ਖੂਨੀ ਇਤਿਹਾਸ ਦੀ 
ਇਕ ਤਸਵੀਰ 
ਅੱਜ ਮੇਰੇ ਜ਼ਿਹਨ’ਚ ਆਈ…
ਬੈਠੀ ਸੀ ਆਪਣੇ
ਖਿਆਲਾ’ਚ ਗੁਆਚੀ
ਦਿਲ ਮੇਰੇ ਦੀ ਤਾਰ 
ਬਿਰਹਾ ਵਿਚ ਕੁਰਲਾਈ…
ਪਤਾ ਨਹੀਂ ਕਿਹਾ ਸਮਾਂ ਸੀ 
ਕਿਹੜੀ ਘੜੀ ਸੀ ਉਹ
ਆਰੇ ਨਾਲ ਚੀਰਿਆ ਸਰੀਰ
ਖੂਨ ਨਾਲ ਵਗਦੀ ਵਹੀਰ
ਅੱਖਾਂ ਮੁਹਰੇ ਆਈ…
ਕਹਿਰੀ ਸਮਾਂ ਤੇ 
ਕਹਿਰੀ ਘੜੀ ਸੀ ਉਹ
ਉਬਲਦੀ ਦੇਗ ਵਿਚੋਂ 
ਗੁਰਬਾਣੀ ਦੀ ਸੁਰ
ਕੰਨਾਂ ਨੂੰ ਦਿੱਤੀ ਸੀ ਸੁਣਾਈ…
ਸੋਚਾਂ ਦੇ ਇਨ੍ਹਾਂ
ਵਲਵਲਿਆਂ ਵਿਚ
ਅੱਗ ਦੀ ਤਪਸ 
ਰੂੰ ਨੂੰ ਚੀਰ
ਮੇਰੀ ਰੂਹ’ਚ ਸੀ ਸਮਾਈ…
ਫੇਰ ਕਲਪਨਾ ਨੇ ਮਾਰੀ
ਅੰਬਰੀ ਉਡਾਰੀ
ਦਿੱਸ ਪਈ ਮੈਨੂੰ 
ਇਕ ਮੂਰਤ ਪਿਆਰੀ
ਉਸਦੇ ਮੁਖੜੇ ਦਾ ਨੂਰ
ਮੈਨੂੰ ਚੜਿਆ ਸਰੂਰ
ਪੀਰਾਂ ਦੇ ਪੀਰ 
ਝਲਕ ਦਿੱਤੀ ਸੀ ਦਿਖਾਈ…
ਇਸ ਤੋਂ ਪਹਿਲਾਂ 
ਕਰਦੀ ਦੀਦਾਰ
ਇਕ ਖੂਨੀ ਤਲਵਾਰ
ਸਿਰ,ਧੜ ਤੋਂ ਅਲੱਗ ਕਰ ਗਈ…
ਸੱਚ ਕਹਿੰਦੀ ਹਾਂ
ਨਾਲ ਜ਼ਾਲਮਾਂ ਦੇ ਕਹਿਰ
ਕੰਬ ਗਈ ਸੀ ਲੋਕਾਈ…
ਪੀ ਨਫਰਤ ਦੇ ਜਹਿਰ
ਭੁਲ ਗਏ ਖੁਦਾ 
ਉਹ ਤੇਰੀ ਖੁਦਾਈ…
ਸੋਚ ਗਗਨ ਤੇ 
ਦੇਖ ਇਹ ਨਜ਼ਾਰਾ
ਸਰਨ ਅੱਜੇ ਤੱਕ 
ਹੋਸ਼ ਵਿਚ ਨਹੀਂ ਆਈ…
ਖਾਮੋਸ਼ੀ ਦੀ ਹਾਲਤ
ਮਦਹੋਸ਼ੀ ਦਾ ਆਲਮ
ਦੇਖ ਖੂਨੀ ਉਹ ਮੰਜਰ
ਮੇਰੀ ਜਿੰਦ ਸੀ ਕੁਮਲਾਈ…. 

LEAVE A REPLY

Please enter your comment!
Please enter your name here