਵੀਰ ਘਰ ਪੁੱਤ ਜੰਮਿਆ ਸਿਆਣੇ ਮਾਪੇ ਅੱਜਕੱਲ੍ਹ ਕੁੜੀ ਦੀ ਪਹਿਲੀ ਲੋਹੜੀ ਵੇਲੇ ਲੱਡੂ ਵੰਡਦੇ ਹਨ। ਕੁੜੀਆਂ ਦੀ ਲੋਹੜੀ ਮਨਾਉਂਦੇ ਹਨ।
ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਵੇਲੇ ਪਾਰਟੀ ਵਰਕਰ ਜੋਸ਼ ਵਿੱਚ ਆ ਕੇ ਆਪਣੇ ਉਮੀਦਵਾਰ ਨੂੰ ਪਿੰਡ ਜਾਂ ਸ਼ਹਿਰ ਦੇ ਚੌਰਾਹੇ ਵਿੱਚ ਕੰਡਾ ਲਾ ਕੇ ਸਿੱਕਿਆਂ ਨਾਲ ਤੋਲਦੇ ਸਨ। ਉਪਰਲੀ ਤਹਿ ਵਿੱਚ ਪੰਜੀਆਂ, ਦਸੀਆਂ, ਚਵਾਨੀਆਂ, ਅਠਿਆਨੀਆਂ ਰੱਖਦੇ ਸਨ। ਹੇਠਾਂ ਬੱਜਰੀ, ਰੋੜੀ ਤੇ ਠੀਕਰੀਆਂ ਰੱਖ ਕੇ ਉਮੀਦਵਾਰ ਨੂੰ ਤੋਲਦੇ ਸਨ। ਉਮੀਦਵਾਰ ਖ਼ੁਸ਼ ਹੋ ਜਾਂਦਾ ਸੀ। ਇਹ ਸੌਦਾ ਮਹਿੰਗਾ ਪੈਂਦਾ ਸੀ।
ਫਿਰ ਚੋਣਾਂ ਸਮੇਂ ਲੋਕ ਆਪਣੇ ਕੌੜੇ ਸੁਭਾਅ ਦੇ ਉਮੀਦਵਾਰ ਨੂੰ ਮਿੱਠੇ ਲੱਡੂਆਂ ਨਾਲ ਤੋਲਣ ਲੱਗ ਪਏ। ਉਮੀਦਵਾਰ ਤੱਕੜੀ ਦੇ ਛਾਬੇ ਵਿੱਚ ਬੈਠਦਾ ਲੱਡੂਆਂ ਦੇ ਬਰਾਬਰ ਤੁਲਦਾ ਸੀ। ਫੇਰ ਲੱਡੂ ਹਾਜ਼ਰਾਂ ਲੋਕਾਂ ਵਿੱਚ ਵਰਤਾ ਦਿੱਤੇ ਜਾਂਦੇ ਸਨ।
ਕਈ ਵਾਰ ਅਜਿਹਾ ਵੀ ਹੁੰਦਾ ਸੀ ਕਿ ਉਮੀਦਵਾਰ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਸੀ ਕਿ ਉਹ ਜਿੱਤ ਰਿਹਾ ਹੈ। ਢਾਣੀ ਦੇ ਪਿਆਕੜ, ਉਮੀਦਵਾਰ ਦੇ ਦਿਲ ਵਿੱਚ ਪੱਕਾ ਬੈਠਾ ਦਿੰਦੇ ਕਿ ਉਸ ਨੂੰ ਕੋਈ ਮਾਈ ਦਾ ਲਾਲ ਨਹੀਂ ਹਰਾ ਸਕਦਾ। ਉਮੀਦਵਾਰ ਹਲਵਾਈ ਪਾਸ ਆਰਡਰ ਬੁੱਕ ਕਰਦਾ ਤੇ ਉਮੀਦਵਾਰ ਪੰਜ ਹਜ਼ਾਰ ਲੱਡੂ ਤਿਆਰ ਕਰਨ ਲਈ ਕਹਿੰਦਾ। ਵਿਆਹ ਹੋਣ ਉੱਤੇ ਨਾਨਕਾ ਮੇਲ ਤੇ ਹੋਰ ਪ੍ਰਾਹੁਣਿਆਂ ਦੀ ਵਿਦਾਇਗੀ ਲੱਡੂਆਂ ਦੀ ਭਾਜੀ ਨਾਲ ਕੀਤੀ ਜਾਂਦੀ ਸੀ। ਕੋਠੀ ਝਾੜ ਦਿੱਤੀ ਜਾਂਦੀ ਸੀ।
ਉਨ੍ਹਾਂ ਸਮਿਆਂ ਵਿੱਚ ਵੇਸਣ ਦੇ ਲੱਡੂ ਹੀ ਵਰਤੇ ਜਾਂਦੇ। ਫਿਰ ਵਿੱਚੋਂ ਮੋਤੀ ਚੂਰ ਦੇ ਲੱਡੂ ਹੀ ਵਰਤੇ ਜਾਣ ਲੱਗੇ। ਇੱਕ ਸਮਾਂ ਸੀ ਪਤਾਸੇ ਬਾਜ਼ਾਰ ਵਿੱਚ ਆਏ। ਪਤਾਸਿਆਂ ਨੇ ਲੱਡੂਆਂ ਦੀ ਸਰਦਾਰੀ ਖੋਹਣੀ ਚਾਹੀ, ਪਰ ਪਤਾਸੇ ਬੁਰੀ ਤਰ੍ਹਾਂ ਫੇਲ੍ਹ ਹੋਏ।
ਵਿਆਹ ਸਮੇਂ ਬਹੁਤੀਆਂ ਰਸਮਾਂ ਜਿਨ੍ਹਾਂ ਵਿੱਚ ਲੱਡੂਆਂ ਦੀ ਆਮ ਵਰਤੋਂ ਹੁੰਦੀ ਸੀ, ਉਹ ਹੁਣ ਬਿਊਟੀ ਪਾਰਲਰ ਕਲਚਰ ਨੇ ਖੋਹ ਲਈਆਂ ਹਨ। ਵਿਆਹ ਵਾਲੇ ਦਿਨ ਵਿਆਹੁਤਾ ਕੁੜੀ ਸਵੇਰ ਦਾ ਬਹੁਤਾ ਸਮਾਂ ਬਿਊਟੀ ਪਾਰਲਰ ਵਿੱਚ ਹੀ ਬਿਤਾਉਂਦੀ ਹੈ। ਪਹਿਲਾਂ ਦੇ ਸਮਿਆਂ ਵਿੱਚ ਵਿਆਹ ਤੋਂ ਕੁਝ ਦਿਨ ਪਹਿਲਾਂ ਲੱਡੂਆਂ ਨਾਲ ਸਾਹੇ ਦੀ ਚਿੱਠੀ ਮੌਲੀ ਦੇ ਧਾਗੇ ਵਿੱਚ ਬੰਨ੍ਹ ਕੇ ਲਾਗੀ ਦੇ ਹੱਥ ਸਬੰਧਤ ਵਿਆਹ ਵਾਲੇ ਘਰ ਭੇਜੀ ਜਾਂਦੀ ਸੀ। ਵਿਆਹ ਵਾਲੀ ਕੁੜੀ ਦੇ ਵੱਟਣਾ ਮਲਣਾ, ਮਹਿੰਦੀ ਦੀ ਰਸਮ ਕਰਨੀ, ਨਿਉਂਦਾ ਭੇਜਣਾ, ਫੁਲਕਾਰੀ ਤਾਨਣਾ, ਸੁਹਾਗ ਚੂੜੇ ਦੀ ਰਸਮ ਕਰਨੀ, ਕਲੀਰੇ ਬੰਨ੍ਹਣਾ, ਵਿਆਹ ਵਾਲੇ ਮੁੰਡੇ ਦੀ ਬਰਾਤ ਵਾਲੇ ਦਿਨ ਤੜਕੇ ਹੀ ਇਸ਼ਨਾਨ ਕਰਵਾਉਣਾ, ਚੱਪਣੀ ਤੋੜਨੀ, ਸੁਰਮਾ ਪਾਉਣਾ, ਘੋੜੀ ਚੜ੍ਹਾਉਣਾ, ਘੋੜੀ ਦੀ ਵਾਗ ਗੁੰਦਣੀ, ਲਾੜੇ ਨੂੰ ਵੱਡੀ ਤਲਵਾਰ ਫੜਾਉਣੀ, ਲਾੜੇ ਦੇ ਪਿੱਛੇ ਘੋੜੀ ਉੱਤੇ ਇੱਕ ਮੁੰਡੇ ਨੂੰ ਸਰਬਾਲਾ ਬਣਾ ਕੇ ਬੈਠਾਉਣਾ, ਮਿਲਣੀ ਦੀ ਰਸਮ, ਰਿਬਨ ਕੱਟਣਾ, ਲਾੜੇ ਨੂੰ ਪਲੰਘ ’ਤੇ ਬੈਠਾਉਣਾ, ਜੁੱਤੀ ਲੁਕਾ ਲੈਣੀ, ਛੰਦ ਸੁਣਾਉਣ ਨੂੰ ਕਹਿਣਾ-ਵਾਪਸੀ ਵੇਲੇ ਲਾੜੇ ਦੀ ਮਾਂ ਨੇ ਘਰ ਦੀ ਸਰਦਲ ਟੱਪਣ ਵੇਲੇ ਗੜਬੀ ਵਿੱਚ ਪਿਆ ਮਿੱਠਾ ਪਾਣੀ ਸੱਤ ਵਾਰ, ਵਾਰ ਕੇ ਪੀਣਾ, ਇਨ੍ਹਾਂ ਸਾਰੀਆਂ ਰਸਮਾਂ ਵੇਲੇ ਨੈਣ ਲੱਡੂਆਂ ਨਾਲ ਭਰੀ ਥਾਲੀ ਨਾਲ ਨਾਲ ਲੈ ਕੇ ਫਿਰਦੀ ਹੁੰਦੀ ਸੀ।
ਅੱਜਕੱਲ੍ਹ ਵਿਆਹ ਸਜੇ ਹੋਏ ਮੈਰੇਜ ਪੈਲੇਸਾਂ ਤੇ ਰਿਜ਼ੋਰਟਸ ਵਿੱਚ ਹੁੰਦੇ ਹਨ। ਰਿਜ਼ੋਰਟਸ ਵਿੱਚ ਹਰ ਤਰ੍ਹਾਂ ਦੇ  ਪੀਣ ਵਾਲੇ ਪਦਾਰਥ ਹੁੰਦੇ ਹਨ। ਗਰਮ, ਠੰਢੇ, ਮਿੱਠੇ, ਫਿੱਕੇ, ਕੌੜੇ। ਛੱਤੀ ਕਿਸਮ ਦੇ ਖਾਣ ਪਦਾਰਥ ਸਜੇ ਹੁੰਦੇ ਹਨ। ਅਨੇਕ ਕਿਸਮ ਦੇ ਮਿੱਠੇ ਪਦਾਰਥ ਹਾਜ਼ਰ ਹੁੰਦੇ ਹਨ, ਪਰ ਮੈਰੇਜ ਪੈਲੇਸ ਜਾਂ ਰਿਜ਼ੋਰਟਸ ਦੀ ਸਰਦਲ ਪਾਰ ਕਰਨਾ ਲੱਡੂਆਂ ਲਈ ਮਨ੍ਹਾਂ ਹੁੰਦਾ ਹੈ। ਇੱਥੇ ਲੱਡੂਆਂ ਦਾ ਪ੍ਰਵੇਸ਼ ਬੰਦ ਹੁੰਦਾ ਹੈ।
ਭਾਰਤ ਵਿੱਚ ਹਰ ਤੀਸਰਾ ਵਿਅਕਤੀ ਘੱਟ ਜਾਂ ਵੱਧ ਸ਼ੂਗਰ ਦਾ ਮਰੀਜ਼ ਹੈ। ਉਨ੍ਹਾਂ ਨੂੰ ਮਿੱਠਾ ਖਾਣਾ ਮਨ੍ਹਾਂ ਹੁੰਦਾ ਹੈ। ਭਾਵੇਂ ਕਿਤੇ ਕਿਤੇ ਸ਼ੂਗਰ ਫਰੀ ਮਠਿਆਈਆਂ ਬਣਨ ਲੱਗ ਪਈਆਂ ਹਨ। ਸ਼ਾਇਦ ਸ਼ੂਗਰਲੈੱਸ ਲੱਡੂ ਵੀ ਬਣਨ ਲੱਗ ਪੈਣ। ਕਾਸ਼ ਲੱਡੂਆਂ ਦਾ ਰਾਜ ਫਿਰ ਪਰਤ ਆਵੇ।
ਲੱਡੂ ਮੁੱਕ ਗਏ ਯਰਾਨੇ ਟੁੱਟ ਗਏ
ਕੱਚੀ ਯਾਰੀ ਲੱਡੂਆਂ ਦੀ।

ਸੰਪਰਕ: 94638-08697

LEAVE A REPLY

Please enter your comment!
Please enter your name here