ਗਿੰਨੀ ਸਾਗੂ ਦੀ ਪਹਿਲੀ ਪੁਸਤਕ ‘ ਅਣਡਿੱਠੀ ਦੁਨੀਆ ‘ ਦੀ ਘੁੰਡ ਚੁਕਾਈ ਹੋਈ ਸ਼੍ਰੀ ਮੁਕਤਸਰ ਸਾਹਿਬ ( ਵਿਸ਼ੇਸ਼ ਪ੍ਰਤਿਨਿਧ ) ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਰਹਿਣ ਵਾਲੇ ਪੰਜਾਬੀ ਲੇਖਕ ਗਿੰਨੀ ਸਾਗੂ ਦੀ ਪੁਸਤਕ ‘ ਅਣਡਿੱਠੀ ਦੁਨੀਆ ‘ ਦੀ ਘੁੰਡ ਚੁਕਾਈ ਦੀ ਰਸਮ ਉਹਨਾਂ ਦੇ ਜੱਦੀ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿਖੇ ਕੀਤੀ ਗਈ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਸੇਵਕ ਸਿੰਘ ਪ੍ਰੀਤ ਨੇ ਨਿਭਾਈ ਤੇ ਸਭ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਤੋਂ ਬਾਦ ਗਿੰਨੀ ਸਾਗੂ ਦੀ ਪੁਸਤਕ ‘ ਅਣਡਿੱਠੀ ਦੁਨੀਆ ‘ ਨੂੰ ਗਿੰਨੀ ਸਾਗੂ ਦੇ ਪਿਤਾ ਸ. ਗੁਰਮੀਤ ਸਿੰਘ, ਮਾਤਾ ਨਰਿੰਦਰ ਕੌਰ, ਬੇਟੀ ਰੂਹਵੀਨ ਕੌਰ ਸਾਗੂ, ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋਫੈਸਰ ਅਲੋਕ ਨਾਥ ਨੇ ਰਿਲੀਜ਼ ਕੀਤਾ | ਗਿੰਨੀ ਸਾਗੂ ਨੇ ਇਹ ਕਿਤਾਬ ਲੋਕਾਂ ਦੇ ਸਪੁਰਦ ਕਰਦਿਆਂ ਦੱਸਿਆ ਕਿ ਉਹਨਾਂ ਦੇ ਅਮਰੀਕਾ ਤੇ ਭਾਰਤ ਦੇ ਲਿਖੇ ਸਫਰਨਾਮਿਆਂ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ ਸੀ ਸੋ ਇਸ ਲਈ ਇਹਨਾਂ ਦੋਵੇਂ ਸਫਰਨਾਮਿਆਂ ਨੂੰ ਇਕ ਪੁਸਤਕ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਪਹਿਲੇ ਭਾਗ ਵਿਚ ਆਸਟਰੇਲੀਆ ਤੋਂ ਅਮਰੀਕਾ ਤੇ ਦੂਜੇ ਭਾਗ ਵਿਚ ਆਸਟਰੇਲੀਆ ਤੋਂ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਕੀਤੇ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ | ਇਸ ਕਿਤਾਬ ਵਿੱਚ ਅਮਰੀਕਾ ਤੇ ਭਾਰਤ ਦੀਆਂ ਮਸ਼ਹੂਰ ਥਾਵਾਂ ਦੀ ਜਾਣਕਾਰੀ ਦਿੱਤੀ ਗਈ । ਉਹਨਾਂ ਉਮੀਦ ਜਤਾਈ ਕਿ ਸਾਹਿਤ ਤੇ ਸਫ਼ਰਨਾਮੇ ਪਸੰਦ ਕਰਣ ਵਾਲੇ ਦੋਸਤ ਇਸ ਪੁਸਤਕ ਦਾ ਜ਼ਰੂਰ ਆਨੰਦ ਮਾਨਣਗੇ | ਇਹ ਪੁਸਤਕ ਆਪਣੇ ਪਰਿਵਾਰ ਕੋਲੋ ਰਿਲੀਜ਼ ਕਰਵਾਉਣ ਦੇ ਬਾਰੇ ਬੋਲਦੇ ਹੋਏ ਗਿੰਨੀ ਸਾਗੂ ਨੇ ਕਿਹਾ ਕਿ ਜੇ ਉਹ ਚਾਹੁੰਦੇ ਤਾਂ ਕਿਸੇ ਨਾਮਵਾਰ ਹਸਤੀ ਤੋਂ ਇਹ ਕਿਤਾਬ ਰਿਲੀਜ਼ ਕਰਵਾ ਸਕਦੇ ਸੀ ਪਰ ਉਹਨਾਂ ਦੇ ਅਸਲੀ ਮਾਰਗਦਰਸ਼ਕ ਉਹਨਾਂ ਦੇ ਮਾਤਾ ਪਿਤਾ ਤੇ ਸਮੂਚਾ ਪਰਿਵਾਰ ਹੈ ਜਿਸ ਕਾਰਣ ਉਹਨਾਂ ਇਹ ਮਾਣ ਆਪਣੇ ਪਰਿਵਾਰ ਨੂੰ ਦਿੱਤਾ ਤੇ ਮੈਲਬੋਰਨ ਵਿਚ ਰਹਿਣ ਦੇ ਬਾਵਜੂਦ ਵੀ ਉਹਨਾਂ ਦੀ ਜੜਾਂ ਸ਼੍ਰੀ ਮੁਕਤਸਰ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਤਾਂ ਕਰਕੇ ਉਹਨਾਂ ਇਸ ਪੁਸਤਕ ਦੀ ਘੁੰਡ ਚੁਕਾਈ ਆਪਣੇ ਸ਼ਹਿਰ ਵਿਚ ਕਰਣ ਬਾਰੇ ਸੋਚੀ | ਇਸ ਕਿਤਾਬ ਨੂੰ ਤਿਆਰ ਕਰਣ ਤੋਂ ਲੈਕੇ ਸੁਧਾਈ ਤੇ ਨਾਮਕਰਨ ਦਾ ਸਾਰਾ ਕੰਮ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ ਹੈ ਤੇ ਏਸ਼ੀਆ ਵਿਜਨਜ ਦੇ ਜਨਮੇਜਾ ਸਿੰਘ ਜੌਹਲ ਨੇ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਹੈ । ਮੈਲਬੋਰਨ ਵਿਚ ਲੇਖਕ ਜੀਵਣ ਦੀ ਸ਼ੁਰੂਆਤ ਬਾਰੇ ਬੋਲਦੇ ਹੋਏ ਗਿੰਨੀ ਸਾਗੂ ਨੇ ਦੱਸਿਆ ਕਿ ਉਹਨਾਂ ਦੇ ਲੇਖਕ ਬਨਣ ਵਿਚ ਆਸਟਰੇਲੀਆ ਦੀ ਪੰਜਾਬੀ ਅਖ਼ਬਾਰ ‘ ਇੰਡੋ ਟਾਈਮਜ਼ ‘ ਦੇ ਸੰਪਾਦਕ ਤਸਵਿੰਦਰ ਸਿਘ ਦਾ ਖਾਸ ਯੋਗਦਾਨ ਰਿਹਾ ਹੈ | ਉਹਨਾਂ ਦੇ ਸਹਿਯੋਗ ਤੇ ਹੱਲਾਸ਼ੇਰੀ ਨੇ ਹੀ ਗਿੰਨੀ ਨੂੰ ਪ੍ਰੇਰਿਤ ਕੀਤਾ ਜਿਸ ਨਾਲ ਗਿੰਨੀ ਦੇ ਲੇਖ ਤੇ ਉਹਨਾਂ ਦੇ ਘੜੇ ਕਿਰਦਾਰ ਬਾਬਾ ਤੜਥੱਲੀ ਨੂੰ ਦੇਸ਼ ਵਿਦੇਸ਼ ਵਿਚ ਬਹੁਤ ਮਕਬੂਲੀਅਤ ਮਿਲੀ | ਇਸ ਮੌਕੇ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਗਿੰਨੀ ਦੀ ਕਿਤਾਬ ਰਿਲੀਜ ਕਰਦੇ ਹੋਏ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ । ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋਫੈਸਰ ਅਲੋਕ ਨਾਥ, ਪ੍ਰੋਫੈਸਰ ਪਰਮਿੰਦਰ ਸਿੰਘ, ਭਗਵੰਤ ਰਸੂਲਪੁਰੀ, ਸਤਿੰਦਰ ਸਿੰਘ ਔਲ਼ਖ, ਗੁਰਮੇਲ ਸਿੰਘ ਸੰਤ, ਹਰਜਿੰਦਰ ਸੂਰੇਵਾਲੀਆ, ਜਸਵਿੰਦਰ ਬਿੱਟਾ, ਡਾ. ਸੀਮਾ ਗੋਇਲ ਤੇ ਨਵਦੀਪ ਸੁੱਖੀ ਨੇ ਵੀ ਇਸ ਮੌਕੇ ਲੇਖਕ ਨੂੰ ਇਸ ਕਾਰਜ ਲਈ ਮੁਬਾਰਕਾਂ ਦਿੱਤੀਆਂ ਤੇ ਆਸ ਪ੍ਰਗਟ ਕੀਤੀ ਕਿ ਉਹਨਾਂ ਦੀ ਕਿਤਾਬ ਪਾਠਕਾਂ ਦਾ ਭਰਪੂਰ ਮੰਨੋਰੰਜਨ ਕਰੇਗੀ । ਜ਼ਿਕਰਯੋਗ ਹੈ ਕਿ ਗਿੰਨੀ ਸਾਗੂ ਸੰਨ 2006 ਤੋਂ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਰਹਿ ਰਹੇ ਹਨ ਤੇ ਬਹੁਤ ਸਾਲਾਂ ਤੋਂ ਵੱਖ ਵੱਖ ਅਖਬਾਰਾਂ ਵਿਚ ਉਹ ਪੱਤਰਕਾਰ, ਲੇਖਕ ਦੇ ਨਾਲ ਰੇਡੀਉ ਤੇ ਵੀ ਸੇਵਾਵਾਂ ਦਿੰਦੇ ਆ ਰਹੇ ਹਨ | ਗਿੰਨੀ ਸਾਗੂ ਦਾ ਅਸਲ ਨਾਮ ਯੁੱਧਵੀਰ ਸਿੰਘ ਹੈ ਪਰ ਜਿਆਦਾਤਰ ਪਾਠਕਵਰਗ ਉਹਨਾਂ ਨੂੰ ਉਹਨਾਂ ਦੇ ਛੋਟੇ ਨਾਮ ਗਿੰਨੀ ਸਾਗੂ ਜਾਂ ਉਹਨਾਂ ਦੇ ਘੜੇ ਕਿਰਦਾਰ ਬਾਬਾ ਤੜਥੱਲੀ ਦੇ ਨਾਮ ਨਾਲ ਹੀ ਜਾਣਦੇ ਹਨ | ਇਸ ਮੌਕੇ ਮੀਡੀਆ ਤੋਂ ਇਲਾਵਾ ਰਣਧੀਰ ਸਿੰਘ, ਪਰਮਜੀਤ ਸਿੱਧੂ, ਰਸ਼ਪਾਲ ਸਿੰਘ, ਗਗਨਦੀਪ, ਸਨੀ ਗਰੋਵਰ, ਕ੍ਰਿਸ਼ਨ ਕੁਮਾਰ ਤੇ ਵਿਨੋਦ ਮਹਿਰਾ ਵੀ ਹਾਜ਼ਰ ਸਨ |

LEAVE A REPLY

Please enter your comment!
Please enter your name here