ਕਾਲੀ ਬੋਲੀ ਰਾਤ ਹਨੇਰੀ
ਅੰਬਰੀ ਚੰਨ ਨਾ ਤਾਰਾ
ਸੁਪਨਿਓ ਸਖਣੇ ਨੈਣ ਉਦਾਸੇ
ਦਿੱਸੇ ਨਾ ਕੋਈ ਕਿਨਾਰਾ…

ਚਹੁੰ ਪਾਸੇ ਨਿਗਾਹ ਜੋ ਮਾਰੀ
ਦਿੱਸਿਆ ਖੂਨੀ ਮੰਜਰ ਸਾਰਾ
ਤਨ ਹੋਇਆ ਦੋ ਫਾੜ ਜਿਸ ਨਾਲ
ਕੰਬ ਗਿਆ ਸੀ ਉਹ ਆਰਾ…

ਮੀਂਹ,ਤੁਫਾਨ,ਝੱਖੜ ਤਾ ਕੀ
ਪਸਰਿਆ ਸੀ ਨਿਰਾ ਧੁੰਧੂਕਾਰਾ
ਦੇਗ ਉਬਾਲੇ ਖਾਉਂਦੀ
ਵੈਣ ਪਾਉਂਦਾ ਸੀ ਪਾਣੀ ਸਾਰਾ…

ਰੂੰ ਰੋ-ਰੋ ਕੁਰਲਾਉਂਦੀ
ਤਪਿਆ ਸੀ ਚੌਗਿਰਦਾ ਸਾਰਾ
ਅੱਗ ਦੀਆਂ ਲਪਟਾਂ ਦਾ ਵੀ
ਨਾ ਚੱਲਿਆ ਕੋਈ ਚਾਰਾ…

ਸੀਸ ਧੜ੍ਹ ਨਾਲੋਂ
ਜਦੋਂ ਸੀ ਵੱਖ ਹੋਇਆ
ਚਾਂਦਨੀ ਚੌਂਕ ਦਾ ਸੀ
ਉਹ ਅਜਬ ਨਜ਼ਾਰਾ…

ਕਹਿਰੀ ਉਸ ਘੜੀ
ਖੁਦਾ ਬਣ ਬਹੁੜਿਆ
ਲੈ ਗਿਆ ਧੜ੍ਹ ਨਾਲ ਆਪਣੇ
ਲ਼ੱਖੀ ਸ਼ਾਹ ਵਣਜਾਰਾ…

ਰੰਗ ਰੇਟੇ ਗੁਰੂ ਕੇ ਬੇਟੇ
ਨੇ ਵੀ ਕੀਤਾ ਕੌਤਕ ਭਾਰਾ
ਸੀਸ ਬੁਕੱਲ ਵਿਚ ਲੁਕਾ 
ਲੈ ਗਿਆ ਗੁਰੂ ਪਿਆਰਾ…

ਕੰਬਦੀ ਕਲਮ ਮੇਰੀ ਆਖਦੀ
ਨਾ ਕਦੇ ਹੋਇਆ
ਨਾ ਕਦੇ ਹੋਣਾ
ਜਗ ਤੇ ਇਹੋ ਜਿਹਾ ਕਾਰਾ…

ਸਰਨ ਵੀ ਸੱਜਦਾ ਕਰਦੀ
ਕਲਮ ਆਪਣੀ ਨੂੰ 
ਜਿਸ ਦਿਖਾਇਆ ਇਹ
ਖੂਨੀ ਮੰਜਰ ਸਾਰਾ…

LEAVE A REPLY

Please enter your comment!
Please enter your name here